ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਮਾਨਸਿਕ ਵਿਕਾਰ ਹੈ ਚਿੰਤਾ

Posted On September - 8 - 2018

ਡਾ. ਆਗਿਆ ਜੀਤ ਸਿੰਘ

ਇਹ ਆਮ ਕਿਹਾ ਜਾਂਦਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ। ਚਿੰਤਾ ਮਨੁੱਖ ਦੀ ਇੱਕ ਮਾਨਸਿਕ ਹਾਲਤ ਹੈ ਜਿਸ ਵਿੱਚ ਇੱਕ ਵਿਅਕਤੀ ਹਮੇਸ਼ਾਂ ਹੀ ਕਿਸੇ ਬਾਰੇ ਫ਼ਿਕਰ ਵਿੱਚ ਰਹਿੰਦਾ ਹੈ। ਉਸ ਵਿੱਚ ਨਾਕਾਰਾਤਮਕ ਸੋਚ ਹੁੰਦੀ ਹੈ ਕਿ ਕੁਝ ਭੈੜਾ ਹੋਣ ਵਾਲਾ ਹੈ। ਦਰਅਸਲ, ਚਿੰਤਾ ਦੀ ਉਤਪਤੀ ਮਾਨਸਿਕ ਦਬਾਅ ਤੇ ਤਣਾਅ ਤੋਂ ਹੁੰਦੀ ਹੈ। ਚਿੰਤਾ ਵਿਅਕਤੀ ਦੀ ਆਸਾਧਾਰਨ ਬੇਚੈਨੀ ਹੈ ਜਿਸ ਵਿੱਚ ਉਹ ਹਮੇਸ਼ਾਂ ਅਤੇ ਲਗਾਤਾਰ ਫ਼ਿਕਰ ਦੀ ਸਥਿਤੀ ਵਿੱਚ ਰਹਿੰਦਾ ਹੈ।
ਚਿੰਤਾ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਸਥਿਤੀ ਅਨੁਸਾਰ ਹੁੰਦੀ ਹੈ ਜਿਸ ਨੂੰ ‘ਸਟੇਟ ਚਿੰਤਾ’ ਕਿਹਾ ਜਾਂਦਾ ਹੈ, ਜਿਹੜੀ ਕੇਵਲ ਸਥਿਤੀ ਅਨੁਸਾਰ ਕਿਸੇ ਉਤੇਜਨਾ ਰਾਹੀਂ ਉਤਪੰਨ ਹੁੰਦੀ ਹੈ। ਜਦੋਂ ਉਤੇਜਨਾ ਭਰਪੂਰ ਸਥਿਤੀ ਖ਼ਤਮ ਹੋ ਜਾਂਦੀ ਹੈ ਤਾਂ ਚਿੰਤਾ ਵੀ ਖ਼ਤਮ ਹੋ ਜਾਂਦੀ ਹੈ। ਜਿਵੇਂ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਟੈਸਟ-ਚਿੰਤਾ ਹੁੰਦੀ ਹੈ, ਪਰ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਅਜਿਹੀ ਚਿੰਤਾ ਖ਼ਤਮ ਹੋ ਜਾਂਦੀ ਹੈ। ਦੂਜੀ ਕਿਸਮ ਦੀ ਚਿੰਤਾ ਨੂੰ ‘ਟਰੇਟ ਚਿੰਤਾ’ ਕਹਿੰਦੇ ਹਨ, ਜਦੋਂ ਚਿੰਤਾ ਕਿਸੇ ਵਿਅਕਤੀ ਦਾ ਇੱਕ ਵਿਅਕਤੀਤਵ ਲੱਛਣ ਬਣ ਜਾਂਦਾ ਹੈ। ਕਈ ਵਿਅਕਤੀ ਹਮੇਸ਼ਾਂ ਹੀ ਚਿੰਤਾ ਵਿੱਚ ਰਹਿੰਦੇ ਹਨ। ਉਨ੍ਹਾਂ ਵਿੱਚ ਸਥਿਤੀ ਅਨੁਸਾਰ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਇਹ ਚਿੰਤਾ ਅੰਦਰੂਨੀ ਹੀ ਹੁੰਦੀ ਹੈ ਜਿਸ ਨੂੰ ਕਈ ਵਾਰ ‘ਮਨ ਸੰਤਾਪੀ’ ਚਿੰਤਾ ਵੀ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਚਿੰਤਾ ਸਾਧਾਰਨ ਫ਼ਿਕਰ ਨਾਲੋਂ ਭਿੰਨ ਹੁੰਦੀ ਹੈ ਕਿਉਂਕਿ ਵਿਅਕਤੀ ਨੂੰ ਆਪਣੀ ਚਿੰਤਾ ਦੇ ਕਾਰਨਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। ਸਾਧਾਰਨ ਚਿੰਤਾ ਵਿਅਕਤੀ ਦੀਆਂ ਬਾਹਰਲੀਆਂ ਹਾਲਤਾਂ ਵੱਲ ਪ੍ਰਤੀਕਿਰਿਆ ਕਰਕੇ ਹੁੰਦੀ ਹੈ ਜਦੋਂ ਕਿ ‘ਮਨ ਸੰਤਾਪੀ’ ਚਿੰਤਾ ਵਿਅਕਤੀ ਦੇ ਅੰਦਰੂਨੀ ਕਾਰਨਾਂ ਕਰਕੇ ਹੁੰਦੀ ਹੈ। ਚਿੰਤਾ ਦੇ ਕਈ ਚਿੰਨ੍ਹ ਸਰੀਰਿਕ ਅਤੇ ਮਾਨਸਿਕ ਹੁੰਦੇ ਹਨ। ਇਸ ਸਥਿਤੀ ਵਿੱਚ ਨੀਂਦ ਆਮ ਤੌਰ ’ਤੇ ਘੱਟ ਆਉਂਦੀ ਹੈ। ਭੁੱਖ ਮਿਟ ਜਾਂਦੀ ਹੈ। ਕਈ ਅੰਦਰੂਨੀ ਅੰਗਾਂ ਵਿੱਚ ਵਿਗਾੜ ਪੈਦਾ ਹੁੰਦਾ ਹੈ। ਕਈ ਹੋਰ ਚਿੰਨ੍ਹ ਵੀ ਹਨ ਜਿਵੇਂ ਕਿ ਸਿਰਦਰਦ, ਬੇਚੈਨੀ, ਚੱਕਰ ਆਉਣੇ, ਛਾਤੀ ਵਿੱਚ ਭਾਰੀਪਣ, ਕੰਬਣੀ, ਬਹੁਤ ਜ਼ਿਆਦਾ ਪਸੀਨਾ ਆਉਣਾ, ਪਿਸ਼ਾਬ ਕਈ ਵਾਰ ਆਉਣਾ, ਸਾਹ ਮੁਸ਼ਕਲ ਨਾਲ ਆਉਣਾ, ਉਬਕਾਈ ਆਦਿ। ਕਈ ਹਾਲਤਾਂ ਵਿੱਚ ਵਿਅਕਤੀ ਨੂੰ ਕਬਜ਼ ਹੋ ਜਾਂਦੀ ਹੈ ਜਾਂ ਫਿਰ ਦਸਤ ਲੱਗ ਜਾਂਦੇ ਹਨ। ਵਿਅਕਤੀ ਨੂੰ ਹੱਥਾਂ ਪੈਰਾਂ ਦਾ ਕਾਂਬਾ, ਬਦਹਜ਼ਮੀ, ਥਕੇਵਾਂ ਆਦਿ ਹੁੰਦਾ ਹੈ। ਕੁਝ ਹਾਲਤਾਂ ਵਿੱਚ ਵਿਅਕਤੀ ਚਿੜਚਿੜਾ, ਬੇਚੈਨ, ਭੜਕਾਊ ਜਾਂ ਫਿਰ ਇਕਾਗਰਤਾ ਦੇ ਅਯੋਗ ਹੋ ਜਾਂਦਾ ਹੈ। ਉਸ ਦੇ ਮੁੱਖ ਚਿੰਨ੍ਹ ਡਰ, ਸ਼ੰਕਾ, ਭੈਅ, ਉਦਾਸੀਨਤਾ, ਅਸੰਤੁਸ਼ਟਤਾ, ਅਣਸੁਰੱਖਿਅਤਾ ਦੀ ਭਾਵਨਾ ਅਤੇ ਆਮ ਘਬਰਾਹਟ ਰਾਹੀਂ ਪ੍ਰਗਟਾਵਾ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿੱਚ ਨਾ ਕੋਈ ਜੋਸ਼ ਅਤੇ ਨਾ ਹੀ ਅਪਣੱਤ ਜਾਂ ਸਨੇਹ ਹੁੰਦਾ ਹੈ। ਉਹ ਅੰਤਰ-ਮੁਖੀ, ਸਵਾਰਥੀ ਅਤੇ ਨਾ ਖ਼ੁਸ਼ ਹੀ ਰਹਿੰਦੇ ਹਨ। ਫ਼ੈਸਲਾ ਨਾ ਕਰ ਸਕਣਾ, ਬਰਦਾਸ਼ਤ ਨਾ ਕਰ ਸਕਣਾ, ਆਤਮ-ਹੱਤਿਆ ਦੇ ਖ਼ਿਆਲ, ਡਰਾਉਣੀਆਂ ਹਾਲਤਾਂ, ਅੰਦਰੂਨੀ ਵਿਚਾਰ ਵਿਕਾਰ, ਅਜੀਬ ਡਰ ਆਦਿ ਚਿੰਨ੍ਹ ਲਗਪਗ ਆਮ ਪਾਏ ਜਾਂਦੇ ਹਨ। ਚਿੰਤਾ ਵਾਲੇ ਵਿਅਕਤੀ ਆਮ ਰੁਚੀ ਦੀ ਘਾਟ ਅਤੇ ਇਕਸਾਰਤਾ ਦੀ ਅਯੋਗਤਾ ਬਾਰੇ ਸ਼ਿਕਾਇਤ ਕਰਦੇ ਹਨ। ਇਹ ਚਿੰਨ੍ਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਉਤਾਰ-ਚੜ੍ਹਾਅ ਪ੍ਰਗਟ ਕਰਦੇ ਹਨ। ਉਸ ਦੀ ਹਰ ਮਾਮਲੇ ਵਿੱਚ ਦਿਲਚਸਪੀ ਖ਼ਤਮ ਹੋ ਜਾਂਦੀ ਹੈ ਅਤੇ ਉਹ ਧਿਆਨ ਕੇਂਦਰਿਤ ਕਰਨ ਅਤੇ ਸੋਚਣ ਦੇ ਯੋਗ ਨਹੀਂ ਰਹਿੰਦਾ। ਚਿੰਤਾ-ਗ੍ਰਸਤ ਵਿਅਕਤੀਆਂ ਵਿੱਚ ਦਿਲ ਦੀ ਧੜਕਣ, ਸਾਹ-ਕਿਰਿਆ, ਪਾਚਣ ਕਿਰਿਆ, ਗਲੈਂਡ ਰਿਸਾਅ, ਬਲੱਡ-ਪ੍ਰੈਸ਼ਰ ਵਿੱਚ ਤਬਦੀਲੀ, ਤਾਕਤ ਦੀ ਘਾਟ, ਪੱਠਿਆਂ ਵਿੱਚ ਤਣਾਅ ਆਦਿ ਕੁਝ ਸਰੀਰਿਕ ਚਿੰਨ੍ਹ ਹੁੰਦੇ ਹਨ। ਹੱਥ ਤੇ ਬੁੱਲ੍ਹ ਥਰਥਰਾਉਂਦੇ ਹਨ। ਅਜਿਹੇ ਵਿਅਕਤੀ ਵਿੱਚ ਨਾੜੀ ਤੰਤੂ ਦੀਆਂ ਹਰਕਤਾਂ, ਦਾਇਮੀ ਪੇਚਸ਼, ਹਾਜ਼ਮੇ ਦੀ ਤਕਲੀਫ਼, ਸ਼ਰਾਬ ਦੀ ਜ਼ਿਆਦਾ ਵਰਤੋਂ ਆਦਿ ਅਤੇ ਨੀਂਦ ਦੀਆਂ ਗੋਲੀਆਂ ਉਸ ਦੀ ਹਾਲਤ ਨੂੰ ਜ਼ਿਆਦਾ ਖ਼ਰਾਬ ਕਰ ਦਿੰਦੀਆਂ ਹਨ।
ਜਿਹੜਾ ਵਿਅਕਤੀ ਹਮੇਸ਼ਾਂ ਹੀ ਚਿੰਤਾ ਦੀ ਹਾਲਤ ਵਿੱਚ ਰਹਿੰਦਾ ਹੈ, ਉਸ ਦਾ ਜ਼ਿੰਦਗੀ ਵੱਲ ਨਜ਼ਰੀਆ ਹੀ ਬਦਲ ਜਾਂਦਾ ਹੈ ਅਤੇ ਉਸ ਦਾ ਵਤੀਰਾ ਨਾਕਾਰਾਤਮਕ ਹੋ ਜਾਂਦਾ ਹੈ। ਭਾਵੇਂ ਹਰ ਚੀਜ਼ ਸੰਤੁਸ਼ਟ ਚੱਲ ਰਹੀ ਹੋਵੇ ਤਾਂ ਵੀ ਚਿੰਤਾ ਜਾਰੀ ਰਹਿੰਦੀ ਹੈ ਅਤੇ ਉਹ ਘਬਰਾਇਆ ਰਹਿੰਦਾ ਹੈ। ਇਸ ਤਰ੍ਹਾਂ ਵੱਧ ਰਹੀ ਚਿੰਤਾ ਸੁਯੋਗਤਾ ਵਿੱਚ ਵਿਗਾੜ ਪਾਉਂਦੀ ਹੈ ਅਤੇ ਵਿਅਕਤੀ ਆਪਣਾ ਦਿਮਾਗ਼ ਸਹੀ ਤਰੀਕੇ ਨਾਲ ਨਹੀਂ ਲਗਾ ਸਕਦਾ।

ਡਾ. ਆਗਿਆ ਜੀਤ ਸਿੰਘ

ਚਿੰਤਾ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਨ ਭਾਵਨਾਤਮਕ ਪ੍ਰੇਸ਼ਾਨੀ, ਅਣਸੁਰੱਖਿਅਤਾ ਅਤੇ ਅਤਿ-ਸੰਵੇਦਨਸ਼ੀਲਤਾ ਹੈ। ਇਹ ਵੀ ਹੋ ਸਕਦਾ ਹੈ ਕਿ ਬੀਤੀ ਜ਼ਿੰਦਗੀ ਵਿੱਚ ਕੋਈ ਦੁਖਦਾਇਕ ਘਟਨਾ ਵਾਪਰੀ ਹੋਵੇ, ਜਿਵੇਂ ਪਿਆਰ ਵਿੱਚ ਨਿਰਾਸ਼ਤਾ, ਕੋਈ ਆਰਥਿਕ ਨੁਕਸਾਨ ਜਾਂ ਪਰਿਵਾਰਕ ਸਬੰਧਾਂ ਵਿੱਚ ਵਿਘਨ। ਅਜਿਹੇ ਤਜਰਬੇ ਚਿੰਤਾ ਦੀ ਸਥਿਤੀ ਪੈਦਾ ਕਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਅਸੰਤੁਸ਼ਟ ਜ਼ਿੰਦਗੀ ਦੀਆਂ ਸਥਿਤੀਆਂ, ਜਿਨ੍ਹਾਂ ਤੋਂ ਕੋਈ ਵਿਅਕਤੀ ਬਚ ਨਹੀਂ ਸਕਦਾ, ਵੀ ਇੱਕ ਕਾਰਨ ਹੈ, ਜਿਸ ਕਰਕੇ ਉਹ ਚਿੰਤਾ ਵਿੱਚ ਤਣਿਆ ਹੋਇਆ ਮਹਿਸੂਸ ਕਰਦਾ ਹੈ, ਗ਼ਲਤ ਸ਼ਾਦੀ, ਘਰੇਲੂ ਝਗੜੇ, ਇੱਕ ਨੌਕਰੀ, ਜਿਹੜੀ ਉਸ ਨੂੰ ਪਸੰਦ ਨਹੀਂ ਅਤੇ ਉਹ ਉਸ ਨੂੰ ਛੱਡ ਨਹੀਂ ਸਕਦਾ, ਨਿਸ਼ਚਾਵਾਦੀ ਤੇ ਖ਼ੁਸ਼ ਮਿਜ਼ਾਜ ਵਿਅਕਤੀ ਦੀ ਸਾਰੀ ਜ਼ਿੰਦਗੀ ਨੂੰ ਖ਼ੁਸ਼ਕ ਤੇ ਉਦਾਸੀਨ ਬਣਾ ਦਿੰਦੇ ਹਨ ਅਤੇ ਤਣਾਅ, ਚਿੰਤਾ ਤੇ ਬੇਆਰਾਮੀ ਪੈਦਾ ਕਰਦੇ ਹਨ ਜਿਸ ਕਰਕੇ ਇੱਕ ਗੰਭੀਰ ਗ਼ਲਤੀ, ਦੁਰਘਟਨਾ ਜਾਂ ਬਦਇਖ਼ਲਾਕੀ ਚਿੰਤਾ ਦੀ ਪ੍ਰਤੀਕਿਰਿਆ ਨੂੰ ਵਧਾ ਦਿੰਦੇ ਹਨ। ਮਾਲੀ ਨੁਕਸਾਨ, ਨੌਕਰੀ ਦਾ ਖ਼ੁਸ ਜਾਣਾ ਅਤੇ ਕਈ ਹੋਰ ਤੀਬਰ ਦਬਾਅ ਸਾਧਾਰਨ ਚਿੰਤਾ ਨੂੰ ਵਧਾ ਦਿੰਦੇ ਹਨ।
ਚਿੰਤਾ ਨੂੰ ਦੂਰ ਕਰਨ ਦਾ ਕੋਈ ਖ਼ਾਸ ਇਲਾਜ ਨਹੀਂ ਹੈ। ਕੋਈ ਐਸੀ ਦਵਾਈ ਨਹੀਂ ਹੈ, ਜਿਸ ਨਾਲ ਇਹ ਖ਼ਤਮ ਕੀਤੀ ਜਾ ਸਕੇ, ਪਰ ਇਸ ਨੂੰ ਘਟਾਉਣ ਦੀਆਂ ਕਈ ਵਿਧੀਆਂ ਮਨੋਵਿਗਿਆਨੀਆਂ ਨੇ ਦਰਸਾਈਆਂ ਹਨ। ਚਿੰਤਾ ਵਿਸ਼ਾਦੀ ਡਰ ਹੈ ਅਤੇ ਜੇ ਇਸ ਡਰ ਦਾ ਕਾਰਨ ਦੂਰ ਕੀਤਾ ਜਾਵੇ ਤਾਂ ਕੁਝ ਹੱਦ ਤਕ ਚਿੰਤਾ ਘਟਾਈ ਜਾ ਸਕਦੀ ਹੈ। ਜਦੋਂ ਵਿਅਕਤੀ ਦੀ ਚਿੰਤਾ ਘਟਦੀ ਹੈ ਤਾਂ ਯਤਨ ਇਹ ਹੋਣਾ ਚਾਹੀਦਾ ਹੈ ਕਿ ਉਸਨੂੰ ਜ਼ਿੰਦਗੀ ਦੇ ਸੰਤੁਸ਼ਟ ਸਮਾਯੋਜਨ ਲਈ ਪ੍ਰੇਰਿਤ ਕੀਤਾ ਜਾਵੇ। ਉਸ ਲਈ ਚੰਗੇ ਟੀਚੇ ਬਣਾਏ ਜਾਣ ਅਤੇ ਠੀਕ ਤੇ ਢੁਕਵਾਂ ਉਤਸ਼ਾਹ ਜਾਂ ਹੱਲਾਸ਼ੇਰੀ ਦਿੱਤੀ ਜਾਵੇ। ਸਭ ਤੋਂ ਚੰਗਾ ਤਾਂ ਇਹ ਹੈ ਕਿ ਚਿੰਤਾ-ਗ੍ਰਸਤ ਵਿਅਕਤੀ ਕਿਸੇ ਉੱਘੇ ਮਨੋਚਕਿਤਸਕ ਨੂੰ ਆਪਣੀ ਸਮੱਸਿਆ ਦੱਸੇ ਅਤੇ ਕੌਂਸਲਿੰਗ ਨਾਲ ਉਸ ਦੀ ਚਿੰਤਾ ਕੁਝ ਹੱਦ ਤਕ ਘਟਾਈ ਜਾ ਸਕਦੀ ਹੈ ਤਾਂ ਜੋ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਖ਼ੁਸ਼ੀ ਵਾਲੀ ਤੇ ਸੁਹਾਵਣੀ ਬਿਤਾ ਸਕੇ।

ਸੰਪਰਕ: 94781-69464


Comments Off on ਮਾਨਸਿਕ ਵਿਕਾਰ ਹੈ ਚਿੰਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.