ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕੀ ਹਨ ਵਾਤਾਵਰਨ ਪੱਖੀ ਇਮਾਰਤਾਂ?

Posted On August - 4 - 2018

ਡਾ. ਰਮਨਦੀਪ ਸਿੰਘ ਬਰਾੜ

ਸਾਰੇ ਸੰਸਾਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਇਮਾਰਤਾਂ ਨੇ ਬਹੁਤ ਜ਼ਿਆਦਾ ਜ਼ਮੀਨ ਘੇਰੀ ਹੋਈ ਹੈ। ਇਨ੍ਹਾਂ ਇਮਾਰਤਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਅਤੇ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਇਨ੍ਹਾਂ ਇਮਾਰਤਾਂ ਵੱਲੋਂ ਖਪਤ ਕੀਤੇ ਜਾ ਰਹੇ ਕੁਦਰਤੀ ਸਰੋਤਾਂ ਅਤੇ ਪੈਦਾ ਕੀਤੇ ਜਾ ਰਹੇ ਫੋਕਟ ਪਦਾਰਥ, ਪ੍ਰਦੂਸ਼ਣ ਆਦਿ ਆਉਣ ਵਾਲੇ ਸਮੇਂ ਲਈ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਚੁੱਕੇ ਹਨ। ਵਾਤਾਵਰਨ ਪੱਖੀ ਇਮਾਰਤ (ਗ੍ਰੀਨ ਬਿਲਡਿੰਗ) ਧਾਰਨਾ ਦੀ ਸ਼ੁਰੂਆਤ ਅਮਰੀਕਾ ਵਿੱਚ ਵਾਤਾਵਰਨ ਦਬਾਅ ਘਟਾਉਣ ਦੇ ਮਨਸ਼ੇ ਨਾਲ ਕੀਤੀ ਗਈ ਸੀ।
ਵਾਤਾਵਰਨ ਪੱਖੀ ਇਮਾਰਤ ਤੋਂ ਭਾਵ ਕਿਸੇ ਵੀ ਉਸ ਇਮਾਰਤ ਤੋਂ ਹੈ ਜਿਸਦੀ ਵਿਲੱਖਣ ਬਣਾਵਟ, ਉਸਾਰੀ ਅਤੇ ਕੰਮਕਾਜ ਨਾਲ ਵਾਤਾਵਰਨ ਉੱਤੇ ਘੱਟ ਤੋਂ ਘੱਟ ਬੁਰਾ ਪ੍ਰਭਾਵ ਪੈਂਦਾ ਹੋਵੇ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੋਵੇ। ਜੇਕਰ ਕਿਸੇ ਇਮਾਰਤ ਵਿੱਚ ਕੁਝ ਖ਼ਾਸ ਗੁਣ ਹੋਣ ਤਾਂ ਹੀ ਉਸਨੂੰ ਵਾਤਾਵਰਨ ਪੱਖੀ ਇਮਾਰਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦਾ ਸਭ ਤੋਂ ਅਹਿਮ ਗੁਣ ਊਰਜਾ, ਪਾਣੀ ਅਤੇ ਕੁਦਰਤੀ ਸੋਮਿਆਂ ਦੀ ਯੋਗ ਵਰਤੋਂ ਤੋਂ ਹੈ। ਇਨ੍ਹਾਂ ਇਮਾਰਤਾਂ ਵਿੱਚ ਨਵਿਆਉਣਯੋਗ ਊਰਜਾ ਜਿਵੇਂ ਸੌਰ ਊਰਜਾ ਆਦਿ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਇਮਾਰਤਾਂ ਤੋਂ ਘੱਟ ਤੋਂ ਘੱਟ ਫੋਕਟ ਪਦਾਰਥ ਬਾਹਰ ਨਿਕਲਦੇ ਹਨ। ਅਜਿਹੇ ਫੋਕਟ ਪਦਾਰਥਾਂ ਦੀ ਮੁੜ ਵਰਤੋਂ ਅਤੇ ਨਵੀਨੀਕਰਨ ਕੀਤਾ ਜਾ ਸਕਦਾ ਹੈ ਜਿਸ ਨਾਲ ਵਾਤਾਵਰਨ ’ਤੇ ਨਾਂਹ ਪੱਖੀ ਅਸਰ ਘੱਟ ਹੁੰਦਾ ਹੈ।
ਵਾਤਾਵਰਨ ਪੱਖੀ ਇਮਾਰਤ ਬਣਾਉਣ ਹਿੱਤ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਅਮਲ ਵਿੱਚ ਲਿਆਂਦੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਪਥਰਾਟੀ ਬਾਲਣਾਂ ਤੇ ਪੌਦਿਆਂ ਅਤੇ ਦਰੱਖਤਾਂ ਰਾਹੀਂ ਕੁਦਰਤੀ ਠੰਢਕ ਪੈਦਾ ਕਰਨਾ, ਵਰਖਾ ਦੇ ਪਾਣੀ ਦੀ ਸਾਂਭ ਸੰਭਾਲ, ਫੋਕਟ ਪਦਾਰਥਾਂ ਦੀ ਪੈਦਾਵਾਰ ਨੂੰ ਘਟਾਉਣਾ ਆਦਿ ਸ਼ਾਮਲ ਹਨ। ਇਮਾਰਤ ਦੀ ਬਣਾਵਟ ਸਮੇਂ ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੋਵੇ ਜੋ ਵਾਤਾਵਰਨ ਨੂੰ ਪਲੀਤ ਨਾ ਕਰਦੇ ਹੋਣ, ਬਣਾਵਟ ਵਿੱਚ ਵੱਖ ਵੱਖ ਕੁਦਰਤੀ ਸੋਮਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਮਾਰਤ ਵਿੱਚ ਸੂਰਜੀ ਰੌਸ਼ਨੀ ਪਹੁੰਚਣ ਦਾ ਇੰਤਜ਼ਾਮ ਹੋਵੇ ਤਾਂ ਜੋ ਬਿਜਲੀ ਦੀ ਖਪਤ ਘੱਟ ਤੋਂ ਘੱਟ ਹੋਵੇ। ਅੱਜਕੱਲ੍ਹ ਸੰਸਾਰ ਵਿੱਚ ਵਾਤਾਵਰਨ ਨਾਲ ਸਬੰਧਿਤ ਵੱਖ ਵੱਖ ਸਮੱਸਿਆਵਾਂ ਜਿਵੇਂ ਆਲਮੀ ਤਪਸ਼, ਓਜ਼ੋਨ ਛੇਕ, ਸਮੁੰਦਰੀ ਸਤ੍ਹਾ ਦਾ ਉੱਚਾ ਉੱਠਣਾ ਆਦਿ ਸਾਹਮਣੇ ਆ ਚੁੱਕੀਆਂ ਹਨ। ਇਹ ਸਮੱਸਿਆਵਾਂ ਵੱਖ ਵੱਖ ਤਰੀਕਿਆਂ ਨਾਲ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਨਾਲ ਆਰਥਿਕ ਵਿਕਾਸ ਦੀ ਗਤੀ ਹੌਲੀ ਹੋ ਜਾਂਦੀ ਹੈ। ਵਾਤਾਵਰਨ ਪੱਖੀ ਇਮਾਰਤਾਂ ਅਜਿਹੀਆਂ ਸਮੱਸਿਆਵਾਂ ਦੇ ਟਾਕਰੇ ਲਈ ਢੁਕਵਾਂ ਉਪਰਾਲਾ ਹੋ ਸਕਦੀਆਂ ਹਨ। ਇਨ੍ਹਾਂ ਇਮਾਰਤਾਂ ਵਿੱਚ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਹੈ ਅਤੇ ਫੋਕਟ ਪਾਣੀ ਦਾ ਸ਼ੁੱਧੀਕਰਨ ਕਰਕੇ ਹੋਰਨਾਂ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸਤੋਂ ਇਲਾਵਾ ਵਰਖਾ ਦੇ ਪਾਣੀ ਦਾ ਵੀ ਸੁਰੱਖਿਅਤ ਭੰਡਾਰਨ ਕਰਕੇ ਜ਼ਮੀਨ ਹੇਠ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਵਧੀਆ ਵਾਤਾਵਰਨ ਪੱਖੀ ਪ੍ਰਬੰਧਾਂ ਰਾਹੀਂ ਆਉਂਦੀ ਸ਼ੁੱਧ ਹਵਾ, ਹਾਨੀਕਾਰਕ ਗੈਸਾਂ ਅਤੇ ਹੋਰ ਪਦਾਰਥਾਂ ਤੋਂ ਪਰਹੇਜ਼, ਸੂਰਜੀ ਰੌਸ਼ਨੀ ਦੀ ਵਰਤੋਂ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਵਾਲੇ ਇੰਤਜ਼ਾਮਾਂ ਸਦਕਾ ਜਨ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਲਗਾਤਾਰ ਵੱਧ ਰਹੇ ਪ੍ਰਦੂਸ਼ਣ ਸਦਕਾ ਆਉਣ ਵਾਲਾ ਸਮਾਂ ਵਾਤਾਵਰਨ ਦੇ ਪੱਖ ਤੋਂ ਬਹੁਤ ਚੁਣੌਤੀਪੂਰਨ ਹੈ। ਅਜਿਹੀ ਹਾਲਤ ਵਿੱਚ ਸਾਨੂੰ ਵੱਧ ਤੋਂ ਵੱਧ ਇਮਾਰਤਾਂ ਨੂੰ ਵਾਤਾਵਰਨ ਪੱਖੀ ਇਮਾਰਤਾਂ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਅਸੀਂ ਆਪਣੇ ਘਰ ਵਿੱਚ ਫੋਕਟ ਪਦਾਰਥਾਂ ਦੀ ਪੈਦਾਵਾਰ ਘਟਾ ਕੇ ਅਤੇ ਖਾਲੀ ਥਾਵਾਂ ਵਿੱਚ ਦਰੱਖਤ ਅਤੇ ਬੂਟੇ ਲਗਾ ਕੇ ਕਰ ਸਕਦੇ ਹਾਂ। ਸਾਨੂੰ ਸਾਰੇ ਪਥਰਾਟੀ ਬਾਲਣਾਂ ਜਿਵੇਂ ਪੈਟਰੋਲ, ਡੀਜ਼ਲ, ਗੈਸ ਅਤੇ ਬਿਜਲੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਵੀ ਵਾਤਾਵਰਨ ਸੰਭਾਲਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਸਕੀਏ।.


Comments Off on ਕੀ ਹਨ ਵਾਤਾਵਰਨ ਪੱਖੀ ਇਮਾਰਤਾਂ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.