ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਹੁਣ ਪਰਮਾਣੂ ਹਥਿਆਰ ਤੱਜਣ ਦੀਆਂ ਘੜੀਆਂ

Posted On August - 8 - 2018

ਡਾ. ਅਰੁਣ ਮਿੱਤਰਾ
ਸਾਲ 2012 ਵਿੱਚ ਮੈਂ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵਫ਼ਦ ਦੇ ਮੈਂਬਰ ਵਜੋਂ ਪਰਮਾਣੂ ਜੰਗ ਦੀ ਰੋਕਥਾਮ ਲਈ ਕੌਮਾਂਤਰੀ ਡਾਕਟਰਾਂ ਦੀ 20ਵੀਂ ਕਾਨਫਰੰਸ ਵਿੱਚ ਸ਼ਾਮਲ ਹੋਣ ਜਪਾਨ ਗਿਆ ਤਾਂ ਉੱਥੇ ਹੀਰੋਸ਼ੀਮਾ ਵਿੱਚ ਅਮਨ ਯਾਦਗਾਰ ਦੇਖਣ ਲਈ ਵੀ ਗਿਆ। ਹੈਰਾਨੀ ਹੋਈ ਕਿ ਮਨੁੱਖ ਆਪਣੇ ਗਿਆਨ ਦੀ ਸ਼ਕਤੀ ਨਾਲ ਇਹੋ ਜਿਹੇ ਤਬਾਹੀ ਵਾਲੇ ਹਥਿਆਰ ਵੀ ਬਣਾ ਸਕਦਾ ਹੈ ਅਤੇ ਪਰਮਾਣੂ ਹਥਿਆਰਾਂ ਨੂੰ ਮਨੁੱਖੀ ਆਬਾਦੀ ਉੱਤੇ ਵੀ ਵਰਤ ਸਕਦਾ ਹੈ। ਇਸ ਯਾਦਗਾਰ ਨੂੰ ਦੇਖਦਿਆਂ ਤਬਾਹੀ ਦੀਆਂ ਜਿਹੜੀਆਂ ਤਸਵੀਰਾਂ ਦੇਖੀਆਂ, ਉਨ੍ਹਾਂ ਨੇ ਭਿਆਨਕ ਸੁਪਨੇ ਦਾ ਅਹਿਸਾਸ ਦਿੱਤਾ। ਅੱਜ ਦੇ ਵੱਡੇ ਵੱਡੇ ਪਰਮਾਣੂ ਹਥਿਆਰਾਂ ਦੇ ਮੁਕਾਬਲੇ ਉਸ ਵੇਲੇ ਜਿਹੜੇ ਬਹੁਤ ਛੋਟੇ ਪਰਮਾਣੂ ਹਥਿਆਰ ਵਰਤੇ ਗਏ ਸਨ, ਉਨ੍ਹਾਂ ਕਾਰਨ ਉਸ ਵੇਲੇ ਹੀਰੋਸ਼ੀਮਾ ਵਿੱਚ 1,40,000 ਲੋਕ ਅਤੇ ਨਾਗਾਸਾਕੀ ਵਿੱਚ 70,000 ਲੋਕ ਮਾਰੇ ਗਏ। ਤਕਰੀਬਨ ਅੱਧੀਆਂ ਮੌਤਾਂ ਪਹਿਲੇ ਹੀ ਦਿਨ ਹੋ ਗਈਆਂ। ਕਰੀਬ 300 ਡਾਕਟਰਾਂ ਵਿੱਚੋਂ 272 ਮਾਰੇ ਗਏ, 1780 ਨਰਸਾਂ ਵਿੱਚੋਂ 1684 ਮਾਰੀਆਂ ਗਈਆਂ ਅਤੇ 45 ਵਿੱਚੋਂ 42 ਹਸਪਤਾਲ ਤਬਾਹ ਹੋ ਗਏ। ਮੈਡੀਕਲ ਸੇਵਾ ਪੂਰੀ ਤਰ੍ਹਾਂ ਮੁੱਕ ਗਈ ਸੀ। ਰੇਡੀਏਸ਼ਨ ਕਿਰਨਾਂ ਨੇ ਲੋਕਾਂ ਦੇ ਦੁੱਖ ਵਧਾ ਦਿੱਤੇ ਸਨ। ਪਰਮਾਣੂ ਜੰਗ ਰੋਕਣ ਲਈ ਡਾਕਟਰਾਂ ਦੇ ਮਹਾਂਸੰਮੇਲਨ ਵਿੱਚ ਪਰਮਾਣੂ ਬੰਬਾਂ ਤੋਂ ਬਚੇ ਕੁਝ ਲੋਕਾਂ ਨੇ ਦਿਲ ਹਿਲਾ ਦੇਣ ਵਾਲੇ ਤਜਰਬੇ ਸੁਣਾਏ। ਇਨ੍ਹਾਂ ਲੋਕਾਂ ਨੂੰ ਉੱਥੇ ਹਿਬਾਕੁਸ਼ਾ ਆਖਿਆ ਜਾਂਦਾ ਹੈ। ਤਬਾਹੀ ਦੀ ਇਸ ਦਾਸਤਾਨ ਨੂੰ ਸੁਣਾਉਂਦਿਆਂ ਕਈ ਤਾਂ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕੇ। ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਬੰਬ ਧਮਾਕੇ ਰਾਹੀਂ ਪੈਦਾ ਹੋਈ ਗਰਮੀ ਨਾਲ ਉਸ ਵੇਲੇ ਜਿਨ੍ਹਾਂ ਲੋਕਾਂ ਨੇ ਆਪਣੇ ਨੇੜਲਿਆਂ ਨੂੰ ਸਕਿੰਟਾਂ ਵਿੱਚ ਪਿਘਲਦਿਆਂ ਦੇਖਿਆ ਹੋਵੇਗਾ, ਉਹ ਦ੍ਰਿਸ਼ ਕਿੰਨਾ ਭਿਆਨਕ ਹੋਵੇਗਾ।
ਹੀਰੋਸ਼ੀਮਾ ਅਤੇ ਨਾਗਾਸਾਕੀ (ਜਿੱਥੇ ਕ੍ਰਮਵਾਰ 6 ਅਤੇ 9 ਅਗਸਤ 1945 ਨੂੰ ਪਰਮਾਣੂ ਬੰਬ ਸੁੱਟੇ ਗਏ) ਵਿੱਚ ਵਾਪਰੀ ਤਬਾਹੀ ਨੂੰ ਦੇਖਦਿਆਂ ਲੱਗਦਾ ਸੀ ਕਿ ਸ਼ਾਇਦ ਇਸ ਤੋਂ ਕੋਈ ਸਬਕ ਸਿੱਖਿਆ ਜਾਵੇਗਾ ਅਤੇ ਪਰਮਾਣੂ ਹਥਿਆਰਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇਗੀ ਪਰ ਅਫ਼ਸੋਸ, ਅਜਿਹਾ ਨਹੀਂ ਹੋ ਸਕਿਆ। ਇਹ ਗਿਣਤੀ ਸਗੋਂ ਹੋਰ ਵਧ ਗਈ। ਇੱਕ ਅਨੁਮਾਨ ਅਨੁਸਾਰ, ਇਸ ਵੇਲੇ 17000 ਪਰਮਾਣੂ ਹਥਿਆਰ ਇਸ ਧਰਤੀ ਉੱਤੇ ਮੌਜੂਦ ਹਨ ਜਿਹੜੇ ਇੱਕ ਨਹੀਂ, ਕਈ ਕਈ ਵਾਰ ਇਸ ਧਰਤੀ ਦੀ ਸਮੁੱਚੀ ਵਨਸਪਤੀ ਨੂੰ ਤਬਾਹ ਕਰ ਸਕਦੇ ਹਨ। ਡਾ. ਐੱਮਵੀ ਰਮੰਨਾ ਜੋ ਨਿਊਕਲੀਅਰ ਫਿਊਚਰ ਲੈਬਾਰਟਰੀ ਅਤੇ ਸੰਸਾਰ ਸੁਰੱਖਿਆ ਪ੍ਰੋਗਰਾਮ, ਪ੍ਰਿੰਸਟਨ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨੀ ਵਜੋਂ ਕੰਮ ਕਰਦੇ ਹਨ, ਨੇ ਕਾਲਪਨਿਕ ਅਧਿਐਨ ‘ਮੁੰਬਈ ਉੱਤੇ ਬੰਬਾਰੀ’ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਵਰਤੇ ਗਏ ਛੋਟੇ ਬੰਬ ਨਾਲ ਮੁੰਬਈ ਵਿੱਚ ਡੇਢ ਲੱਖ ਤੋਂ ਅੱਠ ਲੱਖ ਲੋਕ ਮਰ ਸਕਦੇ ਹਨ, 20 ਲੱਖ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਣਗੇ। ਇਸ ਤੋਂ ਇਲਾਵਾ ਬਹੁਤ ਭਿਆਨਕ ਤਬਾਹੀ ਹੋਵੇਗੀ ਅਤੇ ਰੇਡੀਏਸ਼ਨ ਦੇ ਖਤਰਨਾਕ ਪ੍ਰਭਾਵ ਬੜੀ ਦੇਰ ਤੱਕ ਰਹਿਣਗੇ।
ਫ਼ੁਕੂਸ਼ੀਮਾ ਦੇ ਪਰਮਾਣੂ ਪਲਾਂਟ ਵਿੱਚ ਹੋਏ ਰਿਸਾਓ ਨੇ ਦਿਖਾ ਦਿੱਤਾ ਸੀ ਕਿ ਅਜਿਹੇ ਤਬਾਹੀ ਵਾਲੇ ਹਾਦਸਿਆਂ ਦਾ ਅਸਰ ਸਮਝ ਤੋਂ ਪਰ੍ਹੇ ਦੀ ਗੱਲ ਹੈ। ਰਿਸਾਓ ਦੇ ਇੱਕ ਸਾਲ ਪੰਜ ਮਹੀਨੇ ਮਗਰੋਂ ਜਦੋ ਮੈਂ ਇਸ ਤਬਾਹੀ ਨੂੰ ਫ਼ੁਕੂਸ਼ੀਮਾ ਜਾ ਕੇ ਦੇਖਿਆ ਤਾਂ 1,60,000 ਲੋਕ ਉਦੋਂ ਵੀ ਆਪਣੇ ਘਰਾਂ ਤੋਂ ਬਾਹਰ ਆਰਜ਼ੀ ਘਰਾਂ ਵਿੱਚ ਰਹਿ ਰਹੇ ਸਨ। ਬਹੁਤ ਸਾਰੇ ਪਿੰਡਾਂ ਨੂੰ ਕਦੇ ਦੁਬਾਰਾ ਨਹੀਂ ਵਸਾਇਆ ਜਾ ਸਕੇਗਾ।
ਪਰਮਾਣੂ ਜੰਗ ਰੋਕਣ ਲਈ ਡਾਕਟਰਾਂ ਦੀ ਜਥੇਬੰਦੀ ਦੇ ਸਹਿ-ਪ੍ਰਧਾਨ ਆਇਰਾ ਹੈਲਫ਼ਾਂਡ ਨੇ ਖੇਤਰੀ ਪਰਮਾਣੂ ਜੰਗ ਦੇ ਜਲਵਾਯੂ ਪਰਿਵਰਤਨ ਵਰਗੇ ਸਿੱਟਿਆ ਬਾਰੇ ਅਧਿਐਨ ਵਿੱਚ ਇਸ ਪਾਸੇ ਧਿਆਨ ਦਿਵਾਇਆ ਕਿ ਸੀਮਤ ਜਿਹੀ ਪਰਮਾਣੂ ਜੰਗ ਵੀ ਦੁਨੀਆ ਭਰ ਵਿੱਚ ਦੋ ਅਰਬ ਲੋਕਾਂ ‘ਤੇ ਬੁਰੀ ਤਰ੍ਹਾਂ ਅਸਰ ਪਾਵੇਗੀ। ਉਨ੍ਹਾਂ ਆਪਣੇ ਅਧਿਐਨ ਵਿੱਚ ਮਿਸਾਲ ਨਾਲ ਸਾਬਿਤ ਕੀਤਾ ਕਿ ਜੇ ਹਿੰਦੋਸਤਾਨ ਪਾਕਿਸਤਾਨ ਵਿਚਾਲੇ ਜੰਗ ਹੋਈ ਤਾਂ ਹੀਰੋਸ਼ੀਮਾ ਬੰਬ ਵਾਲੇ ਆਕਾਰ ਦੇ ਬੰਬਾਂ ਦੀ ਵਰਤੋਂ ਵੀ ਦੋ ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਇਸ ਲਈ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਪਰਮਾਣੂ ਹਥਿਆਰ ਤੁਰੰਤ ਖ਼ਤਮ ਕੀਤੇ ਜਾਣ। ਹੁਣ ਵਧੀਆ ਮੌਕਾ ਵੀ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 7 ਜੁਲਾਈ 2017 ਨੂੰ ਮਤਾ ਪਾਸ ਕੀਤਾ ਹੈ ਜਿਸ ਦੇ ਹੱਕ ਵਿੱਚ 122 ਵੋਟਾਂ ਅਤੇ ਵਿਰੋਧ ਵਿੱਚ ਸਿਰਫ਼ ਇੱਕ ਵੋਟ ਪਈ। ਇਹ ਮਤਾ ਪਰਮਾਣੂ ਹਥਿਆਰਾਂ ਦੀ ਮੁਕੰਮਲ ਮਨਾਹੀ ਦੀ ਗੱਲ ਕਰਦਾ ਹੈ।
ਪਰਮਾਣੂ ਹਥਿਆਰਾਂ ਦੇ ਖ਼ਤਰਨਾਕ ਸਿੱਟਿਆਂ ਦੇ ਮੱਦੇਨਜ਼ਰ ਹੁਣ ਜ਼ਰੂਰੀ ਹੈ ਕਿ ਇਨ੍ਹਾਂ ਹਥਿਆਰਾਂ ਦਾ ਮੁਕੰਮਲ ਖ਼ਾਤਮਾ ਕੀਤਾ ਜਾਏ। ਇਨ੍ਹਾਂ ਹਥਿਆਰਾਂ ਤੋਂ ਮਨੁੱਖਤਾ ਖ਼ਤਰੇ ਵਿੱਚ ਹੈ। ਵਾਤਾਵਰਨ ਦੀ ਹੋਂਦ ਲਈ ਵੀ ਇਹ ਵੱਡਾ ਖਤਰਾ ਹਨ। ਅਜੀਬ ਇਤਫ਼ਾਕ ਹੈ ਕਿ ਭਾਰਤ ਅਤੇ ਪਾਕਿਸਤਾਨ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 7 ਜੁਲਾਈ ਵਾਲੀ ਵਿਚਾਰ-ਚਰਚਾ ਵਿੱਚ ਸ਼ਾਮਲ ਨਹੀਂ ਹੋਏ। ਭਾਰਤ ਲਈ ਇਹ ਗੱਲ ਜ਼ਿਆਦਾ ਅਹਿਮ ਹੈ ਕਿ ਉਹ ਸਿਹਤ ਅਤੇ ਸਿੱਖਿਆ ਦੀ ਸੰਭਾਲ ਲਈ ਅਜਿਹੇ ਹਥਿਆਰਾਂ ਦੇ ਖ਼ਾਤਮੇ ਦਾ ਸਮਰਥਨ ਕਰੇ ਕਿਉਂਕਿ ਭਾਰਤ ਸ਼ਾਂਤੀ ਦੇ ਦੂਤ ਵਜੋਂ ਜਾਣਿਆ ਜਾਂਦਾ ਹੈ।
ਸੰਪਰਕ: 94170-00360


Comments Off on ਹੁਣ ਪਰਮਾਣੂ ਹਥਿਆਰ ਤੱਜਣ ਦੀਆਂ ਘੜੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.