ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮੱਧਯੁੱਗੀ ਮਾਨਸਿਕਤਾ ਬਰਕਰਾਰ

Posted On August - 9 - 2018

ਹਰਿਆਣਾ ਆਰਥਿਕ ਪ੍ਰਗਤੀ ਦੇ ਰਾਹ ’ਤੇ ਹੈ। ਇਹ ਬਹੁਤੇ ਆਰਥਿਕ ਮਾਨਦੰਡਾਂ ਤੋਂ ਪੰਜਾਬ ਨੂੰ ਪਛਾੜ ਚੁੱਕਾ ਹੈ। ਸਾਲ 2018 ਦਾ ਆਰਥਿਕ ਸਰਵੇਖਣ ਆਰਥਿਕ ਵਿਕਾਸ ਪੱਖੋਂ ਇਸ ਨੂੰ ਸਿਖ਼ਰਲੇ ਰਾਜਾਂ ਵਿੱਚ ਰੱਖਦਾ ਹੈ। ਅਮੀਰ ਰਾਜਾਂ ਦੇ ਵਰਗ ਵਿੱਚ ਪ੍ਰਤੀ ਵਿਅਕਤੀ ਆਮਦਨ ਪੱਖੋਂ ਇਸ ਦਾ ਤੀਜਾ ਸਥਾਨ ਹੈ। ਕਾਰੋਬਾਰ ਕਰਨ ’ਚ ਆਸਾਨੀ ਪੱਖੋਂ ਵੀ ਇਸ ਦਾ ਤੀਜਾ ਸਥਾਨ ਹੈ। ਕੌਮਾਂਤਰੀ ਰੇਟਿੰਗ ਏਜੰਸੀ ਕਰਾਈਸਿਲ ਦੀ ਰਿਪੋਰਟ ਅਨੁਸਾਰ ਪਿਛਲੇ ਚਾਰ ਵਿੱਤੀ ਵਰ੍ਹਿਆਂ ਦੌਰਾਨ ਹਰਿਆਣਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਰਾਜਾਂ ਵਿੱਚ ਸ਼ੁਮਾਰ ਰਿਹਾ ਹੈ। ਇਸ ਨੇ ਖੇਡਾਂ ਅਤੇ ਰੀਅਲ ਅਸਟੇਟ ਕਾਰੋਬਾਰ ਵਰਗੇ ਖੇਤਰਾਂ ਵਿੱਚ ਵੀ ਦੇਸ਼ ਭਰ ਵਿੱਚ ਨਾਮ ਕਮਾਇਆ ਹੈ। ਲੜਕੀਆਂ ਦੀ ਭਲਾਈ ਅਤੇ ਸਿੱਖਿਆ ਵਾਸਤੇ ਇਸ ਰਾਜ ਵਜੋਂ ਚਲਾਈਆਂ ਸਕੀਮਾਂ ਵੀ ਦੇਸ਼ ਭਰ ਵਿੱਚ ਚਰਚਿਤ ਹਨ। ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਇਸ ਰਾਜ ਵਿੱਚ ‘ਅਣਖ’ ਦੇ ਨਾਂ ’ਤੇ ਜਾਨਾਂ ਲੈਣ ਦੀ ਮੱਧਯੁੱਗੀ ਕੁਪ੍ਰਥਾ ਨੂੰ ਠੱਲ੍ਹ ਨਹੀਂ ਪੈ ਰਹੀ।
ਇਸ ਕੁਪ੍ਰਥਾ ਦੀ ਤਾਜ਼ਾਤਰੀਨ ਮਿਸਾਲ ਰੋਹਤਕ ਜ਼ਿਲ੍ਹੇ ਵਿੱਚ ਇੱਕ ਜਾਟ ਮੁਟਿਆਰ ਤੇ ਉਸ ਨੂੰ ਮਿਲੇ ਪੁਲੀਸ ਗਾਰਡ ਦੀ ਹੱਤਿਆ ਹੈ। ਇਸ ਲੜਕੀ ਦਾ ‘ਕਸੂਰ’ ਇਹ ਸੀ ਕਿ ‘ਜਾਟਨੀ’ ਹੋ ਕੇ ਉਹ ਇੱਕ ਦਲਿਤ ਲੜਕੇ ਨਾਲ ਘਰੋਂ ਚਲੀ ਗਈ ਤੇ ਉਸ ਨਾਲ ਵਿਆਹ ਕਰਵਾ ਲਿਆ। ਦੋਵਾਂ ਨੇ ਅਦਾਲਤ ਪਾਸੋਂ ਪੁਲੀਸ ਸੁਰੱਖਿਆ ਮੰਗੀ। ਜਦੋਂ ਕੁਝ ਦਸਤਾਵੇਜ਼ਾਂ ਤੋਂ ਇਹ ਸਾਹਮਣੇ ਆਇਆ ਕਿ ਲੜਕੀ ਨਾਬਾਲਗ਼ ਹੈ ਤਾਂ ਉਸ ਦੇ ਪਤੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਲੜਕੀ ਦੇ ਪਰਿਵਾਰਕ ਰੋਹ ਦੇ ਡਰੋਂ ਘਰ ਜਾਣ ਦੀ ਥਾਂ ਨਾਰੀ ਨਿਕੇਤਨ ਵਿੱਚ ਰਹਿਣਾ ਚੁਣਿਆ। ਜਦੋਂ ਉਸ ਨੂੰ ਅਦਾਲਤੀ ਪੇਸ਼ੀ ਲਈ ਰੋਹਤਕ ਲਿਆਂਦਾ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਨੂੰ ਤੇ ਪੁਲੀਸ ਗਾਰਡ ਨੂੰ ਗੋਲੀ ਮਾਰ ਦਿੱਤੀ। ਪਰਿਵਾਰ ਦੇ ਨਾਂਅ ’ਤੇ ਲੱਗਿਆ ‘ਦਾਗ਼’ ਮਿਟਾਉਣ ਲਈ ਦੋ ਜਾਨਾਂ ਲੈ ਲਈਆਂ ਗਈਆਂ।
ਜ਼ਾਹਿਰ ਹੈ ਕਿ ਆਰਥਿਕ ਖੁਸ਼ਹਾਲੀ ਤੇ ਵਿੱਦਿਅਕ ਪਸਾਰੇ ਦੇ ਬਾਵਜੂਦ ਹਰਿਆਣਾ ਦੇ ਕਈ ਵਸੋਂ ਵਰਗਾਂ ਦੀ ਸੋਚ ਅੱਜ ਵੀ ਓਨੀ ਹੀ ਦਕਿਆਨੂਸੀ ਹੈ ਜਿੰਨੀ ਇਹ ਅੱਧੀ ਸਦੀ ਪਹਿਲਾਂ ਸੀ। ਸੋਚਣ ਦੀ ਗੱਲ ਹੈ ਕਿ ਜਾਨਾਂ ਲੈਣ ਨਾਲ ਕੀ ਪਰਿਵਾਰ ਵੱਧ ਇੱਜ਼ਤਦਾਰ ਬਣ ਜਾਵੇਗਾ? ਅਸਲੀਅਤ ਇਹ ਹੈ ਕਿ ਝੂਠੀ ਅਣਖ ਤੇ ਇੱਜ਼ਤ ਕਾਰਨ ਪੂਰਾ ਪਰਿਵਾਰ ਤਬਾਹ ਹੋ ਜਾਵੇਗਾ। ਗੀਤਾ ਮਹੋਤਸਵ ਵਰਗੇ ਮਹਾਂਉਤਸਵ ਸ਼ਾਹੀ ਠਾਠ ਨਾਲ ਮਨਾਉਣੇ ਆਪਣੀ ਥਾਂ ਸਹੀ ਹਨ, ਪਰ ਰਾਜ ਸਰਕਾਰ ਨੂੰ ਆਪਣਾ ਧਿਆਨ ਲੋਕਾਂ ਦੀ ਜਾਤੀਵਾਦੀ ਸੋਚਣ ਬਦਲਣ ਵੱਲ ਵੱਧ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸਿਆਸਤ ਖੇਡਣ ਅਤੇ ਹਰ ਵਰਗ ਵਿਸ਼ੇਸ਼ ਨੂੰ ਖੁਸ਼ ਕਰਨ ਵਾਲੀ ਨੀਤੀ ਤਿਆਗ਼ ਕੇ ਉਸ ਨੂੰ ਜਿੱਥੇ ਕਾਨੂੰਨ ਦਾ ਰਾਜ ਲਾਗੂ ਕਰਨਾ ਚਾਹੀਦਾ ਹੈ, ਉੱਥੇ ਖਾਪ ਪੰਚਾਇਤਾਂ ਨੂੰ ਵੀ ਬਦਲਦੇ ਯੁੱਗ ਤੇ ਨਵੀਆਂ ਹਕੀਕਤਾਂ ਦਾ ਹਾਣੀ ਬਣਨ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ।


Comments Off on ਮੱਧਯੁੱਗੀ ਮਾਨਸਿਕਤਾ ਬਰਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.