ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

Posted On August - 17 - 2018

ਪਿਛਲੀਆਂ ਦੋ ਕਿਸ਼ਤਾਂ ਵਿੱਚ ਸਾਧਾਰਨ ਵਸਤਾਂ ਤੋਂ ਨਸ਼ੇ ਲੈਣ ਦੇ ਬਿਰਤੀ ਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਅਤੇ ਨਸ਼ਿਆਂ ਵਿੱਚ ਮਿਲਾਵਟ ਨਾਲ ਜੁੜੇ ਜਾਨਲੇਵਾ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਹੁਣ ਤੀਜੀ ਤੇ ਆਖ਼ਰੀ ਕਿਸ਼ਤ ਵਿੱਚ ਵੀ ਨਸ਼ਿਆਂ ਤੇ ਦਵਾਈਆਂ ਦੀ ਮਿਲਾਵਟ ਨਾਲ ਜੁੜੇ ਖ਼ਤਰਿਆਂ ਨੂੰ ਪਾਠਕਾਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ:
ਕੋਕੀਨ ਵਿੱਚ ਫੈਂਟਾਨਿਲ: ਨਿਊ ਯਾਰਕ ਸਿਹਤ ਵਿਭਾਗ ਲਗਾਤਾਰ ਜੂਨ 2017 ਤੋਂ ‘ਵਾਰਨਿੰਗ’ ਤੋਂ ਅਲਰਟ ਜਾਰੀ ਕਰ ਚੁੱਕਿਆ ਹੈ ਕਿ ਹੁਣ ਕੋਕੀਨ ਦੇ ਵਿੱਚ ਫੈਂਟਾਨਿਲ ਮਿਲਿਆ ਨਸ਼ਾ ਦੁਨੀਆਂ ਭਰ ਵਿੱਚ ਵੇਚਿਆ ਜਾ ਰਿਹਾ ਹੈ। ਪਹਿਲਾਂ ਫੈਂਟਾਨਿਲ ਹੈਰੋਇਨ ਵਿੱਚ ਪਾ ਕੇ ਵੇਚੀ ਜਾ ਰਹੀ ਸੀ, ਜਿਸ ਨਾਲ ਅਨੇਕਾਂ ਮੌਤਾਂ ਹੋ ਗਈਆਂ ਤੇ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਵੀ ਤੈਅ ਕਰ ਦਿੱਤੀਆਂ ਗਈਆਂ। ਸਖ਼ਤੀ ਕਾਰਨ ਨਸ਼ਾ ਬਣਾਉਣ ਤੇ ਵੇਚਣ ਵਾਲਿਆਂ ਨੇ ਹੈਰੋਇਨ ਦੀ ਥਾਂ ਕੋਕੀਨ ਵਿੱਚ ਫੈਂਟਾਨਿਲ ਮਿਲਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ। 2016 ਵਿਚਲੀਆਂ 37 ਫੀਸਦੀ ਮੌਤਾਂ ਫੈਂਟਾਨਿਲ ਕਾਰਨ ਹੋਈਆਂ ਸਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਉਮਰ ਕੈਦ ਵੀ ਦਿੱਤੀ ਗਈ ਸੀ। ਸਾਲ 2015 ਨਾਲੋਂ 2016 ਵਿੱਚ ਇਹ ਵਾਧਾ 11 ਫੀਸਦੀ ਹੋਇਆ ਸੀ ਜਦਕਿ ਹੁਣ 52 ਫੀਸਦੀ ਹੋ ਚੁੱਕਿਆ ਹੈ। ਨਿਊ ਯਾਰਕ ਵਿੱਚ 2017 ਵਿੱਚ 1300 ਮੌਤਾਂ ਫੈਂਟਾਨਿਲ ਵਾਲੀ ਨਾਲ ਕੋਕੀਨ ਨਾਲ ਹੋਈਆਂ ਜੋ ਗਿਣਤੀ 44 ਫੀਸਦੀ ਤੱਕ ਪਹੁੰਚ ਗਈ ਦੱਸੀ ਸੀ। ਉੱਥੇ ਸਖ਼ਤਾਈ ਹੋਣ ਬਾਅਦ ਹੁਣ ਇਹ ਨਸ਼ਾ ਦੁਨੀਆਂ ਦੇ ਬਾਕੀ ਹਿੱਸਿਆਂ ਵੱਲ ਧੱਕ ਦਿੱਤਾ ਗਿਆ ਹੈ।
ਸਿੰਥੈਟਿਕ ਅਫੀਮ: ‘ਗਰੇ ਡੈੱਥ’ ਨਾਂ ਹੇਠ ਵਿਕ ਰਹੀ ਸਿੰਥੈਟਿਕ ਅਫੀਮ ਛੋਟੇ ਜਿਹੇ ਪੱਥਰ ਜਾਂ ਪਾਊਡਰ ਦੀ ਸ਼ਕਲ ਵਿੱਚ ਮਿਲਦੀ ਹੈ। ਇਹ ਹੈਰੋਇਨ ਤੋਂ ਕਈ ਗੁਣਾ ਜ਼ਿਆਦਾ ਅਸਰ ਦਿਖਾਉਂਦੀ ਹੈ। ਅਫ਼ਗਾਨਿਸਤਾਨ ਵਿੱਚ ਇਸ ਵਿੱਚ ਕਈ ਤਰ੍ਹਾਂ ਦੇ ਰਲੇਵੇਂ ਕੀਤੇ ਜਾਂਦੇ ਹਨ। ਵੱਖ ਵੱਖ ਵਪਾਰੀ ਇਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਰਲਾ ਦਿੰਦੇ ਹਨ। ਜਿਸ ਨਾਲ ਅਲੱਗ ਤਰ੍ਹਾਂ ਦਾ ਨਸ਼ੇ ਚੜ੍ਹੇ। ਇਹ ਟੀਕਿਆਂ ਰਾਹੀਂ, ਗੋਲੀ, ਸੁੰਘਣ ਵਾਲਾ ਪਾਊਡਰ ਜਾਂ ਸਿਗਰਟ ਵਿੱਚ ਪਾ ਕੇ ਲਿਆ ਜਾਂਦਾ ਹੈ। ਹੁਣ ਤੱਕ ਲੈਬਾਰਟਰੀਆਂ ਵਿੱਚ ਤਿੰਨ ਕਿਸਮ ਦੇ ਰਲੇਵੇਂ ਲੱਭੇ ਜਾ ਚੁੱਕੇ ਹਨ- ਯੂ 47700, ਹੈਰੋਇਨ ਤੇ ਫੈਂਟਾਨਿਲ।
ਗੁਲਾਬੋ: ਗੁਲਾਬੀ (ਪਿੰਕ) ਜਾਂ ਗੁਲਾਬੋ ਦੇ ਨਾਂ ਨਾਲ ਮਸ਼ਹੂਰ ਨਸ਼ੇ ਨਾਲ 2016 ਵਿੱਚ ਅਮਰੀਕਾ ਵਿੱਚ 50 ਮੌਤਾਂ ਹੋਈਆਂ। ਪਾਬੰਦੀ ਲੱਗਣ ਤੋਂ ਬਾਅਦ ਇਹ ਨਸ਼ਾ ਹੁਣ ਦੁਨੀਆਂ ਦੇ ਬਾਕੀ ਹਿੱਸਿਆਂ ਵਿੱਚ ਵੇਚਿਆ ਜਾਣ ਲੱਗ ਪਿਆ ਹੈ। 2017 ਵਿੱਚ ਨਿਊ ਯਾਰਕ ਵਿੱਚ 31 ਤੇ ਅਮਰੀਕੀ ਸੂਬੇ ਨੌਰਥ ਕੈਰੋਲਾਈਨਾ ਵਿੱਚ 10 ਨੌਜਵਾਨ ਮੌਤਾਂ ਇਸੇ ਨਸ਼ੇ ਕਰਕੇ ਹੋਈਆਂ। ਪਾਊਡਰ ਤੇ ਗੋਲੀਆਂ ਦੀ ਸ਼ਕਲ ਵਿੱਚ ਵੇਚਿਆ ਜਾ ਰਿਹਾ ਇਹ ਨਸ਼ਾ ਬਿਲਕੁਲ ਸਿਰ ਪੀੜ ਦੀ ਦਵਾਈ ਨਾਲ ਮਿਲਦਾ-ਜੁਲਦਾ ਹੈ। ਦਵਾਈ ਦੇ ਤੌਰ ‘ਤੇ ਵਰਤੀ ਜਾਂਦੀ ਅਫ਼ੀਮ ਦੀ ਸ਼ਕਲ ਬਣਾ ਕੇ ਹੁਣ ਇਹ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ। ਓਕਸੀਕੋਡੋਨ ਵਰਗੀ ਸ਼ਕਲ ਬਣਾ ਕੇ ਦਵਾਈਆਂ ਦੀਆਂ ਦੁਕਾਨਾਂ ਉਤੇ ਵੀ ਰਖਵਾ ਦਿੱਤਾ ਗਿਆ ਹੈ। ਗੁਲਾਬੋ ਮੌਰਫ਼ੀਨ ਤੋਂ ਪੰਜਾਹ ਗੁਣਾ ਵੱਧ ਨਸ਼ਾ ਕਰਦੀ ਹੈ। ਚੀਨ ਵਿੱਚੋਂ ਅਮਰੀਕਾ ਵਿੱਚ ਪਹੁੰਚਾਇਆ ਜਾ ਰਿਹਾ ਨਸ਼ਾ ਹੁਣ ਹੈਰੋਇਨ ਤੇ ਫੈਂਟਾਨਿਲ ਮਿਲਾ ਕੇ ਵੇਚਿਆ ਜਾਣ ਲੱਗ ਪਿਆ ਹੈ, ਜਿਸ ਕਰਕੇ ਮੌਤਾਂ ਵਿੱਚ ਵਾਧਾ ਹੋ ਗਿਆ ਹੈ।
ਕਾਰਫੈਂਟਾਨਿਲ: ਅਮਰੀਕੀ ਡਰੱਗ ਐਨਫੋਰਸਮੈਂਟ ਐਡਮਨਿਸਟਰੇਸ਼ਨ (ਡੀਏਏ) ਵੱਲੋਂ ਜਾਰੀ ਕੀਤੀ ਚਿਤਾਵਨੀ ਸਪਸ਼ਟ ਕਰਦੀ ਹੈ ਕਿ ਇਹ ਨਸ਼ਾ ਮਨੁੱਖੀ ਵਰਤੋਂ ਲਈ ਨਹੀਂ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਸਾਬਤ ਹੋ ਚੁੱਕਿਆ ਹੈ। ਮੌਰਫ਼ੀਨ ਨਾਲੋਂ 10,000 ਗੁਣਾ ਵੱਧ ਤੇਜ਼ ਇਸ ਨਸ਼ੇ ਦੀ ਵਰਤੋਂ ਨਾਲ ਦੁਨੀਆਂ ਭਰ ਵਿੱਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। ਕਾਰਫੈਂਟਾਨਿਲ ਸਿਰਫ਼ ਜਾਨਵਰਾਂ ਖਾਸ ਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਿਆ ਜਾਂਦਾ ਹੈ।
ਫਲੋਰਿਡਾ ਦੇ ਮੈਡੀਕਲ ਰਿਸਰਚ ਲੈਬਾਰਟਰੀ ਨੇ ‘ਵਾਰਨਿੰਗ’ ਜਾਰੀ ਕਰਦਿਆਂ ਦੱਸਿਆ ਹੈ ਕਿ ਨਸ਼ੇ ਦੇ ਵਪਾਰੀਆਂ ਨੇ ਕਾਰਫੈਂਟਾਨਿਲ ਵਿੱਚ ਹੈਰੋਇਨ ਤੇ ਅਫ਼ੀਮ ਮਿਲਾ ਕੇ ਨਸ਼ੇੜੀਆਂ ਨੂੰ ਸੜਕਾਂ ਉੱਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਫੈਂਟਾਨਿਲ ਵਿਚਲੀ ਮਿਲਾਵਟ: ਹੈਲਥ ਅਲਰਟ ਨੈੱਟਵਰਕ ਰਾਹੀਂ ਇਹ ਜਾਣਕਾਰੀ ਦੁਨੀਆਂ ਭਰ ਵਿੱਚ ਪਹੁੰਚਾਈ ਗਈ ਹੈ ਕਿ ਫੈਂਟਾਨਿਲ, ਜੋ ਬੇਹੋਸ਼ੀ ਦੀ ਦਵਾਈ ਹੈ ਅਤੇ ਹੈਰੋਇਨ ਤੋਂ 50 ਗੁਣਾ ਤੇਜ਼ ਹੈ, ਵਿੱਚ ਹੈਰੋਇਨ ਮਿਲਾ ਕੇ ਅਮਰੀਕੀ ਸੂਬਿਆਂ ਇੰਡੀਆਨਾ ਤੇ ਓਹਾਈਓ ਅਤੇ ਭਾਰਤ ਵਿੱਚ ਵੇਚੀ ਜਾ ਰਹੀ ਹੈ। ਫੈਂਟਾਨਿਲ ਨਾਲ ਖ਼ੁਰਕ, ਜੀਅ ਕੱਚਾ ਹੋਣਾ, ਉਲਟੀਆਂ, ਸਾਹ ਰੁਕਣਾ, ਮੌਤ ਹੋਣੀ ਆਦਿ ਲੱਛਣ ਦੇਖੇ ਗਏ ਹਨ। ਜੇ ਇਸ ਵਿੱਚ ਹੋਰ ਨਸ਼ਿਆਂ ਦੀ ਮਿਲਾਵਟ ਹੋ ਜਾਏ ਤਾਂ ਓਵਰਡੋਜ ਨਾਲ ਮੌਤ ਤਕਰੀਬਨ ਯਕੀਨੀ ਹੋ ਜਾਂਦੀ ਹੈ। ਇਸ ਨਾਲ ਮੂੰਹ ਵਿੱਚੋਂ ਝੱਗ ਨਿਕਲਣੀ ਤੇ ਦੌਰੇ ਪੈਂਦੇ ਵੀ ਦੇਖੇ ਗਏ ਹਨ। ਆਮ ਦਵਾਈਆਂ ਦੀਆਂ ਦੁਕਾਨਾਂ ਉੱਤੇ ਫੈਂਟਾਨਿਲ ਨੂੰ ਪੀੜ ਘਟਾਉਣ ਦੀ ਦਵਾਈ ਕਹਿ ਕੇ ਜਾਂ ਸੌਣ ਦੀ ਦਵਾਈ ਕਹਿ ਕੇ ਵੇਚਿਆ ਜਾ ਰਿਹਾ ਹੈ।
ਲੋਪੈਰਾਮਾਈਡ: ਟੱਟੀਆਂ ਰੋਕਣ ਲਈ ਵਰਤੀ ਜਾਂਦੀ ਇਹ ਦਵਾਈ ਆਈਮੋਡੀਅਮ, ਮਾਲੋਕਸ, ਕੇਓਪੈਕਟੇਟ ਨਾਂ ਹੇਠ ਦਵਾਈਆਂ ਦੀਆਂ ਦੁਕਾਨਾਂ ਤੋਂ ਆਮ ਖਰੀਦ ਕੇ ਵਰਤੀ ਜਾਂਦੀ ਹੈ। ਗੋਲੀ, ਕੈਪਸੂਲ ਤੇ ਪੀਣ ਦੀ ਦਵਾਈ ਦੀ ਸ਼ਕਲ ਵਿੱਚ ਇਹ ਮਿਲਦੀ ਹੈ। ਨਸ਼ਾ ਕਰਨ ਵਾਲੇ ਇਸ ਦੀ ਚਾਰ ਗੁਣਾ ਮਾਤਰਾ ਵਰਤ ਕੇ ‘ਹਾਈ’ ਮਹਿਸੂਸ ਕਰ ਲੈਂਦੇ ਹਨ। ਇਸੇ ਲਈ ਇਸ ਦਾ ਨਾਂ ਆਮ ਤੌਰ ਉੱਤੇ ‘ਹਵਾ ਹਵਾਈ’ ਹੀ ਕਹਿ ਕੇ ਹੋਸਟਲਾਂ ਦੇ ਬੱਚੇ ਵਰਤ ਰਹੇ ਹਨ। ਵਾਧੂ ਮਾਤਰਾ ਵਿੱਚ ਵਰਤਣ ਨਾਲ ਬੇਹੋਸ਼ੀ, ਕਬਜ਼, ਢਿੱਡ ਪੀੜ, ਧੜਕਣ ਵਧਣੀ, ਦਿਲ ਦਾ ਧੜਕਣਾ ਰੁਕ ਜਾਣਾ, ਪੁਤਲੀ ਦਾ ਫੈਲਣਾ, ਗੁਰਦੇ ਫੇਲ੍ਹ ਹੋਣੇ, ਪਿਸ਼ਾਬ ਬੰਦ ਹੋ ਜਾਣਾ, ਘਬਰਾਹਟ, ਉਲਟੀਆਂ ਆਦਿ ਦੇਖਣ ਵਿੱਚ ਆਉਂਦੇ ਹਨ।
ਮੋਜੋ, ਕਲਾਊਡ 9, ਭੰਗ ਮਿਸ਼ਰਨ: ਇਨ੍ਹਾਂ ਨੂੰ ਡਿਜ਼ਾਈਨਰ ਡਰੱਗਜ਼ ਨਾਂ ਦਿੱਤਾ ਗਿਆ ਹੈ। ‘ਸਿੰਥੈਟਿਕ ਪੌਟ’ ਜਾਂ ‘ਸਿੰਥੈਟਿਕ ਮੇਰੀਹੂਆਨਾ’ ਦੇ ਨਾਂ ਹੇਠ ਵਿਕਣ ਵਾਲੇ ਨਸ਼ੇ ਕਈ ਵਾਰ ‘ਸਕੂਬੀ ਸਨੈਕਸ’, ‘ਕਰਾਊਨ’, ‘ਰਿਲੈਕਸ’ ਕਹਿ ਕੇ ਹੁੱਕਾ ਪੈੱਨ, ਈ-ਸਿਗਰਟ ਜਾਂ ਅੱਖਾਂ ਵਿੱਚ ਪਾਉਣ ਵਾਲੇ ਆਈਡਰਾਪਸ ਦੀ ਸ਼ਕਲ ਵਿੱਚ ਵੇਚੇ ਜਾਂਦੇ ਹਨ। ਇਹ ਨਸ਼ਾ ਇਸ ਲਈ ‘ਬੈਨ’ ਕੀਤਾ ਗਿਆ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਘਬਰਾਹਟ, ਲੜਾਈ, ਮਾਰ-ਕੁਟਾਈ, ਕਤਲ ਕਰਨਾ, ਧੜਕਣ ਦਾ ਵਧਣਾ, ਬਲੱਡ ਪ੍ਰੈਸ਼ਰ ਵਧਣਾ, ਉਲਟੀਆਂ, ਪੱਠਿਆਂ ਵਿੱਚ ਖਿੱਚ, ਦੌਰੇ ਪੈਣੇ, ਖੁਦਕੁਸ਼ੀ ਕਰਨੀ, ਮਨੋ-ਭਰਮ ਪਾਲਣਾ, ਹਮਲਾ ਕਰਨਾ, ਮਨੋਰੋਗੀ ਹੋਣਾ, ਮਾੜੇ ਸੁਫਨੇ ਆਉਣੇ ਆਦਿ ਅਨੇਕ ਮਾੜੇ ਲੱਛਣ ਦਿਸਣ ਲੱਗ ਪਏ ਸਨ ਤੇ ਜੁਰਮਾਂ ਵਿੱਚ ਕਈ ਗੁਣਾ ਵਾਧਾ ਹੋ ਗਿਆ ਸੀ।
ਨਸ਼ਿਆਂ ਦਾ ਕਾਰੋਬਾਰ ਤੇ ਸੇਵਨ ਪੂਰੀ ਦੁਨੀਆਂ ਵਿੱਚ ਹੈ ਅਤੇ ਅਮਰੀਕੀ ਮਹਾਂਦੀਪਾਂ ਦੇ ਮੁਲਕ ਇਸ ਦੀ ਵੱਧ ਗ੍ਰਿਫਤ ਵਿੱਚ ਹਨ, ਪਰ ਜਿਸ ਤਰ੍ਹਾਂ ਇਹ ਕਾਰੋਬਾਰ ਭਾਰਤ ਵਿੱਚ ਫੈਲ ਰਿਹਾ ਹੈ, ਉਹ ਜਵਾਨੀਆਂ ਗਲਣ ਵਾਂਗ ਹੈ। ਇਸ ਵਬਾਅ ‘ਤੇ ਕਾਬੂ ਪਾਉਣੀ ਹਰ ਹਾਲ ਜ਼ਰੂਰੀ ਹੈ। (ਸਮਾਪਤ)
ਸੰਪਰਕ: 0175-2216783


Comments Off on ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.