ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪੰਜਾਬੀ ਤੇ ਬਿਲਾਸਪੁਰੀ ਭਾਸ਼ਾ ਦੀਆਂ ਆਪੋ ’ਚ ਜੁੜੀਆਂ ਤੰਦਾਂ

Posted On August - 4 - 2018

ਸੁਖਵਿੰਦਰ ਸਿੰਘ ਸੁੱਖੀ

ਭਾਸ਼ਾਵਾਂ ਦੀ ਆਪਸੀ ਸਾਂਝ ਦਾ ਸਿਲਸਿਲਾ ਮੁੱਢ ਕਦੀਮ ਤੋਂ ਹੀ ਚੱਲਿਆ ਆ ਰਿਹਾ ਹੈ। ਭਾਵੇਂ ਵੱਖ ਵੱਖ ਸਮੇਂ ’ਤੇ ਦੇਸ਼ਾਂ, ਸੂਬਿਆਂ ਜਾਂ ਫਿਰ ਭਾਸ਼ਾਈ ਰੂਪਾਂ ਦੇ ਆਧਾਰ ’ਤੇ ਧਰਤੀ ਵੰਡੀ ਜਾਂਦੀ ਰਹੀ ਹੈ, ਫਿਰ ਵੀ ਭਾਸ਼ਾਵਾਂ ਦੀ ਆਪਸੀ ਸਾਂਝ ਨਿਰੰਤਰ ਬਰਕਰਾਰ ਹੈ। ਪੰਜਾਬੀ ਭਾਸ਼ਾ ਭਾਰਤ ਦੀਆਂ ਆਧੁਨਿਕ ਭਾਸ਼ਾਵਾਂ ਵਿੱਚੋਂ ਇੱਕ ਸਮਰੱਥ ਅਤੇ ਆਪਣੀ ਵੱਖਰੀ ਹੋਂਦ ਸਥਾਪਿਤ ਕਰਨ ਵਾਲੀ ਭਾਸ਼ਾ ਹੈ। ਭਾਵੇਂ ਮੁੱਖ ਤੌਰ ’ਤੇ ਇਹ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਬੋਲੀ ਜਾਂਦੀ ਹੈ, ਪਰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਨਾਲ ਨਾਲ ਆਪਣੀ ਭਾਸ਼ਾ ਦੀਆਂ ਜੜ੍ਹਾਂ ਵੀ ਉੱਥੇ ਪਕੇਰੀਆਂ ਕੀਤੀਆਂ ਹਨ।
ਪੰਜਾਬੀ ਬੋਲਦੇ ਨਿਸ਼ਚਿਤ ਕੀਤੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਉਪ-ਭਾਸ਼ਾਵਾਂ ਤੋਂ ਇਲਾਵਾ ਪੂਰਬੀ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਦੇ ਨਮੂਨੇ ਵੀ ਮਿਲਦੇ ਹਨ। 1966 ਵਿੱਚ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੀ ਸੀਮਾ ਨਿਸ਼ਚਿਤ ਕਰਦੇ ਸਮੇਂ ਇਸ ਦੇ ਕਈ ਖੇਤਰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਝੋਲੀ ਪੈ ਗਏ। ਅਜਿਹੇ ਖਿੱਤਿਆਂ ਵਿੱਚੋਂ ਇੱਕ ਖਿੱਤਾ ਬਿਲਾਸਪੁਰ ਹੈ ਜਿਹੜਾ ਅਜੋਕੇ ਸਮੇਂ ਹਿਮਾਚਲ ਪ੍ਰਦੇਸ਼ ਰਾਜ ਦਾ ਇੱਕ ਪ੍ਰਸਿੱਧ ਜ਼ਿਲ੍ਹਾ ਹੈ। ਇਸ ਖੇਤਰ ਦੀ ਪੰਜਾਬ ਨਾਲ ਪੁਰਾਣੀ ਸਾਂਝ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਬਣਨ ਤੋਂ ਪਹਿਲਾਂ ਇਹ ਸਾਂਝੇ ਪੰਜਾਬ ਦਾ ਹੀ ਹਿੱਸਾ ਸੀ। 1167 ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਖੇਤਰ ਦਾ ਮੁੱਢਲਾ ਨਾਮ ਕਹਿਲੂਰ ਸੀ ਜਿੱਥੋਂ ਦੀ ਭਾਸ਼ਾ ਨੂੰ ਕਹਿਲੂਰੀ ਕਿਹਾ ਜਾਂਦਾ ਸੀ। 1954 ਵਿੱਚ ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਪੰਜਵੇਂ ਜ਼ਿਲ੍ਹੇ ਵਜੋਂ ਮਾਨਤਾ ਦਿੱਤੀ ਗਈ।
ਡਾ. ਜਾਰਜ ਗ੍ਰੀਅਰਸਨ ਨੇ ਭਾਰਤੀ ਭਾਸ਼ਾਵਾਂ ਦਾ ਸਰਵੇਖਣ ਅਤੇ ਵਿਆਕਰਣਕ ਅਧਿਐਨ (1903-27) ਕਰਕੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਨੂੰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਮੁੱਢਲਾ ਵਿਗਿਆਨਕ ਖੋਜ ਕਾਰਜ ਕਿਹਾ ਜਾ ਸਕਦਾ ਹੈ। ਇਸ ਵਿੱਚ ਉਸ ਨੇ 179 ਭਾਸ਼ਾਵਾਂ ਅਤੇ 544 ਉਪ-ਭਾਸ਼ਾਵਾਂ ਦੇ ਆਧਾਰ ’ਤੇ ਭਾਰਤ ਦੇ ਵੱਖ ਵੱਖ ਖੇਤਰਾਂ ਦੀ ਦਰਜਾਬੰਦੀ ਕੀਤੀ ਹੈ। ਡਾ. ਗ੍ਰੀਅਰਸਨ ਨੇ ਇਸ ਰਿਪੋਰਟ ਦੀ ਨੌਵੀਂ ਜਿਲਦ ਦੇ ਪਹਿਲੇ ਭਾਗ ਵਿੱਚ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ (ਕਹਿਲੂਰੀ) ਦੱਸਦਿਆਂ ਇਸ ਨੂੰ ਪੰਜਾਬ ਦੇ ਹੁਸ਼ਿਆਰਪੁਰ ਖਿੱਤੇ ਵਿੱਚ ਬੋਲੀ ਜਾਂਦੀ ਪੰਜਾਬੀ ਨਾਲ ਸਮਾਨਤਾ ਰੱਖਣ ਵਾਲੀ ਭਾਸ਼ਾ ਗਰਦਾਨਿਆ ਹੈ।
ਅਜੋਕੇ ਸਮੇਂ ਬਿਲਾਸਪੁਰ ਖੇਤਰ ਵਿੱਚ ਸਿੱਖਿਆ, ਸਰਕਾਰੀ ਤੇ ਗ਼ੈਰ-ਸਰਕਾਰੀ ਦਫ਼ਤਰੀ ਕਾਰ-ਵਿਹਾਰ ਵਿੱਚ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਇਸ ਦੇ ਹਿੰਦੀ ਭਾਸ਼ਾਈ ਖੇਤਰ ਹੋਣ ਵੱਲ ਇਸ਼ਾਰਾ ਕਰਦੀ ਹੈ। ਬਿਲਾਸਪੁਰੀ ਭਾਸ਼ਾ ਲਈ ਵੀ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇੱਥੋਂ ਦੀ ਆਮ ਬੋਲਚਾਲ ਦੀ ਭਾਸ਼ਾ ਨੂੰ ਹਿੰਦੀ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇਸ ਵਿਚਲੇ ਸ਼ਬਦ ਸਥਾਨਕ ਸ਼ਬਦਾਵਲੀ ਨਾਲ ਸਬੰਧ ਰੱਖਦੇ ਹਨ। ਕਈ ਵਿਦਵਾਨ ਇਸ ਨੂੰ ਪਹਾੜੀ ਨਾਲ ਜੋੜਦੇ ਹਨ ਪਰ ਅਜਿਹਾ ਨਹੀਂ ਹੈ ਕਿਉਂਕਿ ਇੱਥੋਂ ਦੀ ਸ਼ਬਦਾਵਲੀ ਵਿੱਚ ਪਹਾੜੀ, ਪੰਜਾਬੀ, ਹਿੰਦੀ, ਰਾਜਸਥਾਨੀ ਆਦਿ ਭਾਸ਼ਾਵਾਂ ਦੇ ਸ਼ਬਦ ਸ਼ੁਮਾਰ ਹਨ। ਡਾ. ਗ੍ਰੀਅਰਸਨ ਵੱਲੋਂ ਬਿਲਾਸਪੁਰੀ ਦੀ ਪੰਜਾਬ ਦੇ ਹੁਸ਼ਿਆਰਪੁਰ ਖੇਤਰ ਵਿੱਚ ਬੋਲੀ ਜਾਂਦੀ ਭਾਸ਼ਾ ਨਾਲ ਕੀਤੀ ਗਈ ਤੁਲਨਾ ਸਬੰਧੀ ਕੁਝ ਨੁਕਤੇ ਹਨ ਜਿਹੜੇ ਪੰਜਾਬੀ ਤੇ ਬਿਲਾਸਪੁਰੀ ਭਾਸ਼ਾ ਦੇ ਆਪਸੀ ਰਿਸ਼ਤੇ ਸਬੰਧੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੇ ਹਨ।
ਬਿਲਾਸਪੁਰੀ ਭਾਸ਼ਾ ਪੰਜਾਬੀ ਵਾਂਗੂੰ ਸੰਯੋਗਾਤਮਕ ਭਾਸ਼ਾ ਹੈ। ਇਸ ਦੀਆਂ ਸਵਰ ਤੇ ਵਿਅੰਜਨ ਧੁਨੀਆਂ ਪੰਜਾਬੀ ਧੁਨੀ ਪ੍ਰਬੰਧ ਨਾਲ ਮੇਲ ਖਾਂਦੀਆਂ ਹਨ ਜਿਨ੍ਹਾਂ ਦੀ ਗਿਣਤੀ ਕ੍ਰਮਵਾਰ 10 (ਸਵਰ ਧੁਨੀਆਂ) ਤੇ 29 (ਵਿਅੰਜਨ ਧੁਨੀਆਂ) ਨਿਸ਼ਚਿਤ ਕੀਤੀ ਗਈ ਹੈ। ਇਸ ਵਿੱਚ ਪੰਜਾਬੀ ਵਾਂਗੂੰ ਨਾਦੀ ਮਹਾਪ੍ਰਾਣ ਧੁਨੀਆਂ (ਘ, ਝ, ਢ, ਧ, ਭ) ਨਹੀਂ ਵਰਤੀਆਂ ਜਾਂਦੀਆਂ। ਨਾਸਕੀ ਧੁਨੀਆਂ ਵਿੱਚ ਨ੍ਹ, ਮ੍ਹ ਧੁਨੀਆਂ ਅਤੇ ਪਾਸੇਦਾਰ ਧੁਨੀਆਂ ਵਿੱਚ (ਲ੍ਹ) ਧੁਨੀ ਦੀ ਮਹਾਪ੍ਰਾਣ ਧੁਨੀ ਵਜੋਂ ਵਰਤੋਂ ਕੀਤੀ ਜਾਂਦੀ ਹੈ। ਯ, ਵ ਧੁਨੀਆਂ ਨੂੰ ਅਰਧ ਸਵਰ ਵਜੋਂ ਵਰਤਿਆ ਜਾਂਦਾ ਹੈ।
ਬਿਲਾਸਪੁਰੀ ਵਿੱਚ ‘ਸ/ਸ਼’ ਦੀ ਥਾਂ ‘ਸ’ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਜਿਵੇਂ: ਦੇਸ਼- ਦੇਸ, ਸ਼ੇਰ- ਸੇਰ ਆਦਿ। ਇਸੇ ਤਰ੍ਹਾਂ ਬਿਲਾਸਪੁਰੀ ਵਿੱਚ ‘ਣ’ ਸੰਖਿਆਵਾਚਕ ਸ਼ਬਦਾਂ ਦੇ ਸ਼ੁਰੂ ਵਿੱਚ ਵਰਤਿਆ ਜਾ ਸਕਦਾ ਹੈ ਜੋ ਪੰਜਾਬੀ ਜਾਂ ਹਿੰਦੀ ਭਾਸ਼ਾ ਵਿੱਚ ਨਹੀਂ ਲਿਖਿਆ ਜਾ ਸਕਦਾ। ਜਿਵੇਂ: ਉਨਾਸੀ- ਣਵਾਸੀ, ਉਨਾਹਠ- ਣਵਾਹਠ। ਇਹ ਦੋ ਵਖਰੇਵੇਂ ਇਸ ਨੂੰ ਪੰਜਾਬੀ ਅਤੇ ਹਿੰਦੀ ਨਾਲੋਂ ਨਿਖੇੜਦੇ ਹਨ। ਬਿਲਾਸਪੁਰੀ ਵਿੱਚ ‘ਵ’ ਧੁਨੀ ਪੰਜਾਬੀ ਦੀ ਮਲਵਈ ਉਪ-ਭਾਸ਼ਾ ਵਾਂਗੂੰ ‘ਬ’ ਵਿੱਚ ਬਦਲ ਜਾਂਦੀ ਹੈ। ਇਸ ਦੇ ਨਾਲ ਹੀ ਬਿਲਾਸਪੁਰੀ ਵਿੱਚ ‘ਘ, ਝ, ਢ, ਧ, ਭ’ ਸੰਘੋਸ਼ ਮਹਾਂਪ੍ਰਾਣ ਧੁਨੀਆਂ ਕ੍ਰਮਵਾਰ ‘ਕ, ਚ, ਟ, ਤ, ਪ’ ਅਘੋਸ਼ ਅਲਪਪ੍ਰਾਣ ਧੁਨੀਆਂ ਵਿੱਚ ਪਰਿਵਰਤਿਤ ਹੋ ਜਾਂਦੀਆਂ ਹਨ।
ਬਿਲਾਸਪੁਰੀ ਭਾਸ਼ਾ ਵਿਚਲੇ ਪੜਨਾਵੀਂ ਰੂਪਾਂ ਵਿੱਚ ਜ਼ਿਆਦਾਤਰ ਸ਼ਬਦ ਪੰਜਾਬੀ ਭਾਸ਼ਾ ਨਾਲ ਸਮਾਨਤਾ ਰੱਖਦੇ ਹਨ, ਪਰ ਕਈ ਥਾਵਾਂ ’ਤੇ ਮਾਤਰਾਵਾਂ ਤੇ ਵਰਣਾਂ ਵਿੱਚ ਵਖਰੇਵਾਂ ਹੈ। ਜਿਵੇਂ: ਅਸੀਂ (ਪੰਜਾਬੀ)- ਅਸਾਂ (ਬਿਲਾਸਪੁਰੀ), ਮੇਰਾ- ਮੇਰਾ, ਸਾਡਾ-ਮਹਾਰਾ, ਸਾਨੂੰ- ਅਸਾਂਜੋ, ਤੁਸੀਂ- ਤੁਸੇਂ, ਤੂੰ- ਤੂੰ/ਤੈਂ, ਤੁਹਾਡੀ- ਤਵਾੜੀ, ਉਸ- ਉਸੀ, ਉਹ- ਉਹ/ਸੇ, ਉਸਦੇ- ਉਸਦੇ/ਤੇਸਦੇ, ਉਸਦਾ- ਉਸਰਾ/ਉਸਦਾ, ਇਨ੍ਹਾਂ ਦਾ- ਇਨਹਾਰਾ, ਕੋਣ- ਕੁਣ, ਮੈਂ- ਮਿੰਜੋ ਆਦਿ।
ਬਿਲਾਸਪੁਰੀ ਭਾਸ਼ਾ ਵਿੱਚ ਵਰਤੀ ਜਾਂਦੀ ਸਹਾਇਕ ਕਿਰਿਆ ਵਿੱਚ ਵਰਤਮਾਨੀ ‘ਹੈ’ (ਇੱਕ ਵਚਨ) ਅਤੇ ‘ਹਨ’ (ਬਹੁਵਚਨ) ਲਈ ਕਈ ਰੂਪ ਪ੍ਰਚੱਲਿਤ ਹਨ। ਭੂਤਕਾਲੀ ਸਹਾਇਕ ਕਿਰਿਆ ਰੂਪਾਂ ਵਿੱਚ ‘ਸੀ’ ਲਈ ਥਾ, ਥੀ ਅਤੇ ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਇਸ ਨੂੰ ਹਿੰਦੀ ਅਤੇ ਪੰਜਾਬੀ ਦੀ ਮਲਵਈ ਉਪ-ਭਾਸ਼ਾ ਨਾਲ ਜੋੜਦੇ ਹਨ। ਇਸ ਤੋਂ ਇਲਾਵਾ ਵਾਕਾਂ ਦੇ ਅੰਤ ਵਿੱਚ ਸਹਾਇਕ ਕਿਰਿਆ ਦੀ ਥਾਂ ‘ਆ, ਏ, ਈ’ ਅੰਤਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਭਾਸ਼ਾ ਵਿੱਚ ਵਰਤੇ ਜਾਂਦੇ ਸਬੰਧਕ ਪੰਜਾਬੀ ਭਾਸ਼ਾ ਨਾਲ ਸਮਾਨਤਾ ਰੱਖਦੇ ਹਨ, ਪਰ ਕੁਝ ਰੂਪਾਂ ਵਿੱਚ ਥੋੜ੍ਹੀ ਵੱਖਰਤਾ ਵੀ ਹੈ ਜਾਂ ਫਿਰ ਇੱਕ ਤੋਂ ਜ਼ਿਆਦਾ ਸਬੰਧਕੀ ਰੂਪ ਵਰਤੇ ਜਾਂਦੇ ਹਨ। ਬਿਲਾਸਪੁਰੀ ਯੋਜਕੀ ਰੂਪਾਂ ਵਿੱਚ ਵੀ ਪੰਜਾਬੀ ਸ਼ਬਦ ਹੀ ਵਰਤੇ ਜਾਂਦੇ ਹਨ।
ਪੰਜਾਬੀ ਨਾਲ ਬਿਲਾਸਪੁਰੀ ਦੀ ਆਮ ਵਰਤੋਂ ਦੀ ਸ਼ਬਦਾਵਲੀ ਦੀ ਸਾਂਝ ਨੂੰ ਦੇਖੀਏ ਤਾਂ ਇਸ ਭਾਸ਼ਾ ਵਿੱਚ ਵਰਤੇ ਜਾਂਦੇ ਮਾਤਾ-ਪਿਤਾ, ਮਾਂ-ਬਾਪੂ, ਦਾਦੀ-ਦਾਦੀ, ਭੈਣ-ਭਰਾ, ਚਾਚਾ-ਚਾਚੀ, ਤਾਇਆ-ਤਾਈ, ਜੇਠ-ਜੇਠਾਣੀ, ਦਿਉਰ-ਦਿਉਰਾਣੀ, ਮਾਮਾ-ਮਾਮੀ, ਮਾਸੜ-ਮਾਸੀ, ਨਾਨਾ (ਨਾਨੂ)-ਨਾਨੀ, ਕੁੜਮ-ਕੁੜਮਣੀ, ਜੀਜਾ-ਸਾਲੀ, ਧੀ ਆਦਿ ਸ਼ਬਦ ਪੰਜਾਬੀ ਵਾਲੇ ਹੀ ਹਨ। ਇਨ੍ਹਾਂ ਤੋਂ ਇਲਾਵਾ ਮਾਨਵੀ ਰਿਸ਼ਤਿਆਂ ਦੀ ਤਰਜਮਾਨੀ ਕਰਦੇ ਕੁਝ ਹੋਰ ਸ਼ਬਦ ਵੀ ਥੋੜ੍ਹੇ-ਬਹੁਤੇ ਫ਼ਰਕ ਨੂੰ ਛੱਡ ਕੇ ਜ਼ਿਆਦਾਤਰ ਪੰਜਾਬੀ ਨਾਲ ਹੀ ਮੇਲ ਖਾਂਦੇ ਹਨ।
ਬੇਸ਼ੱਕ, ਬਿਲਾਸਪੁਰੀ ਭਾਸ਼ਾ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪਰ ਉਪਰੋਕਤ ਤੱਥਾਂ ਨੂੰ ਵਾਚਦਿਆਂ ਕਿਤੇ ਨਾ ਕਿਤੇ ਇਸ ਦੇ ਪੰਜਾਬੀ ਭਾਸ਼ਾ ਦੀ ਸ਼ਾਖਾ ਹੋਣ ਦੀ ਗੱਲ ਸਹੀ ਜਾਪਦੀ ਹੈ ਜਿਹੜੀ ਡਾ. ਗ੍ਰੀਅਰਸਨ ਨੇ ਆਪਣੀ ਰਿਪੋਰਟ ਵਿੱਚ ਪੇਸ਼ ਕੀਤੀ। ਗ੍ਰੀਅਰਸਨ ਦੀ ਗੱਲ ਨੂੰ ਅਣਗੌਲਿਆਂ ਵੀ ਕਰ ਦਿੱਤਾ ਜਾਵੇ ਤਾਂ ਵੀ ਇਸ ਵਿੱਚ ਪੰਜਾਬੀ ਸ਼ਬਦਾਂ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਖੇਤਰ ਦਾ ਪੰਜਾਬ ਪ੍ਰਦੇਸ਼ ਦਾ ਹਿੱਸਾ ਰਹੇ ਹੋਣਾ ਵੀ ਇੱਥੋਂ ਦੀ ਭਾਸ਼ਾ ਦੇ ਪੰਜਾਬੀ ਨਾਲ ਰਿਸ਼ਤੇ ਵਾਲੇ ਤੱਥ ਨੂੰ ਪੁਖ਼ਤਾ ਕਰਦਾ ਹੈ। ਹੱਦਬੰਦੀਆਂ ਹੋਣ ਨਾਲ ਲੋਕਾਂ ਦੀ ਭੂਗੋਲਿਕ, ਆਰਥਿਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਅਵਸਥਾ ਵਿੱਚ ਪਰਿਵਤਰਨ ਜ਼ਰੂਰ ਆਇਆ ਹੈ, ਪਰ ਭਾਸ਼ਾ ਇੱਕੋ-ਇੱਕ ਅਜਿਹਾ ਸਾਧਨ ਹੈ ਜਿਸ ਨੇ ਮਨੁੱਖ ਦੀਆਂ ਜੜ੍ਹਾਂ ਦੀ ਗਵਾਹੀ ਭਰਦਿਆਂ ਆਪਸੀ ਸਾਂਝ ਨੂੰ ਬਰਕਰਾਰ ਰੱਖਣ ਵਿੱਚ ਹਮੇਸ਼ਾਂ ਅਹਿਮ ਭੂਮਿਕਾ ਅਦਾ ਕੀਤੀ ਹੈ।

ਸੰਪਰਕ: 98723-92591


Comments Off on ਪੰਜਾਬੀ ਤੇ ਬਿਲਾਸਪੁਰੀ ਭਾਸ਼ਾ ਦੀਆਂ ਆਪੋ ’ਚ ਜੁੜੀਆਂ ਤੰਦਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.