ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ

Posted On August - 18 - 2018

ਇਮਰਾਨ ਖ਼ਾਨ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਅਜਿਹਾ ਹੋਣ ਨਾਲ ਜਿੱਥੇ ਉਸ ਦੀ 27 ਵਰ੍ਹਿਆਂ ਤੋਂ ਚੱਲ ਰਹੀ ਜੱਦੋਜਹਿਦ ਸਮਾਪਤ ਹੋ ਗਈ ਹੈ, ਉੱਥੇ ਉਸ ਨੂੰ ਹੁਣ ਢੇਰ ਸਾਰੀਆਂ ਕਿਆਸੀਆਂ ਤੇ ਅਣਕਿਆਸੀਆਂ ਚੁਣੌਤੀਆਂ ਦਾ ਵੀ ਸਾਹਮਣਾ ਹੈ। ਲਿਹਾਜ਼ਾ, ਪ੍ਰਧਾਨ ਮੰਤਰੀ ਦੀ ਗੱਦੀ ਉਸ ਲਈ ਫੁੱਲਾਂ ਦੀ ਸੇਜ ਸਾਬਤ ਹੋਣ ਵਾਲੀ ਨਹੀਂ।
ਚੁਣੌਤੀਆਂ ਇੱਕ ਨਹੀਂ, ਕਈ ਪਾਸਿਓਂ ਹਨ। ਮੁਲਕ ਨੂੰ ਅਦਾਇਗੀਆਂ ਦੇ ਤਵਾਜ਼ਨ ਦੇ ਸੰਕਟ ਨਾਲ ਫੌਰੀ ਤੌਰ ’ਤੇ ਸਿੱਝਣਾ ਪੈਣਾ ਹੈ। ਨਿਆਂਪਾਲਿਕਾ ਵੀ ਲੋੜੋਂ ਵੱਧ ਸਰਗਰਮ ਹੈ; ਸੁਪਰੀਮ ਕੋਰਟ ਦੇ ਜੱਜ, ਖ਼ਾਸ ਤੌਰ ’ਤੇ ਚੀਫ ਜਸਟਿਸ ‘ਸੁਪਰ ਸਰਕਾਰ’ ਵਾਂਗ ਪੇਸ਼ ਆਉਂਦੇ ਰਹੇ ਹਨ ਤੇ ਹੁਣ ਵੀ ਅਜਿਹਾ ਕਰਨੋਂ ਟਲਣ ਵਾਲੇ ਨਹੀਂ। ਵਾਤਾਵਰਨ ਦੀ ਤਬਦੀਲੀ ਦਾ ਅਸਰ ਮੁਲਕ ਦੇ ਸਾਰੇ ਹਿੱਸਿਆਂ ਉੱਤੇ ਪੈਣ ਲੱਗਾ ਹੈ। ਬਿਜਲੀ ਤਾਂ ਪਹਿਲਾਂ ਹੀ ਘੱਟ ਸੀ, ਹੁਣ ਪਾਣੀ ਦਾ ਸੰਕਟ ਸਾਰੇ ਸੂਬਿਆਂ ਨੂੰ ਸਤਾਉਣ ਲੱਗਾ ਹੈ। ਦਹਿਸ਼ਤਗਰਦ ਮੁੜ ਜਥੇਬੰਦ ਹੋਣ ਲੱਗੇ ਹਨ; ਉਨ੍ਹਾਂ ਨੂੰ ਦਬਾਉਣ ਲਈ ਦਹਾਕੇ ਭਰ ਤੋਂ ਚੱਲ ਰਹੀ ਮੁਹਿੰਮ ਨੂੰ ਮਜ਼ਬੂਤੀ ਬਖ਼ਸ਼ੇ ਜਾਣ ਦੀ ਲੋੜ ਹੈ।
ਬਹੁਤੇ ਪਾਕਿਸਤਾਨੀ, ਖ਼ਾਸ ਤੌਰ ’ਤੇ ਸਾਬਕਾ ਤੇ ਮੌਜੂਦਾ ਜਰਨੈਲ ਪਾਕਿਸਤਾਨ ਦੀਆਂ ਸਥਾਈ ਸਮੱਸਿਆਵਾਂ ਲਈ ਭ੍ਰਿਸ਼ਟ ਸਿਆਸੀ ਜਮਾਤਾਂ, ਖ਼ਾਸ ਤੌਰ ’ਤੇ ਸਿਵਲੀਅਨ ਹਾਕਮਾਂ ਨੂੰ ਕਸੂਰਵਾਰ ਦੱਸਦੇ ਹਨ। ਉਨ੍ਹਾਂ ਦੀ ਇੱਕੋ ਸੋਚ ਹੈ: ਸਿਆਸਤਦਾਨ ਮੁਲਕ ਨੂੰ ਲੁੱਟ ਕੇ ਖਾ ਗਏ; ਆਪਣੇ ਘਰ ਭਰ ਲਏ, ਮੁਲਕ ਨੂੰ ਕੰਗਾਲ ਕਰ ਗਏ। ਪਰ ਕੀ ਉਹ ਕਦੇ ਇਹ ਵੀ ਮੰਨਦੇ ਹਨ ਕਿ ਜੇਕਰ ਸਿਆਸੀ ਹਾਕਮਾਂ ਨੇ ਮੁਲਕ ਨੂੰ ਲੁੱਟਿਆ ਤਾਂ ਫ਼ੌਜੀ ਹਾਕਮਾਂ ਨੇ ਵੀ ਅਜਿਹਾ ਹੀ ਕੀਤਾ? ਕੀ ਦੇਸ਼ ਦਾ ਕੋਈ ਮੌਜੂਦਾ ਜਾਂ ਸਾਬਕਾ ਜਰਨੈਲ ਅਜਿਹਾ ਹੈ, ਜਿਸ ਦੇ ਬੱਚੇ ਬਾਹਰਲੇ ਮੁਲਕਾਂ, ਖ਼ਾਸ ਕਰਕੇ ਅਮਰੀਕਾ-ਕੈਨੇਡਾ ਵਿੱਚ ਨਾ ਰਹਿੰਦੇ ਹੋਣ ਅਤੇ ਉੱਥੇ ਮਾਲਦਾਰ ਕੰਪਨੀਆਂ ਦੇ ਮਾਲਕ ਨਾ ਹੋਣ?

ਮੁਸ਼ੱਰਫ਼ ਜ਼ੈਦੀ*

ਕੀ ਇਮਰਾਨ ਖ਼ਾਨ ਅਜਿਹੀ ਸੋਚ ਨੂੰ ਮੋੜਾ ਦੇ ਸਕੇਗਾ? ਜਿੱਤ ਤੋਂ ਮਗਰੋਂ ਕੌਮ ਦੇ ਨਾਂ ਭਾਸ਼ਨ ਵਿੱਚ ਇਮਰਾਨ ਨੇ ਵਾਅਦਾ ਕੀਤਾ ਸੀ ਕਿ ਉਹ ਪਾਰਦਰਸ਼ੀ ਤੇ ਜਵਾਬਦੇਹ ਹਕੂਮਤ ਸੰਭਵ ਬਣਾਏਗਾ ਤਾਂ ਜੋ ਬਾਕੀ ਦੁਨੀਆਂ, ਖ਼ਾਸ ਕਰਕੇ ਕੌਮਾਂਤਰੀ ਵਿੱਤੀ ਅਦਾਰਿਆਂ ਦਾ ਪਾਕਿਸਤਾਨ ਉੱਤੇ ਭਰੋਸਾ ਪਰਤਾਇਆ ਜਾ ਸਕੇ। ਉਸ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਪਾਕਿਸਤਾਨੀ ਪਰਵਾਸੀ ਭਾਈਚਾਰੇ ਨੂੰ ਆਪੋ ਆਪਣੀ ਕਮਾਈ ਵਤਨ ਪਰਤਾਉਣ ਲਈ ਮਨਾਉਣ ਦੇ ਹੀਲੇ-ਉਪਰਾਲੇ ਵੀ ਕਰੇਗਾ।
ਫ਼ੌਜ ਦੀ ਸਿੱਧੀ-ਅਸਿੱਧੀ ਮਦਦ ਨਾਲ ਹਕੂਮਤ ਹਾਸਲ ਕਰਨ ਵਾਲੇ ਇਮਰਾਨ ਨੇ ਅਮਰੀਕਾ ਨਾਲ ਸੁਲ੍ਹਾ-ਸਫਾਈ ਵਾਲਾ ਰਿਸ਼ਤਾ ਬਹਾਲ ਕਰਨ, ਭਾਰਤ ਨਾਲ ਗੱਲਬਾਤ ਆਰੰਭਣ ਅਤੇ ਅਫ਼ਗਾਨਿਸਤਾਨ ਵਿੱਚ ਅਮਨ ਦੀ ਬਹਾਲੀ ਲਈ ਸੁਹਿਰਦ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੱਤਾ ਹੈ। ਉਸ ਨੂੰ ਯਕੀਨ ਹੈ ਕਿ ਉਸ ਦੀਆਂ ਵਜ਼ੀਰਸਤਾਨੀ ਜੜ੍ਹਾਂ ਅਫ਼ਗਾਨਾਂ ਨਾਲ ਰਿਸ਼ਤੇ ਨਵੇਂ ਸਿਰਿਓਂ ਗੰਢਣ ਪੱਖੋਂ ਬਹੁਤ ਸਹਾਈ ਹੋਣਗੀਆਂ। ਉਂਜ, ਅਜਿਹਾ ਸੋਚਣ ਜਾਂ ਕਹਿਣ ਸਮੇਂ ਉਹ ਭੁੱਲ ਜਾਂਦਾ ਹੈ ਕਿ ਵਜ਼ੀਰਿਸਤਾਨ ਅਫ਼ਗਾਨ ਤੇ ਪਾਕਿ ਸਰਹੱਦ ਦੇ ਦੋਵੇਂ ਪਾਸੇ ਪੈਂਦਾ ਹੈ ਅਤੇ ਅਫ਼ਗਾਨਿਸਤਾਨ ਮੁੱਢ ਤੋਂ ਹੀ ਇਸ ਸਮੁੱਚੇ ਖਿੱਤੇ ਉਪਰ ਆਪਣਾ ਹੱਕ ਜਤਾਉਂਦਾ ਆਇਆ ਹੈ। ਉਂਜ ਵੀ, ਇਮਰਾਨ ਦੇ ਤਾਲਿਬਾਨ ਨਾਲ ਰਿਸ਼ਤੇ ਕਾਫ਼ੀ ਨਜ਼ਦੀਕੀ ਰਹੇ ਹਨ ਅਤੇ ਉਸ ਦੇ ਆਲੋਚਕ ਉਸ ਨੂੰ ‘ਤਾਲਿਬਾਨ ਖ਼ਾਨ’ ਵੀ ਦੱਸਦੇ ਆਏ ਹਨ।
ਇਮਰਾਨ ਅਫ਼ਗਾਨਿਸਤਾਨ ਵਿੱਚ ਅਮਨ ਦੀ ਬਹਾਲੀ ਵਿੱਚ ਪਾਕਿਸਤਾਨ ਦੀ ਭੂਮਿਕਾ ਪ੍ਰਮੁੱਖ ਸਮਝਦਾ ਹੈ, ਪਰ ਅਸਲੀਅਤ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਅਫ਼ਗਾਨ ਰਾਸ਼ਟਰਪਤੀ ਅਬਦੁਲ ਗ਼ਨੀ, ਪਾਕਿਸਤਾਨ ਦੀ ਥਾਂ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਨੀ ਚਾਹੁੰਦੇ ਹਨ। ਹਾਂ, ਉਹ ਪਾਕਿਸਤਾਨ ਨੂੰ ਆਪਣਾ ਰਸੂਖ਼ ਵਰਤ ਕੇ ਤਾਲਿਬਾਨ ਨੂੰ ਗੱਲਬਾਤ ਵਾਸਤੇ ਰਾਜ਼ੀ ਕਰਨ ਲਈ ਕਹਿ ਸਕਦੇ ਹਨ। ਕੀ ਪਾਕਿਸਤਾਨ, ਖ਼ਾਸ ਕਰਕੇ ਇਮਰਾਨ ਇਸ ਪੱਖੋਂ ਅਸਰਅੰਦਾਜ਼ ਸਾਬਤ ਹੋ ਸਕੇਗਾ?
ਇਮਰਾਨ ਦਾ ਕਹਿਣਾ ਹੈ ਕਿ ਪੁਰਅਮਨ ਪਾਕਿਸਤਾਨ ਲਈ ਪੁਰਅਮਨ ਅਫ਼ਗਾਨਿਸਤਾਨ ਨਿਹਾਇਤ ਜ਼ਰੂਰੀ ਹੈ। ਉਸ ਨੇ ਅਫ਼ਗਾਨ ਨੇਤਾਵਾਂ, ਖ਼ਾਸ ਕਰਕੇ ਅਬਦੁਲ ਗ਼ਨੀ ਨਾਲ ਚੰਗੇ ਨਿੱਜੀ ਤੁਆਲੁਕਾਤ ਕਾਇਮ ਕਰਨ ਵੱਲ ਉਚੇਚਾ ਧਿਆਨ ਵੀ ਦਿੱਤਾ ਹੈ। ਇਸੇ ਲਈ ਉਸ ਦੀ ਜਿੱਤ ਦੀ ਖ਼ਬਰ ਨਸ਼ਰ ਹੁੰਦਿਆਂ ਹੀ ਉਸ ਨੂੰ ਅਫ਼ਗਾਨ ਰਾਸ਼ਟਰਪਤੀ ਤੋਂ ਮੁਬਾਰਕਵਾਦੀ ਫ਼ੋਨ ਕਾਲ ਮਿਲੀ।
ਇਮਰਾਨ ਦੀ ਪਾਰਟੀ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਲਾਵਾ ਸੂਬਾ ਪੰਜਾਬ ਵਿੱਚ ਵੀ ਸਰਕਾਰ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਇਹ ਦੋਵੇਂ ਸੂਬੇ ਰਣਨੀਤਕ ਪੱਖੋਂ ਬਹੁਤ ਅਹਿਮ ਹਨ। ਦੋਵਾਂ ਵਿੱਚ ਉਸ ਲਈ ਵੰਗਾਰਾਂ ਵੀ ਬਹੁਤ ਹਨ। ਸੂਬਾ ਪੰਜਾਬ ਵਿੱਚ ਪਾਕਿਸਤਾਨ ਮੁਸਲਿਮ ਲੀਗ (ਐੱਨ) ਸਭ ਤੋਂ ਵੱਡੀ ਪਾਰਟੀ ਹੈ। ਉਹ ਇਮਰਾਨ ਵੱਲੋਂ ਥੋਪੇ ਗਏ ਮੁੱਖ ਮੰਤਰੀ ਦਾ ਜੀਵਨ ਦੁੱਭਰ ਕਰਨ ਵਿੱਚ ਕਸਰ ਬਾਕੀ ਨਹੀਂ ਛੱਡੇਗੀ।
ਭਾਰਤ ਨਾਲ ਸਬੰਧਾਂ ਨੂੰ ਹੋਰ ਨਾ ਵਿਗੜਨ ਦੇਣਾ ਵੱਖਰੀ ਚੁਣੌਤੀ ਹੈ। ਪਾਕਿਸਤਾਨੀ ਫ਼ੌਜ ਵਿੱਚ ਅਜਿਹੀ ਸੋਚ ਵਾਲਿਆਂ ਦੀ ਕਮੀ ਨਹੀਂ, ਜੋ ਮਹਿਸੂਸ ਕਰਦੇ ਹਨ ਕਿ ਬਲੋਚਿਸਤਾਨ, ਗਿਲਗਿਤ ਤੇ ਬਾਲਟਿਸਤਾਨ, ਅਤੇ ਕੁਝ ਹੱਦ ਤਕ ਖ਼ੈਬਰ-ਪਖ਼ਤੂਨਖ਼ਵਾ ਵਿੱਚ ਦਹਿਸ਼ਤੀ ਕਾਰਵਾਈਆਂ ਦਾ ਸੰਚਾਲਣ ਭਾਰਤ ਕਰਵਾਉਂਦਾ ਆ ਰਿਹਾ ਹੈ। ਭਾਰਤੀ ਅਧਿਕਾਰੀ ਅਜਿਹੇ ਦੋਸ਼ਾਂ ਨੂੰ ਸਿੱਧੇ ਤੌਰ ’ਤੇ ਰੱਦ ਕਰਦੇ ਹਨ। ਪਰ ਇੱਕ ਗੱਲ ਤਾਂ ਮੰਨਣਯੋਗ ਹੈ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਆਸ-ਪਾਸ ਉਸਾਰੀ ਅਮਲੇ ਜਾਂ ਸੁਰੱਖਿਆ ਅਮਲੇ ਉੱਤੇ ਹਮਲੇ ਕਿਸੇ ਨਾ ਕਿਸੇ ਬਾਹਰੀ ਏਜੰਸੀ ਦਾ ਕਾਰਾ ਹਨ। ਜਦੋਂ ਚੀਨੀ ਇੰਜਨੀਅਰ ਜਾਂ ਅਧਿਕਾਰੀ ਹਮਲਿਆਂ ਦੇ ਸ਼ਿਕਾਰ ਬਣਾਏ ਜਾ ਰਹੇ ਹੋਣ, ਉਦੋਂ ਅਜਿਹੇ ਸ਼ੱਕ ਦੀ ਗੁੰਜਾਇਸ਼ ਆਪਣੇ ਆਪ ਵਧ ਜਾਂਦੀ ਹੈ।
ਕਸ਼ਮੀਰ ਮਸਲਾ ਪਿਛਲੇ 70 ਸਾਲਾਂ ਤੋਂ ਭਾਰਤ-ਪਾਕਿਸਤਾਨ ਸਬੰਧਾਂ ਦੇ ਸੁਧਾਰ ਵਿੱਚ ਮੁੱਖ ਅੜਿੱਕਾ ਬਣਿਆ ਹੋਇਆ ਹੈ। ਇਹ ਹੁਣ ਵੀ ਬਰਕਰਾਰ ਹੈ। ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਬਾਜਵਾ ਨਿੱਜੀ ਤੌਰ ’ਤੇ ਇਹ ਰਾਇ ਕਈ ਵਾਰ ਪ੍ਰਗਟਾ ਚੁੱਕੇ ਹਨ ਕਿ ਉਹ ਭਾਰਤ ਨਾਲ ਸਬੰਧਾਂ ਵਿੱਚ ਸੁਧਾਰ ਚਾਹੁੰਦੇ ਹਨ। ਕਈ ਰੱਖਿਆ ਮਾਹਿਰ ਮੰਨਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਜਾਂ ਕੌਮਾਂਤਰੀ ਸਰਹੱਦ ਉੱਤੇ ਜੇਕਰ ਦੁਵੱਲੀ ਗੋਲਬਾਰੀ ਘਟੀ ਹੈ ਤਾਂ ਅਜਿਹਾ ਜਨਰਲ ਬਾਜਵਾ ਦੇ ਦਖ਼ਲ ਦੀ ਬਦੌਲਤ ਹੈ। ਉਨ੍ਹਾਂ ਨੇ ਪਾਕਿਸਤਾਨੀ ਡੀਜੀਐੱਮਓ ਨੂੰ ਹਦਾਇਤ ਕੀਤੀ ਹੋਈ ਹੈ ਕਿ ਦੁਵੱਲੀ ਗੋਲਾਬਾਰੀ ਦੀ ਕਿਸੇ ਵੀ ਗੰਭੀਰ ਘਟਨਾ ਤੋਂ ਬਾਅਦ ਭਾਰਤੀ ਡੀਜੀਐੱਮਓ ਨਾਲ ਰਾਬਤਾ ਜ਼ਰੂਰ ਬਣਾਇਆ ਜਾਵੇ। ਜੇਕਰ ਜਨਰਲ ਬਾਜਵਾ ਦੀ ਅਗਵਾਈ ਹੇਠਲੀ ਫ਼ੌਜੀ ਲੀਡਰਸ਼ਿਪ, ਇਮਰਾਨ ਦਾ ਸਾਥ ਦਿੰਦੀ ਹੈ ਤਾਂ ਨਵਾਂ ਪ੍ਰਧਾਨ ਮੰਤਰੀ, ਭਾਰਤ ਨਾਲ ਸਬੰਧ ਸੁਧਾਰਨ ਲਈ ਸੰਜੀਦਾ ਹੰਭਲਾ ਮਾਰ ਸਕਦਾ ਹੈ। ਉਂਜ, ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰਾਂ ਇਸ ਦਿਸ਼ਾ ਵਿੱਚ ਸੰਜੀਦਾ ਕੋਸ਼ਿਸ਼ਾਂ ਪਹਿਲਾਂ ਵੀ ਕਰਦੀਆਂ ਆਈਆਂ ਸਨ, ਪਰ ਫ਼ੌਜ ਵੱਲੋਂ ਇਨ੍ਹਾਂ ਕੋਸ਼ਿਸ਼ਾਂ ਦੀ ਹਮਾਇਤ ਨਾ ਕੀਤਾ ਜਾਣਾ ਹਮੇਸ਼ਾ ਵੱਡਾ ਰੇੜਕਾ ਬਣਿਆ ਰਿਹਾ।
ਅਮਰੀਕੀ ਲੀਡਰਸ਼ਿਪ ਨਾਲ ਸਬੰਧ ਸੁਧਾਰਨਾ ਪ੍ਰਧਾਨ ਮੰਤਰੀ ਇਮਰਾਨ ਲਈ ਇੱਕ ਹੋਰ ਵੱਡੀ ਵੰਗਾਰ ਹੋਵੇਗਾ। ਪਹਿਲਾਂ ਓਬਾਮਾ ਪ੍ਰਸ਼ਾਸਨ ਤੇ ਹੁਣ ਟਰੰਪ ਪ੍ਰਸ਼ਾਸਨ, ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਦੀ ਭੂਮਿਕਾ ਤੋਂ ਲਗਾਤਾਰ ਨਾਖੁਸ਼ ਰਹੇ ਹਨ। ਟਰੰਪ ਪ੍ਰਸ਼ਾਸਨ ਹਰ ਪਾਕਿਸਤਾਨੀ ਕਦਮ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਆਇਆ ਹੈ। ਇਮਰਾਨ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀਆਂ ਉੱਤੇ ਅਮਰੀਕਾ ਦੇ ‘ਚਮਚੇ’ ਹੋਣ ਵਰਗੇ ਦੋਸ਼ ਲਾਉਂਦਾ ਆਇਆ ਹੈ। ਜਨਤਕ ਪੱਧਰ ’ਤੇ ਵੀ ਉਸ ਦਾ ਰੁਖ਼ ਅਮਰੀਕਾ ਵਿਰੋਧੀ ਰਿਹਾ ਹੈ। ਹੁਣ ਉਹ ਆਪਣੇ ਹੀ ਰੁਖ਼ ਨੂੰ ਕਿਵੇਂ ਮੋੜਾ ਦਿੰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।
ਪਾਕਿਸਤਾਨ ਨੂੰ ਚੁਣੌਤੀਆਂ ਨਾ ਸਿਰਫ਼ ਬਾਹਰੋਂ ਹਨ ਸਗੋਂ ਗੰਭੀਰ ਆਰਥਿਕ ਸੰਕਟ ਦਾ ਵੀ ਸਾਹਮਣਾ ਹੈ। ਕੌਮੀ ਅਰਥਚਾਰਾ ਬਚਾਉਣ ਲਈ ਇਸਨੂੰ 10 ਅਰਬ ਡਾਲਰਾਂ ਦੀ ਫ਼ੌਰੀ ਤੌਰ ’ਤੇ ਲੋੜ ਹੈ। ਇਸਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਅੱਗੇ ਹੱਥ ਅੱਡਣੇ ਪੈਣਗੇ, ਪਰ ਉੱਥੋਂ ਪੂਰੀ ਮਦਦ ਮਿਲਣੀ ਨਾਮੁਮਕਿਨ ਹੈ। ਅਮਰੀਕਾ ਵੱਲੋਂ ਅੜਿੱਕਾ ਪਾਇਆ ਜਾਣਾ ਯਕੀਨੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੇ ਸਿਰ ਏਨਾ ਜ਼ਿਆਦਾ ਚੀਨੀ ਕਰਜ਼ਾ ਚੜ੍ਹਾਅ ਚੁੱਕਿਆ ਹੈ ਕਿ ਉਸ ਦੀਆਂ ਕਿਸ਼ਤਾਂ ਲਾਹੁਣ ਲਈ ਉਸ ਨੂੰ ਹੁਣ ਕੌਮਾਂਤਰੀ ਆਰਥਿਕ ਸਹਾਇਤਾ ਦੀ ਲੋੜ ਪੈ ਗਈ ਹੈ। ਕਰਜ਼ਾ ਦੇਣ ਤੋਂ ਪਹਿਲਾਂ ਆਈਐੱਮਐੱਫ ਕੌਮੀ ਖਰਚਿਆਂ ਵਿੱਚ ਕਿਫਾਇਤ ਦੀ ਸ਼ਰਤ ਲਾਉਂਦਾ ਹੈ। ਇਮਰਾਨ ਨੇ ਬਹੁਤ ਲੰਮੇ ਚੌੜੇ ਚੋਣ ਵਾਅਦੇ ਕੀਤੇ ਹੋਏ ਹਨ ਜਿਨ੍ਹਾਂ ਦੀ ਪੂਰਤੀ, ਆਈਐੱਮਐੱਫ ਨਾਲ ਟਕਰਾਅ ਪੈਦਾ ਕਰੇਗੀ। ਅਜਿਹੇ ਸਾਰੇ ਹਾਲਾਤ ਇਮਰਾਨ ਲਈ ਨਵੀਆਂ ਵੰਗਾਰਾਂ ਪੈਦਾ ਕਰਨ ਵਾਲੇ ਹਨ। ਇਨ੍ਹਾਂ ਨਾਲ ਸਿੱਝਣ ਦੀ ਕਲਾ ਹੀ ਇਹ ਦਰਸਾਏਗੀ ਕਿ ‘ਨਵੇਂ ਪਾਕਿਸਤਾਨ’ ਦੀ ਤਾਮੀਰ ਸੰਭਵ ਹੋਵੇਗੀ ਜਾਂ ਨਹੀਂ।
ਇਮਰਾਨ ਖ਼ਾਨ ਕਦੇ ਕਿਸੇ ਸਰਕਾਰੀ ਅਹੁਦੇ ’ਤੇ ਨਹੀਂ ਰਿਹਾ। ਇਸ ਲਈ ਉਸ ਨੂੰ ਇਹ ਕਾਹਲ ਹੋਵੇਗੀ ਕਿ ਉਹ ਆਪਣੇ ਵਾਅਦਿਆਂ ਨੂੰ ਛੇਤੀ ਅਮਲੀ ਰੂਪ ਦੇਵੇ। ਪਰ ਅਜਿਹਾ ਸੰਭਵ ਹੋਣਾ ਮੁਮਕਿਨ ਨਹੀਂ। ਸਰਕਾਰਾਂ ਕੋਲ ਕੋਈ ਅਲਾਦੀਨ ਦਾ ਚਿਰਾਗ਼ ਨਹੀਂ ਹੁੰਦਾ। ਉਨ੍ਹਾਂ ਨੂੰ ਮਾਲੀ ਸਾਧਨ ਜੁਟਾਉਣੇ ਪੈਂਦੇ ਹਨ ਅਤੇ ਅਜਿਹਾ ਕਰਦਿਆਂ ਕਈ ਵਾਰ ਵਰ੍ਹੇ ਲੱਗ ਜਾਂਦੇ ਹਨ। ਸਰਕਾਰ ਵਿੱਚ ਰਿਹਾ ਬੰਦਾ ਸਰਕਾਰੀ ਕੰਮ-ਕਾਜ ਦੀ ਤੋਰ ਤੇ ਤਰਜੀਹਾਂ ਤੋਂ ਵਾਕਫ਼ ਹੁੰਦਾ ਹੈ। ਉਹ ਵਾਅਦੇ ਕਰਨ ਲੱਗਿਆਂ ਇਹ ਜ਼ਰੂਰ ਸੋਚਦਾ ਹੈ ਕਿ ਇਨ੍ਹਾਂ ਨੂੰ ਲਾਰਿਆਂ ਦਾ ਰੂਪ ਧਾਰਨ ਤੋਂ ਰੋਕਣ ਲਈ ਉਸ ਨੂੰ ਕਿਹੜੇ ਕਿਹੜੇ ਉਪਾਅ ਕਰਨੇ ਪੈਣਗੇ। ਇਮਰਾਨ ਨੇ ਅਜਿਹਾ ਸੋਚਣਾ ਮੁਨਾਸਿਬ ਨਹੀਂ ਸਮਝਿਆ। ਉਸ ਨੇ ਆਸਮਾਨ ਤੋਂ ਤਾਰੇ ਤੋੜ ਲਿਆਉਣ ਵਰਗੇ ਵਾਅਦੇ ਤਾਂ ਕਰ ਦਿੱਤੇ, ਅਸਲ ਚੈਲੰਜ ਤਾਂ ਉਨ੍ਹਾਂ ਨੂੰ ਪੂਰਾ ਕਰਨ ਦਾ ਹੋਵੇਗਾ। ਇੱਥੇ ਹੀ ਉਸ ਦਾ ਵੱਕਾਰ ਦਾਅ ’ਤੇ ਲੱਗੇਗਾ। ਉਸ ਨੂੰ ਸੱਚ ਬੋਲਣ ਦੀ ਕਲਾ ਵੀ ਅਪਨਾਉਣੀ ਪਵੇਗੀ ਅਤੇ ਝੂਠ ਬੋਲਣ ਦੀ ਵੀ। ਇਨ੍ਹਾਂ ਦਾ ਤਵਾਜ਼ਨ ਬਿਠਾਉਣਾ ਵੀ ਉਸ ਲਈ ਵੱਡੀ ਅਜ਼ਮਾਇਸ਼ ਸਾਬਤ ਹੋਵੇਗਾ। (‘ਐਕਸਪ੍ਰੈਸ ਟ੍ਰਿਬਿਊਨ’, ਇਸਲਾਮਾਬਾਦ ’ਚੋਂ)
* ਲੇਖਕ ਉੱਘਾ ਪਾਕਿਸਤਾਨੀ ਕਾਲਮਨਵੀਸ ਹੈ।


Comments Off on ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.