ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਆਓ, ਸਹਿਜਤਾ ਦਾ ਗੁਣ ਧਾਰਨ ਕਰੀਏ

Posted On August - 25 - 2018

ਗੁਰਦਾਸ ਸਿੰਘ ਸੇਖੋਂ

ਅਜੋਕਾ ਮਨੁੱਖ ਅੰਦਰੋਂ ਪੂਰੀ ਤਰ੍ਹਾਂ ਖੰਡਿਤ ਹੋ ਚੁੱਕਿਆ ਹੈ। ਭਾਵੇਂ ਸਾਲਾਂ ਦੇ ਕੰਮ ਮਹੀਨਿਆਂ ਵਿੱਚ, ਮਹੀਨਿਆਂ ਦੇ ਦਿਨਾਂ ਵਿੱਚ, ਦਿਨਾਂ ਦੇ ਘੰਟਿਆਂ ਵਿੱਚ ਅਤੇ ਘੰਟਿਆਂ ਦੇ ਕੰੰਮ ਹੁਣ ਮਿੰਟਾਂ-ਸਕਿੰਟਾਂ ਵਿੱਚ ਹੋਣ ਲੱਗੇ ਹਨ, ਪਰ ਤਕਨੀਕ ਤੇ ਵਿਗਿਆਨ ਦੀ ਇਸ ਹਨੇਰੀ ਨੇ ਮਨੁੱਖੀ ਮਨ ਵਿੱਚੋਂ ਸਹਿਜਤਾ ਨੂੰ ਉਡਾ ਦਿੱਤਾ ਹੈ। ਸਹਿਜ ਤੋਂ ਭਾਵ ਸਬਰ-ਸੰਤੋਖ, ਸ਼ਾਂਤੀ, ਆਰਾਮ ਤੇ ਠਰੰਮ੍ਹੇ ਵਰਗੇ ਗੁਣਾਂ ਦੇ ਧਾਰਨੀ ਹੋਣਾ ਹੈ। ਸਹਿਜ ਭਰਪੂਰ ਮਨੁੱਖ ਕਦੇ ਵੀ ਬੇਚੈਨੀ, ਕਾਹਲੇਪਣ, ਤੀਬਰ ਉਤੇਜਨਾ ਤੇ ਬੇਸਬਰੀ ਦਾ ਪ੍ਰਗਟਾਵਾ ਨਹੀਂ ਕਰਦੇ।
ਸਹਿਜ ਦਾ ਸਬੰਧ ਸੰਜੀਦਗੀ ਤੇ ਸੁਹਿਰਦਤਾ ਨਾਲ ਹੈ। ਸਹਿਜ ਮਨੁੱਖ ਸਹਿਣਸ਼ੀਲਤਾ ਦੀ ਮੂਰਤ ਹੁੰਦਾ ਹੈ। ਅਜਿਹੇ ਮਨੁੱਖ ਆਪਣੇ ਉੱਪਰ ਹੁੰਦੇ ਸ਼ੋਸ਼ਣ ਤੇ ਵਧੀਕੀ ਨੂੰ ਸ਼ਹਿਣ ਕਰਦਿਆਂ ਤਣਾਅ ਭਰੇ ਹਾਲਾਤ ’ਚ ਵੀ ਅਡੋਲ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕਾਹਲ, ਬੇਸਬਰੀ ਤੇ ਬੇਚੈਨੀ ਦੀ ਕੋਈ ਥਾਂ ਨਹੀਂ ਹੁੰਦੀ, ਪਰ ਅਜੋਕੀ ਜੀਵਨਸ਼ੈਲੀ ਵਿੱਚੋਂ ਸਹਿਜਤਾ ਮਨਫ਼ੀ ਹੁੰਦੀ ਜਾ ਰਹੀ ਹੈ। ਇਸ ਦੀ ਥਾਂ ਹੁਣ ਦੰਭ-ਵਿਖਾਵੇ ਦੀ ਦਿਸ਼ਾਹੀਣਤਾ ਨੇ ਮੱਲ ਲਈ ਹੈ।
ਜ਼ਿੰਦਾਦਿਲੀ, ਸਿਦਕ ਤੇ ਸਬਰ ਦੀ ਉਪਜ ਸਹਿਜਤਾ ਵਿੱਚੋਂ ਹੀ ਹੁੰਦੀ ਹੈ। ਅਜਿਹੇ ਗੁਣਾਂ ਦੇ ਧਾਰਨੀ ਮਨੁੱਖ ਆਪਣੀ ਸਮੱਸਿਆ ਤੇ ਉਲਝਣ ਨੂੰ ਹਾਸੇ-ਹਾਸੇ ਵਿੱਚ ਸੁਲਝਾ ਕੇ ਦੂਜਿਆਂ ਲਈ ਸੰਕਟ-ਮੋਚਨ ਤੇ ਰਾਹ-ਦਿਸੇਰੇ ਬਣ ਜਾਂਦੇ ਹਨ। ਉਹ ਹਮੇਸ਼ਾਂ ਦੂਜਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇਖਣਾ ਲੋਚਦੇ ਹਨ। ਸਹਿਜ ਮਨੁੱਖ ਅਭੱਦਰ ਤੇ ਅਸੱਭਿਅਕ ਭਾਸ਼ਾ ਨੂੰ ਕਦੇ ਵੀ ਆਪਣੀ ਜ਼ੁਬਾਨ ਦਾ ਅੰਗ ਨਹੀਂ ਬਣਾਉਂਦਾ। ਤਰਕਮਈ ਤੱਥ ਤੇ ਢੁਕਵੀਂ ਦਲੀਲ ਦੇ ਨਾਲ-ਨਾਲ ਉਤੇਜਨਾ ਰਹਿਤ ਗੱਲ ਕਰਨ ਵਾਲਾ ਇਨਸਾਨ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਹੁੰਦਾ ਹੈ। ਸੰਚਾਰ ਦੀਆਂ ਅਜਿਹੀਆਂ ਜੁਗਤਾਂ ਸਹਿਜਤਾ ਦੀ ਚਾਸ਼ਨੀ ’ਚ ਲਿਪਟੇ ਸ਼ਬਦਾਂ ਦੀਆਂ ਮਹਿਕਾਂ ਵੰਡਦੀਆਂ ਹਨ। ਸਹਿਜਤਾ ਮਨੁੱਖੀ ਚਿੰਤਾ ਦਾ ਨਾਸ਼ ਕਰਕੇ ਚੰਗੀ ਸਿਹਤ ਦਾ ਨਿਰਮਾਣ ਕਰਨ ਵਿੱਚ ਸਹਾਈ ਹੁੰਦੀ ਹੈ। ਸਹਿਜਤਾ ਦਾ ਗੁਣ ਸਾਰੇ ਧਰਮਾਂ ਵਿੱਚ ਵਡਿਆਇਆ ਗਿਆ ਹੈ। ਧਾਰਮਿਕ ਰੁਚੀਆਂ ਵਾਲੇ ਮਨੁੱਖਾਂ ਵਿੱਚੋਂ ਸਹਿਜਤਾ ਵਧੇਰੇ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਨਾਲ ਨਿਮਰਤਾ ਆਉਂਦੀ ਹੈ ਤੇ ਨਿਮਰਤਾ ਨਾਲ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

ਗੁਰਦਾਸ ਸਿੰਘ ਸੇਖੋਂ

ਕੁਦਰਤੀ ਨਿਆਮਤਾਂ ਜਿਵੇਂ ਜੰਗਲ, ਬੇਲੇ, ਬਰਫ਼, ਪਹਾੜ, ਰੁੱਖ ਆਦਿ ਨੂੰ ਗਹੁ ਨਾਲ ਤੱਕਦਾ ਮਨ ਵਿਸਮਾਦ ਵਿੱਚ ਆ ਕੇ ਤਨ ਅੰਦਰ ਸਹਿਜਤਾ ਦੇ ਬੀਜ ਬੀਜਦਾ ਹੈ। ‘ਸਹਿਜ ਪੱਕੇ ਸੋ ਮੀਠਾ ਹੋਇ’ ਵਾਂਗ ਸਹਿਜਤਾ ਨਾਲ, ਪਰ ਲਗਾਤਾਰ ਤੇ ਵਿਧੀਵਤ ਰੂਪ ਵਿੱਚ ਕੀਤੇ ਯਤਨਾਂ ਦਾ ਫ਼ਲ ਹਮੇਸ਼ਾਂ ਮਿੱਠਾ ਤੇ ਸਕੂਨਮਈ ਹੁੰਦਾ ਹੈ। ਗਿੱਦੜ ਦੀ ਕਾਹਲ ਨਾਲ ਅੰਗੂਰ ਨਾ ਪੱਕਣ ਵਾਂਗ ਕਿਸੇ ਕੰਮ ਪ੍ਰਤੀ ਬੇਲੋੜੀ ਤੇ ਅਗਾਊਂ ਉਤੇਜਨਾ ਉਸ ਕੰਮ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਵਿੱਚ ਸਹਾਈ ਨਹੀਂ ਹੁੰਦੀ। ਕੱਛੂਕੁੰਮੇ ਦੀ ਜਿੱਤ ਪਿੱਛੇ ਉਸਦੀ ਸਹਿਜਤਾ ਭਰੀ ਲਗਾਤਾਰ ਦੌੜ ਅਤੇ ਖ਼ਰਗੋਸ਼ ਦੀ ਹਾਰ ਪਿੱਛੇ ਉਸਦੀ ਕਾਹਲੀ, ਤੀਬਰ ਉਤੇਜਨਾ ਤੇ ਹੰਕਾਰ ਹੁੰਦਾ ਹੈ। ਇਸੇ ਤਰ੍ਹਾਂ ਸਹਿਜ ਮਨੁੱਖ ਵਿੱਚ ਹੰਕਾਰ ਦੀ ਥਾਂ ਨਿਮਰਤਾ ਦਾ ਵਾਸਾ ਹੁੰਦਾ ਹੈ।
ਰੋਅਬ, ਧੌਂਸ ਤੇ ਤਲਖ਼ੀ ਵਰਗੇ ਹਥਿਆਰਾਂ ਨਾਲ ਲੈਸ ਅਜੋਕੇ ਮਨੁੱਖ ਸਾਊ, ਸ਼ਾਂਤ ਤੇ ਨਿਮਰ ਮਨੁੱਖਾਂ ਦੀ ਕੋਈ ਅਪੀਲ-ਦਲੀਲ ਸੁਣਨ ਨੂੰ ਤਿਆਰ ਨਹੀਂ ਹਨ। ਅਜਿਹੇ ਗ਼ੈਰ-ਇਖ਼ਲਾਕੀ ਤੇ ਅਣਮਨੁੱਖੀ ਵਰਤਾਰੇ ਹੀ ਨਿੱਤ ਦੇ ਝਗੜੇ-ਝਮੇਲਿਆਂ ਨੂੰ ਜਨਮ ਦਿੰਦੇ ਹਨ। ਖਾਲੀ ਭਾਂਡਾ ਵਧੇਰੇ ਖੜਕਣ ਦੀ ਤਰ੍ਹਾਂ ਬਹੁਤੇ ਹੰਕਾਰੀ ਸ਼ਖ਼ਸ ਦੂਜਿਆਂ ’ਤੇ ਆਪਣੇ ਅਧੂਰੇ ਗਿਆਨ ਨੂੰ ਜ਼ਬਰਦਸਤੀ ਥੋਪਣ ਲਈ ਬੜੀ ਕਾਹਲੀ ਦਿਖਾਉਂਦੇ ਹਨ। ਉਹ ਦੂਜਿਆਂ ਦੇ ਚੰਗੇ ਵਿਚਾਰਾਂ ਦਾ ਵਿਰੋਧ ਕਰਦਿਆਂ ਅਸਹਿਣਸ਼ੀਲਤਾ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ ਹਨ।
ਅਜੋਕੇ ਦੌਰ ਵਿੱਚ ਅਸਹਿਜਤਾ ਤੇ ਕਾਹਲ ਕਾਰਨ ਵੱਡੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ। ਇੱਕ ਪਲ ਦੀ ਸਹਿਜਤਾ ਤੇ ਸਹਿਣਸ਼ੀਲਤਾ ਵਿਸ਼ਾਲ ਬਰਬਾਦੀ ਤੋਂ ਬਚਾ ਸਕਦੀ ਹੈ ਤੇ ਇੱਕ ਪਲ ਦੀ ਕਾਹਲੀ ਅਤੇ ਅਸਹਿਣਸ਼ੀਲਤਾ ਬਰਬਾਦੀ ਦੇ ਬੂਹੇ ’ਤੇ ਖੜ੍ਹਾ ਕਰ ਦਿੰਦੀ ਹੈ। ਨਿੱਤ ਵਾਪਰਦੇ ਸੜਕ ਹਾਦਸਿਆਂ ਦੀ ਮੂਲ ਜੜ੍ਹ ਵੀ ਅਸਹਿਜ ਸੁਭਾਅ ਹੀ ਹੈ। ਘਰੇਲੂ ਕਲੇਸ਼ ਅਤੇ ਆਤਮ-ਹੱਤਿਆ ਦਾ ਬਹੁਤਾ ਕਾਰਨ ਸਹਿਜਤਾ ਦੀ ਘਾਟ ਹੈ। ਅਧਿਆਪਕ ਵੱਲੋਂ ਕਾਹਲੀ ਨਾਲ ਚੈੱਕ ਕੀਤਾ ਪੇਪਰ ਇੱਕ ਵਿਦਿਆਰਥੀ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਬੈਂਕ ਕਰਮੀ ਦੀ ਕਾਹਲ ਬੈਂਕ ਗਾਹਕ ਲਈ ਵੱਡਾ ਆਰਥਿਕ ਘਾਟਾ ਸਹੇੜ ਸਕਦੀ ਹੈ। ਡਰਾਈਵਰ ਦੀ ਅਸਹਿਜ ਡਰਾਈਵਿੰਗ ਅਨੇਕਾਂ ਜਾਨਾਂ ਲਈ ਖੌਅ ਬਣ ਸਕਦੀ ਹੈ। ਡਾਕਟਰ ਦੀ ਅਸਹਿਜ ਇਲਾਜ-ਪ੍ਰਣਾਲੀ ਮਰੀਜ਼ ਦੀ ਜ਼ਿੰਦਗੀ ਦਾਅ ’ਤੇ ਲਗਾ ਸਕਦੀ ਹੈ। ‘ਕਾਹਲੀ ਅੱਗੇ ਟੋਏ’ ਲੋਕ-ਸਿਆਣਪ ਵਾਂਗ ਕਾਹਲੀ ਨਾਲ ਕੰਮ ਲਟਕ ਜਾਂਦਾ ਹੈ ਤੇ ਦੁੱਗਣਾ ਵਕਤ ਲੈ ਲੈਂਦਾ ਹੈ। ਅਸਹਿਜ ਮਨੁੱਖ ਨਾ ਤਾਂ ਆਪ ਸ਼ਾਂਤ ਹੁੰਦਾ ਹੈ ਤੇ ਨਾ ਹੀ ਆਪਣੇ ਸਮਾਜਿਕ ਦਾਇਰੇ ਨੂੰ ਸੁੱਖ-ਸ਼ਾਂਤੀ ਦੀ ਅਵਸਥਾ ਵਿੱਚ ਰਹਿਣ ਦਿੰਦਾ ਹੈ।
ਸਹਿਜਤਾ ਤੋਂ ਭਾਵ ਸੁਭਾਵਿਕ ਰਵਾਨਗੀ ਤੇ ਗਤੀਸ਼ੀਲਤਾ ਦੇ ਮਨਫ਼ੀ ਹੋਣ ਤੋਂ ਨਹੀਂ ਹੈ ਕਿਉਂਕਿ ਗਤੀਹੀਣ ਮਨੁੱਖ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦਾ। ਸਹਿਜਤਾ ਉਸ ਨਦੀ ਵਾਂਗ ਹੁੰਦੀ ਹੈ ਜਿਸ ਦੇ ਪਾਣੀ ਦੀ ਸਹਿਜਤਾ ਤੇ ਰਵਾਨਗੀ ਦਾ ਸਮਤਲ ਵੇਗ ਉਸਨੂੰ ਸਾਗਰ ਵਿੱਚ ਜਾ ਮਿਲਾਉਂਦਾ ਹੈ। ਸੋ ਆਓ ਸਹਿਜਤਾ ਦੇ ਅਣਮੁੱਲੇ ਗਹਿਣੇ ਨੂੰ ਧਾਰਨ ਕਰਕੇ ਜ਼ਿੰਦਗੀ ਨੂੰ ਰਮਣੀਕ, ਹੁਸੀਨ, ਆਨੰਦਮਈ ਤੇ ਖ਼ੁਸ਼ਗਵਾਰ ਬਣਾਈਏ।

ਸੰਪਰਕ: 98721-77666


Comments Off on ਆਓ, ਸਹਿਜਤਾ ਦਾ ਗੁਣ ਧਾਰਨ ਕਰੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.