ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?

Posted On August - 8 - 2018

ਕੇ.ਸੀ. ਸਿੰਘ*

ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੀ ਜਿੱਤ ਤੋਂ ਕਿਸੇ ਨੂੰ ਬਹੁਤੀ ਹੈਰਾਨੀ ਨਹੀਂ ਹੋਈ। ਆਖ਼ਿਰਕਾਰ, ਫ਼ੌਜ ਤੇ ਨਿਆਂਪਾਲਿਕਾ ਦੀ ਰਜ਼ਾਮੰਦੀ ਪਹਿਲਾਂ ਹੀ ਉਹਦੇ ਲਈ ਮੈਦਾਨ ਤਿਆਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਅੱਗੇ ਵਧਣ ਤੋਂ ਰੋਕਣ ਲਈ ਜ਼ਿਆ ਉਲ-ਹੱਕ ਦੇ ਜੁੱਗ ਦੌਰਾਨ ਪਾਕਿਸਤਾਨੀ ਸੰਵਿਧਾਨ ‘ਚ ਜੋੜੀ ਗਈ ਉਸ ਧਾਰਾ ਦੀ ਵਰਤੋਂ ਕੀਤੀ ਕਿ ਜਿਹੜੇ ਆਗੂ ‘ਸਾਦਿਕ’ ਅਤੇ ‘ਅਮੀਨ’ (ਭਾਵ ਜੋ ਦਿਆਨਤਦਾਰ ਤੇ ਈਮਾਨਦਾਰ) ਨਹੀਂ, ਉਨ੍ਹਾਂ ਨੂੰ ਅਸੈਂਬਲੀ ਦੀ ਮੈਂਬਰੀ ‘ਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ। ਇਸੇ ਲਈ ਕੌਮੀ ਜਵਾਬਦੇਹੀ ਬਿਓਰੋ ਨੇ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਸਜ਼ਾ ਸੁਣਾ ਕੇ ਜੇਲ੍ਹ ਡੱਕ ਦਿੱਤਾ ਅਤੇ ਲੰਡਨ ‘ਚ ਜਾਇਦਾਦਾਂ ਖ਼ਰੀਦਣ ਬਦਲੇ ਉਨ੍ਹਾਂ ‘ਤੇ ਭਾਰੀ ਜੁਰਮਾਨੇ ਵੀ ਲਾ ਦਿੱਤੇ।
ਫ਼ੌਜ ਨੇ ਇਹ ਸ਼ਾਇਦ ਸੋਚਿਆ ਨਹੀਂ ਹੋਵੇਗਾ ਕਿ ਪਿਓ-ਧੀ ਆਪਣੀ ਗ੍ਰਿਫ਼ਤਾਰੀ ਦੇਣ ਲਈ ਵਤਨ ਪਰਤ ਆਉਣਗੇ। ਇਸ ਨਾਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਆਗੂਆਂ ਤੇ ਕਾਰਕੁਨਾਂ ਨੂੰ ਵੱਡੀ ਹੱਲਾਸ਼ੇਰੀ ਮਿਲੀ, ਇਸ ਦਾ ਪੰਜਾਬ ‘ਚੋਂ ਮੁਕੰਮਲ ਖ਼ਾਤਮਾ ਹੋਣ ਤੋਂ ਬਚਾਅ ਹੋ ਗਿਆ ਅਤੇ ਇਮਰਾਨ ਖ਼ਾਨ ਨੂੰ ਕੌਮੀ ਅਤੇ ਪੰਜਾਬ ਪੱਧਰ ‘ਤੇ ਬਹੁਮਤ ਹਾਸਲ ਨਾ ਹੋ ਸਕਿਆ। 273 ਮੈਂਬਰੀ ਕੌਮੀ ਅਸੈਂਬਲੀ ‘ਚੋਂ ਪੀਟੀਆਈ ਨੇ ਸਭ ਤੋਂ ਜ਼ਿਆਦਾ 115 ਸੀਟਾਂ ਜਿੱਤੀਆਂ ਹਨ ਤੇ ਇੰਜ ਉਹ ਪੀਐੱਮਐੱਲ-ਐੱਨ ਅਤੇ ਭੁੱਟੋ-ਜ਼ਰਦਾਰੀ ਦੀ ਅਗਵਾਈ ਹੇਠਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਤੋਂ ਅੱਗੇ ਰਹੀ ਹੈ। ਪੰਜਾਬ ਵਿੱਚ ਪੀਐੱਮਐੱਲ-ਐੱਨ ਅੱਗੇ ਹੈ, ਭਾਵੇਂ ਪੀਟੀਆਈ ਵੀ ਉਸ ਨੂੰ ਠਿੱਬੀ ਲਾ ਕੇ ਆਪਣਾ ਬਹੁਮਤ ਕਾਇਮ ਕਰ ਸਕਦੀ ਹੈ।
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ‘ਨਵਾਂ ਪਾਕਿਸਤਾਨ’ ਉਸਾਰਨ ਦੀ ਗੱਲ ਕੀਤੀ। ਉਹ ਆਪਣੇ ਮੁਲਕ ‘ਚ ਸਿਹਤ ਤੇ ਸਿੱਖਿਆ ਦਾ ਇੱਕੋ ਜਿੰਨਾ ਵਿਕਾਸ ਚਾਹੁੰਦੇ ਹਨ। ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। ਕਸ਼ਮੀਰ ਮਸਲੇ ਨੂੰ ਦੁਹਰਾਉਣ ਦੀ ਉਨ੍ਹਾਂ ਦੀ ਮਜਬੂਰੀ ਸਮਝ ਆ ਸਕਦੀ ਹੈ ਪਰ ਨਾਲ ਹੀ ਉਨ੍ਹਾਂ ਨਵਾਜ਼ ਸ਼ਰੀਫ਼ ਦੀ ਸਿਰਫ਼ ਇਸ ਲਈ ਨਿੰਦਾ ਕੀਤੀ ਹੈ ਕਿਉਂਕਿ ਉਨ੍ਹਾਂ ਮੁੰਬਈ ‘ਤੇ ਹੋਏ 26/11 ਦੇ ਹਮਲੇ ਲਈ ਫ਼ੌਜ ਨੂੰ ਜਨਤਕ ਤੌਰ ‘ਤੇ ਖਰੀਆਂ-ਖੋਟੀਆਂ ਸੁਣਾਈਆਂ ਸਨ – ਇਹ ਕੁਝ ਵਧੀਆ ਨਹੀਂ ਲੱਗਾ। ਉਨ੍ਹਾਂ ਭਾਰਤ ਵੱਲ ਦੋ ਕਦਮ ਅੱਗੇ ਵਧਾਉਣ ਦੀ ਗੱਲ ਤਾਂ ਕੀਤੀ ਪਰ ਜਦੋਂ ਤੱਕ ਉਹ ਆਪਣੇ ਫ਼ੌਜੀ ਹਮਾਇਤੀਆਂ ਦਾ ਸਾਥ ਨਹੀਂ ਛੱਡਦੇ, ਤਦ ਤੱਕ ਭਾਰਤ ਉਨ੍ਹਾਂ ‘ਤੇ ਭਰੋਸਾ ਕਿਵੇਂ ਕਰ ਸਕਦਾ ਹੈ।
ਅਜਿਹੇ ਹਾਲਾਤ ‘ਚ ਭਾਰਤ-ਪਾਕਿਸਤਾਨ ਸਬੰਧਾਂ ਦੇ ਕਿਸ ਰਾਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ? ਜਦੋਂ ਇਹ ਖ਼ਬਰ ਆਈ ਕਿ ਇਮਰਾਨ ਖ਼ਾਨ ਨੇ ਸੁਨੀਲ ਗਾਵਸਕਰ, ਕਪਿਲ ਦੇਵ, ਨਵਜੋਤ ਸਿੱਧੂ ਤੇ ਆਮਿਰ ਖ਼ਾਨ ਨੂੰ ਆਪਣੇ ਹਲਫ਼ਦਾਰੀ ਸਮਾਗਮ ਵਿੱਚ ਭਾਗ ਲੈਣ ਲਈ ਸੱਦਿਆ ਹੈ – ਇਸ ਬਾਰੇ ਭਾਰਤ ‘ਚ ਬਹਿਸ ਛਿੜ ਗਈ। ਨਵਜੋਤ ਸਿੱਧੂ ਨੇ ਤਾਂ ਤੁਰਤ-ਫੁਰਤ ਪ੍ਰੈੱਸ ਕਾਨਫ਼ਰੰਸ ਸੱਦ ਕੇ ਉਹ ਸੱਦਾ ਕਬੂਲ ਕਰਨ ਦਾ ਐਲਾਨ ਵੀ ਕਰ ਦਿੱਤਾ। ਉਨ੍ਹਾਂ ਦੀ ਇਸ ਦਲੀਲ ‘ਚ ਦਮ ਸੀ ਕਿ ਜੇ ਦੋਵੇਂ ਮੁਲਕਾਂ ਵਿਚਾਲੇ ਸਬੰਧ ਸੁਧਰਦੇ ਹਨ, ਤਾਂ ਉਸ ਦਾ ਲਾਭ ਪੰਜਾਬ ਨੂੰ ਜ਼ਰੂਰ ਪੁੱਜੇਗਾ ਕਿਉਂਕਿ ਇੱਕ ਤਾਂ ਦੁਵੱਲਾ ਕਾਰੋਬਾਰ ਵਧੇਗਾ ਅਤੇ ਦੋਵੇਂ ਮੁਲਕਾਂ ਦੀ ਜਨਤਾ ਦੇ ਸਬੰਧ ਆਪਸ ਵਿੱਚ ਮਜ਼ਬੂਤ ਹੋਣਗੇ। ਮੁਲਕ ਦੀ ਵੰਡ ਤੋਂ ਬਾਅਦ ਤਾਂ ਪੰਜਾਬ ਦਾ ਕੇਂਦਰੀ ਏਸ਼ੀਆ, ਅਫ਼ਗ਼ਾਨਿਸਤਾਨ ਤੇ ਇਰਾਨ ਨਾਲ ਸਿੱਧਾ ਸਬੰਧ ਬਿਲਕੁਲ ਹੀ ਟੁੱਟ ਗਿਆ ਹੈ; ਜਦ ਕਿ ਪਹਿਲਾਂ ਖੇਤਰੀ ਕਾਰੋਬਾਰ ਲਈ ਇਹੋ ਰੂਟ ਅਹਿਮ ਹੁੰਦਾ ਸੀ। ਪੰਜਾਬ ਦੇ ਨੇੜੇ-ਤੇੜੇ ਨਾ ਤਾਂ ਕੋਈ ਬੰਦਰਗਾਹ ਹੈ ਤੇ ਖਣਿਜ ਪਦਾਰਥ ਵੀ ਦੂਰ ਪੂਰਬ ‘ਚ ਹਨ; ਇਸੇ ਲਈ ਪੰਜਾਬ ਦੀ ਖੇਤੀਬਾੜੀ ਇਸੇ ਰੂਟ ਕਾਰਨ ਖ਼ੁਸ਼ਹਾਲ ਹੋਈ ਸੀ ਪਰ ਮੁਲਕ ਦੀ ਵੰਡ ਤੋਂ ਬਾਅਦ ਉਹ ਮੁਨਾਫ਼ੇ ਵੀ ਘਟ ਗਏ।
ਬਾਅਦ ‘ਚ ਅਜਿਹੀਆਂ ਖ਼ਬਰਾਂ ਆਈਆਂ ਕਿ ਇਮਰਾਨ ਖ਼ਾਨ ਨੇ ਤਾਂ ਭਾਰਤ ‘ਚੋਂ ਕਿਸੇ ਨੂੰ ਸੱਦਾ ਦਿੱਤਾ ਹੀ ਨਹੀਂ – ਤਦ ਇਸ ਦੀ ਤਰਦੀਦ ਸੁਨੀਲ ਗਾਵਸਕਰ ਨੇ ਇਹ ਕਹਿ ਕੇ ਕਰ ਦਿੱਤੀ ਕਿ ਇਸ ਮੁੱਦੇ ‘ਤੇ ਕੇਂਦਰ ਸਰਕਾਰ ਦਿਸ਼ਾ-ਨਿਰਦੇਸ਼ ਦੇਵੇ ਜਦ ਕਿ ਆਮਿਰ ਖ਼ਾਨ ਬਹਾਨਾ ਜਿਹਾ ਬਣਾ ਕੇ ਲਾਂਭੇ ਹੋ ਗਏ। ਇਸ ਤੋਂ ਬਾਅਦ ਇਸ ਮਾਮਲੇ ‘ਤੇ ਨਜ਼ਰਸਾਨੀ ਦੀ ਲੋੜ ਮਹਿਸੂਸ ਹੋਈ। ਦਸੰਬਰ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲਾਹੌਰ ਜਾ ਕੇ ਨਵਾਜ਼ ਸ਼ਰੀਫ਼ ਨੂੰ ਮਿਲ ਕੇ ਆਏ ਸਨ ਪਰ ਉਦੋਂ ਤੋਂ ਹੀ ਐੱਨਡੀਏ ਸਰਕਾਰ ਦੀ ਪਾਕਿਸਤਾਨ ਪ੍ਰਤੀ ਨੀਤੀ ਠੰਢੇ ਬਸਤੇ ਪਈ ਹੋਈ ਹੈ। ਜੇ ਕੋਈ ਅਜਿਹੀ ਆਸ ਸੀ ਕਿ ਮੋਦੀ-ਨਵਾਜ਼ ਮੁਲਾਕਾਤ ਤੋਂ ਬਾਅਦ ਸ਼ਾਇਦ ਨਵਾਜ਼ ਸ਼ਰੀਫ਼ ਜਹਾਦੀਆਂ ‘ਤੇ ਕਾਬੂ ਪਾਉਣ ਲਈ ਫ਼ੌਜ ਨੂੰ ਮਨਾ ਲੈਣਗੇ, ਤਾਂ ਇੱਥੇ ਭਾਰਤ ਦੀ ਸੋਚ ਗ਼ਲਤ ਸੀ; ਸਗੋਂ ਅਜਿਹੀ ਮੁਲਾਕਾਤ ਤੋਂ ਬਾਅਦ ਥਲ ਸੈਨਾ ਹੈੱਡਕੁਆਰਟਰ ‘ਚ ਬੈਠੇ ਕੁਝ ਅਨਸਰਾਂ ਨੂੰ ਤਾਂ ਈਰਖਾ ਹੋ ਗਈ ਹੋਣੀ ਹੈ ਤੇ ਉਨ੍ਹਾਂ ਨੇ ਜਵਾਬੀ ਕਾਰਵਾਈ ਵੀ ਕਰਨੀ ਹੀ ਸੀ। ਸੋ, ਕੁਝ ਹਫ਼ਤਿਆਂ ਅੰਦਰ ਜਨਵਰੀ 2016 ਨੂੰ ਪਠਾਨਕੋਟ ਦੇ ਫ਼ੌਜੀ ਹਵਾਈ ਅੱਡੇ ‘ਤੇ ਹਮਲਾ ਹੋ ਗਿਆ। ਸ਼ਾਇਦ ਮੋਦੀ ਹੁਰਾਂ ਨੂੰ ਨਿੱਜੀ ਤੌਰ ‘ਤੇ ਜ਼ਿਆਦਾ ਪਰੇਸ਼ਾਨੀ ਇਸ ਗੱਲ ਦੀ ਹੋਈ ਕਿ ਉਨ੍ਹਾਂ ਨੇ ਉਸ ਪਾਕਿਸਤਾਨੀ ਜਾਂਚ ਟੀਮ ਨੂੰ ਫ਼ੌਜੀ ਹਵਾਈ ਅੱਡੇ ‘ਤੇ ਆ ਕੇ ਬਾਕਾਇਦਾ ਤਹਿਕੀਕਾਤ ਕਰਨ ਦਿੱਤੀ ਜਿਸ ਵਿੱਚ ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਮੈਂਬਰ ਵੀ ਸੀ ਜਦ ਕਿ ਪਾਕਿਸਤਾਨ ਨੇ ਭਾਰਤੀ ਟੀਮ ਨੂੰ ਮੁਲਕ ‘ਚ ਹੀ ਦਾਖ਼ਲ ਵੀ ਨਹੀਂ ਹੋਣ ਦਿੱਤਾ। ਫਿਰ ਜੁਲਾਈ 2016 ਵਿੱਚ ਬੁਰਹਾਨ ਵਾਨੀ ਮਾਰਿਆ ਗਿਆ ਅਤੇ ਕਸ਼ਮੀਰ ਵਾਦੀ ਦੀ ਸੁਰੱਖਿਆ ਖੇਰੂੰ-ਖੇਰੂੰ ਹੋ ਗਈ। ਮਗਰੋਂ ਸਤੰਬਰ ਵਿੱਚ ਉੜੀ ਫ਼ੌਜੀ ਕੈਂਪ ‘ਤੇ ਹਮਲਾ ਹੋ ਗਿਆ – ਇਨ੍ਹਾਂ ਸਾਰੀਆਂ ਗੱਲਾਂ ਕਾਰਨ ਪਾਕਿਸਤਾਨ ਪ੍ਰਤੀ ਮੋਦੀ ਸਰਕਾਰ ਦਾ ਰਵੱਈਆ ਸਖ਼ਤ ਹੋ ਗਿਆ। ਦੁਬਾਰਾ ਗੱਲਬਾਤ ਸ਼ੁਰੂ ਕਰਨ ਲਈ ਸ਼ਰਤਾਂ ਸਖ਼ਤ ਹੋ ਗਈਆਂ – ਜਿਵੇਂ 26/11 ਦੇ ਸਾਜ਼ਿਸ਼-ਘਾੜਿਆਂ ਦੇ ਨਾਲ ਨਾਲ ਜੈਸ਼-ਏ-ਮੁਹੰਮਦ ਦੇ ਮੈਂਬਰਾਂ, ਉੜੀ ਤੇ ਪਠਾਨਕੋਟ ਦੇ ਹਮਲਿਆਂ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਲਈ ਸਜ਼ਾਵਾਂ ਦੀ ਮੰਗ ਰੱਖ ਦਿੱਤੀ ਗਈ। ਇਹ ਵੀ ਆਖਿਆ ਗਿਆ ਕਿ ਜਦੋਂ ਤੱਕ ਦਹਿਸ਼ਤਗਰਦੀ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦੀ, ਕੋਈ ਗੱਲਬਾਤ ਕੀਤੀ ਨਹੀਂ ਜਾਵੇਗੀ।
ਇੰਜ ਦੋ ਦਹਾਕਿਆਂ ਤੋਂ ਚੱਲ ਰਹੀ ਵਿਆਪਕ ਦੁਵੱਲੀ ਗੱਲਬਾਤ ਦੇ ਰਾਹ ਵਿੱਚ ਦਹਿਸ਼ਤਗਰਦੀ ਆਣ ਫਸੀ ਤੇ ਇਹ ਸਮੱਸਿਆ ਵੱਡੀ ਹੁੰਦੀ ਚਲੀ ਗਈ; ਆਪਸ ‘ਚ ਇੱਕ-ਦੂਜੇ ‘ਚ ਭਰੋਸਾ ਵਧਾਉਣ ਲਈ ਕਦਮ ਚੁੱਕਣ ਅਤੇ ਸਰ ਕ੍ਰੀਕ ਤੋਂ ਲੈ ਕੇ ਸਿਆਚਿਨ ਤੇ ਕਸ਼ਮੀਰ ਤੱਕ ਦੇ ਵਿਵਾਦ ਪਹਿਲਾਂ ਵਾਂਗ ਨਾਲੋ-ਨਾਲ ਚੱਲ ਹੀ ਰਹੇ ਹਨ। ਕੋਈ ਵਿਵਾਦ ਹੱਲ ਕਰਨ ਤੋਂ ਪਹਿਲਾਂ ਇੱਕ-ਦੂਜੇ ‘ਚ ਭਰੋਸਾ ਪ੍ਰਗਟਾਉਣ ਨਾਲ ਮਸਲੇ ਹੱਲ ਕਰਨ ਵਿੱਚ ਵੱਡੀ ਮਦਦ ਮਿਲਦੀ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਸਭ ਤੋਂ ਵੱਧ ਗੁੰਝਲਦਾਰ ਮਸਲੇ ਕਸ਼ਮੀਰ ਦਾ ਕੋਈ ਤੁਰਤ-ਫੁਰਤ ਹੱਲ ਨਿੱਕਲੇ ਤੇ ਸਾਧਾਰਨ ਜਿਹੇ ਮੁੱਦਿਆਂ – ਜਿਵੇਂ ਦੋਵੇਂ ਮੁਲਕਾਂ ਦੀ ਜਨਤਾ ਵਿਚਾਲੇ ਸਬੰਧ ਤੇ ਕਾਰੋਬਾਰ ਵਧਾਉਣ ‘ਤੇ ਉਹ ਆਪਣੇ ਪੈਰ ਪਿਛਾਂਹ ਖਿੱਚ ਲੈਂਦਾ ਹੈ। ਮੁਲਕ ਅੰਦਰਲੀ ਸਿਆਸਤ ‘ਚ ਭਾਵੇਂ ਇਸ ਮੁੱਦੇ ‘ਤੇ ਜੋ ਮਰਜ਼ੀ ਫੜ੍ਹਾਂ ਮਾਰ ਲਈਆਂ ਜਾਣ ਪਰ ਇਸ ਮਾਮਲੇ ‘ਤੇ ਭਾਰਤ ਖ਼ੁਦ ਵੀ ਨੁੱਕਰੇ ਲੱਗਾ ਹੋਇਆ ਹੈ। ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦਾ ਇਹੋ ਮਤਲਬ ਹੈ ਕਿ ਕੋਈ ਇੱਕ ਜਹਾਦੀ ਵੀ ਜਦੋਂ ਮਰਜ਼ੀ ਆ ਕੇ ਦੋ ਮੁਲਕਾਂ ਵਿਚਲੇ ਸਬੰਧ ਖ਼ਰਾਬ ਕਰ ਸਕਦਾ ਹੈ।
ਭਾਰਤ ਦੀਆਂ ਚਾਰ ਵੱਡੀਆਂ ਹਸਤੀਆਂ ਨੂੰ ਸੱਦਾ ਦੇਣਾ ਬਹੁਤ ਵਧੀਆ ਵਿਚਾਰ ਸੀ ਤੇ ਦੋਵੇਂ ਮੁਲਕਾਂ ਵਿਚਾਲੇ ਆਪਸੀ ਗੱਲਬਾਤ ਮੁੜ ਸ਼ੁਰੂ ਕਰਨ ਵਿਚਾਲੇ ਪਿਆ ਅੜਿੱਕਾ ਉਸ ਨਾਲ ਟੁੱਟ ਸਕਦਾ ਸੀ ਅਤੇ ਇਮਰਾਨ ਖ਼ਾਨ ਦੀ ਸ਼ਾਂਤੀ ਕਾਇਮ ਕਰਨ ਦੀ ਇੱਛਾ ਪੂਰੀ ਹੋ ਸਕਦੀ ਸੀ। ਬਾਅਦ ‘ਚ ਉਹ ਫ਼ੌਜ ਦੀ ਸੋਚਣੀ ਵਿੱਚ ਕੁਝ ਸੁਧਾਰ ਲਿਆ ਸਕਦੇ ਸਨ, ਜਾਂ ਉਸ ਤੋਂ ਕੁਝ ਦੂਰੀ ਬਣਾ ਕੇ ਰੱਖ ਸਕਦੇ ਸਨ। ਜੇ ਉਹ ਅਜਿਹਾ ਕੁਝ ਨਹੀਂ ਕਰਦੇ, ਤਦ ਭਾਰਤ ਦੀ ਸਖ਼ਤ ਨੀਤੀ ਜਿਉਂ ਦੀ ਤਿਉਂ ਜਾਰੀ ਰਹਿ ਸਕਦੀ ਹੈ। ਪਾਕਿਸਤਾਨ ਇਸ ਵੇਲੇ ਡੂੰਘੇ ਵਿੱਤੀ ਸੰਕਟ ਦਾ ਸ਼ਿਕਾਰ ਹੈ ਤੇ ਉਸ ਕੋਲ ਵਿਦੇਸ਼ੀ ਪੂੰਜੀ ਦਾ ਭੰਡਾਰ ਸਿਰਫ਼ 9 ਅਰਬ ਡਾਲਰ ਦਾ ਰਹਿ ਗਿਆ ਹੈ; ਭਾਵ ਉਹ ਸਿਰਫ਼ ਦੋ ਕੁ ਮਹੀਨੇ ਹੋਰ ਦਰਾਮਦਾਂ ਕਰ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚਿਤਾਵਨੀ ਦਿੱਤੀ ਹੈ ਕਿ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਧਨ ਦੀ ਵਰਤੋਂ ਚੀਨ ਨੂੰ ਕਰਜ਼ੇ ਮੋੜਨ ਲਈ ਲਹੀਂ ਕੀਤੀ ਜਾ ਸਕਦੀ। ਇੱਕ ਹਜ਼ਾਰ ਫ਼ੌਜੀ ਭੇਜਣ ਬਦਲੇ ਸਾਊਦੀ ਅਰਬ ਤੋਂ ਮਾੜੀ-ਮੋਟੀ ਆਰਥਿਕ ਸਹਾਇਤਾ ਤਾਂ ਮਿਲ ਹੀ ਸਕਦੀ ਹੈ ਪਰ ਪਾਕਿਸਤਾਨ ਦੀ ਅਸਲ ਮੁਕਤੀ ਤਦ ਹੀ ਹੋਣੀ ਹੈ, ਜੇ ਉਹ ਭਾਰਤ ਨਾਲ ਆਪਣਾ ਕਾਰੋਬਾਰ ਸਹੀ ਰੱਖਦਾ ਹੈ। ਇਸ ਤੋਂ ਇਲਾਵਾ ਇਮਰਾਨ ਖ਼ਾਨ ਸਰਕਾਰੀ ਖੇਤਰ ‘ਚ ਧਨ ਤੋਂ ਬਗ਼ੈਰ ਤਾਂ ਸਾਫ਼-ਸੁਥਰਾ ਪ੍ਰਸ਼ਾਸਨ ਵੀ ਨਹੀਂ ਦੇ ਸਕਦੇ, ਉਨ੍ਹਾਂ ਨੂੰ ਆਪਣੀਆਂ ਟੈਕਸ ਪ੍ਰਣਾਲੀਆਂ ਵਿੱਚ ਵੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ।
ਇੱਧਰ ਮੋਦੀ ਸਰਕਾਰ ਵੀ ਇਸ ਮਾਮਲੇ ‘ਚ ਕੋਈ ਵੱਡਾ ਜੋਖ਼ਿਮ ਲੈਣ ਤੋਂ ਟਾਲ਼ਾ ਹੀ ਵੱਟ ਕੇ ਰੱਖੇਗੀ ਕਿਉਂਕਿ ਭਾਰਤ ‘ਚ ਆਮ ਚੋਣਾਂ ਹੁਣ ਸਿਰ ‘ਤੇ ਹਨ। ਅਜਿਹੇ ਹਾਲਾਤ ‘ਚ ਸੁਨੀਲ ਗਾਵਸਕਰ ਨੂੰ ਨਵੀਂ ਦਿੱਲੀ ਤੋਂ ਇਹੋ ਸਲਾਹ ਮਿਲ ਸਕਦੀ ਹੈ ਕਿ ਉਹ ਉਵੇਂ ਹੀ ਕਰਨ, ਜਿਵੇਂ ਉਹ ਵੈਸਟ ਇੰਡੀਜ਼ ਦੇ ਬਾਊਂਸਰਾਂ ਦਾ ਸਾਹਮਣਾ ਕਰਨ ਵੇਲੇ ਕਰਦੇ ਹੁੰਦੇ ਸਨ – ਭਾਵ ਜਦੋਂ ਕੋਈ ਖ਼ਤਰਨਾਕ ਗੇਂਦ ਆਵੇ, ਤਾਂ ਉਸ ਨੂੰ ਜਾਣ ਦੇਵੋ ਤੇ ਜਦੋਂ ਵਧੀਆ ਖੇਡਣਯੋਗ ਗੇਂਦ ਆਵੇ, ਤਾਂ ਉਸ ‘ਤੇ ਚੌਕਾ-ਛੱਕਾ ਜੜ ਦੇਵੋ।
*ਲੇਖਕ ਵਿਦੇਸ਼ ਮੰਤਰਾਲੇ ਦਾ ਸਾਬਕਾ ਸਕੱਤਰ ਹੈ।


Comments Off on ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.