ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਮੋਹਨ ਭਾਗਵਤ ਦੇ ਭਾਸ਼ਨ ਦੇ ਸੰਕੇਤ

Posted On September - 18 - 2018

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਵੱਲੋਂ ਦਿੱਲੀ ਵਿਖੇ ਭਵਿੱਖ ਦੇ ਭਾਰਤ ਬਾਰੇ ਆਰਐੱਸਐੱਸ ਦੇ ਦ੍ਰਿਸ਼ਟੀਕੋਣ ਬਾਰੇ ਦਿੱਤੇ ਭਾਸ਼ਨ ਵਿਚ ਕਾਫ਼ੀ ਕੁਝ ਗ਼ੌਰ ਕਰਨ ਵਾਲਾ ਹੈ। ਵਿਗਿਆਨ ਭਵਨ ਵਿੱਚ ਸਿਆਸੀ ਆਗੂਆਂ, ਫ਼ਿਲਮੀ ਕਲਾਕਾਰਾਂ, ਵਿਦੇਸ਼ੀ ਰਾਜਦੂਤਾਂ ਅਤੇ ਪੱਤਰਕਾਰ ਸਰੋਤਿਆਂ ਨਾਲ ਤਿੰਨ ਰੋਜ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਭਾਗਵਤ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਸੰਘ, ਭਾਰਤ ਦੀ ਹਕੀਕੀ ਵੰਨ-ਸੁਵੰਨਤਾ ਨੂੰ ਸਵੀਕਾਰ ਕਰਦਿਆਂ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਮੁਤਾਬਿਕ ਕੰਮ ਕਰਨ ਦਾ ਇੱਛੁਕ ਹੈ। ਭਾਜਪਾ ਵਿਰੋਧੀ ਸਿਆਸੀ ਆਗੂਆਂ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਤੋਂ ਅਲੱਗ ਸੋਚਣ ਵਾਲਿਆਂ ਵੱਲੋਂ ਸੰਘ ਬਾਰੇ ਉਠਾਏ ਜਾਂਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਘ ਮੁਖੀ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵਿਰੋਧੀਆਂ ਵੱਲੋਂ ਉਠਾਏ ਜਾਂਦੇ ਸਵਾਲ ਸੰਘ ਬਾਰੇ ਜਾਣਕਾਰੀ ਦੀ ਘਾਟ ਕਰਕੇ ਹਨ।
ਆਜ਼ਾਦੀ ਤੋਂ ਪਹਿਲਾਂ ਅਤੇ ਕੁੱਝ ਦੇਰ ਬਾਅਦ ਤੱਕ ਕਾਂਗਰਸ ਦਾ ਢਿੱਲਾ ਜਿਹਾ ਪ੍ਰਬੰਧ ਸੀ, ਇਸ ਵਿਚ ਕਈ ਸੱਜੇ-ਪੱਖੀ, ਖੱਬੇ-ਪੱਖੀ, ਧਰਮ ਨਿਰਪੱਖ ਅਤੇ ਘੱਟ ਗਿਣਤੀਆਂ ਨਾਲ ਸਬੰਧਿਤ ਗਰੁੱਪ ਇੱਕੋ ਸਮੇਂ ਕੰਮ ਕਰਦੇ ਰਹੇ ਹਨ ਪਰ ਸੰਘ ਖ਼ਾਸ ਵਿਚਾਰਧਾਰਾ ਦੇ ਆਧਾਰ ਉੱਤੇ ਜਥੇਬੰਦ ਹੁੰਦੀ ਆਈ ਹੈ। ਭਾਗਵਤ ਨੇ ਆਪਣੇ ਭਾਸ਼ਨ ਵਿਚ ਆਜ਼ਾਦੀ ਦੀ ਜੰਗ ਵਿਚ ਕਾਂਗਰਸ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਕਾਫ਼ੀ ਸਮੇਂ ਤੋਂ ਆਰਐੱਸਐੱਸ ਨਹਿਰੂ ਦੇ ਮੁਕਾਬਲੇ ਵੱਲਭ ਭਾਈ ਪਟੇਲ ਨੂੰ ਵੱਡੇ ਆਗੂ ਵਜੋਂ ਚਿਤਵਦੀ ਆਈ ਹੈ। ਸੰਘ ਦੇ ਕਈ ਸਮਰਥਕਾਂ ‘ਤੇ ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੌਡਸੇ ਦੀ ਹਿਮਾਇਤ ਦੇ ਦੋਸ਼ ਵੀ ਲੱਗਦੇ ਰਹੇ ਹਨ। ਸੰਘ ਖੱਬੇ-ਪੱਖੀਆਂ ਨੂੰ ਬਾਹਰੀ ਵਿਚਾਰਧਾਰਾ ਫੈਲਾਉਣ ਦੇ ਦੋਸ਼ੀ ਗਰਦਾਨ ਕੇ ਦੇਸ਼ ਵਿਰੋਧੀ ਵਜੋਂ ਪ੍ਰਚਾਰਦਾ ਰਿਹਾ ਹੈ। ਆਰਐੱਸਐੱਸ ਮੁਖੀ ਨੇ ਕਿਸੇ ਇਕ ਸਿਆਸੀ ਪਾਰਟੀ ਦੇ ਸਮਰਥਕ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਰਗਾ ਕਿਸੇ ਦਾ ਵੀ ਬਾਂਗ ਦੇਵੇ ਪਰ ਸੂਰਜ ਚੜ੍ਹਨਾ ਚਾਹੀਦਾ ਹੈ। ਉਂਝ, ਸੋਚਣ ਵਾਲੀ ਗੱਲ ਹੈ ਕਿ ਜਦ ਸੰਘ ਅਤੇ ਭਾਜਪਾ ਵਿਚਲੀ ਜਥੇਬੰਦਕ ਸਾਂਝ ਏਨੀ ਪੀਡੀ ਹੈ ਤਾਂ ਉਨ੍ਹਾਂ ਦੇ ਇਹ ਕਹਿਣ ਦਾ ਕੀ ਮਤਲਬ ਨਿਕਲਦਾ ਹੈ?
ਸੰਘ ਦੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਨਾਲ ਜੁੜੀ ਸੋਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਢੇ ਚਾਰ ਸਾਲਾ ਸ਼ਾਸਨ ਦੌਰਾਨ ਮੁੱਖ ਰੂਪ ਵਿਚ ਸਾਹਮਣੇ ਆਈ ਹੈ। ਅਲੱਗ ਵਿਚਾਰਾਂ ਦੇ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤਕਾਰਾਂ ਦੇ ਕਤਲ ਅਤੇ ਜ਼ਿੰਮੇਵਾਰ ਅਹੁਦਿਆਂ ਉੱਤੇ ਬੈਠੇ ਵਿਅਕਤੀਆਂ ਵੱਲੋਂ ਇਨ੍ਹਾਂ ਦਾ ਸਮਰਥਨ ਕਰਨਾ, ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਸਭ ਨੂੰ ਨਾਲ ਲੈ ਕੇ ਕਿਵੇਂ ਚੱਲੇਗੀ? ਮਨੁੱਖੀ ਅਧਿਕਾਰਾਂ ਅਤੇ ਆਰਥਿਕ ਤੇ ਸਮਾਜਿਕ ਤੌਰ ਉੱਤੇ ਪਿਛੜੇ ਲੋਕਾਂ ਦੀ ਆਵਾਜ਼ ਬਣਨ ਵਾਲੇ ਬਹੁਤ ਸਾਰੇ ਬੁੱਧੀਜੀਵੀਆਂ ਉੱਤੇ ‘ਸ਼ਹਿਰੀ ਨਕਸਲੀ’ ਦੇ ਦੋਸ਼ ਲਾ ਕੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਤੇ ਸੰਘ ਦੇ ਬੁਲਾਰਿਆਂ ਵੱਲੋ ਟੀਵੀ ਚੈਨਲਾਂ ਉੱਤੇ ਅਜਿਹੀ ਕਾਰਵਾਈ ਦਾ ਸਮਰਥਨ ਕੁਝ ਹੋਰ ਕਹਾਣੀ ਕਹਿ ਰਿਹਾ ਹੈ। ਇਸ ਤੋਂ ਪਹਿਲਾਂ ਲਵ-ਜਹਾਦ ਵਰਗੀਆਂ ਮੁਹਿੰਮਾਂ ਵੀ ਖ਼ਾਸ ਵਰਗ ਦੇ ਖ਼ਿਲਾਫ਼ ਹਜੂਮੀ ਹਿੰਸਾ ਭੜਕਾਉਣ ਦਾ ਕਾਰਨ ਬਣਦਾ ਰਿਹਾ ਹੈ। ਭਾਜਪਾ ਵੱਲੋਂ ਕਾਂਗਰਸ ਮੁਕਤ ਦੇ ਨਾਅਰੇ ਨੂੰ ਉਭਾਰਨ ਦੇ ਬਾਵਜੂਦ ਸੰਘ ਮੁਖੀ ਵੱਲੋਂ ਸਰਬ ਯੁਕਤ ਦੇਸ਼ ਬਣਾਉਣ ਦਾ ਬਿਆਨ ਠੋਸ ਕਾਰਨ ਤੋਂ ਬਿਨਾਂ ਨਹੀਂ ਹੋ ਸਕਦਾ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਬੇਰੋਕ ਵਾਧਾ ਅਤੇ ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਤੋਂ ਵੋਟਰਾਂ ਦੇ ਅਕੇਵੇਂ ਨੇ ਸੰਘ ਨੂੰ ਆਪਣੇ ਨਜ਼ਰੀਏ ਵਿਚ ਕੂਟਨੀਤਕ ਤਬਦੀਲੀ ਕਰਨ ਲਈ ਪ੍ਰੇਰਿਆ ਹੈ, ਕਿਉਂਕਿ ਰਣਨੀਤਕ ਤਬਦੀਲੀ ਦੀ ਗੁੰਜਾਇਸ਼ ਖਾਮਖਿਆਲੀ ਹੀ ਸਾਬਤ ਹੋ ਸਕਦੀ ਹੈ।


Comments Off on ਮੋਹਨ ਭਾਗਵਤ ਦੇ ਭਾਸ਼ਨ ਦੇ ਸੰਕੇਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.