ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਜੀਵਨ ਦਾ ਮਨੁੱਖ ਤਕ ਦਾ ਸਫ਼ਰ

Posted On September - 8 - 2018

ਸੁਰਜੀਤ ਸਿੰਘ ਢਿੱਲੋਂ

ਬੀਤ ਚੁੱਕੇ ਦੀ ਕੁੱਖੋਂ ਹੀ ਵਰਤਮਾਨ ਜਨਮ ਲੈਂਦਾ ਹੈ। ਧਰਮ, ਫ਼ਲਸਫ਼ਾ, ਵਿਗਿਆਨ ਸਭ ਇਹ ਵਿਚਾਰਦੇ ਹਨ ਕਿ ਆਪਣੇ ਆਪ ਨੂੰ ਸਮਝਣਾ ਅਤੇ ਜਾਣਨਾ ਹੀ ਸਾਡੇ ਜੀਵਨ ਦਾ ਮੰਤਵ ਹੈ। ਇਸ ਮੰਤਵ ਦੀ ਪੂਰਤੀ ਜੀਵਨ ਦੇ ਇਤਿਹਾਸ ਬਾਰੇ ਅਨੁਭਵੀ ਹੋਏ ਬਿਨਾਂ ਸੰਭਵ ਨਹੀਂ। ਇਸ ਪ੍ਰਸੰਗ ’ਚ ਅਜਿਹੇ ਇਤਿਹਾਸ ਬਾਰੇ ਅਨੁਭਵੀ ਹੋਣ ਦਾ ਮਹੱਤਵ ਹੈ ਜਿਸ ਦਾ ਆਧਾਰ ਕਾਲਪਿਕ ਗਾਥਾਵਾਂ ਦੀ ਥਾਂ ਪਰਖ ਅਤੇ ਪ੍ਰਮਾਣਾਂ ਉਪਰ ਆਧਾਰਿਤ ਖੋਜ ਹੈ।
ਪ੍ਰਿਥਵੀ ਉਪਰ ਜੀਵ-ਸੰਸਾਰ ਦਾ ਆਰੰਭ ਜੀਵਨ ਦੇ ਪੁੰਗਰ ਆਉਣ ਨਾਲ ਹੋਇਆ ਸੀ। ਇਹ ਘਟਨਾ 3.5 ਅਰਬ ਵਰ੍ਹੇ ਪਹਿਲਾਂ ਵਾਪਰੀ। ਉਸ ਉਪਰੰਤ ਜੀਵਨ ਕੁਦਰਤੀ ਵਿਧਾਨ ਦੀ ਪੈਰਵੀ ਕਰਦਾ ਹੋਇਆ ਵਿਕਸਿਤ ਹੁੰਦਾ ਰਿਹਾ। ਵਿਕਾਸ ਦੌਰਾਨ ਇਹ ਕਿਹੋ ਜਿਹੇ ਰੰਗ-ਰੂਪ ਧਾਰਨ ਕਰਦਾ ਰਿਹਾ, ਇਸ ਦਾ ਪਤਾ ਪਥਰਾਟਾਂ ’ਚ ਅੰਕਿਤ ਹੋਏ ਸੰਕੇਤ ਦੇ ਰਹੇ ਹਨ। ਪਥਰਾਟ ’ਚ ਬਦਲਣ ਲਈ ਜੀਵ ਦੀ ਦੇਹ ਦੇ ਨਮ ਭੂਮੀ ’ਚ ਧਸ ਜਾਣ ਜਾਂ ਤਰਲ ਦੁਆਲੇ ’ਚ ਡੁੱਬ ਜਾਣ ਦੀ ਲੋੜ ਹੁੰਦੀ ਹੈ। ਸਮੇਂ ਨਾਲ ਨਮਦਾਰ ਪਰਤ ਦਬਾਓ ਅਧੀਨ ਸਖ਼ਤ ਹੁੰਦੀ ਹੁੰਦੀ ਪਥਰਾ ਜਾਂਦੀ ਹੈ ਅਤੇ ਇਸ ਅੰਦਰ ਧਸੀ ਜੀਵ ਦੀ ਦੇਹ ਦੇ ਨਕਸ਼ ਪਥਰਾਈ ਚੱਟਾਨ ’ਚ ਭਲੀ ਪ੍ਰਕਾਰ ਖੁਣ ਕੇ ਮਹਿਫੂਜ਼ ਹੋ ਜਾਂਦੇ ਹਨ। ਜਿਸ ਚੱਟਾਨੀ ਪਰਤ ਵਿੱਚ ਪਥਰਾਟ ਦਫ਼ਨ ਹੁੰਦਾ ਹੈ, ਉਸ ਦੀ ਉਮਰ ਨਿਰਧਾਰਤ ਕਰਨ ਉਪਰੰਤ ਉਸ ਜੀਵ ਦੇ ਵਿਚਰਨ ਦੇ ਸਮਿਆਂ ਬਾਰੇ ਜਾਣਨਾ ਵੀ ਸੰਭਵ ਹੋ ਜਾਂਦਾ ਹੈ। ਪਥਰਾਟ ਦਰਸਾ ਰਹੇ ਹਨ ਕਿ ਇੱਕ ਵਾਰ ਪੁੰਗਰਿਆ ਜੀਵਨ ਫਿਰ ਹਰ ਹਾਲ ਬਣਿਆ ਰਿਹਾ। ਵਿਆਪਕ ਹਾਲਾਤ ਅਨੁਕੂਲ ਜੀਵ ਢਲਦੇ ਰਹੇ ਅਤੇ ਜਿਉਂ ਜਿਉਂ ਹਾਲਾਤ ਬਦਲਦੇ ਰਹੇ, ਜੀਵ ਵੀ ਬਦਲਦੇ ਰਹੇ ਅਤੇ ਇਨ੍ਹਾਂ ਦੀ ਵੰਨਗੀ ’ਚ ਵਾਧਾ ਹੁੰਦਾ ਰਿਹਾ।
ਜੀਵਾਂ ਦੁਆਲੇ ਹਾਲਾਤ ਸੁਭਾਵਿਕ ਵੀ ਬਦਲਦੇ ਰਹੇ ਅਤੇ ਵਾਪਰੀਆਂ ਦੁਰਘਟਨਾਵਾਂ ਕਾਰਨ ਵੀ ਅਜਿਹਾ ਹੁੰਦਾ ਰਿਹਾ। ਹੋਰ ਤਾਂ ਹੋਰ ਦੀਪ ਅਤੇ ਮਹਾਂਦੀਪ ਵੀ ਇੱਕ ਥਾਵੇਂ ਟਿਕੇ ਨਹੀਂ ਸਨ ਰਹੇ; ਇਹ ਵੀ ਵਰ੍ਹੇ ’ਚ ਇੰਚ ਇੰਚ ਖਿਸਕਦੇ ਰਹੇ ਸਨ। ਹੋਰ ਵੀ ਬਹੁਤ ਕੁਝ ਵਾਪਰਦਾ ਰਿਹਾ: ਭੂਗੋਲਿਕ ਤਾਪਮਾਨ ਘਟਦੇ-ਵਧਦੇ ਰਹੇ; ਸਾਗਰਾਂ ਵਿੱਚ ਪਾਣੀ ਦੇ ਪੱਧਰ ਵਧਦੇ-ਘਟਦੇ ਰਹੇ; ਹਿਮ-ਯੁਗ ਆਉਂਦੇ-ਜਾਂਦੇ ਰਹੇ; ਵਾਦੀਆਂ ਪਹਾੜ ਬਣਦੀਆਂ ਰਹੀਆਂ ਅਤੇ ਪਹਾੜ ਨਿਘਰਦੇ ਹੋਏ ਮੈਦਾਨ ਬਣਦੇ ਰਹੇ ਅਤੇ ਪੁਲਾੜ ’ਚੋਂ ਵੀ ਉਲਕਾਵਾਂ ਪ੍ਰਿਥਵੀ ਉਪਰ ਡਿੱਗਦੀਆਂ ਰਹੀਆਂ। ਇਸ ਤਰ੍ਹਾਂ ਪ੍ਰਿਥਵੀ ਉਪਰ ਜੀਵਨ ਲਈ ਅਤਿ ਦੇ ਅਸਹਿ ਹਾਲਾਤ ਕਈ ਵਾਰ ਵਿਆਪਕ ਹੋਣ ਕਾਰਨ ਕਈ ਵਾਰ ਜੀਵ ਭਾਰੀ ਗਿਣਤੀ ’ਚ ਲੋਪ ਹੋਏ। ਜਦੋਂ ਵੀ ਅਜਿਹਾ ਹੋਇਆ, ਉਦੋਂ ਹੀ ਪਿੱਛੇ ਬਚੇ ਰਹਿ ਗਏ ਜੀਵਾਂ ਦਾ ਤੇਜ਼ੀ ਨਾਲ ਨਵੀਆਂ ਦਿਸ਼ਾਵਾਂ ’ਚ ਵਿਕਾਸ ਹੋਇਆ।

ਸੁਰਜੀਤ ਸਿੰਘ ਢਿੱਲੋਂ

ਮੁੱਢ ਵਿੱਚ ਜੀਵਨ ਜਲ ਤਕ ਸੀਮਿਤ ਰਿਹਾ। ਪ੍ਰਾਣੀਆਂ ਦਾ ਥਲ ਨਾਲੋਂ ਜਲ ਵਿੱਚ ਵਿਚਰਨਾ ਸੀ ਵੀ ਸੁਖਾਲਾ। ਥਲ ਉਪਰ ਪ੍ਰਾਣੀ ਉਦੋਂ ਆਏ, ਜਦੋਂ ਜਲ ਵਿੱਚ ਇਨ੍ਹਾਂ ਦੀ ਵਸੋਂ ਅਤਿ ਨੂੰ ਪੁੱਜ ਗਈ ਅਤੇ ਖਾਣ ਨੂੰ ਮਿਲਣਾ ਘਟ ਗਿਆ। ਜਲ ਵਿੱਚ ਵਸੋਂ ਵਧਣ ਦੇ ਨਾਲ ਨਾਲ ਪ੍ਰਾਣੀਆਂ ਦੇ ਇੱਕ ਦੂਜੇ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਵਧਦੀ ਰਹੀ। ਥਲ ਉਪਰ ਆ ਕੇ ਵੀ ਇਨ੍ਹਾਂ ਨੂੰ ਪਹਿਲਾਂ-ਪਹਿਲ ਸਖ਼ਤ ਜੱਦੋਜਹਿਦ ਕਰਦੇ ਰਹਿਣਾ ਪਿਆ। ਜਦ ਪ੍ਰਾਣੀ ਥਲ ਉਪਰ ਆਏ ਤਾਂ ਇਨ੍ਹਾਂ ਨੂੰ ਸਰੀਰ ਨੂੰ ਸਹਾਰਾ ਦੇਣ ਲਈ ਨਰੋਏ ਪਿੰਜਰ ਅਤੇ ਹਵਾ ਵਿੱਚੋਂ ਆਕਸੀਜਨ ਸਮੋਣ ਲਈ ਫੇਫੜਿਆਂ ਦੀ ਲੋੜ ਪਈ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਧਾਰਨੀ ਬਣਨ ਵਿੱਚ ਪ੍ਰਾਣੀਆਂ ਨੂੰ ਲੰਬਾ ਸਮਾਂ ਲੱਗਿਆ। ਫਿਰ ਵੀ ਪ੍ਰਾਣੀ ਥਲ ਉਪਰ ਇਸ ਲਈ ਵਿਚਰਨ ਲੱਗੇ ਕਿਉਂਕਿ ਇੱਥੇ ਜੀਵਨ ਲਈ ਲੋੜੀਂਦੀ ਹਰ ਸ਼ੈਅ ਦੀ ਬਹੁਤਾਤ ਸੀ ਅਤੇ ਮੁੱਢ ’ਚ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਨਹੀਂ ਸੀ। ਥਲ ਉਪਰ ਪਹਿਲਾਂ ਪੌਦੇ ਉੱਗੇ ਅਤੇ ਫਿਰ ਇਨ੍ਹਾਂ ਉਪਰ ਨਿਰਭਰ ਮਲ੍ਹੱਪ, ਕੀਟ ਆਦਿ ਵਿਗਸੇ।
ਪਿੰਜਰ ਸਹਿਤ ਰੀੜ੍ਹਧਾਰੀ ਪ੍ਰਾਣੀ ਦੇਰ ਨਾਲ ਥਲ ਨਾਲ ਜੁੜੇ। ਅਜਿਹਾ ਅੱਜ ਤੋਂ ਲਗਭਗ 40 ਕਰੋੜ ਵਰ੍ਹੇ ਪਹਿਲਾਂ ਹੋਇਆ। ਇਨ੍ਹਾਂ ਸਮਿਆਂ ’ਚ ਵਿਚਰਦੀ ਇੱਕ ਫੇਫੜੇਦਾਰ ਮੱਛੀ ਦੇ ਪਥਰਾਟ ਗ੍ਰੀਨਲੈਂਡ ’ਚੋਂ ਮਿਲੇ ਹਨ ਜਿਸ ਦੇ ਮਜ਼ਬੂਤ ਖੰਭੜੇ ਸਨ ਅਤੇ ਇਹ ਇਸ ਦੇ ਥਲ ਉਪਰ ਫੇਰੀ ਮਾਰਨ ਸਮੇਂ ਲੱਤਾਂ ਦਾ ਕੰਮ ਦਿੰਦੇ ਸਨ। ਇਸੇ ਮੱਛੀ ਦੀ ਸੰਤਾਨ ਇੱਕ ਬੰਨੇ ਡੱਡੂਆਂ-ਸਾਲਮਾਂਡਰਾਂ ਦੀ ਪੂਰਵਜ ਬਣੀ ਅਤੇ ਦੂਜੇ ਬੰਨੇ ਅਜਿਹੇ ਪ੍ਰਾਣੀਆਂ ਵਿੱਚ ਵਿਕਸਿਤ ਹੋਈ ਜਿਹੜੇ ਕੱਛੂ, ਕਿਰਲੇ, ਮਗਰਮੱਛ ਅਤੇ ਡਾਇਨੋਸੌਰ ਸਨ। ਇਨ੍ਹਾਂ ਪਿਛਲਿਆਂ ਨੂੰ ‘ਡਰਾਉਣੇ ਕਿਰਲੇ’ ਇਸ ਲਈ ਸੱਦਿਆ ਜਾ ਰਿਹਾ ਹੈ ਕਿਉਂਕਿ ਦੋ ਯੂਨਾਨੀ ਸ਼ਬਦਾਂ ਤੋਂ ਬਣੇ ‘ਡਾਇਨੋਸੌਰ’ ਸ਼ਬਦ ਦੇ ਇਹੋ ਅਰਥ ਹਨ। ਫਿਰ ਅਗਾਂਹ ਸਾਧਾਰਨ ਕਿਰਲਿਆਂ ਦੀ ਇੱਕ ਸ਼ਾਖ ਰੋਮਾਂ ਕੱਜੇ ਸਰੀਰ ਵਾਲੇ ਪ੍ਰਾਣੀਆਂ ’ਚ ਵਿਕਸਿਤ ਹੋਈ ਅਤੇ ਦੂਜੇ ਬੰਨੇ ਡਾਇਨੋਸੌਰਾਂ ਵਿੱਚੋਂ ਕੁਝ ਆਕਾਸ਼ ’ਚ ਉੱਡਣ ਲੱਗੇ। ਇਹ ਸਭ ਪ੍ਰਾਣੀ ਅੱਜ ਤੋਂ 20-21 ਕਰੋੜ ਵਰ੍ਹੇ ਪਹਿਲਾਂ ਖੁਸ਼ਕ ਭੂਮੀ ਅਤੇ ਨਮਸਥਲਾਂ ਵਿੱਚ ਵਿਚਰ ਰਹੇ ਸਨ। ਇਨ੍ਹਾਂ ਸਭਨਾਂ ਦੀਆਂ ਚਾਰ ਲੱਤਾਂ ਸਨ ਜਿਨ੍ਹਾਂ ਦੇ ਸਿਰਿਆਂ ਉਪਰ ਪੰਜ ਪੰਜ ਉਂਗਲਾਂ ਸਨ। ਇਨ੍ਹਾਂ ਸਭ ਵਿੱਚੋਂ ਸਿਰਕੱਢ ਡਾਇਨੋਸੌਰ ਸਨ ਜਿਹੜੇ ਉਨ੍ਹਾਂ ਸਮਿਆਂ ਵਿੱਚ ਉਸੇ ਪ੍ਰਕਾਰ ਹਾਵੀ ਹੋਏ ਜੀਵਨ ਭੋਗ ਰਹੇ ਸਨ ਜਿਵੇਂ ਅੱਜ ਬੱਚਿਆਂ ਨੂੰ ਜਨਮ ਦੇ ਰਹੇ ਪ੍ਰਾਣੀ ਜੀਵਨ ਭੋਗ ਰਹੇ ਹਨ। ਅਸੀਂ ਆਪ ਵੀ ਇਸੇ ਸ਼੍ਰੇਣੀ ਵਿੱਚੋਂ ਹਾਂ।
ਅਗਲੇ ਲਗਭਗ 13 ਕਰੋੜ ਵਰ੍ਹੇ ਇਹੋ ਸਥਿਤੀ ਬਣੀ ਰਹੀ। ਫਿਰ ਤਕਰੀਬਨ 6.5 ਕਰੋੜ ਵਰ੍ਹੇ ਪਹਿਲਾਂ ਇੱਕ ਭਾਰੀ ਉਲਕਾ ਪ੍ਰਿਥਵੀ ਉਪਰ 10 ਕਰੋੜ ਮੈਗਾਟਨ ਦੀ ਸ਼ਕਤੀ ਨਾਲ ਡਿੱਗੀ। ਜਿੱਥੇ ਇਹ ਉਲਕਾ ਡਿੱਗੀ, ਉੱਥੇ ਘੱਟ ਡੂੰਘਾ ਸਾਗਰ ਹੋਣ ਦੇ ਬਾਵਜੂਦ ਕਿਲੋਮੀਟਰਾਂ ’ਚ ਫੈਲਿਆ ਵਿਸ਼ਾਲ ਟੋਆ ਪੈ ਗਿਆ ਸੀ ਜਿਹੜਾ ਅੱਜ ਤਕ ਬਣਿਆ ਹੋਇਆ ਹੈ। ਇਸ ਤੋਂ ਝੱਟ ਉਪਰੰਤ ਅਨੇਕਾਂ ਜਵਾਲਾਮੁਖੀ ਇਕਦਮ ਭੜਕ ਉੱਠੇ ਅਤੇ ਤੇਜ਼ਾਬੀ ਮੀਂਹਾਂ ਦਾ ਵਰ੍ਹਨਾ ਆਰੰਭ ਹੋ ਗਿਆ। ਓਧਰ ਧੂੰਆਂਧਾਰ ਹੋਇਆ ਵਾਯੂਮੰਡਲ ਸਦੀਆਂ ਬੱਧੀ ਸੂਰਜ ਦੇ ਪ੍ਰਕਾਸ਼ ਦੇ ਪ੍ਰਿਥਵੀ ਉਪਰ ਪੁੱਜਣ ਦੇ ਰਾਹ ਵਿੱਚ ਆਉਂਦਾ ਰਿਹਾ ਅਤੇ ਸਦੀਆਂ ਬੱਧੀ ਜੀਵ-ਨਸਲਾਂ ਲੋਪ ਹੁੰਦੀਆਂ ਰਹੀਆਂ। ਤਦ ਡਾਇਨੋਸੌਰ ਖ਼ਤਮ ਹੋ ਗਏ ਸਨ। ਇਸੇ ਸਥਿਤੀ ਨੇ ਮਨੁੱਖ ਦੇ ਦੁਨੀਆਂ ਵਿੱਚ ਪ੍ਰਵੇਸ਼ ਨੂੰ ਸੰਭਵ ਬਣਾਇਆ।
ਵਾਪਰੀ ਇਸ ਦੁਰਘਟਨਾ ਦੇ ਲੱਖਾਂ ਵਰ੍ਹਿਆਂ ਉਪਰੰਤ ਵਾਤਾਵਰਨ ਦੀ ਸਥਿਤੀ ਸੁਧਰੀ ਤਾਂ ਬਚੇ ਰਹਿ ਗਏ ਪ੍ਰਾਣੀਆਂ ਅਤੇ ਪੌਦਿਆਂ ਨੇ ਖਾਲੀ ਪਏ ਸਹਿਜਵਾਸਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੱਤਾ। ਦੁੱਧ ਦਿੰਦੇ ਪ੍ਰਾਣੀ ਭੂਮੀ ਉਪਰ ਅਤੇ ਪੰਛੀ ਆਕਾਸ਼ ਵਿੱਚ ਤੇਜ਼ੀ ਨਾਲ ਵਿਕਸਿਤ ਹੋਏ। ਉਸ ਸਮੇਂ ਜੀਵਾਂ ਦੀ ਵਸੋਂ ਘੱਟ ਹੋਣ ਸਦਕਾ ਇਨ੍ਹਾਂ ਦੇ ਵਿਚਰਨ ਲਈ ਮੋਕਲੇ ਸਥਾਨ ਸਨ; ਖਾਣ ਨੂੰ ਬਹੁਤ ਸੀ ਅਤੇ ਵਾਯੂਮੰਡਲ ਵੀ ਆਕਸੀਜਨ ’ਚ ਸਮ੍ਰਿਧ ਸੀ। ਅਜਿਹੀ ਸਥਿਤੀ ’ਚ ਪ੍ਰਾਣੀਆਂ ਦਾ ਵਿਕਾਸ ਪ੍ਰਭਾਵਸ਼ੀਲ ਹੱਦਾਂ ਛੂਹ ਰਿਹਾ ਸੀ। ਫਲਸਰੂਪ ਅੱਜ ਤੋਂ ਚਾਰ ਕਰੋੜ ਵਰ੍ਹੇ ਪਹਿਲਾਂ ਵਿਚਰ ਰਹੇ ਚੂਹੇ ਵੀ ਲੂੰਬੜ ਲੱਗ ਰਹੇ ਸਨ ਜਦੋਂਕਿ ਲੂੰਬੜ, ਗੈਂਡੇ ਅਤੇ ਗੈਂਡੇ, ਹਾਥੀ। ਇਨ੍ਹਾਂ ਹੀ ਸਮਿਆਂ ’ਚ ਵਿਚਰੇ ਇੱਕ ਪੰਛੀ ਦੇ ਪਥਰਾਟ 1963 ’ਚ ਫਲੋਰਿਡਾ ਤੋਂ ਮਿਲੇ ਹਨ ਜਿਹੜਾ ਉੱਡ ਨਹੀਂ ਸੀ ਸਕਦਾ, ਪਰ ਉਸ ਦਾ ਕੱਦ ਤਿੰਨ ਮੀਟਰ ਅਤੇ ਸਰੀਰ ਦਾ ਵਜ਼ਨ 350 ਕਿਲੋਗ੍ਰਾਮ ਸੀ। ਉਸ ਦੀ ਫੁੱਟ ਤੋਂ ਵੀ ਵੱਧ ਲੰਬੀ ਚੁੰਝ ਚੀਰ-ਫਾੜ ਕਰਨ ਯੋਗ ਤਿੱਖੀ ਸੀ। ਹੋਰ ਦੋ ਕਰੋੜ ਵਰ੍ਹਿਆਂ ਉਪਰੰਤ ਬੱਚਿਆਂ ਨੂੰ ਜਨਮ ਦੇ ਰਹੇ ਪ੍ਰਾਣੀਆਂ ਦੀ ਜਿਹੜੀ ਸ਼ਾਖ ਵਣਾਂ ਵਿੱਚ ਵਿਚਰ ਰਹੀ ਸੀ, ਉਸ ਦਾ ਵਿਕਾਸ ਬਾਂਦਰਾਂ-ਵਣਮਾਨਸਾਂ ’ਚੋਂ ਦੀ ਹੁੰਦਾ ਹੋਇਆ, ਮਨੁੱਖ ਵੱਲ ਨੂੰ ਹੋਣ ਲੱਗਿਆ। ਇੱਕ ਵਣਮਾਨਸ ਵਣਾਂ ਦਾ ਵਾਸ ਤਿਆਗ ਕੇ ਮੈਦਾਨਾਂ ਵਿੱਚ ਰਹਿਣ ਲੱਗਿਆ ਤਾਂ ਅਜਿਹੇ ਸੂਝਵਾਨ ਪ੍ਰਾਣੀ ’ਚ ਢਲ ਗਿਆ ਜਿਹੜਾ ਬੀਤੇ ਇਸ ਸਭ ਕੁਝ ਨੂੰ ਅਨੁਭਵ ਕਰਨ ਦੇ ਨਾਲ ਨਾਲ ਜੀਵਨ ਦੇ ਅਰਥ ਵੀ ਖੋਜ ਰਿਹਾ ਹੈ।
ਪ੍ਰਿਥਵੀ ਦੀ ਉਮਰ ਸਾਢੇ ਚਾਰ ਅਰਬ ਵਰ੍ਹਿਆਂ ਦੀ ਹੈ। ਇੰਨੇ ਸਮੇਂ ਨੂੰ ਦਿਨ ਦੇ 24 ਘੰਟਿਆਂ ਵਿੱਚ ਸੁੰਗੇੜ ਕੇ ਜੀਵਨ ਦੇ ਇਤਿਹਾਸ ਉਪਰ ਝਾਤ ਮਾਰੀ ਜਾਵੇ ਤਾਂ ਇਹ ਇਉਂ ਲੜੀਵਾਰ ਬੀਤਿਆ ਜਾਪੇਗਾ:
ਪ੍ਰਿਥਵੀ ਦਾ ਜਨਮ ਰਾਤ ਦੇ 12 ਵਜੇ ਹੋਇਆ ਅਤੇ ਇਸ ਉਪਰ ਜੀਵਨ ਸਵੇਰੇ 4 ਵਜੇ ਪੁੰਗਰਿਆ। ਪਹਿਲਾਂ ਕੀਟਾਣੂ ਹੋਂਦ ’ਚ ਆਏ ਜਿਹੜੇ ਅਗਲੇ 16 ਘੰਟੇ ਦੁਨੀਆਂ ਵਿੱਚ ਇਕੱਲੇ ਵਿਚਰੇ। ਰਾਤ ਦੇ ਸਾਢੇ ਅੱਠ ਵਜੇ ਪਹਿਲਾਂ ਜਲਵਾਸੀ ਪੌਦੇ ਹੋਂਦ ’ਚ ਆਏ ਅਤੇ 20 ਮਿੰਟ ਹੋਰ ਬੀਤ ਜਾਣ ਉਪਰੰਤ ਜੈਲੀ-ਮੱਛੀ ਜਿਹੇ ਪ੍ਰਾਣੀ ਸਾਗਰ ਵਿੱਚ ਵਿਚਰੇ। ਰਾਤੀਂ ਨੌਂ ਵਜੇ ਤਿੰਨਾਂ ਭਾਗਾਂ ’ਚ ਵਟੀ ਹੋਈ ਦੇਹ ਵਾਲੇ ਟ੍ਰਾਲੋਬਾਈਟ ਪ੍ਰਾਣੀਆਂ ਦਾ ਦੌਰ ਸ਼ੁਰੂ ਹੋਇਆ ਜਿਸ ਦੌਰਾਨ ਕੀਟ, ਝੀਂਗੇ, ਕੇਕੜੇ, ਘੋਗੇ, ਤਾਰਾ-ਮੱਛੀਆਂ ਜਿਹੇ ਰੀੜ੍ਹ-ਰਹਿਤ ਪ੍ਰਾਣੀ ਵੀ ਵਿਕਸਿਤ ਹੋਏ। ਇਨ੍ਹਾਂ ’ਚ ਪਿਕਏ ਸੱਦਿਆ ਜਾ ਰਿਹਾ ਪ੍ਰਾਣੀ ਵੀ ਸ਼ਾਮਲ ਸੀ ਜਿਸ ਤੋਂ ਮੱਛੀਆਂ ਨੇ ਜਨਮ ਲਿਆ।
ਰਾਤ ਦੇ 10 ਵਜੇ ਤਕ ਜੀਵ ਜਲ ’ਚੋਂ ਬਾਹਰ ਨਹੀਂ ਸਨ ਆਏ। ਫਿਰ ਪਹਿਲਾਂ ਪੌਦਿਆਂ ਅਤੇ ਇਨ੍ਹਾਂ ਤੋਂ ਝੱਟ ਪਿੱਛੋਂ ਮਲ੍ਹੱਪਾਂ ਅਤੇ ਕੀਟਾਂ ਨੇ ਥਲ ਨੂੰ ਆਪਣੇ ਟਿਕਾਣੇ ਵਜੋਂ ਚੁਣਿਆ। ਕੁਝ ਮਿੰਟਾਂ ਹੀ ਬੀਤੇ ਸਨ ਕਿ ਇੱਕ ਫੇਫੜੇਦਾਰ, ਨਰੋਏ ਖੰਭੜਿਆਂ ਵਾਲੀ ਮੱਛੀ ਨੇ ਵੀ ਥਲ ਨਾਲ ਸਬੰਧ ਬਣਾ ਲਏ। ਅਗਲੇ 30 ਮਿੰਟਾਂ ਅੰਦਰ ਖੁਸ਼ਕ ਭੂਮੀ ਬੰਜਰ ਨਹੀਂ ਸੀ ਰਹੀ। ਇਸ ਉਪਰ ਵਣ ਹੀ ਵਣ ਸਨ ਜਿਨ੍ਹਾਂ ਵਿੱਚ ਕੀਟ-ਪਤੰਗੇ ਅਤੇ ਮਲ੍ਹੱਪ ਸਨ ਅਤੇ ਇਨ੍ਹਾਂ ਉਪਰ ਪਲ ਰਹੇ ਡੱਡੂ ਸਨ ਅਤੇ ਕਿਰਲੇ ਸਨ। ਰਾਤੀਂ 11 ਵਜੇ ਡਾਇਨੋਸੌਰ, ਭਾਵ ਡਰਾਉਣੇ-ਕਿਰਲੇ ਵੀ ਦਿੱਸਣ ਲੱਗ ਪਏ ਸਨ। ਅਗਲੇ 45 ਮਿੰਟ ਭੂਮੀ ਉਪਰ ਹੋਰ ਪ੍ਰਾਣੀ ਤਾਂ ਕਿਧਰੇ ਕਿਧਰੇ, ਪਰ ਡਰਾਉਣੇ-ਕਿਰਲੇ ਹਰ ਥਾਂ ਨਜ਼ਰ ਆ ਰਹੇ ਸਨ। ਇੱਕ ਭਾਰੀ ਉਲਕਾ ਦੇ ਪ੍ਰਿਥਵੀ ਉਪਰ ਡਿੱਗਣ ਕਾਰਨ ਵਾਤਾਵਰਨ ਬਦਲਿਆ ਤਾਂ ਇਨ੍ਹਾਂ ਕਿਰਲਿਆਂ ਦੇ ਲੋਪ ਹੋਣ ਵਿੱਚ ਸਮਾਂ ਨਾ ਲੱਗਿਆ। ਇਸ ਉਪਰੰਤ ਇਨ੍ਹਾਂ ਦੇ ਖਾਲੀ ਕੀਤੇ ਸਹਿਜਵਾਸਾਂ ’ਚ ਬੱਚਿਆਂ ਨੂੰ ਜਨਮ ਦਿੰਦੇ ਰੋਮਦਾਰ ਪ੍ਰਾਣੀ ਵਸਣ ਲੱਗੇ ਜਿਹੜੇ ਤਦ ਤਕ ਛੋਟੇ ਆਕਾਰ ਦੇ ਸਨ ਅਤੇ ਸਹਿਮੇ ਸਹਿਮੇ ਘੁਰਨਿਆਂ ’ਚ ਰਹਿੰਦਿਆਂ ਜੀਵਨ ਬਿਤਾ ਰਹੇ ਸਨ। ਹੁਣ ਇਨ੍ਹਾਂ ਦਾ ਵੱਖ ਵੱਖ ਦਿਸ਼ਾਵਾਂ ਵਿੱਚ ਵਿਕਾਸ ਸ਼ੁਰੂ ਹੋਇਆ। ਰਾਤ ਦੇ ਬਾਰਾਂ ਵੱਜਣ ’ਚ ਸਿਰਫ਼ ਕੁਝ ਸਕਿੰਟ ਬਾਕੀ ਸਨ ਤਦ ਸੂਝਵਾਨ ਅਨੋਖੇ ਪ੍ਰਾਣੀ, ਮਨੁੱਖ ਨੇ ਦੁਨੀਆਂ ਵਿੱਚ ਪ੍ਰਵੇਸ਼ ਕੀਤਾ।
ਜੀਵਨ ਦੇ ਇਤਿਹਾਸ ’ਚ ਜੀਵਨ ਨੂੰ ਮਧੋਲਣ ਯੋਗ ਪ੍ਰਸਥਿਤੀਆਂ ਕਈ ਵਾਰ ਉਤਪੰਨ ਹੋਈਆਂ। ਫਿਰ ਵੀ ਜੀਵਨ ਦੀ ਜੋਤ ਕਦੇ ਨਹੀਂ ਸੀ ਬੁਝੀ। ਮੱਧਮ ਹੋ ਹੋ ਇਹ ਵਾਰ ਵਾਰ ਭੜਕ ਉੱਠਦੀ ਰਹੀ। ਅਜਿਹਾ ਹੁੰਦੇ ਰਹਿਣ ਕਾਰਨ ਹੀ ਅਸੀਂ ਵੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ। ਜੀਵਨ ਦਾ ਇਤਿਹਾਸ ਸਪਸ਼ਟ ਦਰਸਾ ਰਿਹਾ ਹੈ ਕਿ ਜੀਵਨ ਖ਼ੁਦਮੁਖ਼ਤਾਰ ਨਹੀਂ; ਇਹ ਹਾਲਾਤ ਦਾ ਗ਼ੁਲਾਮ ਹੈ। ਭਵਿਖ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਅਤੇ ਜੀਵਨ ਨਾਲ ਜਾਂ ਸਾਡੇ ਨਾਲ ਕੀ ਬੀਤੇਗਾ, ਕੁਝ ਕਿਹਾ ਨਹੀਂ ਜਾ ਸਕਦਾ:
ਰੌ ਮੇਂ ਹੈ ਰਖਸ਼-ਏ-ਉਮਰ, ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ।

ਸੰਪਰਕ: 0175-2214547


Comments Off on ਜੀਵਨ ਦਾ ਮਨੁੱਖ ਤਕ ਦਾ ਸਫ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.