ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?

Posted On August - 3 - 2018

ਜਿੱਤ ਤੋਂ ਬਾਅਦ ਇਮਰਾਨ ਖ਼ਾਨ ਦੀ ਤਕਰੀਰ ਕਈ ਕੋਣਾਂ ਤੋਂ ਤਾਰੀਫ਼ ਦੀ ਹੱਕਦਾਰ ਸੀ। ਹਫ਼ਤਿਆਂ-ਮਹੀਨਿਆਂ ਤੱਕ ਫੈਲੀ ਚੁਣਾਵੀ ਮੁਹਿੰਮ ਦੌਰਾਨ ਸਿਆਸਤ ਅੰਦਰ ਜਿਸ ਤਰ੍ਹਾਂ ਦਾ ਤਿੱਖਾ ਉਲਾਰ ਅਤੇ ਡੂੰਘਾ ਪਾੜਾ ਪੈ ਗਿਆ ਸੀ, ਉਸ ਉੱਤੇ ਇਹ ਸਮਝੋ ਫਹਿਆ ਰੱਖਣ ਵਾਂਗ ਸੀ। ਇਹ ਸਿਲਸਿਲਾ ਕਦੋਂ ਤੱਕ ਜਾਰੀ ਰਹਿ ਸਕਦਾ ਹੈ, ਇਹ ਸਭ ਕੁਝ ਇਸ ਤੱਥ ਉੱਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਕਹਿਣੀ, ਕਰਨੀ ਵਿੱਚ ਕਿੰਨੀ ਕੁ ਅਤੇ ਕਿਸ ਢੰਗ-ਤਰੀਕੇ ਤਬਦੀਲ ਹੁੰਦੀ ਹੈ। ਆਰਥਿਕ, ਸਿਆਸੀ ਅਤੇ ਵਿਦੇਸ਼ ਨੀਤੀ ਵਰਗੇ ਅਹਿਮ ਮੁੱਦਿਆਂ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਮੁਲਕ ਪੱਧਰ ‘ਤੇ ਸਹਿਮਤੀ ਬਣਾਉਣੀ ਪਵੇਗੀ।
ਵਿਦੇਸ਼ ਨੀਤੀ ਬਾਰੇ ਇਮਰਾਨ ਖ਼ਾਨ ਦੀ ਸੂਝ-ਸਿਆਣਪ ਵੀ ਬੜੀ ਉਤਸ਼ਾਹ ਅਤੇ ਦ੍ਰਿੜ੍ਹਤਾ ਵਾਲੀ ਹੈ। ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬੁਣਨੇ ਚਾਹੁਣਗੇ। ਬਿਨਾਂ ਸ਼ੱਕ, ਇਸ ਦੇ ਨਾਲ ਹੀ ਉਜ਼ਰਦਾਰੀ ਵੀ ਬਥੇਰੀ ਆਈ ਹੈ। ਹੁਣ ਇਹ ਦੇਖਣਾ ਲਾਹੇਵੰਦ ਹੋਵੇਗਾ ਕਿ ਇਹ ਟੀਚਾ ਹਾਸਲ ਕਰਨ ਦੀਆਂ ਸੰਭਾਵਨਾਵਾਂ ਕੀ ਹਨ।
ਚੀਨ ਸੀਪੀਈਸੀ (ਚੀਨ-ਪਾਕਿ ਆਰਥਕਿ ਕੌਰੀਡੋਰ) ਦੀ ਕਾਮਯਾਬੀ ਲਈ ਵਚਨਬੱਧ ਹੈ ਅਤੇ ਇਸ ਪ੍ਰਾਜੈਕਟ ਲਈ ਆਪਣਾ ਫ਼ਰਜ਼ ਵੀ ਅਦਾ ਕਰ ਰਿਹਾ ਹੈ। ਹੁਣ ਗੱਲ ਜਿੱਥੇ ਪੁੱਜੀ ਹੋਈ ਹੈ, ਉੱਥੇ ਸਾਡੇ ਵੱਲੋਂ ਹੀ ਦੇਰੀ ਹੋ ਰਹੀ ਹੈ। ਇਸ ਪ੍ਰਾਜੈਕਟ ਦਾ ਕਾਰਜ ਮਿਥੇ ਸਮੇਂ ਅੰਦਰ ਮੁਕੰਮਲ ਕਰਨ ਲਈ ਰਫ਼ਤਾਰ ਫੜਨੀ ਪੈਣੀ ਹੈ। ਇਸ ਤੋਂ ਛੁੱਟ, ਸਾਡੇ ਲੋਕਾਂ, ਖਾਸ ਕਰ ਬਲੋਚਿਸਤਾਨ ਵਾਲਿਆਂ, ਨੂੰ ਇਸ ਪ੍ਰਾਜੈਕਟ ਤੋਂ ਵੱਡੇ ਪੱਧਰ ‘ਤੇ ਫਾਇਦਾ ਪੁੱਜਣਾ ਹੈ। ਇਸ ਕਾਰਜ ਲਈ ਸੁਰੱਖਿਆ ਹਾਲਾਤ ਸਾਜ਼ਗਾਰ ਹੋਣੇ ਚਾਹੀਦੇ ਹਨ ਤਾਂ ਜੋ ਕੰਮ ਨਿਰਵਿਘਨ ਚੱਲ ਸਕੇ। ਇਸ ਦੇ ਨਾਲ ਹੀ ਇਸ ਕੌਰੀਡੋਰ ਦਾ ਅਸਲ ਫਾਇਦਾ ਤਾਂ ਹੋਣ ਵਾਲੇ ਨਿਵੇਸ਼ ਤੋਂ ਹੋਣਾ ਹੈ। ਇਸ ਨਾਲ ਅਰਥਚਾਰੇ ਨੂੰ ਹੁਲਾਰਾ ਮਿਲਣਾ ਹੈ ਜਿਸ ਦੀ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ।

ਤਲਤ ਮਸੂਦ*

ਮਾਓ ਜ਼ੇ-ਤੁੰਗ, ਤੈਂਗ ਸਿਆਓਪਿੰਗ ਤੋਂ ਲੈ ਕੇ ਮੌਜੂਦਾ ਆਗੂ ਸ਼ੀ ਜਿੰਨਪਿੰਗ ਤੱਕ, ਸਾਰੇ ਚੀਨੀ ਲੀਡਰਾਂ ਨੇ ਆਪਣੇ ਮੁਲਕ ਦੀ ਆਸਾਧਾਰਨ ਕਾਇਆ ਕਲਪ ਕੀਤੀ। ਅਜਿਹਾ ਕਾਰਨਾਮਾ ਤਾਰੀਖ਼ ਵਿੱਚ ਪਹਿਲਾਂ ਨਹੀਂ ਸੀ ਹੋਇਆ। ਜਿਸ ਤਰ੍ਹਾਂ ਇਮਰਾਨ ਖ਼ਾਨ ਨੇ ਸੁਝਾਅ ਦਿੱਤਾ ਹੈ, ਸਾਡੇ ਲਈ ਚੀਨ ਦਾ ਤਜਰਬਾ, ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਤੋਂ ਸਬਕ ਲੈਣਾ ਫਾਇਦੇ ਦੀ ਹੀ ਗੱਲ ਹੈ। ਸਾਡੀਆਂ ਕੌਮੀ ਖ਼ਾਮੀਆਂ ਦੇ ਹੱਲ ਸਾਨੂੰ ਖ਼ੁਦ ਹੀ ਤਲਾਸ਼ਣੇ ਪੈਣਗੇ। ਇਸ ਦਾ ਕਾਰਨ ਇਹ ਹੈ ਕਿ ਚੀਨ ਦਾ ਆਰਥਿਕ ਅਤੇ ਸਿਆਸੀ ਮਾਡਲ ਸਾਡੇ ਨਾਲੋਂ ਉੱਕਾ ਹੀ ਵੱਖਰਾ ਹੈ। ਸਾਡੇ ਨੀਮ-ਜਮਹੂਰੀ ਢਾਂਚੇ ਲਈ ਕਮਿਊਨਿਸਟ ਢਾਂਚੇ ਦੀ ਨਕਲ ਮਾਰਨ ਨਾਲ ਗੱਲ ਨਹੀਂ ਬਣਨੀ। ਹਾਂ, ਉਨ੍ਹਾਂ ਵੱਲੋਂ ਸਖ਼ਤ ਮਿਹਨਤ, ਲਗਨ ਅਤੇ ਢੁੱਕਵੀਂ ਪਹੁੰਚ ਦੀ ਰੀਸ ਕਰਨੀ ਬਣਦੀ ਹੈ ਅਤੇ ਇਹ ਰਾਹ ਦਸੇਰਾ ਸਾਬਤ ਹੋ ਸਕਦੀ ਹੈ।
ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਭ੍ਰਿਸ਼ਟਾਚਾਰ ਠੱਲ੍ਹਣ ਲਈ ਕਈ ਕਦਮ ਉਠਾਏ ਹਨ। ਇਨ੍ਹਾਂ ਵਿੱਚ ਚੋਟੀ ਦੇ ਅਤੇ ਵਿਚਕਾਰਲੀ ਕਤਾਰ ਦੇ ਲੀਡਰਾਂ ਦੀ ਛੁੱਟੀ ਕਰਨਾ ਸ਼ਾਮਲ ਹੈ ਤਾਂ ਜੋ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ। ਚੀਨ ਨੂੰ ਭ੍ਰਿਸ਼ਟਾਚਾਰ ਮੁਕਤ ਮੁਲਕਾਂ ਵਿੱਚ ਸ਼ੁਮਾਰ ਹੋਣ ਲਈ ਅਜੇ ਵਕਤ ਲੱਗਣਾ ਹੈ। ਇਵੇਂ ਹੀ ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਘਟਾਉਣ ਲਈ ਬਹੁਤ ਸਾਰੇ ਕਦਮ ਉਠਾਉਣੇ ਪੈਣਗੇ। ਚੋਣਾਂ ਵਿੱਚ ਪਾਕਿਸਤਾਨ ਤਹਿਰੀਕੇ-ਏ-ਇਨਸਾਫ਼ (ਪੀਟੀਆਈ) ਨੇ ਆਪਣਾ ਸਾਰਾ ਧਿਆਨ “ਚੁਣੇ ਜਾਣ ਯੋਗ” ਲੀਡਰਾਂ ‘ਤੇ ਲਾਇਆ ਹੈ। ਇਨ੍ਹਾਂ ਸਿਆਸਤਦਾਨਾਂ ਨੇ ਆਪਣੀ ਚੁਣਾਵੀ ਤਾਕਤ ਮੋਟੇ ਰੂਪ ਵਿੱਚ ਸਰਪ੍ਰਸਤੀ ਦੇ ਦਮ ਉਤੇ ਹੀ ਖੜ੍ਹੀ ਕੀਤੀ ਹੈ, ਇਨ੍ਹਾਂ ਨੇ ਆਪਣੀ ਕਾਰਗੁਜ਼ਾਰੀ ਅਤੇ ਲੀਡਰਸ਼ਿਪ ਵੱਲ ਮੁਕਾਬਲਤਨ ਘੱਟ ਹੀ ਧਿਆਨ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਵੋਟਾਂ ਬਟੋਰਨ ਲਈ ਮੁਕਾਮੀ ਪੱਧਰ ‘ਤੇ ਪੈਸਾ ਪਾਣੀ ਵਾਂਗ ਵਹਾਇਆ ਹੈ। ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਲੋਕ ਖਰਚਾ ਵਸੂਲੀ ਦਾ ਰਾਹ ਅਪਣਾਉਣਗੇ ਅਤੇ ਇਹ ਰਾਹ ਸਿੱਧਾ ਭ੍ਰਿਸ਼ਟਾਚਾਰ ਵੱਲ ਹੀ ਖੁੱਲ੍ਹਦਾ ਹੈ।
ਇਮਰਾਨ ਖ਼ਾਨ ਵੱਲੋਂ ਅਫਗ਼ਾਨ ਅਮਨ ਕੋਸ਼ਿਸ਼ਾਂ ਲਈ ਵਚਨਬੱਧ ਰਹਿਣ ਦਾ ਅਫਗ਼ਾਨ ਸਰਕਾਰ ਨੇ ਸਵਾਗਤ ਕੀਤਾ ਹੈ। ਦੋਹਾਂ ਮੁਲਕਾਂ ਵਿਚਕਾਰ ਖੁੱਲ੍ਹੀ ਸਰਹੱਦ ਬਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। ਅੱਜ ਕੱਲ੍ਹ ਜੋ ਹਾਲਾਤ ਹਨ, ਉਸ ਦੇ ਹਿਸਾਬ ਨਾਲ ਅਫਗ਼ਾਨਿਸਤਾਨ ਵਿੱਚ ਅਮਨ ਕਾਇਮੀ ਅਤੇ ਪਾਕਿਸਤਾਨ ਦੇ ਨਾਲ ਲਗਦੇ ਸੂਬਿਆਂ ਅੰਦਰ ਸਰਕਾਰ ਦਾ ਹੱਥ ਉੱਪਰ ਹੋਣ ਲਈ ਅਜੇ ਕੁਝ ਸਾਲ ਲੱਗ ਜਾਣਗੇ। ਉਸ ਵਕਤ ਹੀ ਖੁੱਲ੍ਹੀ ਸਰਹੱਦ ਦਾ ਕੋਈ ਮਤਲਬ ਬਣੇਗਾ। ਫ਼ੌਜੀ ਲੀਡਰਸ਼ਿਪ ਵੀ ਅਫਗ਼ਾਨਿਸਤਾਨ ਨਾਲ ਨੇੜਲੇ ਅਤੇ ਤਾਲਮੇਲ ਵਾਲੇ ਰਿਸ਼ਤੇ ਵਧਾਉਣ ਲਈ ਸੰਜੀਦਾ ਜਾਪ ਰਹੀ ਹੈ। ਇਸ ਲੀਡਰਸ਼ਿਪ ਅੰਦਰ ਭਰੋਸਾ ਬਹਾਲੀ ਲਈ ਜਨਰਲ ਕਮਰ ਜਾਵੇਦ ਬਾਜਵਾ ਅਫਗ਼ਾਨਿਸਤਾਨ ਦੇ ਕਈ ਦੌਰੇ ਕਰ ਚੁੱਕੇ ਹਨ। ਹੁਣ ਤਾਂ ਇਨ੍ਹਾਂ ਰਿਸ਼ਤਿਆਂ ਨੂੰ ਸੰਸਥਾਈ ਸਰੂਪ ਦੇਣ ਦੀ ਕਵਾਇਦ ਵੀ ਆਰੰਭ ਹੋ ਗਈ ਹੈ ਜਿਸ ਤਹਿਤ ਦੋਹਾਂ ਮੁਲਕਾਂ ਦੇ ਨੁਮਾਇੰਦੇ ਸੁਰੱਖਿਆ, ਵਪਾਰ ਅਤੇ ਸਰਹੱਦੀ ਇੰਤਜ਼ਾਮ ਬਾਰੇ ਸਮਾਂਬੱਧ ਨਜ਼ਰਸਾਨੀ ਕਰਨਗੇ। ਪਾਕਿਸਤਾਨ ਵਿੱਚ ਹੱਕਾਨੀ ਗਰੁੱਪ ਅਤੇ ਤਾਲਿਬਾਨ ਸ਼ੂਰਾ ਦੀ ਕਥਿਤ ਮੌਜੂਦਗੀ ਅਫਗ਼ਾਨਿਸਤਾਨ ਦੀ ਦੁਖਦੀ ਰਗ਼ ਹੈ ਅਤੇ ਇਸ ਮਾਮਲੇ ‘ਤੇ ਇਹੀ ਹਾਲ ਅਮਰੀਕਾ ਦਾ ਵੀ ਹੈ। ਤਾਲਿਬਾਨ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਅਮਨ ਅਮਲ ਅਗਾਂਹ ਵਧਾਉਣ ਵਿੱਚ ਪਾਕਿਸਤਾਨ ਅਤੇ ਪਗਵਾਸ ਵਰਗੀਆਂ ਕੌਮਾਂਤਰੀ ਸੰਸਥਾਵਾਂ ਵੱਲੋਂ ਹਾਲ ਹੀ ਵਿੱਚ ਕੀਤੀ ਚਾਰਾਜੋਈ ਅਫਗ਼ਾਨਿਸਤਾਨ ਅਤੇ ਖਿੱਤੇ ਲਈ ਸ਼ੁਭ ਸ਼ਗਨ ਹੀ ਹੈ। ਇਹ ਕੋਸ਼ਿਸ਼ਾਂ ਗੱਲਬਾਤ ਰਾਹੀਂ ਹੱਲ ਕੱਢਣ ਵਾਲਾ ਰਾਹ ਮੋਕਲਾ ਕਰ ਸਕਦੀਆਂ ਹਨ। ਇਮਰਾਨ ਖ਼ਾਨ ਭਾਵੇਂ ਲਾਂਭੇ ਵੀ ਰਹਿੰਦੇ ਹਨ, ਉਨ੍ਹਾਂ ਦੀ ਹਮਦਰਦੀ, ਹਮਾਇਤ ਅਤੇ ਹਾਂ-ਪੱਖੀ ਰਵੱਈਆ ਅਫਗ਼ਾਨਿਸਤਾਨ ਵਿੱਚ ਆਪਸੀ ਭਰੋਸਾ-ਬਹਾਲੀ ਲਈ ਵੱਡਾ ਯੋਗਦਾਨ ਪਾ ਸਕਦਾ ਹੈ।
ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤੇ ਜ਼ਿਆਦਾਤਰ ਇਸ ਤੱਥ ‘ਤੇ ਨਿਰਭਰ ਕਰਨਗੇ ਕਿ ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਵਾਸ਼ਿੰਗਟਨ ਨੂੰ ਇਹ ਜਚਾਉਣ ਵਿੱਚ ਕਿੰਨਾ ਕੁ ਕਾਮਯਾਬ ਰਹਿੰਦੀ ਹੈ ਕਿ ਇਹ ਤਾਲਿਬਾਨ ਅਤੇ ਹੱਕਾਨੀਆਂ ਦੀ ਇਮਦਾਦ ਨਹੀਂ ਕਰ ਰਹੀ। ਜੇ ਅਫਗ਼ਾਨਿਸਤਾਨ, ਭਾਰਤ, ਇਰਾਨ ਅਤੇ ਚੀਨ ਬਾਰੇ ਸਾਡੀਆਂ ਨੀਤੀਆਂ ਅਮਰੀਕੀ ਪੁਜ਼ੀਸ਼ਨਾਂ ਦੇ ਖ਼ਿਲਾਫ਼ ਹਨ ਤਾਂ ਟਿਕਾਊ ਰਿਸ਼ਤੇ ਸੰਭਵ ਨਹੀਂ ਹੋ ਸਕਣੇ। ਚਿਰਾਂ ਦੇ ਰਣਨੀਤਕ ਸਾਥੀ ਸਾਊਦੀ ਅਰਬ ਅਤੇ ਅਹਿਮ ਗੁਆਂਢੀ ਇਰਾਨ (ਜਿਸ ਨਾਲ ਪਾਕਿਸਤਾਨ ਰਿਸ਼ਤੇ ਸੁਧਾਰਨ ਲਈ ਤਰੱਦਦ ਕਰਦਾ ਆ ਰਿਹਾ ਹੈ) ਵਿਚਕਾਰ ਤਵਾਜ਼ਨ ਵੱਡੀ ਵੰਗਾਰ ਹੋਵੇਗੀ। ਸਾਊਦੀ-ਇਰਾਨ ਤਕਰਾਰ ਵਿੱਚ ਸਾਲਸ ਦਾ ਰੋਲ ਨਿਭਾਉਣ ਵਾਲੀ ਗੱਲ ਜਿਵੇਂ ਇਮਰਾਨ ਖ਼ਾਨ ਨੇ ਕੀਤੀ ਹੈ, ਗ਼ੈਰ ਵਿਹਾਰਕ ਹੀ ਜਾਪਦੀ ਹੈ।
ਇਮਰਾਨ ਖ਼ਾਨ ਵੱਲੋਂ ਭਾਰਤ ਨਾਲ ਬਿਹਤਰ ਰਿਸ਼ਤੇ ਕਾਇਮ ਕਰਨ ਦੀ ਖ਼ਾਹਿਸ਼ ਸੱਚਮੁੱਚ ਸਭ ਤੋਂ ਵੱਡੀ ਵੰਗਾਰ ਹੈ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਸਥਾਪਤ ਨਿਜ਼ਾਮ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਜੋ ਇੰਨਾ ਆਸਾਨ ਨਹੀਂ ਹੋਵੇਗਾ। ਭਾਰਤ ਨਾਲ ਸਿਆਸੀ ਅਤੇ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਲਈ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਮ-ਐੱਨ) ਵੱਲੋਂ ਕੀਤੀਆਂ ਕੋਸ਼ਿਸ਼ਾਂ, ਫ਼ੌਜ ਨੇ ਅੱਧ-ਵਿਚਾਲਿਓਂ ਟੁੱਕ ਦਿੱਤੀਆਂ ਸਨ। ਪੀਟੀਆਈ ਸਰਕਾਰ ਵੱਲੋਂ ਭਾਰਤ ਨਾਲ ਪਏ ਅੜਿੱਕੇ ਦੂਰ ਕਰਨ, ਖਾਸ ਕਰ ਇਮਰਾਨ ਖ਼ਾਨ ਵੱਲੋਂ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਦੀ ਖ਼ਾਹਿਸ਼ ਨੂੰ ਫ਼ੌਜੀ ਹਾਈ ਕਮਾਨ ਕਿਸ ਤਰ੍ਹਾਂ ਲਵੇਗੀ? ਕਸ਼ਮੀਰ ਵਿੱਚ ਗੜਬੜ ਅਤੇ ਮੋਦੀ ਸਰਕਾਰ ਦੀ ਕਠੋਰ ਪਹੁੰਚ ਨਾਲ ਇਹ ਵੰਗਾਰ ਹੋਰ ਵੀ ਵੱਡੀ ਬਣ ਜਾਂਦੀ ਹੈ। ਫਿਰ ਵੀ, ਉਨ੍ਹਾਂ ਦਾ ਸਦਭਾਵ ਵਾਲੇ ਸੰਕੇਤ ਅਤੇ ਗੱਲਬਾਤ ਲਈ ਸੰਜੀਦਾ ਤਜਵੀਜ਼ ਦੀ ਤਾਰੀਫ਼ ਕਰਨੀ ਚਾਹੀਦੀ ਹੈ।
ਪਾਕਿਸਤਾਨ ਦੇ ਜ਼ਾਵੀਏ ਤੋਂ, ਭਾਰਤ ਵੱਲੋਂ ਅਫਗ਼ਾਨਿਸਤਾਨ ਵਿੱਚ ਨਿਭਾਇਆ ਜਾ ਰਿਹਾ ‘ਨਾਢੂ ਖਾਂ’ ਵਾਲਾ ਰੋਲ ਬੇਚੈਨ ਕਰਨ ਵਾਲਾ ਹੈ। ਇਸੇ ਕਰਕੇ ਇਹ ਦੇਖਣਾ ਅਜੇ ਬਾਕੀ ਹੈ ਕਿ ਨਵੀਂ ਸਰਕਾਰ ਇਸ ਹਾਲਤ ਨੂੰ ਸਾਜ਼ਗਾਰ ਬਣਾਏਗੀ ਜਾਂ ਭਾਰਤ ਨਾਲ ਆਪਣੇ ਰਿਸ਼ਤਿਆਂ ਦੀ ਜ਼ਿੰਮੇਵਾਰੀ ਚੁੱਕੇਗੀ ਅਤੇ ਇਸ ਨੂੰ ਇੱਕ ਮੁਕਾਮ ਤੱਕ ਲੈ ਕੇ ਜਾਵੇਗੀ।
ਸਭ ਤੋਂ ਬੁਨਿਆਦੀ ਸਵਾਲ ਤਾਂ ਇਹ ਹੈ ਕਿ ਇਮਰਾਨ ਖ਼ਾਨ ਵਿਦੇਸ਼ ਨੀਤੀ ਖ਼ੁਦ ਘੜਨ ਅਤੇ ਇਸ ਨੂੰ ਲਾਗੂ ਕਰਨ ਦੀ ਤਾਕਤ ਵਾਪਸ ਹਾਸਲ ਕਰਨ ਦੇ ਕਾਬਲ ਹੋ ਸਕਣਗੇ। ਵਿਦੇਸ਼ ਨੀਤੀ ਆਪਣੇ ਮਾਤਾਹਿਤ ਕਰਨ ਲਈ ਸ਼ੁਰੂਆਤੀ ਕੋਸ਼ਿਸ਼ਾਂ ਤੋਂ ਬਾਅਦ ਆਸਿਫ਼ ਅਲੀ ਜ਼ਰਦਾਰੀ ਨੂੰ ਬਹੁਤ ਤੇਜ਼ੀ ਨਾਲ ਪਿਛਲ-ਖੁਰੀਂ ਮੁੜਨਾ ਪਿਆ ਸੀ। ਨਵਾਜ਼ ਸ਼ਰੀਫ਼ ਵੱਲੋਂ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਕੀਤੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ ਫ਼ੌਜ ਨਾਲ ਸਿੱਧੇ ਟਕਰਾਓ ਵਿੱਚ ਪਾ ਦਿੱਤਾ ਸੀ। ਇਮਰਾਨ ਖ਼ਾਨ ਕੋਲ ਵਿਦੇਸ਼ ਨੀਤੀ ਉੱਤੇ ਕੰਟਰੋਲ ਕਰਨ ਦੇ ਬਿਹਤਰ ਮੌਕੇ ਹਨ, ਬਸ਼ਰਤੇ ਉਹ ਆਪਣੀ ਤਾਕਤ ਇਕੱਠੀ ਕਰਨ ਅਤੇ ਫ਼ੌਜ ਨੂੰ ਇਹ ਜਚਾਉਣ ਕਿ ਪਾਕਿਸਤਾਨ ਦਾ ਭਵਿੱਖ ਅਤੇ ਸਥਿਰਤਾ, ਭਾਰਤ ਨਾਲ ਵਿਹਾਰਕ ਰਿਸ਼ਤੇ ਮਜ਼ਬੂਤ ਕਰਨ, ਅਫਗ਼ਾਨਿਸਤਾਨ ਵਿੱਚ ਭਰੋਸਾ ਜਿੱਤਣ, ਅਮਰੀਕਾ ਨਾਲ ਭਰੋਸਾ ਵਧਾਉਣ ਅਤੇ ਚੀਨ ਨਾਲ ਰਿਸ਼ਤੇ ਹੋਰ ਮਜ਼ਬੂਤ ਕਰਨ ਨਾਲ ਜੁੜੇ ਹੋਏ ਹਨ। (ਐਕਸਪ੍ਰੈੱਸ ਟ੍ਰਿਬਿਊਨ, ਇਸਲਾਮਾਬਾਦ ਦੇ ਧੰਨਵਾਦ ਸਹਿਤ)
*ਲੇਖਕ ਪਾਕਿਸਤਾਨੀ ਥਲ ਸੈਨਾ ਦਾ ਸਾਬਕਾ ਲੈਫਟੀਨੈਂਟ ਜਨਰਲ ਤੇ ਹਿੰਦ-ਪਾਕਿ ਦੋਸਤੀ ਦਾ ਮੁਦਈ ਹੈ।


Comments Off on ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.