ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਅਨੁਸ਼ਾਸਨ ਅਤੇ ਜਮਹੂਰੀਅਤ

Posted On September - 8 - 2018

ਪਿਛਲੇ ਦਿਨੀਂ ਦੇਸ਼ ਦੀ ਸੱਤਾਧਾਰੀ ਧਿਰ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਦੇਸ਼ ਤੇ ਦੇਸ਼ ਵਾਸੀਆਂ ਨੂੰ ਅਨੁਸ਼ਾਸਨ ਤੇ ਜ਼ਬਤ ਦੀ ਲੋੜ ਹੈ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਤੇ ਦੇਸ਼ ਦਾ ਭਲਾ ਚਾਹੁਣ ਵਾਲੇ ਹਾਕਮਾਂ ਨੂੰ, ਜੋ ਅਨੁਸ਼ਾਸਨ ਲਾਗੂ ਕਰਨਾ ਚਾਹੁੰਦੇ ਹਨ, ਨਿਰੰਕੁਸ਼ ਸ਼ਾਸਕ (ਆਟੋਕਰੇਟ) ਕਿਹਾ ਜਾ ਰਿਹਾ ਹੈ। ਹਾਕਮ ਧਿਰ ਅਨੁਸਾਰ ਇਹ ਸਰਾਸਰ ਗ਼ਲਤ ਹੈ, ਕਿਉਂਕਿ ਅਨੁਸ਼ਾਸਨ ਹੀ ਉਹ ਬੁਨਿਆਦ ਹੈ ਜਿਸ ’ਤੇ ਹਕੂਮਤ ਦੀ ਇਮਾਰਤ ਖੜ੍ਹੀ ਹੁੰਦੀ ਹੈ। ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਦੇਸ਼ ਦੇ ਲੋਕ ਅਨੁਸ਼ਾਸਨ ਮੰਨਣ, ਜ਼ਬਤ ’ਚ ਰਹਿਣ ਅਤੇ ਸਰਕਾਰੀ ਨੀਤੀਆਂ ਦਾ ਵਿਰੋਧ ਨਾ ਕਰਨ; ਸਗੋਂ ਉਨ੍ਹਾਂ ਦਾ ਸਮਰਥਨ ਕਰਨ ਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ। ਦੂਸਰੇ ਪਾਸੇ ਪਿਛਲੇ ਕੁਝ ਸਮੇਂ ਤੋਂ ਇਹ ਬਹਿਸ ਛਿੜੀ ਹੋਈ ਹੈ ਕਿ ਸਮੇਂ ਦੀ ਸਰਕਾਰ ਕਿਸੇ ਵੀ ਅਸਹਿਮਤੀ ਤੇ ਵਿਰੋਧ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ।
ਕਿਸੇ ਵੀ ਜਮਹੂਰੀ ਨਿਜ਼ਾਮ ਵਿਚ ਵਿਰੋਧੀ ਧਿਰ ਦਾ ਫਰਜ਼ ਅਤੇ ਹੱਕ ਹੈ ਕਿ ਉਨ੍ਹਾਂ ਨੀਤੀਆਂ, ਹੁਕਮਾਂ ਤੇ ਨੇਮਾਂ ਦੇ ਉਨ੍ਹਾਂ ਪੱਖਾਂ ਦਾ ਵਿਰੋਧ ਕਰੇ ਜਿਨ੍ਹਾਂ ਨੂੰ ਉਹ ਲੋਕ-ਪੱਖੀ ਨਹੀਂ ਸਮਝਦੀ। ਇਹ ਫਰਜ਼ ਦੇਸ਼ ਦੇ ਦਾਨਿਸ਼ਵਰਾਂ, ਚਿੰਤਕਾਂ, ਅਧਿਆਪਕਾਂ, ਜਨਤਕ ਸੰਗਠਨਾਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਤੇ ਦਲਿਤ ਤੇ ਦਮਿਤ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਹੋਰ ਜਮਾਤਾਂ ਦੇ ਸਿਰ ਵੀ ਆਇਦ ਹੁੰਦਾ ਹੈ। ਵਿਰੋਧੀ ਪੱਖ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਸਰਕਾਰ ਦਾ ਧਿਆਨ ਲੋਕਾਂ ਦੀਆਂ ਜ਼ਰੂਰੀ ਸਮੱਸਿਆਵਾਂ ਵੱਲ ਦਿਵਾਏ।
ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਦੇ ਕੁਝ ਨੇਤਾਵਾਂ ਵੱਲੋਂ ਕਈ ਵਾਰ ਇਹ ਵੀ ਕਿਹਾ ਗਿਆ ਹੈ ਜੋ ਲੋਕ ਸਰਕਾਰੀ ਨੀਤੀਆਂ ਦਾ ਵਿਰੋਧ ਕਰਦੇ ਹਨ, ਉਹ ਦੇਸ਼-ਧ੍ਰੋਹੀ ਹਨ। ਉਹ ਦੇਸ਼ ਵਿਚ ਗੜਬੜ ਕਰਨੀ ਚਾਹੁੰਦੇ ਹਨ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਉਹ ਦੇਸ਼, ਰਿਆਸਤ (ਸਟੇਟ) ਤੇ ਸਰਕਾਰ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ। ਸਰਕਾਰ ਦਾ ਵਿਰੋਧ ਬੇਲੋੜਾ ਹੈ; ਇਸ ਵਿਰੋਧ ਦੀ ਨਾ ਦਿਸ਼ਾ ਠੀਕ ਹੈ ਨਾ ਦਸ਼ਾ। ਸਰਕਾਰ ਤੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਵਿਕਾਸ ਦੇ ਰਾਹ ਵਿਚ ਰੋੜੇ ਖੜ੍ਹੇ ਕਰ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਸਾਰੇ ਲੋਕ ਸਰਕਾਰ ਦੀ ਹਮਾਇਤ ਕਰਨ। ਅਨੁਸ਼ਾਸਨਹੀਣਤਾ ਦੇਸ਼ ਨੂੰ ਅਰਾਜਕਤਾ ਦੀ ਜਿੱਲ੍ਹਣ ਵਿੱਚ ਧੱਕ ਸਕਦੀ ਹੈ।
ਇਹ ਬਹਿਸ ਚੁਣੌਤੀਆਂ ਭਰੀ ਹੈ। ਇਕ ਪਾਸੇ ਦਾ ਪੱਖ ਹੈ ਕਿ ਅਸਹਿਮਤੀ ਤੇ ਵਿਰੋਧ ਜ਼ਮਹੂਰੀ ਨਿਜ਼ਾਮ ਲਈ ਅਤੇ ਜਮਹੂਰੀਅਤ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਤੱਤ ਹਨ। ਜਿਸ ਨਿਜ਼ਾਮ ਵਿਚ ਅਸਹਿਮਤੀ ਦੇ ਸੱਭਿਆਚਾਰ ਨੂੰ ਦਬਾਇਆ ਜਾਂਦਾ ਹੈ, ਉਸ ਨਿਜ਼ਾਮ ਵਿਚ ਤਾਨਾਸ਼ਾਹੀ ਰੁਝਾਨ ਪੈਦਾ ਹੁੰਦੇ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਨਿਜ਼ਾਮ ਤਾਨਾਸ਼ਾਹੀ ਜਾਂ ਅਰਧ-ਤਾਨਾਸ਼ਾਹੀ ਨਿਜ਼ਾਮ ਬਣ ਜਾਂਦੇ ਹਨ। ਸਾਡੇ ਸਾਹਮਣੇ ਐਮਰਜੈਂਸੀ ਦੀ ਉਦਾਹਰਣ ਹੈ। ਹੁਣ ਦੇ ਸਮਿਆਂ ਵਿਚ ਆਪਣੇ ਆਪ ਨੂੰ ਜਮਹੂਰੀ ਦੇਸ਼ ਕਹਾਉਣ ਵਾਲਿਆਂ ਵਿਚੋਂ ਰੂਸ ਤੇ ਤੁਰਕੀ ਵਿਚ ਰਾਜ ਕਰ ਰਹੇ ਵਲਾਦੀਮੀਰ ਪੂਤਿਨ ਤੇ ਰੀਸੈਪ ਤਾਇਪ ਇਰਡੋਗਨ ਦੇ ਨਾਂ ਝੱਟ ਸਾਡੇ ਦਿਮਾਗਾਂ ਦੇ ਚਿਤਰਪਟ ’ਚ ਉੱਭਰਦੇ ਹਨ। ਉਨ੍ਹਾਂ ਨੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈ ਹੈ। ਦੁਨੀਆਂ ਵਿਚ ਆਪਣੇ ਆਪ ਨੂੰ ਸਭ ਤੋਂ ਮਜ਼ਬੂਤ ਜਮਹੂਰੀਅਤ ਕਹਾਉਣ ਵਾਲੇ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਿਸੇ ਤਰ੍ਹਾਂ ਦਾ ਵੀ ਵਿਰੋਧ ਪਸੰਦ ਨਹੀਂ। ਉਹਦੇ ਲਈ ਪ੍ਰੈਸ, ਪੱਤਰਕਾਰ ਤੇ ਦੇਸ਼ ਦੇ ਦਾਨਿਸ਼ਵਰ ਉਸ ਦੇ ਦੁਸ਼ਮਣ ਹਨ। ਸਾਡੇ ਦੇਸ਼ ਵਿਚ ਵੀ ਏਹੋ ਜਿਹੇ ਹਾਲਾਤ ਹਨ। ਇਸ ਤਰ੍ਹਾਂ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਇਹ ਵਰਤਾਰਾ ਆਪਣੇ ਪਰ ਪੂਰੀ ਦੁਨੀਆਂ ’ਤੇ ਫੈਲਾ ਰਿਹਾ ਹੈ। ਗਿਡੀਅਨ ਰੋਜ਼ ਦਾ ਅਮਰੀਕੀ ਮੈਗਜ਼ੀਨ ਯੂ.ਐਸ. ਜਰਨਲ ਆਫ ਫਾਰਨ ਅਫੇਅਰਜ਼ ਵਿਚ ਲਿਖਿਆ ਲੇਖ ‘‘ਕੀ ਜਮਹੂਰੀਅਤ ਮਰਨ ਕਿਨਾਰੇ ਹੈ?’’ ਇਨ੍ਹਾਂ ਹਾਲਾਤ ਦੀ ਤਰਜ਼ਮਾਨੀ ਕਰਦਾ ਦਿਖਾਈ ਦਿੰਦਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਮਹੂਰੀ ਨਿਜ਼ਾਮ ਵਿਚ ਨਹਿਤ ਵੱਖਰੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਅਨੁਸ਼ਾਸਨ ਕਾਇਮ ਰੱਖਣ ਵਿੱਚ ਤਵਾਜ਼ਨ ਕਿਵੇਂ ਬਣਾਈ ਰੱਖਿਆ ਜਾਏ। ਇਸ ਦਲੀਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸਮਾਜ ਤੇ ਸਰਕਾਰ ਵਿਚ ਅਨੁਸ਼ਾਸਨ ਜ਼ਰੂਰੀ ਹੈ। ਜੇ ਅਨੁਸ਼ਾਸਨ ਨਾ ਹੋਵੇ ਤਾਂ ਸਰਕਾਰੀ ਢਾਂਚਾ ਚੱਲ ਹੀ ਨਹੀਂ ਸਕਦਾ। ਸਰਕਾਰੀ ਸੇਵਾਵਾਂ, ਵਿੱਦਿਅਕ ਅਦਾਰੇ, ਹਸਪਤਾਲ, ਟਰੈਫਿਕ, ਗੱਲ ਕੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਜ਼ਰੂਰੀ ਹੈ। ਪਰ ਅਨੁਸ਼ਾਸਨ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਵਿਰੋਧੀ ਧਿਰਾਂ ਅਤੇ ਸਰਕਾਰ ਨਾਲ ਅਸਹਿਮਤ ਲੋਕਾਂ ਦੀ ਦਲੀਲ ਨੂੰ ਸੁਣਿਆ ਹੀ ਨਾ ਜਾਏ ਜਾਂ ਅਨੁਸ਼ਾਸਨ ਦੇ ਨਾਂ ਹੇਠਾਂ ਹਿੰਦੂਤਵ ਦੇ ਏਜੰਡੇ ਨੂੰ ਹੀ ਅਨੁਸ਼ਾਸਨ ਮੰਨ ਲਿਆ ਜਾਏ ਅਤੇ ਜੇ ਕੋਈ ਉਸ ਦਾ ਵਿਰੋਧ ਕਰੇ, ਉਸ ਨੂੰ ਦੇਸ਼-ਵਿਰੋਧੀ ਜਾਂ ਦੇਸ਼-ਧ੍ਰੋਹੀ ਗਰਦਾਨਿਆ ਜਾਏ। ਦੇਸ਼ ਦੇ ਹੁਕਮਰਾਨਾਂ ਨੂੰ ਇਸ ਗੱਲ ਦੀ ਪਛਾਣ ਹੋਣੀ ਚਾਹੀਦੀ ਹੈ ਕਿ ਉਹ ਸਾਰੇ ਦੇਸ਼-ਵਾਸੀਆਂ ਦੇ ਨੁਮਾਇੰਦੇ ਹਨ ਅਤੇ ਸਿਰਫ਼ ਉਸ ਧਰਮ ਦੇ ਲੋਕਾਂ ਦੇ ਨਹੀਂ ਜਿਨ੍ਹਾਂ ਦੀ ਏਥੇ ਬਹੁਗਿਣਤੀ ਹੈ। ਜਮਹੂਰੀਅਤ ਦੀ ਪਰਖ ਦੀ ਇਕ ਕਸਵਟੀ ਇਹ ਵੀ ਹੁੰਦੀ ਹੈ ਕਿ ਕਿਸੇ ਦੇਸ਼ ਦੀ ਸਰਕਾਰ ਉਸ ਦੇਸ਼ ਵਿੱਚ ਰਹਿਣ ਵਾਲੀਆਂ ਘੱਟ-ਗਿਣਤੀਆਂ ਵਾਲੇ ਲੋਕਾਂ ਨਾਲ ਕਿੱਦਾਂ ਦਾ ਵਿਵਹਾਰ ਕਰਦੀ ਹੈ।
ਅਨੁਸ਼ਾਸਨ ਵਿੱਚ ਰਹਿਣ ਤੇ ਅਸਹਿਮਤੀ ਜ਼ਾਹਿਰ ਕਰਨ ਵਿਚਲੀ ਦੁਬਿਧਾ ਨੂੰ ਅਮਰੀਕਨ ਇਤਿਹਾਸਕਾਰ ਹਾਵਰਡ ਜ਼ਿਨ ਨੇ ਸ਼ਾਇਦ ਸਭ ਤੋਂ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਉਸ ਨੇ ਕਿਹਾ ਸੀ, ‘‘ਦੇਸ਼ ਪ੍ਰੇਮ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਰਕਾਰ ਦੇ ਤਾਬੇਦਾਰ ਬਣੇ ਰਹੋ ਤੇ ਰਾਸ਼ਟਰੀ ਗੀਤਾਂ ਤੇ ਝੰਡਿਆਂ ਦੀ ਪੂਜਾ ਕਰਦੇ ਰਹੋ, ਸਗੋਂ ਦੇਸ਼ ਪ੍ਰੇਮ ਦਾ ਮਤਲਬ ਇਹ ਹੈ ਕਿ ਬੰਦਾ ਆਪਣੇ ਦੇਸ਼ ਵਾਸੀਆਂ ਨਾਲ ਪ੍ਰੇਮ ਕਰੇ ਅਤੇ ਜਮਹੂਰੀਅਤ ਅਤੇ ਇਨਸਾਫ਼ ਪਸੰਦੀ ਦੇ ਅਸੂਲਾਂ ਪ੍ਰਤੀ ਵਫ਼ਾਦਾਰ ਹੋਵੇ ਅਤੇ ਜੇ ਸਰਕਾਰ ਇਨ੍ਹਾਂ ਅਸੂਲਾਂ ਦੀ ਉਲੰਘਣਾ ਕਰੇ ਤਾਂ ਉਹ ਸਰਕਾਰ ਦੇ ਵਿਰੋਧ ਵਿੱਚ ਖੜ੍ਹਾ ਹੋਵੇ।’’
ਆਜ਼ਾਦੀ ਤੋਂ ਪਹਿਲਾਂ ਰਾਬਿੰਦਰ ਨਾਥ ਟੈਗੋਰ ਨੇ ਸਾਡੇ ਦੇਸ਼ ਲਈ ਇਹ ਸੁਫ਼ਨਾ ਲਿਆ ਸੀ ਕਿ ਸਾਡਾ ਦੇਸ਼ ਏਹੋ ਜਿਹਾ ਹੋਣਾ ਚਾਹੀਦਾ ਹੈ ‘‘ਜਿੱਥੇ ਮਨ ਵਿੱਚ ਡਰ ਨਾ ਹੋਵੇ/ ਬੰਦਾ ਸਿਰ ਉੱਚਾ ਕਰ ਕੇ ਚੱਲ ਸਕੇ/ ਜਿੱਥੇ ਗਿਆਨ ਪ੍ਰਾਪਤੀ ਲਈ ਆਜ਼ਾਦੀ ਹੋਵੇ/ ਜਿੱਥੇ ਸੰਸਾਰ ਸੌੜੀਆਂ ਕੰਧਾਂ ਰਾਹੀਂ ਨਿੱਕੇ ਨਿੱਕੇ ਟੁਕੜਿਆਂ ਵਿੱਚ ਵੰਡਿਆ ਨਾ ਹੋਵੇ/ ਜਿੱਥੇ ਸ਼ਬਦ ਸੱਚ ਦੀਆਂ ਗਹਿਰਾਈਆਂ ’ਚੋਂ ਉਭਰਣ… ਜਿੱਥੇ ਤਰਕ ਦੀ ਨਦੀ, ਰੀਤੀ ਰਿਵਾਜਾਂ ਦੇ ਨੀਰਸ ਮਾਰੂਥਲ ਵਿੱਚ ਨਾ ਗਵਾਚ ਜਾਏ… ਓ ਮੇਰੇ ਪਿਤਾ (ਪ੍ਰਭੂ)! ਮੇਰੇ ਦੇਸ਼ ਨੂੰ ਆਜ਼ਾਦੀ ਦੇ ਉਸ ਸਵਰਗ ਵਿੱਚ ਜਗਾ ਦੇ!’’ ਏਸ ਕਵਿਤਾ ਦੇ ਲਿਖੇ ਜਾਣ ਤੋਂ ਸਦੀਆਂ ਪਹਿਲਾਂ ਸਾਨੂੰ ਏਹੋ ਜਿਹਾ ਤਸੱਵਰ ਭਗਤ ਰਵਿਦਾਸ ਨੇ ਬੇਗਮਪੁਰੇ ਦੀ ਕਲਪਨਾ ਕਰ ਕੇ ਦਿੱਤਾ ਸੀ। ਜੇ ਅਸੀਂ ਆਪਣੇ ਵਡੇਰਿਆਂ ਤੇ ਖ਼ਾਸ ਕਰਕੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨਾ ਹੈ ਤਾਂ ਜਮਹੂਰੀ ਨਿਜ਼ਾਮ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਹੋਵੇਗਾ ਅਤੇ ਨਾਲ ਨਾਲ ਅਨੁਸ਼ਾਸਨ ਦੀ ਪਾਲਣਾ ਵੀ ਜ਼ਰੂਰੀ ਹੈ। ਪਰ ਅਨੁਸ਼ਾਸਨ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਲੋਕਾਂ ਦਿਆਂ ਹੋਠਾਂ ’ਤੇ ਜਿੰਦਰੇ ਮਾਰ ਦਿੱਤੇ ਜਾਣ। ਅੱਜ ਹਿੰਦੋਸਤਾਨ ਦੇ ਲੋਕਾਂ ਸਾਮ੍ਹਣੇ ਜੋ ਚੁਣੌਤੀਆਂ ਹਨ, ਉਨ੍ਹਾਂ ਵਿੱਚੋਂ ਇਹ ਚੁਣੌਤੀ ਸਭ ਤੋਂ ਵੱਡੀ ਹੈ।

– ਸਵਰਾਜਬੀਰ


Comments Off on ਅਨੁਸ਼ਾਸਨ ਅਤੇ ਜਮਹੂਰੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.