ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

‘ਖੁੱਲ੍ਹੇਪਨ’ ਦੇ ਦੌਰ ਵਿੱਚ ਕਸ਼ਮੀਰ ਨੂੰ ਹਰਾਉਂਦਿਆਂ

Posted On September - 28 - 2018

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਦੀ ਹਾਲੀਆ ਪਹੁੰਚ ਨੂੰ ਉਨ੍ਹਾਂ ਦੇ ਖ਼ਾਸ ਸ਼ਿਸ਼ ਅਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਵਿਰਾਟ ਸੱਜੇ ਪੱਖ ਲਈ ‘ਗਲਾਸਨੋਸਤ’ (ਖੁੱਲ੍ਹੇਪਨ) ਵਜੋਂ ਪੇਸ਼ ਕੀਤਾ ਹੈ। ਇਸ ਸਾਲ ਦੇ ਆਰੰਭ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਭਾਗਵਤ ਨਾਲ ਸਟੇਜ ਸਾਂਝੀ ਕਰਨ ਤੋਂ ਲੈ ਕੇ ਹੁਣ ਤੱਕ, ਨਾਗਪੁਰੀਆਂ ਵੱਲੋਂ ਕੀਤੀਆਂ ਅਜਿਹੀਆਂ ਬੇਮਿਸਾਲ ਕਵਾਇਦਾਂ ਬਾਰੇ ਟਿੱਪਣੀਆਂ ਦੀ ਕਿਤੇ ਕੋਈ ਕਮੀ ਨਹੀਂ ਹੈ।
ਬਿਨਾਂ ਸ਼ੱਕ, ਭਾਗਵਤ ਦੇ ਵਿਚਾਰ ਆਰਐੱਸਐੱਸ ਦੇ ਪਹਿਲੇ ਵਿਚਾਰਾਂ ਤੋਂ ਐਨ ਉਲਟ ਹਨ। ਆਰਐੱਸਐੱਸ ਚਾਹੁੰਦੀ ਹੈ ਕਿ ਭਾਰਤ ਆਪਣੀ ਸੱਭਿਅਤਾ ਦੀਆਂ ਜੜ੍ਹਾਂ ਵੱਲ ਪਰਤੇ; ਪਿਛਲੇ 1000 ਸਾਲਾਂ ਵਿੱਚ ਮੁਸਲਮਾਨ ਸ਼ਾਸਕਾਂ ਅਤੇ ਅੰਗਰੇਜ਼ ਬਸਤਾਨਾਂ ਦੇ ਰਾਜ ਦੌਰਾਨ ਜੋ ਕੁੱਝ ਹੋਇਆ-ਬੀਤਿਆ ਹੈ, ਉਸ ਦਾ ਕਿਤੇ ਨਾਂ-ਥੇਹ ਨਾ ਹੋਵੇ। ਵੱਖ ਵੱਖ ਸੱਭਿਆਚਾਰਾਂ ਦੇ ਸੁਮੇਲ ਦਾ ਵੀ ਜੋ ਸਿੱਟਾ ਨਿੱਕਲਿਆ ਜਿਸ ਨੇ ਨਵੇਂ ਸਮਾਜਿਕ ਪ੍ਰਬੰਧ, ਰੀਤਾਂ, ਰਿਵਾਜਾਂ ਅਤੇ ਦੁਨਿਆਵੀ ਲੋੜਾਂ ਨੂੰ ਖਾਸ ਰੂਪ ਅੰਦਰ ਢਾਲਿਆ ਹੈ, ਉਸ ਬਾਰੇ ਵੀ ਜਥੇਬੰਦੀ ਉਲਟੇ ਦਾਅ ਸੋਚਦੀ ਹੈ।
ਹੁਣ ਜਦੋਂ ਆਰਐੱਸਐੱਸ ਆਵਾਮ ਅੰਦਰ ਆਪਣੇ ਬਾਰੇ ਬਣੀ ਸਮਝ ਅਤੇ ਸੋਝੀ ਨੂੰ ਮੁੜ ਖੋਜਣ ਦੇ ਮਾਮਲੇ ‘ਤੇ ਬਹਿਸ ਚਲਾ ਰਹੀ ਹੈ ਤਾਂ ਕਸ਼ਮੀਰ ਦੇ ਮਾਮਲੇ ‘ਤੇ ਜੇ ਇਹ ਅਹਿਮ ਨਹੀਂ, ਤਾਂ ਘੱਟੋ-ਘੱਟ ਦਿਲਚਸਪ ਮਸਲਾ ਜ਼ਰੂਰ ਬਣਦਾ ਹੈ ਕਿਉਂਕਿ ਇਸ ਸਥਾਨ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਬੜੀਆਂ ਕੱਟੜ ਧਾਰਨਾਵਾਂ ਬਣਾ ਲਈਆਂ ਗਈਆਂ ਹਨ। ਭਾਗਵਤ ਦੀ ਸਭ ਤੋਂ ਮਹੱਤਵਪੂਰਨ ਧਾਰਨਾ ਕੁਦਰਤੀ ਤੌਰ ‘ਤੇ ਮੁਸਲਮਾਨਾਂ ਨਾਲ ਵਾਬਸਤਾ ਹੈ। ਉਂਝ ਪਿਛਲੇ ਸਮੇਂ ਦੌਰਾਨ ਫੈਲਾਏ ਸਨਕਪੁਣੇ ਅਤੇ ਮੌਜੂਦਾ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ ਜੋ ਕੁਝ ਵੀ ਕੀਤਾ ਗਿਆ ਹੈ, ਉਸ ਨਾਲ ਇਸ ਦੀ ਅਸਲੀਅਤ ਉੱਤੇ ਯਕੀਨ ਕਰਨਾ ਮੁਸ਼ਕਿਲ ਹੋ ਸਕਦਾ ਹੈ; ਫਿਰ ਵੀ ਇਹ ਸਮੁੱਚੀ ਕਵਾਇਦ ਨਿਸ਼ਚਿਤ ਤੌਰ ‘ਤੇ ਹਾਂ-ਪੱਖੀ ਹੋਣ ਦਾ ਭਰਮ ਸਿਰਜਦੀ ਹੈ।
ਉਂਝ, ਸਭ ਨੂੰ ਨਾਲ ਲੈ ਕੇ ਚੱਲਣ ਦੇ ਇਸ ਅਮਲ ਵਿਚ ਉਹ ਕਸ਼ਮੀਰ ਨੂੰ ਕਿਸ ਤਰ੍ਹਾਂ ਦੇਖਦੇ ਹਨ? ਇਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ, ਜਦੋਂ ਆਰਐੱਸਐੱਸ ਦੇ ਸੁਪਰਮੈਨ ਗਾਂਧੀ ਨੂੰ ਪਛਾੜ ਕੇ, ਆਪਣੀ ਜਥੇਬੰਦੀ ਨੂੰ ਮੁਲਕ ਦੀ ਜ਼ਮੀਰ ਦੀ ਨਵੀਂ ਰੱਖਿਅਕ ਵਜੋਂ ਸਥਾਪਤ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਉਹ ਕੁਝ ਕੁ ਸਫ਼ਲ ਵੀ ਰਹਿੰਦੀ ਹੈ। ਇਹ ਕਸ਼ਮੀਰ ਲਈ ਹੋਰ ਵੀ ਅਹਿਮ ਹੈ ਜਿਸ ਨੂੰ ਨਹਿਰੂ-ਗਾਂਧੀ ਦੇ ਜਾਦੂ ਨੇ ਪਾਕਿਸਤਾਨ ਦੇ ਮੁਕਾਬਲੇ ਭਾਰਤ ਨਾਲ ਰਲਣ ਲਈ ਲੁਭਾਅ ਲਿਆ ਸੀ। ਸਪੱਸ਼ਟ ਹੈ ਕਿ ਭਾਗਵਤ ਜਦੋਂ ਮੁਲਕ ਦੇ 20 ਕਰੋੜ ਮੁਸਲਮਾਨਾਂ ਨੂੰ ਸੰਬੋਧਿਤ ਹਨ, ਤਾਂ ਇਸ ਵਡੇਰੀ ਵੰਗਾਰ ਵਿੱਚ ਕਸ਼ਮੀਰ ਸ਼ਾਮਿਲ ਨਹੀਂ। ਉਨ੍ਹਾਂ ਨੇ ਕਸ਼ਮੀਰ ਬਾਰੇ ਕੁਝ ਖ਼ਾਸ ਧਾਰਨਾਵਾਂ ਪ੍ਰਚਾਰੀਆਂ ਹਨ; ਉਨ੍ਹਾਂ ਉਚੇਚਾ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 370 ਅਤੇ 35 ਏ ਆਰਐੱਸਐੱਸ ਨੂੰ ਮਨਜ਼ੂਰ ਨਹੀਂ। ਇਹ ਹਾਲਾਂਕਿ ਇਸ ਦੇ ਪਹਿਲੇ ਇਤਿਹਾਸਕ ਪੈਂਤੜੇ ਦਾ ਹੀ ਦੁਹਰਾਉ ਹੈ, ਪਰ ਰਿਆਸਤ ਵਿਚ ਚੱਲ ਰਹੀ ਬੇਚੈਨੀ ਦੇ ਮੌਜੂਦਾ ਪ੍ਰਸੰਗ ਵਿਚ ਇਨ੍ਹਾਂ ਧਾਰਨਾਵਾਂ ਦੀ ਅਹਿਮੀਅਤ ਵਧ ਜਾਂਦੀ ਹੈ। ਇਸ ਨਾਲ ਲੋਕਾਂ ਨੂੰ ਇਹ ਸੁਨੇਹਾ ਮਿਲਦਾ ਹੈ, ਕਿ ਭਾਰਤੀ ਜਮਹੂਰੀਅਤ ਦੀਆਂ ਹੋਰ ਹਾਂ-ਪੱਖੀ ਗੱਲਾਂ ਵਾਂਗ ‘ਖੁੱਲ੍ਹਾਪਨ’ ਵੀ ਰਿਆਸਤ ਦੇ ਮੁੱਖ ਦੁਆਰ, ਲਖਨਪੁਰ ਵਿੱਚ ਪੁੱਜਦਿਆਂ ਖ਼ਤਮ ਹੋ ਜਾਂਦਾ ਹੈ; ਕਿ ਇੱਥੇ ਭਾਰਤ ਦੀ ਫ਼ੌਜੀ ਤਾਕਤ ਅਤੇ ਫ਼ੌਜੀਆਂ ਦੀਆਂ ਬੰਦੂਕਾਂ ਹੀ ਬੋਲਣਗੀਆਂ; ਕਿ ਨਰਮੀ ਦਾ ਮਤਲਬ ਹੀ ਕੋਈ ਨਹੀਂ।
ਅਸਲ ਵਿਚ ਇਹ ਸੁਨੇਹਾ ਭਾਗਵਤ ਦੀ ਸੋਚ ਵਾਲੇ ਪੈਂਤੜੇ ਦੇ ਹਿਸਾਬ ਨਾਲ ਹੀ ਕੁਝ ਸਮੇਂ ਤੋਂ ਛੱਡਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਭ ਤੋਂ ਵੱਧ ਮਾਰੂ ਤਾਂ ਉਸ ਕੁਲੀਸ਼ਨ ਦੀ ਤਬਾਹੀ ਸੀ ਜਿਹੜੀ ਅਸਲ ਵਿੱਚ ਮੁਸਲਮਾਨ ਬਹੁਗਿਣਤੀ ਵਾਲੀ ਰਿਆਸਤ ਦੀ ਭਾਗਵਤ ਦੇ ਭਾਰਤ ਨਾਲ ਸਾਂਝ ਦਾ ਸਭ ਤੋਂ ਧੜੱਲੇਦਾਰ ਜਮਹੂਰੀ ਤਜਰਬੇ ਦਾ ਚਿੰਨ੍ਹ ਸੀ। ਇਹ ਮੁਲਕ ਉਸਾਰੀ ਦੇ ਮਾਮਲੇ ਵਿਚ ਓਨਾ ਹੀ ਅਹਿਮ ਸੀ ਜਿੰਨਾ ਜੰਮੂ ਕਸ਼ਮੀਰ ਦਾ ਭਾਰਤ ਨਾਲ ਇਲਹਾਕ (ਰਲੇਵਾਂ) ਸੀ। ਇਸ ਰਾਹੀਂ ਨਾਰਾਜ਼ ਹੋਏ ਕਸ਼ਮੀਰ ਨਾਲ ਕੇਂਦਰ ਸਰਕਾਰ ਦੀ ਮਹਿਜ਼ ਭਰੋਸਾ ਬਹਾਲੀ ਦਾ ਮੰਚ ਹੀ ਮੁਹੱਈਆ ਨਹੀਂ ਸੀ ਹੋ ਸਕਦਾ, ਸਗੋਂ ਮੁਲਕ ਦੇ ਮੁਸਲਮਾਨਾਂ ਨੂੰ ਨਾਲ ਲੈ ਕੇ ਚੱਲਣ ਦੇ ਅਮਲ ਲਈ ਰਾਹ ਦਸੇਰਾ ਵੀ ਹੋ ਸਕਦਾ ਸੀ; ਪਰ ਇਹ ਤਾਂ ਹੀ ਸੰਭਵ ਸੀ, ਜੇ ਦਿੱਲੀ ਦੀ ਲੀਡਰਸ਼ਿਪ ਜੰਮੂ ਕਸ਼ਮੀਰ ਉੱਤੇ ਭਰੋਸਾ ਕਰਦੀ ਜਿਸ ਤਹਿਤ ਪੀਡੀਪੀ ਨਾਲ ਸਾਂਝ ਬਣਾਈ ਗਈ ਸੀ। ਹੁਣ ਜਦੋਂ ਕਸ਼ਮੀਰ ਵਿਚ ਮੁੱਖ ਧਾਰਾ ਸਿਆਸਤ ਨੂੰ ਹਕੀਕੀ ਤੌਰ ‘ਤੇ ਬੁਰੀ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਹੈ, ਤਾਂ ਕਸ਼ਮੀਰ ਦੀਆਂ ਪਹਾੜੀਆਂ ਨੂੰ, ਭਾਰਤ ਦੇ ਹਾਸ਼ੀਏ ‘ਤੇ ਧੱਕੇ ਅਤੇ ਤੰਗ-ਪ੍ਰੇਸ਼ਾਨ ਕੀਤੇ ਮੁਸਲਮਾਨਾਂ ਲਈ ਸੁਰੱਖਿਅਤ ਥਾਂ (ਬੰਕਰ) ਬਣਾਉਣ ਦਾ ਹਕੀਕੀ ਖਤਰਾ ਖੜ੍ਹਾ ਹੋ ਰਿਹਾ ਹੈ; ਖ਼ਾਸ ਕਰਕੇ ਰਿਆਸਤ ਦੀ ਨਾਗਰਿਕਤਾ ਸਾਰਿਆਂ ਲਈ ਖੁੱਲ੍ਹੀ ਕਰਨ ਦੇ ਪ੍ਰਸੰਗ ਵਿਚ।

ਨਈਮ ਅਖ਼ਤਰ*

ਇਹ ਦਹਿਸ਼ਤ ਅਤੇ ਡਰ ਦਾ ਮਾਹੌਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਪਹਿਲਾਂ ਆਈ ਟਿੱਪਣੀ ਨਾਲ ਬਣਿਆ ਹੈ ਕਿ ਜੰਮੂ ਕਸ਼ਮੀਰ ਦਾ ਸੰਵਿਧਾਨ ਨਿਯਮਾਂ ਦੀ ਉਲੰਘਣਾ ਹੈ। ਇਹ ਉਹੀ ਸੰਵਿਧਾਨ ਹੈ ਜਿਹੜਾ ਮੈਨੂੰ ਭਾਰਤ ਦਾ ਨਾਗਰਿਕ ਬਣਾਉਂਦਾ ਹੈ। ਮੁਲਕ ਦੇ ਰਾਸ਼ਟਰਪਤੀ ਤੋਂ ਲੈ ਕੇ ਵਿਧਾਨ ਸਭਾ/ਪਰਿਸ਼ਦ ਦੇ ਮੈਂਬਰ ਜਾਂ ਹਾਈ ਕੋਰਟ ਦੇ ਜੱਜ ਤੱਕ, ਸਭ ਇਸ ਤੋਂ ਹੀ ਸ਼ਕਤੀਆਂ ਗ੍ਰਹਿਣ ਕਰਦੇ ਹਨ। ਕੀ ਇਹ ਨਿਯਮਾਂ ਦੀ ਉਲੰਘਣਾ ਹੈ ਜਾਂ ਇਹ 70 ਸਾਲ ਪੁਰਾਣੀ ਵਿਆਖਿਆ ਦਾ ਹਕੀਕੀ ‘ਖੁੱਲ੍ਹਾਪਨ’ ਹੈ?
ਰਿਆਸਤ ਦੇ ਨਵੇਂ ਰਾਜਪਾਲ ਸੱਤਿਆ ਪਾਲ ਮਲਿਕ ਬੜੀ ਨੇਕ-ਨੀਅਤ ਸ਼ਖ਼ਸੀਅਤ ਹਨ ਪਰ ਹੈਰਾਨੀ ਹੈ ਕਿ ਉਹ ਸਮੱਸਿਆਵਾਂ ਨੂੰ ਨਜਿੱਠਣ ਦੇ ਮਾਮਲੇ ਵਿਚ ਇਨ੍ਹਾਂ ਨੂੰ ਕੀ ਰੰਗ ਦੇ ਰਹੇ ਹਨ। ਉਨ੍ਹਾਂ ਕਸ਼ਮੀਰ ਸਮੱਸਿਆ ਦੀ ਤੁਲਨਾ ਮੇਰਠ ਦੇ ਕਤਲਾਂ ਨਾਲ ਜੋੜ ਕੇ ਇਸ ਨੂੰ ਬਹੁਤ ਘਟਾ ਕੇ ਪੇਸ਼ ਕੀਤਾ ਹੈ। ਜਾਂ ਇਹ, ਕਿ ਨੌਜਵਾਨਾਂ ਦੀ ਬੇਗਾਨਗੀ ਦਾ ਕਾਰਨ ਖੇਡਾਂ ਅਤੇ ਮਨੋਰੰਜਨ ਦੀਆਂ ਸਹੂਲਤਾਂ ਦੀ ਕਮੀ ਹਨ। ਨੁਕਤਾ ਬੜਾ ਵਾਜਬ ਹੈ ਪਰ ਕਸ਼ਮੀਰ ਤਾਂ 1989 ਤੱਕ ਭਾਰਤ ਦੇ ਫ਼ੈਸ਼ਨ ਦਾ ਗੜ੍ਹ ਸੀ; ਹੋਰ ਥਾਵਾਂ ਦੇ ਮੁਕਾਬਲੇ ਸ੍ਰੀਨਗਰ ਵਿੱਚ ਸਿਨਮੇ ਸਭ ਤੋਂ ਵੱਧ ਸਨ; ਇਸ ਦੀਆਂ ਬਾਰਾਂ, ਰਾਤ ਵੇਲੇ ਦੇ ਸਮਾਗਮ, ਫਰਾਂਸੀਸੀ ਇਤਰ ਅਤੇ ਹਵਾਨਾ (ਕਿਊਬਾ) ਦੇ ਸਿਗਾਰ ਸਮੁੱਚੇ ਮਾਹੌਲ ਵਿਚ ਖੁਸ਼ਬੋਈ ਬਖੇਰਦੇ ਸਨ। ਇਹ ਸਭ ਲੰਡਨ ਦੇ ਪਿਕਾਡਲੀ ਨੂੰ ਟੱਕਰ ਦਿੰਦੇ ਸਨ। ਇਹ ਬਾਲੀਵੁੱਡ ਦੇ ਭਾਈਬੰਦਾਂ ਲਈ ਇਕ ਲਿਹਾਜ਼ ਨਾਲ ਦੂਜਾ ਘਰ ਹੀ ਸੀ। ਜ਼ਾਹਿਰ ਹੈ ਕਿ ਕੁਝ ਤਾਂ ਵਾਪਰਿਆ ਹੈ ਕਿ ਹੁਣ ਲਹੂਪੀਣਾ ਰਾਖ਼ਸ਼ ਦਹਾੜ ਰਿਹਾ ਹੈ। ਕੀ ਇਸ ਰਾਖ਼ਸ਼ ਨੂੰ ਸਿਆਸੀ ਖ਼ਸਲਤ ਦੀਆਂ ਹਕੀਕਤਾਂ ਨੂੰ ਦਰਕਿਨਾਰ ਕਰਕੇ ਕਾਬੂ ਕੀਤਾ ਜਾ ਸਕਦਾ ਹੈ? ਜਿਸ ਢੰਗ-ਤਰੀਕੇ ਅਤੇ ਮਕਸਦ ਨਾਲ ਮਲਿਕ ਦੀ ਨਿਯੁਕਤੀ ਹੋਈ ਹੈ, ਉਸ ਤੋਂ ਜੰਮੂ ਕਸ਼ਮੀਰ ਅਤੇ ਯੂਪੀ ਜਾਂ ਬਿਹਾਰ ਵਿਚ ਫ਼ਰਕ ਨੂੰ ਮਾਪਣ ਬਾਰੇ ਚੋਖੀ ਕਨਸੋਅ ਮਿਲ ਹੀ ਸਕਦੀ ਹੈ।
ਆਪਣੇ ਤੋਂ ਪਹਿਲਿਆਂ ਤੋਂ ਵੱਖਰਾ ਰਾਹ ਅਪਨਾਉਣ ਦੇ ਅਮਲ ਨੇ ਅਸਲ ਵਿਚ ਯੂਸਫ਼ ਸ਼ਾਹ ਚਾਕ (16ਵੀਂ ਸਦੀ ਦਾ ਕਸ਼ਮੀਰ ਦਾ ਸ਼ਾਸਕ) ਤੋਂ ਮਹਿਬੂਬਾ ਮੁਫ਼ਤੀ ਤੱਕ ਕਸ਼ਮੀਰ ਇਤਿਹਾਸ ਦੇ ਕੁਝ ਟਾਲੇ ਜਾ ਸਕਣ ਵਾਲੇ ਦੁਹਰਾਵਾਂ ਨੂੰ ਹੀ ਉਭਾਰਿਆ ਹੈ। ਸ੍ਰੀਨਗਰ ਰਾਜ ਭਵਨ ਦੀ ਅਹਿਮੀਅਤ ਇੰਨੀ ਜ਼ਿਆਦਾ ਹੈ ਕਿ ਨਾਦਾਨੀ ਲਈ ਰੱਤੀ ਭਰ ਦੀ ਵੀ ਕੋਈ ਗੁੰਜਾਇਸ਼ ਨਹੀਂ ਹੈ।
ਗ੍ਰਹਿਮੰਤਰੀ ਰਾਜਨਾਥ ਸਿੰਘ ‘ਕਸ਼ਮੀਰ ਸਮੱਸਿਆ ਦੇ ਹੱਲ ਲਈ ਕਿਸੇ ਨਾਲ ਵੀ’ ਗੱਲਬਾਤ ਕਰਨ ਦੀ ਪੇਸ਼ਕਸ਼ ਕਈ ਵਾਰ ਕਰ ਚੁੱਕੇ ਹਨ। ਵਿਡੰਬਨਾ ਇਹ ਹੈ ਕਿ ਇਹ ਪੇਸ਼ਕਸ਼ ਪਾਕਿਸਤਾਨ ਨਾਲ ਗੱਲਬਾਤ ਦੇ ਬੂਹੇ ਢੋਣ ਤੋਂ ਅਗਲੇ ਦਿਨ ਹੀ ਆਉਂਦੀ ਹੈ। ਤੇ ਉਸ ਵਕਤ, ਜਦੋਂ ਸਰਕਾਰ ਪੰਚਾਇਤੀ ਚੋਣਾਂ ਦੇ ਸਮੇਂ ਬਾਰੇ ਵੀ ਮੁੱਖ ਧਾਰਾ ਪਾਰਟੀਆਂ ਨਾਲ ਗੱਲਬਾਤ ਨਹੀਂ ਕਰ ਸਕਦੀ, ਚੋਣ ਅਮਲ ਸਿਰੇ ਚਾੜ੍ਹਨ ਲਈ ਵੋਟਾਂ ਪਾਉਣ ਵਾਲੇ ਵੋਟਰਾਂ ਤੋਂ ਵੀ ਕਿਤੇ ਵੱਧ ਫ਼ੌਜੀ ਤਾਇਨਾਤ ਕੀਤੇ ਜਾ ਰਹੇ ਹਨ।
ਜੇ ‘ਗਲਾਸਨੋਸਤ’ ਨੂੰ ਸੋਵੀਅਤ ਅਰਥਾਂ ਵਿਚ ਸਹੀ ਤਰੀਕੇ ਨਾਲ ਲਿਆ ਜਾਵੇ ਤਾਂ ਇਸ ਦਾ ਟੀਚਾ ਕਸ਼ਮੀਰ ਹੀ ਹੈ। ਜਿਵੇਂ ਰਾਮ ਮਾਧਵ ਨੇ ਇਸ ਨੂੰ ‘ਖੁੱਲ੍ਹਾਪਨ’ ਆਖਿਆ ਹੀ ਹੈ। ਹੁਣ ਰਤਾ ਭਾਰਤੀ ਅਵਾਮ ਨੂੰ ਇਹ ਵੀ ਦੱਸ ਦਿਉ ਕਿ 80 ਫ਼ੀਸਦੀ ਮੁਸਲਮਾਨ ਬਹੁਗਿਣਤੀ ਵਾਲੇ ਜੰਮੂ ਕਸ਼ਮੀਰ ਨੇ ਵੰਡ ਦੀ ਦਲੀਲ ਨੂੰ ਨਾਂਹ ਕੀਤੀ ਸੀ ਅਤੇ ਸ਼ੇਖ ਅਬਦੁੱਲਾ ਦੀ ਅਵਾਮੀ ਇਮਦਾਦ ਨਾਲ ਹਿੰਦੂ ਮਹਾਰਾਜੇ ਰਾਹੀਂ ਭਾਰਤ ਨਾਲ ਰਲਣਾ ਕਬੂਲ ਕੀਤਾ ਸੀ। ਇਹ ਰਲੇਵਾਂ ਆਪਣੀਆਂ ਸ਼ਰਤਾਂ ਮੁਤਾਬਿਕ ਸੀ ਅਤੇ ਕੁੱਝ ਤਾਕਤਾਂ ਕੇਂਦਰ ਨੂੰ ਸੌਂਪਣ ਦੀ ਗੱਲ ਕਬੂਲੀ ਗਈ ਸੀ। ਇਸ ਇਕਰਾਰ ਨੂੰ ਪਿਛਲੇ ਸਮੇਂ ਦੌਰਾਨ ਤਬਾਹ ਕਰ ਦਿੱਤਾ ਗਿਆ ਅਤੇ ਹੁਣ ਭਵਿੱਖ ਵਿਚ ਅਸੀਂ ਅਜਿਹਾ ਨਹੀਂ ਕਰਾਂਗੇ। ਤੇ ਅਸੀਂ ਕਸ਼ਮੀਰ ਨੂੰ ਘਰ ਵਿੱਚ ਹੀ ਅਫ਼ਗਾਨਿਸਤਾਨ ਬਣਾਉਣ ਲਈ ਧਿਰ ਨਹੀਂ ਬਣਾਂਗੇ ਜਿਸ ਨੂੰ ਭਾਰਤੀ ਸੁਰੱਖਿਆ ਬਲ ਨਿੱਤ ਦਿਨ ਸ਼ੋਪੀਆਂ, ਪੁਲਵਾਮਾ, ਸੋਪੋਰ ਦੇ ਸੇਬਾਂ ਦੇ ਬਾਗ਼ਾਂ ਵਿਚ ਹਰਾਉਂਦੇ ਰਹਿਣ ਅਤੇ ਜਿੱਤਦੇ ਰਹਿਣ। ਰਾਮ ਮਾਧਵ ਨੇ ਟੀਵੀ ਚੈਨਲ ਉੱਤੇ ਜਿੱਤ ਦੇ ਜਸ਼ਨ ਮਨਾਉਂਦਿਆਂ ਹਾਲ ਹੀ ਵਿੱਚ ਇਹੀ ਕਿਹਾ ਸੀ ਕਿ ਜੇ ਲੋੜ ਲਈ ਤਾਂ 50 ਸਾਲ ਅਜਿਹਾ ਹੁੰਦਾ ਰਹੇਗਾ।
*ਲੇਖਕ ਜੰਮੂ ਕਸ਼ਮੀਰ ਦਾ ਸਾਬਕਾ ਮੰਤਰੀ ਹੈ।


Comments Off on ‘ਖੁੱਲ੍ਹੇਪਨ’ ਦੇ ਦੌਰ ਵਿੱਚ ਕਸ਼ਮੀਰ ਨੂੰ ਹਰਾਉਂਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.