ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਰਾਹੁਲ ਗਾਂਧੀ ਦਾ ‘ਇਤਿਹਾਸ’

Posted On August - 26 - 2018

ਰਾਹੁਲ ਗਾਂਧੀ ਨੂੰ ਜਾਂ ਤਾਂ ਸੱਚ ਦੀ ਪਛਾਣ ਕਰਨੀ ਨਹੀਂ ਆਉਂਦੀ ਅਤੇ ਜਾਂ ਫਿਰ ਉਨ੍ਹਾਂ ਨੂੰ ਇਹ ਯਕੀਨ ਹੈ ਕਿ ਕੋਰਾ ਝੂਠ ਬੋਲ ਕੇ ਵੀ ਉਹ ਸੁੱਕਾ ਬਚ ਸਕਦੇ ਹਨ। ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਲੰਡਨ ਵਿੱਚ ਯੂ.ਕੇ. ਦੇ ਪਾਰਲੀਮੈਂਟ ਮੈਂਬਰਾਂ ਤੇ ਹੋਰ ਮੁਕਾਮੀ ਆਗੂਆਂ ਸਾਹਮਣੇ ਇਹ ਦਾਅਵਾ ਕਰਨਾ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ, ਸੱਚ ਤੋਂ ਕਿਨਾਰਾਕਸ਼ੀ ਦੀ ਇੰਤਹਾ ਹੈ। ਉਨ੍ਹਾਂ ਨੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਵਕਾਲਤ ਕੀਤੀ, ਖ਼ੁਦ ਨੂੰ ਹਰ ਕਿਸਮ ਦੀ ਹਿੰਸਾ ਦੇ ਖ਼ਿਲਾਫ਼ ਦੱਸਿਆ, ਕਤਲੇਆਮ ਨੂੰ ‘ਦਰਦਨਾਕ ਕਾਂਡ’ ਦੱਸਿਆ, ਇਹ ਮੰਨਿਆ ਕਿ ਇਹ ‘ਤ੍ਰਾਸਦਿਕ’ ਸੀ, ਪਰ ਨਾਲ ਹੀ ਕਿਹਾ ਕਿ ਉਹ ਇਸ ਸੋਚ ਨਾਲ ਸਹਿਮਤ ਨਹੀਂ ਕਿ ਇਸ ਹਿੰਸਾ ਵਿੱਚ ਕਾਂਗਰਸ ਦਾ ਹੱਥ ਸੀ। ਅਜਿਹੇ ਕਥਨ 1984 ਦੇ ਪੀੜਤਾਂ ਦੇ ਫੱਟਾਂ ’ਤੇ ਨਮਕ ਛਿੜਕਣ ਵਾਂਗ ਹਨ।
ਰਾਹੁਲ ਗਾਂਧੀ ਨੇ ਇਸ ਦਾਅਵੇ ਰਾਹੀਂ ਇਹ ਦਰਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਸੱਚ ਉਹੀ ਹੈ ਜੋ ਉਹ ਮਹਿਸੂਸ ਕਰਦੇ ਹਨ। ਉਹ ਭੁੱਲ ਗਏ ਹਨ ਕਿ 34 ਸਾਲ ਪਹਿਲਾਂ ਵਾਪਰੇ ਦੁਖਦਾਈ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਅਜੇ ਵੀ ਇਸ ਜਹਾਨ ਵਿੱਚ ਹਨ; ਅਜੇ ਵੀ ਉਹ ਸਾਰਾ ਅਦਾਲਤੀ ਤੇ ਸਰਕਾਰੀ ਰਿਕਾਰਡ ਸਲਾਮਤ ਹੈ ਜਿਹੜਾ 1984 ਦੇ ਸ਼ਰਮਨਾਕ ਕਾਰਿਆਂ ਵਿੱਚ ਉਸ ਸਮੇਂ ਦੀ ਹੁਕਮਰਾਨ ਪਾਰਟੀ ਦੀ ਸ਼ਮੂਲੀਅਤ ਦੇ ਨੰਗੇ-ਚਿੱਟੇ ਸਬੂਤ ਪੇਸ਼ ਕਰਦਾ ਹੈ। ਇਹ ਤਾਂ ਸ੍ਰੀ ਗਾਂਧੀ ਨੂੰ ਵੀ ਪਤਾ ਹੈ ਕਿ ਜੇਕਰ ਸਰਕਾਰ ਨਹੀਂ ਤਾਂ ਘੱਟੋਘੱਟ ਹੁਕਮਰਾਨ ਪਾਰਟੀ ਦੀ ਮਿਲੀਭੁਗਤ ਤੋਂ ਬਿਨਾਂ ਦਿੱਲੀ ਜਾਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਿੱਖਾਂ ਦੇ ਵਹਿਸ਼ੀਆਨਾ ਕਤਲ ਨਹੀਂ ਸੀ ਹੋਣੇ ਅਤੇ ਨਾ ਹੀ ਹਜ਼ਾਰਾਂ ਸਿੱਖਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪੰਜਾਬ ਵੱਲ ਹਿਜਰਤ ਲਈ ਮਜਬੂਰ ਕੀਤਾ ਜਾਣਾ ਸੀ। ਇਸੇ ਤਰ੍ਹਾਂ ਕਤਲੇਆਮ ਵਿੱਚ ਜੇਕਰ ਉਸ ਸਮੇਂ ਦੀ ਹੁਕਮਰਾਨ ਧਿਰ ਦੀ ਸਰਗਰਮ ਸ਼ਮੂਲੀਅਤ ਨਾ ਹੁੰਦੀ ਤਾਂ ਨਾ ਸਿਰਫ਼ ਦੋਸ਼ੀਆਂ ਖ਼ਿਲਾਫ਼ ਸਬੂਤ ਤੇ ਹੋਰ ਫ਼ੌਜਦਾਰੀ ਰਿਕਾਰਡ ਸਹੀ ਸਲਾਮਤ ਰਹਿਣਾ ਸੀ ਸਗੋਂ ਨਿਆਂ ਲੈਣ ਦੀ ਜੱਦੋਜਹਿਦ ਵੀ 34 ਸਾਲਾਂ ਤੋਂ ਵੱਧ ਸਮੇਂ ਤਕ ਲਮਕਦੀ ਨਹੀਂ ਸੀ ਰਹਿਣੀ।
ਇਹ ਹੁਕਮਰਾਨ ਧਿਰ ਦੀ ਸ਼ਮੂਲੀਅਤ ਤੇ ਮਿਲੀਭੁਗਤ ਦਾ ਹੀ ਨਤੀਜਾ ਹੈ ਕਿ ਤੱਤਕਾਲੀਨ ਕਾਂਗਰਸ ਸਰਕਾਰ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ 11 ਕਮਿਸ਼ਨ ਤੇ ਕਮੇਟੀਆਂ ਬਿਠਾਏ ਜਾਣ ਦੇ ਬਾਵਜੂਦ ਪੀੜਤਾਂ ਨੂੰ ਨਿਆਂ ਦੀ ਉਡੀਕ ਕਰਨੀ ਪੈ ਰਹੀ ਹੈ। ਇਨ੍ਹਾਂ ਕਮਿਸ਼ਨਾਂ ਤੇ ਕਮੇਟੀਆਂ ਨੇ ਹੀ ਨਿਰਧਾਰਤ ਕੀਤਾ ਸੀ ਕਿ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਭੜਕੇ ‘‘ਫ਼ਸਾਦਾਂ’’ ਵਿੱਚ ‘‘3325 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਸਿੱਖਾਂ ਦੀਆਂ ਸਨ। ਇਕੱਲੇ ਦਿੱਲੀ ਪ੍ਰਦੇਸ਼ ਵਿੱਚ 2733 ਸਿੱਖ ਮਾਰੇ ਗਏ।’’ ਹੁਣ ਵੀ ਨਿਆਂ ਦੇ ਅਮਲ ਦਾ ਇਹ ਹਾਲ ਹੈ ਕਿ ਸੁਪਰੀਮ ਕੋਰਟ ਨੇ ਇਸ ਸਾਲ ਜਨਵਰੀ ਮਹੀਨੇ 186 ਕੇਸਾਂ ਦੀ ਮੁੜ ਤਫ਼ਤੀਸ਼ ਲਈ ਨਵੀਂ ਵਿਸ਼ੇਸ਼ ਪੜਤਾਲੀਆ ਟੀਮ (ਐੱਸਆਈਟੀ) ਨਿਯੁਕਤ ਕੀਤੀ ਹੈ। ਆਜ਼ਾਦ ਭਾਰਤ ਵਿੱਚ ਵਾਪਰੇ ਸਭ ਤੋਂ ਵੱਡੇ ਸਮੂਹਿਕ ਹੱਤਿਆ ਕਾਂਡ ਲਈ ਕਾਂਗਰਸ ਵੱਲੋਂ ਹੀ ਥਾਪਿਆ ਪ੍ਰਧਾਨ ਮੰਤਰੀ ਤਾਂ ਰਾਸ਼ਟਰ ਤੋਂ ਮੁਆਫ਼ੀ ਮੰਗ ਚੁੱਕਾ ਹੈ, ਪਰ ਉਸ ਪਾਰਟੀ ਦੇ ਮੌਜੂਦਾ ਪ੍ਰਧਾਨ ਵੱਲੋਂ ਪਾਰਟੀ ਨੂੰ ਸਭ ਦੋਸ਼ਾਂ ਤੋਂ ਬਰੀ ਕਰਨਾ ਦਰਸਾਉਂਦਾ ਹੈ ਕਿ ਇਹ ਪਾਰਟੀ ਇਤਿਹਾਸ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ। ਅਜਿਹੀਆਂ ਰਾਜਸੀ ਧਿਰਾਂ ਨੂੰ ਨਾ ਲੋਕ ਮੁਆਫ਼ ਕਰਦੇ ਹਨ, ਨਾ ਇਤਿਹਾਸ।


Comments Off on ਰਾਹੁਲ ਗਾਂਧੀ ਦਾ ‘ਇਤਿਹਾਸ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.