ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ

Posted On September - 1 - 2018

ਜਨਮ ਸ਼ਤਾਬਦੀ ਨੂੰ ਸਮਰਪਿਤ

ਗੁਰਬਚਨ

ਅੰਮ੍ਰਿਤਾ ਪ੍ਰੀਤਮ ਜੋ ਦਿੱਸਦੀ ਸੀ ਉਹ ਹੈ ਨਹੀਂ ਸੀ। ਜੋ ਹੈ ਸੀ ਉਹ ਦਿੱਸਦੀ ਨਹੀਂ ਸੀ। ਆਪਣੇ ਦੁਆਲੇ ਜੋ ਪ੍ਰਛਾਵਿਆਂ ਦਾ ਸੰਸਾਰ ਉਹਨੇ ਸਿਰਜਿਆ, ਉਸ ਵਿਚ ਵਿਲੀਨ ਹੋ ਗਈ। ਉਹਦੇ ਤੁਰ ਜਾਣ ਬਾਅਦ ਉਹਦੇ ਮੁਰੀਦ ਨਿਥਾਵੇਂ ਹੋਏ ਮਹਿਸੂਸ ਕਰਨ ਲੱਗੇ। ਉਹ ਹੈਰਾਨ ਸਨ ਕਿ ਪ੍ਰਛਾਵਾਂ ਭੌਤਿਕ ਹੋਂਦ ਨੂੰ ਨਿਗਲ ਜਾਂਦਾ ਹੈ। ਉਹਨੂੰ ਬੁਲੰਦ ਕਹਿਣ ਦੇ ਆਦੀ ਸਿਰਫ਼ ਉਹਦੀ ਸਿਤਾਰੀ ਸ਼ਖਸੀਅਤ ਦੀਆਂ ਗੱਲਾਂ ਕਰਦੇ ਹਨ।
ਸਿਤਾਰੀ ਵਿਅਕਤਿਤਵ (celebrity) ਮੀਡੀਆ ਦੀ ਉਪਜ ਹੁੰਦਾ ਹੈ।
ਅੰਮ੍ਰਿਤਾ ਜੋ ਸੀ ਉਹੀ ਰਹਿੰਦੀ ਤਾਂ ਉਹਦਾ ਹੋਣਾ ਦੋਫਾੜਿਆ ਨਾ ਜਾਂਦਾ। ਦੋਫਾੜ ਇਸ ਗੱਲ ’ਚ ਸੀ ਕਿ ਮਹਾਂਨਗਰ ਦਿੱਲੀ ’ਚ ਨਾਂ ਬੁਲੰਦ ਹੁੰਦਾ ਗਿਆ, ਰਚਨਾਕਾਰੀ ਦਾ ਮਿਆਰ ਸਾਧਾਰਣ ਰਿਹਾ। ਉਹਦੀ ਰਚਨਾਕਾਰੀ ਨੂੰ ‘ਬਾਈਪਾਸ’ ਕਰਕੇ ਹਵਾਈ ਤਰਜ਼ ਦੇ ਕਸੀਦੇ ਮੀਡੀਆ ਵਿਚ ਲਿਖੇ ਜਾਂਦੇ ਰਹੇ। ਗੱਲ ਉਹਦੇ ਨਿੱਜੀ ਜੀਵਨ ਦੇ ਟੋਟਕਿਆਂ ਬਾਰੇ, ਜਾਂ ਸਾਹਿਰ ਨਾਲ ਇਸ਼ਕ ਬਾਰੇ, ਜਾਂ ਇਮਰੋਜ਼ ਦੀ ਬਣਾਈ ਚਾਹ ਬਾਰੇ ਹੁੰਦੀ ਰਹੀ।
ਬੁਲੰਦ ਸਾਹਿਤਕਾਰ ਪ੍ਰਸੰਸਕਾਂ ਦੇ ਆਸਰੇ ਕਾਇਮ ਨਹੀਂ ਰਹਿੰਦਾ। ਨਾ ਉਹ ਸਥਾਪਨਾ ਦਾ ਪੁਤਲਾ ਹੁੰਦਾ ਹੈ। ਨਾ ਨੁਕਤਾਚੀਨੀ ਤੋਂ ਉਪਰ ਹੁੰਦਾ ਹੈ। ਉਹਨੂੰ ਆਪਣਾ ਜੀਵਨ ਮਾਡਲ ਵਜੋਂ ਪੇਸ਼ ਕਰਨ, ਜਾਂ ਇਸ ਬਾਰੇ ਟੋਟਕੇ ਫੈਲਾਉਣ ਦੀ ਤਲਬ ਨਹੀਂ ਹੁੰਦੀ। ਨਾ ਉਹ ਤਕਰਾਰੀ ਪ੍ਰਤਿ-ਵਿਚਾਰਾਂ ਤੋਂ ਭੈਅ ਖਾਂਦਾ ਹੈ। ਅਫਸੋਸ ਇਹ ਹੈ ਕਿ ਅੰਮ੍ਰਿਤਾ ਇਹ ਸਭ ਕੁਝ ਸੀ।
ਉਹ ਰਾਜਧਾਨੀ ’ਚ ਸਿਲੈਬ੍ਰਿਟੀ (ਸਿਤਾਰਾ) ਆਪਣੀ ਰਚਨਾਕਾਰੀ ਕਰਕੇ ਨਹੀਂ ਸੀ ਬਣੀ। ਹੋਰਾਂ ਤੋਂ ਤਾਰੀਫ਼ ਸੁਣਨ ਦਾ ਤਲਬਦਾਰ ਲੇਖਕ ਅਸੁਰੱਖਿਅਤ ਹੁੰਦਾ ਹੈ। ਆਪਣੇ ਖੋਲਾਂ ਤੋਂ ਮੁਕਤ ਹੋਣ ਦਾ ਜੇ ਇਹੀ ਜ਼ਰੀਆ ਹੈ ਤਾਂ ਅਜਿਹਾ ਵਿਅਕਤੀ ਪ੍ਰਛਾਵਿਆਂ ਦੀ ਸ਼ਰਨ ਲਏ ਬਗ਼ੈਰ ਰਹਿ ਨਹੀਂ ਸਕਦਾ।
ਅੰਮ੍ਰਿਤਾ ਦੇ ਪ੍ਰਛਾਵਿਆਂ ਦਾ ਪਤਾ ਉਹਦੀ ਲਿਖਣ/ ਬੋਲਣ ਦੀ ਸ਼ੈਲੀ ਤੋਂ ਲੱਗ ਜਾਂਦਾ ਸੀ।
ਪਹਿਲਾਂ ਔਰਤ ਹੋਣ ਦੀ ਕੁੜਿੱਤਣ, ਫਿਰ ਸਮਕਾਲੀ ਸਮੇਂ ਦੀਆਂ ਵਧ ਰਹੀਆਂ ਦੁਸ਼ਵਾਰੀਆਂ ਤੋਂ ਮੁਕਤ ਹੋਣ ਲਈ ਉਹਨੇ ਰੁਮਾਂਸੀਅਤ ਵਿਚ ਸ਼ਰਨ ਲੈ ਰੱਖੀ ਸੀ। ਇਹ ਸਿਲਸਿਲਾ ਅਖੀਰ ਤੱਕ ਜਾਰੀ ਰਿਹਾ। ਭਾਵੁਕ ਅਨੁਭਵ ਨੇ ਜੋ ਪੈਦਾ ਕੀਤਾ ਉਹੀ ਰਚਨਾਤਮਿਕਤਾ ਦਾ ਧਰੋਹਰ ਬਣ ਗਿਆ। ਅੰਤਰ-ਚੇਤਨਾ ਦਾ ਖਾਤਾ ਖੁੱਲ੍ਹਿਆ ਨਾ।
ਨਾਗਮਣੀ ਵਿਚ ਉਹਨੇ ਯੁਵਕ ਲੇਖਕਾਂ ਕੋਲੋਂ ਕਾਲਮ ਲਿਖਵਾਏ। ਇਨ੍ਹਾਂ ਕਾਲਮਾਂ ਦਾ ਭਾਵ-ਸੰਸਾਰ ਰੁਮਾਂਸੀ ਤਰਜ਼ ਦੀ ਭਾਵੁਕਤਾ ਸੀ। ਮੁਰੀਦਾਂ ਨੇ ਸਵੀਕਾਰੇ ਜਾਣ ਲਈ ਨਾਗਮਣੀ ਸ਼ੈਲੀ ਨੂੰ ਆਤਮਸਾਤ ਕਰ ਲਿਆ ਸੀ। ਪ੍ਰਛਾਵਿਆਂ ਦੀ ਧੂਣੀ ਧੁਖਾਉਂਦੇ। ਨਾਗਮਣੀ ਰਾਹੀਂ ਸ਼ੁਹਰਤ ਹਾਸਲ ਕਰਨ ਵਾਲੇ ਅੰਮ੍ਰਿਤਾ ਦੇ ਤੁਰ ਜਾਣ ਬਾਅਦ ਅਪ੍ਰਸੰਗਿਕ ਹੋਏ ਦਿਖਣ ਲੱਗੇ।
ਅੰਮ੍ਰਿਤਾ ਦੀ ਸੰਵੇਦਨਾ ਕਵਿਤਾ ਤੋਂ ਇਲਾਵਾ ਕਹਾਣੀ, ਨਾਵਲਕਾਰੀ ਵਿਚ ਵੀ ਰੁਮਾਂਸ ਦੀ ਲਪੇਟ ’ਚ ਰਹੀ। ਉਹ ਪੇਚੀਦਾ ਸਥਿਤੀ ਨੂੰ ਸਰਲਤਾ ਦਾ ਸ਼ਿਕਾਰ ਬਣਾ ਦੇਂਦੀ। ਔਰਤ-ਮਰਦ ਰਿਸ਼ਤਿਆਂ ਬਾਰੇ ਪੂਰਵ-ਨਿਸ਼ਚਿਤ ਸੋਚ ਹਰ ਕਹਾਣੀ/ਨਾਵਲ ਵਿਚ ਕਾਇਮ ਰਹੀ। ਰਿਸ਼ਤਿਆਂ ਵਿਚ ਜੋ ਵਲ-ਵਲੇਵੇਂ ਪੈਦਾ ਹੁੰਦੇ ਹਨ, ਉਸ ਲਈ ਰਚਨਾਤਮਿਕ/ਬੌਧਿਕ ਗਹਿਰਾਈ ਦੀ ਲੋੜ ਸੀ। ਆਰੰਭਿਕ ਸਾਲਾਂ ਵਿਚ ਔਰਤ ਹੋਣ ਦਾ ਕੁਸੈਲਾ ਅਨੁਭਵ ਜੋ ਉਹਨੂੰ ਪ੍ਰਾਪਤ ਸੀ, ਇਹੀ ਰਚਨਾਕਾਰੀ ਦਾ ਸਦਾ ਬਹਾਰ ਟਿਕਾਓ ਸਥਲ ਬਣ ਗਿਆ।
ਵੰਡ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਲਾਹੌਰ ਤੋਂ ਦਿੱਲੀ ਪਹੁੰਚੀ। ਦਿੱਲੀ ਪਹੁੰਚ ਕੇ ਉਹ ਰਚਨਾਤਮਿਕ ਊਣਾਂ ਨੂੰ ਲੁਕੋਣ ਵਿਚ ਸਫ਼ਲ ਹੋ ਗਈ। ਪੁਰਾਣਾ ਬਿੰਬ ਕਾਇਮ ਰਿਹਾ। ਅਜਿਹੇ ਵਿਅਕਤੀ ਨੂੰ ਸਵੈ-ਬਿੰਬ ਦੇ ਖੇਰੂੰ ਹੋ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਹਨੂੰ ਬੇਲਿਹਾਜ਼ ਨਿਰਖ ਪਰਖ ਖੌਫ਼ਜ਼ਦਾ ਕਰਦੀ। ਵਿਪਰੀਤ ਆਵਾਜ਼ ਸੁਣਾਈ ਦੇਂਦੀ ਤਾਂ ਸਾਹ ਸੂਤਿਆ ਜਾਂਦਾ। ਇਹ ਗੱਲ ਮੁਰੀਦਾਂ ਦੇ ਸਮਝ ਆ ਗਈ ਸੀ।
ਉਹ ਸਵੈ-ਬਿੰਬ ਨੂੰ ਕਾਇਮ ਰੱਖਣ ਦਾ ਯਤਨ ਕਰਦੀ ਰਹੀ। ਨਾਗਮਣੀ ਦਾ ਪ੍ਰਕਾਸ਼ਨ ਅਤੇ ਇਹਦੇ ਦੁਆਲੇ ਸਿਰਜਿਆ ਮੁਹਾਜ਼ ਇਸ ਦਾ ਨਤੀਜਾ ਸੀ। ਇੰਦਰਾ ਗਾਂਧੀ ਨਾਲ ਨੇੜਤਾ ਦਾ ਦਿਖਾਵਾ; ਹਰ ਵੱਡਾ ਐਵਾਰਡ ਪ੍ਰਾਪਤ ਕਰਨ ਦੀ ਲਲਕ, ਯੂਨੀਵਰਸਟੀਆਂ ਤੋਂ ਡੀ ਲਿਟ ਦੀਆਂ ਡਿਗਰੀਆਂ – ਸੱਤਾ ਸਥਾਪਨਾ ਨਾਲ ਗੂੜ੍ਹੇ ਮੇਲਜੋਲ ਦੇ ਨਾਲ ਇਹ ਪ੍ਰਛਾਵਿਆਂ ਦੀ ਡਗਰ ਨੂੰ ਵੀ ਪ੍ਰਗਟ ਕਰਦਾ ਹੈ। ਭਾਰਤ ਸਮੇਤ ਦੁਨੀਆਂ ਦੇ ਕਿਸੇ ਹੋਰ ਲੇਖਕ ਨੇ ਆਪਣ ‘ਹੋਣੇ’ ਉੱਤੇ ਸਥਾਪਨਾ ਦੀਆਂ ‘ਮਿਹਰਬਾਨੀਆਂ’ ਦਾ ਏਨਾ ਬੋਝ ਨਹੀਂ ਲੱਦਿਆ- ਆਭੂਸ਼ਨਾਂ, ਇਨਾਮਾਂ/ਸਨਮਾਨਾਂ ਤੇ ਸਾਹਿਤਕ ਅਦਾਰਿਆਂ ’ਚ ਚੜ੍ਹਤ ਨੂੰ ‘ਪ੍ਰਾਪਤੀ’ ਨਹੀਂ ਕਿਹਾ ਜਾ ਸਕਦਾ। ਅੰਮ੍ਰਿਤਾ ਲਈ ਇਹੀ ਹੋਣੇ ਦਾ ਧਰੋਹਰ ਬਣ ਗਿਆ।
ਅਜਿਹੀ ਕ੍ਰੀੜਾ ਨੇ ਅੰਤਹ ਨੂੰ ਨਿਥਾਵਾਂ ਕਰਨਾ ਹੁੰਦਾ। ਅੰਤਿਮ ਦਿਨਾਂ ’ਚ ਉਹ ਘੋਰ ਵਿਸ਼ਾਦ ’ਚੋਂ ਗੁਜ਼ਰਦੀ ਰਹੀ। ਨਜੂਮੀਆਂ ਦੇ ਅਸਤਰੀ ਸੰਸਾਰ ਵਿਚ ਆਸਥਾ ਵਧ ਗਈ ਸੀ। ਅਤਿ ਨਿਰਾਸ਼ਾ ਵਿਚ ਵਿਦਾਇਗੀ ਕਹਿ ਗਈ।
ਸੁਆਲ ਸਾਹਿਤਕਾਰ ਦੀ ਆਪਣੇ ਸਮਿਆਂ ’ਚ ਮੀਡੀਏਸ਼ਨ ਦਾ ਹੈ। ਅੰਮ੍ਰਿਤਾ ਸਾਹਮਣੇ ਜੂਨ ’84 ਵਾਪਰਿਆ; ਦਿੱਲੀ ’ਚ ਇੰਦਰਾ ਗਾਂਧੀ ਦੇ ਕਤਲ ਬਾਅਦ ਕਤਲੇਆਮ ਹੋਇਆ। ਉਹਨੇ ਮੌਨ ਧਾਰੀ ਰੱਖਿਆ। ਸੱਤਾ ਦੀਆਂ ਅੱਖਾਂ ’ਚ ਨਾ ਰੜਕਣ ਦੀ ਸਿਆਸਤ ਜ਼ਮੀਰਫਰੋਸ਼ੀ ਬਿਨਾਂ ਸੰਭਵ ਨਹੀਂ ਹੁੰਦੀ।
ਪ੍ਰਸੰਸਕ ਉਹਨੂੰ ਮਹਾਨ ਲੇਖਿਕਾ ਦੇ ਤੌਰ ’ਤੇ ਜਾਣਦੇ ਰਹੇ। ਅਜੇ ਤੱਕ ਕੋਈ ਨਹੀਂ ਦੱਸ ਸਕਿਆ ਕਿ ਉਹਦੀ ਕਿਹੜੀ ਰਚਨਾ ਦਰਮਿਆਨੇ ਦਰਜੇ ਤੋਂ ਉਪਰ ਹੈ। ਉਹਦੇ ਕੁਝ ਇਕ ਨਾਵਲਾਂ ਦਾ ਅੰਗਰੇਜ਼ੀ ’ਚ ਅਨੁਵਾਦ ਕਰਨ ਵਾਲੇ ਹਤਾਸ਼ ਹੋ ਜਾਂਦੇ ਰਹੇ। ਕਹਿੰਦੇ, ਪੰਜਾਬੀ ’ਚਂ ਬੇਥੱਵੀਆਂ ਘੋਟਣ ਵਾਲੇ ਨੂੰ ਤੁਸੀਂ ਲੇਖਕ ਕਹਿੰਦੇ ਹੋ? ਅੰਗਰੇਜ਼ੀ ਦੇ ਕਈ ਰੀਵਿਊਕਾਰਾਂ ਨੇ ਅੰਮ੍ਰਿਤਾ ਦੀ ਲਿਖਤ ਦਾ ਮਜ਼ਾਕ ਉਡਾਇਆ ਹੈ।
ਅੰਮ੍ਰਿਤਾ ਨੂੰ ਮੀਡੀਆ ਦੀ ਅਹਿਮੀਅਤ ਦਾ ਪਤਾ ਸੀ। ਮੀਡੀਆ ਰਾਹੀਂ ਉਹਦਾ ਨਾਂ ਉੱਚਾ ਹੁੰਦਾ ਗਿਆ। ਮੁਰੀਦਾਂ ਲਈ ‘ਨਾਂ’ ਹੀ ਅੰਮ੍ਰਿਤਾ ਦਾ ਅਸਲ ਸੀ। ਇਸ ਨਾਂ ਨਾਲ ਜੁੜਨ ਵਾਲੇ ਪੰਜਾਬ ਦੇ ਪਿੰਡਾਂ ’ਚ ਬੇਗ਼ਾਨਗੀ ਦੀ ਘੁਟਣ ਹੰਢਾਂਦੇ ਅਕਸਰ ਹੌਜ਼ ਖਾਸ ਜ਼ਿਆਰਤ ਲਈ ਜਾਂਦੇ। ਪ੍ਰਛਾਵਿਆਂ ਦੀ ਡਗਰ ਮਹੰਤੀ ਡੇਰਾ ਬਣ ਗਿਆ।
ਅੰਮ੍ਰਿਤਾ ਦਾ ਆਰੰਭਿਕ ਰੂਪ ਅਜਿਹਾ ਨਹੀਂ ਸੀ। ਅਜਿਹਾ ਹੋ ਵੀ ਨਹੀਂ ਸੀ ਸਕਦਾ। ਅੰਮ੍ਰਿਤਾ ਇਕ ਨਹੀਂ, ਦੋ ਸਨ। ਇਕ ਅੰਮ੍ਰਿਤਾ 1955 ਤੋਂ ਪਹਿਲਾਂ ਵਾਲੀ ਸੀ। ਤਦ ਉਹਦੀ ਉਮਰ 36 ਸਾਲ ਦੀ ਸੀ। ਤਦ ਉਹ ਆਪਣੇ ‘ਹੋਣ’ ਦੇ ਕਲੇਸ਼ਾਂ ਨਾਲ ਟਕਰਾਉਂਦੀ ਰਹੀ। ਪਤੀਤੰਤਰ ਤੋਂ ਸੁਤੰਤਰ ਹੋਣ ਲਈ ਤਾਂਘਦੀ ਰਹੀ। ‘ਅੰਨ੍ਹਦਾਤਾ’’ ਵਰਗੀਆਂ ਕਵਿਤਾਵਾਂ ਲਿਖੀਆਂ।
ਪਹਿਲੀ ਅੰਮ੍ਰਿਤਾ ਦੀ ਰਚਨਾ ਬੰਦਸ਼ਾਂ ਤੋਂ ਮੁਕਤ ਹੋਣ ਦੀ ਅਕਾਂਖਿਆ ਨਾਲ ਸ਼ੁਰੂ ਹੋਈ। ‘ਇਸ਼ਕ’’ ਸੁਤੰਤਰਤਾ ਦਾ ਚਿਹਨ ਬਣਿਆ। ‘ਅੱਜ ਆਖਾਂ ਵਾਰਿਸ ਸ਼ਾਹ ਨੂੰ…’’ ਰਾਹੀਂ ਔਰਤ ਦਾ ਦਰਦ ਚਹੁੰ-ਕੂੰਟੀ ਗੂੰਜਿਆ। ਸੰਨ ਸੰਤਾਲੀ ’ਚ ਪੈਦਾ ਹੋਣ ਵਾਲੇ ਵਹਿਸ਼ੀ ਘਾਣ ਕਰਕੇ ਇਸ ਕਵਿਤਾ ਨੂੰ ਹੱਦੋਂ ਵੱਧ ਸਵੀਕਾਰਤਾ ਮਿਲੀ, ਭਾਵੇਂ ਇਸ ਵਿਚ ਕਾਵਿ ਪ੍ਰਤਿਭਾ ਵਾਲੇ ਵਿਸ਼ੇਸ਼ ਗੁਣ ਨਹੀਂ ਸਨ। ਸਵੀਕਾਰਤਾ ਦਾ ਕਾਰਨ ਉਸ ਸਮੇਂ ਦੀ ਤ੍ਰਾਸਦ ਸਥਿਤੀ ਸੀ।
ਪ੍ਰਛਾਵਿਆਂ ਦੇ ਸੰਸਾਰ ਦੀ ਨੀਂਹ ਪਹਿਲੇ ਦੌਰ ਵਿਚ ਰੱਖੀ ਜਾ ਚੁੱਕੀ ਸੀ ਜਦ ਸਨਸਨੀ ਵਾਂਗ ਉਹ ਸਾਹਿਤ ਖੇਤਰ ਵਿਚ ਦਾਖਲ ਹੋਈ ਸੀ। ਸੁਹਣੀ/ਸੁਨੱਖੀ ਦਿੱਖ, ਸਲੀਕੇਬੱਧ ਵਿਹਾਰ, ਰੋਮਾਨੀ ਬੋਲ- ਪੰਜਾਬੀ ਲੇਖਕਾਂ ਦੇ ਔਰਤ-ਵਿਛੁੰਨੇ, ਰੁੱਖੇ ਸੁੱਕੇ, ਪੱਛੜੇ ਰੰਗਹੀਣ ਸੰਸਾਰ ’ਚ ਅਜਿਹਾ ਹੋਣਾ ਕ੍ਰਿਸ਼ਮਈ ਘਟਨਾ ਸੀ। ਹੌਲੇ ਹੌਲੇ ਉਹ ਕ੍ਰਿਸ਼ਮਈ ਸ਼ਖ਼ਸੀਅਤ ਬਣ ਗਈ।
ਗ਼ਰੀਬ ਅਨਪੜ੍ਹ ਲੋਕਾਂ ’ਚ ਕ੍ਰਿਸ਼ਮਈ ਸ਼ਖ਼ਸੀਅਤ ਦਾ ਜਾਦੂ ਸਮਝ ਵਿਚ ਆਉਂਦਾ ਹੈ। ਅਜਿਹਾ ਵਿਅਕਤੀ ਧੁੱਪਹੀਣਾਂ ਲਈ ਆਸ ਦੀ ਕਿਰਨ ਬਣਦਾ ਹੈ। ਅਜਿਹੀ ‘ਆਸ ਦੀ ਕਿਰਨ’ ਫੈਂਟਸੀ ਹੁੰਦੀ ਹੈ ਜਿਹਦੇ ਨਿਕਟ ਹੋਣ ਨਾਲ ਸੀਤ ਰੂਹ ਨੂੰ ਸੇਕ ਮਿਲਦਾ ਹੈ। ਇਹੀ ਵਰਤਾਰਾ ਜਦ ਸਾਹਿਤਕ ਫ਼ਿਜ਼ਾ ਦਾ ਹਿੱਸਾ ਬਣਦਾ ਤਾਂ ਮੱਥਾ ਟੇਕਣ ਵਾਲਿਆਂ ਦੇ ਸਮਾਜਕ ਜਾਂ ਨਿੱਜੀ ਪਿਛੋਕੜ ਦੀ ਉਧੇੜ-ਬੁਣਤ ਕਰਨੀ ਲਾਜ਼ਮੀ ਹੋ ਜਾਂਦੀ ਹੈ। ਕਿੰਨੇ ਅਧੂਰੇ, ਬੇਚਾਰੇ, ਅੰਦਰੋਂ ਟੁੱਟੇ, ਪੀੜਾਂ ਵਿੰਨ੍ਹੇ, ਸੁਹੱਪਣ ਦੇ ਭੁੱਖੇ, ਏਲੀਤੀ ਚਮਕ ਦੇ ਮਾਰੇ, ਸਵੈ-ਪੱਛਾਣ ਲਈ ਤੜਪ ਰੱਖਣ ਵਾਲੇ ਹਨ ਪੰਜਾਬੀ ਸਾਹਿਤਕ ਮੁਹਾਜ਼ ਦੇ ਬਾਸ਼ਿੰਦੇ!
ਅੰਮ੍ਰਿਤਾ ਦੇ ਪੰਜਾਬੀ ਸਾਹਿਤ ਵਿਚ ਮੁੱਢਲੇ ਦਖਲ ਨੂੰ ਸਮਝਣ ਲਈ ‘ਸਨਸਨੀ’ ਵਾਲੇ ਤੱਥ ਨੂੰ ਕੇਂਦਰੀ ਸਮਝਣਾ ਜ਼ਰੂਰੀ ਹੈ। ਜਿਵੇਂ ਕਿਹਾ, ਪੰਜਾਬੀ ਸਾਹਿਤਕਾਰੀ ’ਚ ਉਹਦਾ ਹੋਣਾ ਹੀ ਸਨਸਨੀ ਸੀ। ਇਸ ਰੁਤਬੇ ਬਾਰੇ ਉਹ ਸਵੈ-ਚੇਤਨ ਸੀ। ਉਹਦੇ ਬੋਲਾਂ ਦੀ ਕਾਵਿਕ ਲੈਅ, ਇਰਾਦਿਆਂ ਦੀ ਬੁਲੰਦੀ, ਡਰਾਇੰਗ ਰੂਮ ਦੀ ਦਿੱਖ, ਲੈਂਪ-ਸ਼ੇਡ ’ਤੇ ਸ਼ੇਅਰਾਂ ਦੀ ਜੜ੍ਹਤ ਤੇ ਇਸ ਸਭ ਦਾ ਦਿਖਾਵਾ! ਸਿਗਰਟ ’ਚੋਂ ਉੱਠਦਾ ਧੂੰਆਂ, ਇਸ਼ਕ/ਦਰਦ ਦੀ ਗੁਫ਼ਤਗੂ – ਕਸਟਮ-ਮੇਡ ‘ਪ੍ਰਛਾਵਿਆਂ ਦਾ ਸੰਸਾਰ’ ਸੀ ਇਹ।
ਨਤੀਜਾ: ਉਹਦੀ ਆਰੰਭਿਕ ਰਚਨਾਤਮਿਕ ਤੀਬਰਤਾ, ਸਮਾਂ ਪਾ ਕੇ, ਸਵੈ-ਮੋਹ/ਨਾਰਸੀਪਣ ’ਚ ਤਬਦੀਲ ਹੋ ਗਈ। ਨਾਰਸੀਪਣ ਰੂਹਾਨੀ ਤ੍ਰੇੜ ਹੈ, ਅਪ੍ਰਮਾਣਿਕਤਾ ਦਾ ਸਰੋਤ ਹੈ।
ਸਵੈ ਨੂੰ ਨਾਰਸੀ ਪੱਧਰ ਤਕ ਇਸ਼ਕ ਕਰਨ ਵਾਲੇ ਲਈ ‘ਇਸ਼ਕ’ ਵਜੂਦੀ ਠਾਹਰ ਨਹੀਂ ਰਹਿੰਦੀ, ਜਿਵੇਂ ਇਹ ਪਹਿਲੇ ਦੌਰ ਦੀ ਅੰਮ੍ਰਿਤਾ ਲਈ ਸੀ। ਦੂਜੀ ਅੰਮ੍ਰਿਤਾ ਲਈ ‘ਇਸ਼ਕ’ ਪ੍ਰਛਾਵੇਂ ਲਈ ਢਾਲ ਬਣ ਗਿਆ। ‘ਰਸੀਦੀ ਟਿਕਟ’ ਵਿਚ ਅੰਮ੍ਰਿਤਾ ਦਾ ਕਹਿਣਾ ਹੈ ਕਿ ਉਹਨੂੰ ਸਾਹਿਰ ਲੁਧਿਆਣਵੀ ਨਾਲ ਇਸ਼ਕ ਸੀ। ਜੇ ਇਹ ਸੱਚ ਹੈ ਤਾਂ ਇਸ ਲਈ ਕਿ ਸਾਹਿਰ ਉਹਦੇ ਲਈ ਅਣਹੋਂਦ ਵਰਗੀ ਹੋਂਦ ਸੀ। ਪੰਜ-ਭੂਤੀ ਜਿਉਂਦਾ ਜਾਗਦਾ ਮਨੁੱਖ ਹੋ ਕੇ ਸਾਹਿਰ, ਅੰਮ੍ਰਿਤਾ ਨੂੰ ਕਦੇ ਨਾ ਮਿਲ ਸਕਿਆ। ਉਹ ਆਇਆ, ਸਿਗਰਟ ਪੀਤਾ ਤੇ ਗ਼ਾਇਬ ਹੋ ਗਿਆ। ਅੰਮ੍ਰਿਤਾ ਬੰਬਈ ਗਈ, ਸਾਹਿਰ ਨੂੰ ਮਿਲੀ, ਤੇ ਵਾਪਸ ਦਿੱਲੀ ਆ ਗਈ। ਸਿਲਸਿਲਾ ਮੁੱਕ ਗਿਆ ਪਰ ਇਹਦਾ ਜ਼ਿਕਰ/ਵਿਖਾਵਾ ਚਲਦਾ ਰਿਹਾ। ਇਸ਼ਕ ਰੁਮਾਂਸੀ ਅਮੂਰਤਤਾ ਦਾ ਬੰਦੀ ਬਣ ਗਿਆ।
ਅੰਮ੍ਰਿਤਾ ਨੇ ਇੰਦਰਜੀਤ ਆਰਟਿਸਟ ਨੂੰ ਸਗਲ ਸਮੇਂ ਤਕ ‘ਆਪਣਾ’ ਬਣਾਉਣ ਲਈ ‘ਇਮਰੋਜ਼’ ਨਾਂ ਦਿੱਤਾ। ਇੰਦਰਜੀਤ ਦੀ ਹਸਤੀ ਮਿਟ ਗਈ। ਜ਼ਿੰਦਗੀ ਭਰ ਉਹ ਇਮਰੋਜ਼ੀ ਭਾਸ਼ਾ ਬੋਲਦਾ ਰਿਹਾ, ਆਪਣੀ ਭਾਸ਼ਾ ਭੁੱਲ ਗਿਆ। ਭਗਤ ਬਣ ਗਿਆ।
ਅਜਿਹੀ ਹੋਰ ਮਿਸਾਲ ਅੰਮ੍ਰਿਤਾ ਦੀ ਕਿਤਾਬ ‘ਰਸੀਦੀ ਟਿਕਟ’ ਹੈ। ਇਸ ਸਵੈ-ਜੀਵਨੀ ’ਚੋਂ ਅੰਮ੍ਰਿਤਾ ਦਾ ਪਤੀ ਉੱਕਾ ਗ਼ਾਇਬ ਹੈ। ਜਿਸ ਪਰ-ਹੋਂਦ ਨਾਲ ਟਾਕਰੇ ’ਚੋਂ ਅੰਮ੍ਰਿਤਾ ਦੀ ਸੁਤੰਤਰ ਹਸਤੀ ਦਾ ਜਨਮ ਹੋਇਆ ਉਹ ਪਰ-ਹੋਂਦ ਇੱਕੋ ਪੂੰਝ ਨਾਲ ਸਮੇਟੀ ਜਾਂਦੀ ਹੈ।
ਅੰਮ੍ਰਿਤਾ ਨੂੰ ਸਮਝਣਾ ਹੈ ਤਾਂ ਉਹਦੀ ਸਿਰਜੀ ਭਾਸ਼ਾ ਦੇ ਅੰਦਰ ਬੈਠ ਕੇ ਦੇਖੋ। ਇਹ ਭਾਸ਼ਾ ਬਹੁਤ ਕੁਝ ਬੋਲਦੀ ਹੈ। ਇਹ ਭਾਸ਼ਾ ਨਿੱਜ ਦੀ ਰੁਮਾਂਸੀ ਅਮੂਰਤਤਾ ਦਾ ਸਾਕਾਰਣ ਹੈ। ਇਸ ਭਾਸ਼ਾ ’ਚ ਸੰਦੇਹ ਤੇ ਸਵੈ-ਸੰਦੇਹ ਨੂੰ ਥਾਂ ਨਹੀਂ। ਇਹਦੇ ’ਚੋਂ ਪਰ-ਹੋਂਦ ਗ਼ਾਇਬ ਹੈ। ਰੋਲਾਂ ਬਾਰਤ ਅਜਿਹੀ ਭਾਸ਼ਾ ਨੂੰ ਬੁਰਜੂਆ ਜਮਾਤ ਦੀ ਖੁਦ-ਫ਼ਰੇਬੀ ਤੇ ਮਿੱਥ ਸਿਰਜਣ ਦੀ ਤਾਂਘ ਕਹਿੰਦਾ ਹੈ।
‘ਨਾਗਮਣੀ’ ਨੇ ਇੱਕ ਤੋਂ ਵੱਧ ਪੁਸ਼ਤਾਂ ਨੂੰ ਸੁਤੰਤਰ ਚਿੰਤਨ ਤੋਂ ਮੁਕਤ ਕੀਤੀ ਰੱਖਿਆ।

ਸੰਪਰਕ: 98725-06926


Comments Off on ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.