ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮਹਿਲਾਵਾਂ ਦੀ ਸੁਰੱਖਿਆ ਅਤੇ ਬਰਾਬਰੀ

Posted On September - 30 - 2018

ਅਰਵਿੰਦਰ ਕੌਰ ਕਾਕੜਾ (ਡਾ.)

ਸਾਡੇ ਸਮਾਜ ’ਚ ਮਰਦ ਤੇ ਔਰਤ ਵਿਚ ਵਿਤਕਰੇ ਦੀ ਤਸਵੀਰ ਹੇਠਲੇ ਤੋਂ ਉਪਰਲੇ ਪੱਧਰ ਤਕ ਨਜ਼ਰ ਆਉਂਦੀ ਹੈ। ਸੰਵਿਧਾਨ ਨੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ। ਅਧਿਕਾਰਾਂ ਦੀ ਸੁਚੇਤ ਵਰਤੋਂ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਜੇਕਰ ਚਾਨਣ ਦੇ ਮੁਨਾਰੇ ਉੱਚ ਵਿੱਦਿਅਕ ਅਦਾਰੇ ਹੀ ਇਸ ਅਧਿਕਾਰ ਦੀਆਂ ਧੱਜੀਆਂ ਉਡਾ ਰਹੇ ਹੋਣ ਤਾਂ ਪਿੱਛੇ ਕੀ ਰਹਿ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਹੋਸਟਲਾਂ ਦੇ ਸਮੇਂ ਦਾ ਮਾਮਲਾ ਇਸ ਦੀ ਇਕ ਮਿਸਾਲ ਹੈ। ਆਖ਼ਰ ਲਿੰਗ ਸਮਾਨਤਾ ਕਿਵੇਂ ਲਿਆਂਦੀ ਜਾਵੇ? ਇਸ ਨਾਲ ਮਹਿਲਾਵਾਂ ਦੀ ਸੁਰੱਖਿਆ ਦਾ ਮਸਲਾ ਵੀ ਜੁੜਿਆ ਹੈ। ਇਹ ਗੰਭੀਰ ਮਸਲਾ ਔਰਤ ਦੀ ਆਜ਼ਾਦੀ ਨਾਲ ਜੁੜਦਾ ਹੈ ਜਿਸ ਨੂੰ ਵਿਚਾਰਨ ਦੀ ਲੋੜ ਹੈ।
ਸਾਡੇ ਅਸਾਵੇਂ ਵਿਕਾਸ ਵਾਲੇ ਸਮਾਜ ਵਿਚ ਔਰਤ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮਰਦ ਪ੍ਰਧਾਨ ਸੋਚ ਔਰਤ ਨੂੰ ਆਪਣੀ ਅਧੀਨਗੀ ਦੇ ਸ਼ਿਕੰਜੇ ਵਿਚ ਰੱਖਦੀ ਹੈ। ਜਿੱਥੇ ਔਰਤ ਚੇਤੰਨ ਨਹੀਂ ਉੱਥੇ ਤਾਂ ਉਹ ਚੁੱਪ ਕਰਕੇ ਸਹਿ ਲੈਂਦੀ ਹੈ, ਪਰ ਚੇਤੰਨ ਮਹਿਲਾਵਾਂ ਨੂੰ ਅਜਿਹਾ ਵਿਤਕਰਾ ਸਹਿਣਾ ਪਵੇ ਤਾਂ ਉੱਥੇ ਚੁੱਪ, ਆਵਾਜ਼ ਵਿੱਚ ਬਦਲਦੀ ਹੈ। ਇਸੇ ਸੰਦਰਭ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਇਸ ਮੰਗ ਬਾਰੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਹਨ। ਪਹਿਲਾ ਵਿਚਾਰ ਲਿੰਗ ਸਮਾਨਤਾ ਦਾ ਹੈ। ਦੂਜਾ ਵਿਚਾਰ ਯੂਨੀਵਰਸਿਟੀ ਦੀ ਮਰਦ ਪ੍ਰਧਾਨ ਸੋਚ ਦਾ ਹੈ ਜੋ ਕੁੜੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਆਧਾਰ ਬਣਾ ਕੇ ਗੱਲ ਕਰ ਰਹੇ ਹਨ। ਇਨ੍ਹਾਂ ਦੋਵੇਂ ਪਹਿਲੂਆਂ ਬਾਰੇ ਚਿੰਤਨ ਕਰਨਾ ਜ਼ਰੂਰੀ ਹੈ।
ਸਾਡੇ ਮੁਲਕ ਦੀ ਅੱਧੀ ਵਸੋਂ ਮਹਿਲਾਵਾਂ ਦੀ ਹੈ, ਪਰ ਉਨ੍ਹਾਂ ਦੀ ਪਛਾਣ ਮਾਂ, ਭੈਣ, ਪਤਨੀ ਅਤੇ ਧੀ ਵਜੋਂ ਹੀ ਹੈ, ਮਨੁੱਖ ਵਜੋਂ ਨਹੀਂ। ਮਰਦ ਪ੍ਰਧਾਨ ਸਮਾਜ ਨੇ ਆਪਣੇ ਮੁੱਲ, ਸੰਸਕਾਰ ਤੇ ਪ੍ਰਤੀਮਾਨ ਔਰਤ ’ਤੇ ਥੋਪ ਕੇ ਉਸ ਦੀ ਮਾਨਸਿਕਤਾ ਨੂੰ ਅਧੀਨਗੀ ਵਾਲੀ ਬਣਾ ਦਿੱਤਾ ਹੈ। ਉਹ ਆਪਣੀ ਸਥਿਤੀ ਬਾਰੇ ਠੀਕ ਨਿਰਣਾ ਵੀ ਨਹੀਂ ਲੈ ਸਕਦੀ। ਇੱਥੋਂ ਤਕ ਕਿ ਵੱਡੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਮਹਿਲਾਵਾਂ ਵੀ ਕਿਤੇ ਨਾ ਕਿਤੇ ਮਰਦ ਦੇ ਫ਼ੈਸਲਿਆਂ ਉੱਪਰ ਨਿਰਭਰ ਹਨ। ਜੇਕਰ ਕੋਈ ਮਹਿਲਾ ਪਿਛਾਂਹਖਿੱਚੂ ਮੁੱਲਾਂ ਦਾ ਵਿਰੋਧ ਕਰਦੀ ਹੈ ਤਾਂ ਉਸ ਖ਼ਿਲਾਫ਼ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੇ ਫ਼ਰਮਾਨ ਜਾਰੀ ਕੀਤੇ ਜਾਂਦੇ ਹਨ। ਆਰਥਿਕ ਸਮਾਜਿਕ ਨਿਰਭਰਤਾ ਔਰਤ ਨੂੰ ਮਰਦ ਦੀ ਗ਼ੁਲਾਮ ਬਣਾਉਂਦੀ ਹੈ। ਤ੍ਰਾਸਦੀ ਇਹ ਹੈ ਕਿ ਪੜ੍ਹ ਲਿਖ ਕੇ ਨੌਕਰੀ ਪ੍ਰਾਪਤ ਕਰ ਆਰਥਿਕ ਤੌਰ ’ਤੇ ਖੁਸ਼ਹਾਲ ਹੋਈਆਂ ਮਹਿਲਾਵਾਂ ਵੀ ਆਰਥਿਕਤਾ ਤੋਂ ਬਿਨਾਂ ਹੋਰ ਕੋਈ ਵਿਤਕਰਿਆਂ ਦਾ ਸ਼ਿਕਾਰ ਹਨ। ਕੰਮਕਾਜੀ ਥਾਵਾਂ, ਦਫ਼ਤਰਾਂ ਤੇ ਘਰਾਂ ਵਿੱਚ ਮਰਦਾਵੀਂ ਸੱਤਾ ਆਪਣੇ ਪੂਰੇ ਰੋਹਬ ਹੇਠ ਔਰਤ ਨੂੰ ਵਿਚਰਨ ਦਿੰਦੀ ਹੈ। ਇਸ ਤੋਂ ਇਲਾਵਾ ਖੇਤਾਂ ਜਾਂ ਫੈਕਟਰੀਆਂ ਵਿਚ ਕੰਮ ਕਰਦੀਆਂ ਮਹਿਲਾਵਾਂ ਦਾ ਵੇਤਨ ਮਰਦਾਂ ਦੇ ਮੁਕਾਬਲਤਨ ਘੱਟ ਹੈ। ਉਹ ਉੱਥੇ ਬਹੁਤ ਵਾਰੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਠੇਕਾ ਪ੍ਰਣਾਲੀ ਨੇ ਔਰਤਾਂ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਖੁਰਾਕ ਦੀ ਘਾਟ ਤੋਂ ਲੈ ਕੇ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਦੀ ਕਮੀ ਕਾਰਨ ਉਨ੍ਹਾਂ ਪੱਲੇ ਜ਼ਿਆਦਾ ਨਿਰਾਸ਼ਾ, ਬਿਮਾਰੀ ਤੇ ਭੈੜਾ ਆਲਾ-ਦੁਆਲਾ ਹੁੰਦਾ ਹੈ।

ਅਰਵਿੰਦਰ ਕੌਰ ਕਾਕੜਾ (ਡਾ.)

ਔਰਤ ਦੀ ਸੁਰੱਖਿਆ ਦਾ ਮਸਲਾ ਸਾਡੇ ਰਾਜ ਪ੍ਰਬੰਧ ਨਾਲ ਜੁੜਿਆ ਹੋਇਆ ਹੈ। ਯੂਨੀਵਰਸਿਟੀ ਵਿੱਚ ਇੰਨੀ ਸੁਰੱਖਿਆ ਗਾਰਦ ਹੋਣ ਦੇ ਬਾਵਜੂਦ ਇਕੱਲੀ ਕੁੜੀ ਰਾਤ ਨੂੰ ਆ ਜਾ ਨਹੀਂ ਸਕਦੀ। ਇਹ ਸਵਾਲ ਸੁਰੱਖਿਆ ਪ੍ਰਬੰਧ ’ਤੇ ਉਂਗਲ ਰੱਖਦਾ ਹੈ। ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਫਿਰ ਸਮਾਜ ਦੇ ਬਾਕੀ ਖੇਤਰਾਂ ਵਿਚ ਔਰਤ ਦੀ ਕੀ ਸੁਰੱਖਿਆ ਹੋ ਸਕਦੀ ਹੈ। ਅੱਜ ਮਹਿਲਾਵਾਂ ਨਾ ਘਰ ਵਿਚ ਸੁਰੱਖਿਅਤ ਹਨ ਤੇ ਨਾ ਬਾਹਰ।
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਮਹਿਲਾਵਾਂ ਖ਼ਿਲਾਫ਼ ਜਿਨਸੀ ਅਪਰਾਧਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ। 2016 ਸਾਲ ਵਿਚ 38,947 ਔਰਤਾਂ ਨਾਲ ਜਬਰ ਜਨਾਹ ਹੋਇਆ ਜਿਨ੍ਹਾਂ ਵਿਚੋਂ 36,859 ਮੁਲਜ਼ਮ ਪੀੜਤਾਂ ਨੂੰ ਸਿੱਧੇ-ਅਸਿੱਧੇ ਤੌਰ ’ਤੇ ਜਾਣਦੇ ਸਨ। ਇਨ੍ਹਾਂ ਵਿਚੋਂ 630 ਘਰੇਲੂ ਮੈਂਬਰ, 1087 ਪਰਿਵਾਰ ਦੇ ਨੇੜਲੇ ਵਿਅਕਤੀ, 2174 ਰਿਸ਼ਤੇਦਾਰ ਅਤੇ 10520 ਗੁਆਂਢੀ ਸਨ। ਮੱਧ ਪ੍ਰਦੇਸ਼ ਵਿਚ 4882 ਔਰਤਾਂ ਨਾਲ ਜਬਰ-ਜਨਾਹ ਦੇ ਮਾਮਲਿਆਂ ਵਿਚ 4803 ਮੁਲਜ਼ਮ ਪੀੜਤਾਂ ਦੇ ਜਾਣਕਾਰ ਸਨ। ਇਸੇ ਤਰ੍ਹਾਂ ਨਿੱਤ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ ਮਾਸੂਮ ਲੜਕੀ ਨਾਲ ਬਲਾਤਕਾਰ ਕਰਕੇ ਉਸ ਨੂੰ ਕਤਲ ਕਰ ਦੇਣ ਦਾ ਨਵਾਂ ਢੰਗ ਲੱਭ ਲਿਆ ਗਿਆ ਹੈ।
ਜਿਨਸੀ ਸ਼ੋਸ਼ਣ ਦੀਆਂ ਸਾਹਮਣੇ ਆਉਂਦੀਆਂ ਘਟਨਾਵਾਂ ਤੋਂ ਇਲਾਵਾ ਮਹਿਲਾਵਾਂ ਵਿਰੋਧੀ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈ। ਅਜਿਹੇ ਮਾਮਲਿਆਂ ਵਿਚ ਕਾਰਵਾਈ ਕਿੱਥੋਂ ਹੋਣੀ ਹੈ? ਇਸ ਦੇ ਨਾਲ ਹੀ ਮਹਿਲਾਵਾਂ ਦੇ ਸ਼ੋਸ਼ਣ ਦਾ ਇਕ ਰੂਪ ਇਹ ਵੀ ਸਾਹਮਣੇ ਆਇਆ ਹੈ ਕਿ ਅਨਾਥ ਆਸ਼ਰਮਾਂ ਵਿਚ ਰਹਿੰਦੀਆਂ ਬੱਚੀਆਂ ਨੂੰ ਦੇਹ-ਵਪਾਰ ਵੱਲ ਧੱਕਿਆ ਜਾ ਰਿਹਾ ਹੈ। ਇਹ ਸਾਰਾ ਕੁਝ ਪੁਲੀਸ ਤੇ ਸਿਆਸੀ ਗੱਠਜੋੜ ਦੇ ਨੱਕ ਹੇਠ ਹੋ ਰਿਹਾ ਹੈ। ਅਜਿਹੀਆਂ ਸਾਰੀਆਂ ਘਟਨਾਵਾਂ ਕਿਸ ਗੱਲ ਦਾ ਸਬੂਤ ਹਨ?
ਅਜੋਕੇ ਦੌਰ ਵਿਚ ਮਹਿਲਾਵਾਂ ਇਕ ਹੋਰ ਨਿਵੇਕਲੇ ਢੰਗ ਨਾਲ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ। ਇਕ ਪਾਸੇ ਬਹੁਕੌਮੀ ਕੰਪਨੀਆਂ ਔਰਤ ਦੀ ਸਸਤੀ ਕਿਰਤ ਨੂੰ ਲੁੱਟਦੀਆਂ ਹਨ ਤੇ ਦੂਜੇ ਪਾਸੇ ਆਪਣੀਆਂ ਵਸਤਾਂ ਵੇਚਣ ਲਈ ਔਰਤ ਦੇ ਜਿਸਮ ਜ਼ਰੀਏ ਮੁਨਾਫ਼ਾ ਕਮਾ ਰਹੀਆਂ ਹਨ। ਮਹਿਲਾਵਾਂ ਨੂੰ ਮੰਡੀ ਦੀ ਵਸਤ ਬਣਾ ਦਿੱਤਾ ਗਿਆ ਹੈ। ਸੁੰਦਰਤਾ ਮੁਕਾਬਲੇ ਕਰਵਾ ਕੇ ਆਜ਼ਾਦੀ ਦਾ ਭਰਮ ਸਿਰਜ ਕੇ ਇਹ ਕੰਪਨੀਆਂ ਕੁੜੀਆਂ ਦੀ ਚੋਣ ਕਰਦੀਆਂ ਹਨ। ਆਪਣੇ ਉਤਪਾਦ ਵੇਚਣ ਲਈ ਉਨ੍ਹਾਂ ਤੋਂ ਇਸ਼ਤਿਹਾਰਬਾਜ਼ੀ ਦਾ ਕੰਮ ਲੈਂਦੀਆਂ ਤੇ ਮੀਡੀਆ ਨੂੰ ਸਾਧਨ ਵਜੋਂ ਵਰਤਦੀਆਂ ਹਨ। ਇੱਥੇ ਕੁੜੀਆਂ ਕਠਪੁਤਲੀ ਬਣ ਕੇ ਸਰਮਾਏਦਾਰੀ ਦੇ ਹੱਥਾਂ ਵਿੱਚ ਨੱਚਦੀਆਂ ਹਨ। ਇਸ ਸਭ ਦੇ ਨਾਲ ਹੀ ਲੱਚਰ ਸਭਿਆਚਾਰ ਨੇ ਮਹਿਲਾਵਾਂ ਨੂੰ ਭੋਗ ਦੀ ਵਸਤ ਬਣਾ ਕੇ ਪੇਸ਼ ਕੀਤਾ ਹੈ। ਲੱਚਰ ਗਾਇਕੀ ਅਤੇ ਫਿਲਮਾਂ ਨੇ ਮਰਦਾਂ ਅੰਦਰ ਕਾਮ-ਉਕਸਾਊ ਭਾਵਨਾਵਾਂ ਦਾ ਵਾਧਾ ਕਰਕੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ ਕਰਨ ਵਿਚ ਖ਼ਾਸ ਰੋਲ ਅਦਾ ਕੀਤਾ ਹੈ। ਅਜਿਹੇ ਵਰਤਾਰੇ ਤੋਂ ਪ੍ਰਭਾਵਿਤ ਵਿਅਕਤੀ ਅਨੈਤਿਕ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਭਟਕ ਰਿਹਾ ਹੈ। ਇਸ ਸਭ ਨੇ ਮਾਨਵੀ ਰਿਸ਼ਤਿਆਂ ਵਿੱਚ ਨਿਘਾਰ ਲਿਆਂਦਾ ਹੈ। ਇਸ ਦੇ ਪ੍ਰਭਾਵ ਹੇਠ ਵਿਅਕਤੀ ਕਈ ਵਹਿਸ਼ੀ ਘਟਨਾਵਾਂ ਨੂੰ ਅੰਜਾਮ ਦੇ ਬੈਠਦਾ ਹੈ। ਇਹੀ ਕਾਰਨ ਹੈ ਕਿ ਮਾਪੇ ਧੀਆਂ ਨੂੰ ਬਾਹਰ ਭੇਜਣ ਤੋਂ ਘਬਰਾਉਂਦੇ ਹਨ। ਮਹਿਲਾਵਾਂ ਦੇ ਮਨ ਵਿੱਚ ਡਰ ਅਤੇ ਸਹਿਮ ਲਗਾਤਾਰ ਵਧ ਰਿਹਾ ਹੈ। ਉਹ ਡਰਦੀਆਂ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰ ਰਹੀਆਂ। ਜੇਕਰ ਕੁਝ ਚੇਤੰਨ ਮਹਿਲਾਵਾਂ ਆਪਣੀ ਸਥਿਤੀ ਸੁਧਾਰਨ ਲਈ ਅੱਗੇ ਆਉਂਦੀਆਂ ਹਨ ਤਾਂ ਸਾਨੂੰ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸ ਨਾਲ ਉਹ ਮੱਧਯੁੱਗੀ ਬੰਦਿਸ਼ਾਂ ਦੀਆਂ ਬੇੜੀਆਂ ਨੂੰ ਤੋੜ ਕੇ ਬਰਾਬਰੀ ਦਾ ਪਰਚਮ ਬੁਲੰਦ ਕਰ ਸਕਦੀਆਂ ਹਨ। ਇਸ ਵਿਚੋਂ ਹੀ ਲੋਕ ਵਿਰੋਧੀ ਪ੍ਰਬੰਧ ਨੂੰ ਬਦਲਣ ਦਾ ਸਵਾਲ ਆਪਮੁਹਾਰੇ ਸਾਹਮਣੇ ਆ ਜਾਵੇਗਾ। ਲੋਕ ਵਿਰੋਧੀ ਵਰਤਾਰੇ ਤਹਿਤ ਪੀਢੀ ਹੋ ਰਹੀ ਪਿਛਾਂਹਖਿੱਚੂ ਸੋਚ ਅਤੇ ਲੱਚਰ ਸਭਿਆਚਾਰ ਨਾਲ ਟੱਕਰ ਲੈਣ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਹੀ ਔਰਤ ਦੀ ਸਥਿਤੀ ਵਿਚ ਸੁਧਾਰ ਆਵੇਗਾ। ਭਾਵੇਂ ਮਹਿਲਾਵਾਂ ਦੇ ਹੱਕ ਵਿੱਚ ਕਈ ਕਾਨੂੰਨ ਬਣਾਏ ਗਏ ਹਨ, ਪਰ ਅਸਲ ਸਵਾਲ ਕਾਨੂੰਨਾਂ ਨੂੰ ਲਾਗੂ ਕਰਨ ਤੇ ਕਰਵਾਉਣ ਦਾ ਹੈ।
ਮਹਿਲਾਵਾਂ ਖ਼ਿਲਾਫ਼ ਵਧ ਰਹੇ ਅਪਰਾਧਾਂ ਦੀ ਜੜ੍ਹ ਨਾਬਰਾਬਰੀ ਵਾਲੇ ਪ੍ਰਬੰਧ ਵਿਚ ਪਈ ਪਿਛਾਂਹਖਿੱਚੂ ਸੋਚ ਵਿਚ ਹੈ। ਇਸ ਵਿਰੁੱਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਇੱਕ ਪਾਸੇ ਲਿੰਗ ਸਮਾਨਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ। ਘਰਾਂ ਤੋਂ ਬਾਹਰ ਕੰਮ-ਕਾਜ ਕਰਦੀਆਂ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ। ਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ। ਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਉਸ ਪ੍ਰਤੀ ਤੰਗਦਿਲੀ ਤੋਂ ਉੱਪਰ ਉੱਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇ। ਉਸ ਨੂੰ ਵੀ ਮਰਦ ਬਰਾਬਰ ਮਨੁੱਖ ਸਮਝਿਆ ਜਾਵੇ।

* ਅਸਿਸਟੈਂਟ ਪ੍ਰੋਫ਼ੈਸਰ,
ਪਬਲਿਕ ਕਾਲਜ, ਸਮਾਣਾ (ਪਟਿਆਲਾ)
ਸੰਪਰਕ: 94636-15536


Comments Off on ਮਹਿਲਾਵਾਂ ਦੀ ਸੁਰੱਖਿਆ ਅਤੇ ਬਰਾਬਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.