ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਹਜੂਮੀ ਕਤਲ: ਰਾਜਸਥਾਨ ਸਰਕਾਰ ਖ਼ਿਲਾਫ਼ ਅਦਾਲਤੀ ਮਾਣਹਾਨੀ ਦੀ ਪਟੀਸ਼ਨ ਦਾਇਰ

Posted On July - 23 - 2018
ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਸੰਸਦ ਵਿੱਚ ਕਿਸੇ ਗੱਲ ’ਤੇ ਹਾਸੇ ਸਾਂਝੇ ਕਰਦੇ ਹੋਏ। -ਫੋਟੋ: ਪੀਟੀਆਈ

ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਸੰਸਦ ਵਿੱਚ ਕਿਸੇ ਗੱਲ ’ਤੇ ਹਾਸੇ ਸਾਂਝੇ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 23 ਜੁਲਾਈ
ਸੁਪਰੀਮ ਕੋਰਟ ਨੇ ਹਜੂਮੀ ਕਤਲਾਂ ਦੇ ਮਾਮਲੇ ਵਿੱਚ ਅੱਜ ਰਾਜਸਥਾਨ ਸਰਕਾਰ ਖ਼ਿਲਾਫ਼ ਹੱਤਕ ਇੱਜ਼ਤ ਮਾਮਲੇ ’ਤੇ ਕਾਰਵਾਈ ਲਈ ਆਗਾਮੀ 28 ਅਗਸਤ ਨੂੰ ਸੁਣਵਾਈ ਲਈ ਹਾਮੀ ਭਰੀ ਹੈ। ਇਸ ਸਬੰਧੀ ਤੁਸ਼ਾਰ ਗਾਂਧੀ ਅਤੇ ਕਾਂਗਰਸੀ ਆਗੂ ਤਹਿਸੀਨ ਪੂਨਾਵਾਲਾ ਨੇ ਪਟੀਸ਼ਨ ਦਾਇਰ ਕੀਤੀ ਹੈ। ਦੂਜੇ ਪਾਸੇ ਬੀਤੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਰਾਤ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਗਊ ਤਸਕਰੀ ਦੇ ਸ਼ੱਕ ਹੇਠ ਘੱਟਗਿਣਤੀ ਭਾਈਚਾਰੇ ਦੇ ਇਕ ਹੋਰ ਵਿਅਕਤੀ ਦੇ ਹਜੂਮੀ ਕਤਲ ਨੇ ਇਸ ਮੁੱਦੇ ਉਤੇ ਸਿਆਸਤ ਹੋਰ ਭਖ਼ਾ ਦਿੱਤੀ ਹੈ।
ਇਸੇ ਦੌਰਾਨ ਰਾਜਸਥਾਨ ਪੁਲੀਸ ਨੇ ਅੱਜ ਦੇਰ ਰਾਤ ਇਸ ਮਾਮਲੇ ਨੂੰ ਸਿੱਝਣ ਵਿੱਚ ਹੋਈ ‘ਗ਼ਲਤੀ’ ਕਬੂਲਦਿਆਂ ਰਕਬਰ ਉਰਫ ਅਕਬਰ ਖ਼ਾਨ ਨੂੰ ਹਸਪਤਾਲ ਲਿਜਾਣ ’ਚ ‘ਦੇਰ’ ਕਰਨ ਬਦਲੇ ਇਕ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਤੇ ਤਿੰਨ ਸਿਪਾਹੀਆਂ ਨੂੰ ਲਾਈਨ ਹਾਜ਼ਰ ਕੀਤਾ ਹੈ। ਏਐਸਆਈ ਮੋਹਨ ਸਿੰਘ ਵੱਲੋਂ ਇਸ ਸਬੰਧੀ ‘ਗ਼ਲਤੀ’ ਮੰਨਦਿਆਂ ਕਥਿਤ ਮੁਆਫ਼ੀ ਮੰਗੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਉਂਜ ਡੀਜੀਪੀ ਓ.ਪੀ. ਗਲਹੋਤਰਾ ਨੇ ਉਸ ਦੀ ਮੌਤ ‘ਪੁਲੀਸ ਹਿਰਾਸਤ’ ਵਿੱਚ ਹੋਣ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਐਮ.ਏ. ਖਾਨਵਿਲਕਰ ਤੇ ਜਸਟਿਸ ਡੀ.ਵਾਈ. ਚੰਦਰਚੂੜ ਦੇ ਬੈਂਚ ਅੱਗੇ ਪਟੀਸ਼ਨ ਦਾਇਰ ਕਰਦਿਆਂ ਪਟੀਸ਼ਨਰਾਂ ਨੇ ਮੰਗ ਕੀਤੀ ਕਿ ਸਿਖਰਲੀ ਅਦਾਲਤ ਦੇ ਇਸ ਸਬੰਧੀ ਹੁਕਮਾਂ ਨੂੰ ਹੂ-ਬ-ਹੂ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। ਸੁਪਰੀਮ ਕੋਰਟ ਨੇ ਬੀਤੀ 17 ਜੁਲਾਈ ਨੂੰ ਸੁਣਾਏ ਫ਼ੈਸਲੇ ਵਿੱਚ ਹਜੂਮੀ ਕਤਲਾਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸੰਸਦ ਨੂੰ ਕਾਨੂੰਨ ਬਣਾਉਣ ਲਈ ਆਖਿਆ ਸੀ।
ਇਸ ਮਾਮਲੇ ਉਤੇ ਅੱਜ ਕਾਂਗਰਸ ਤੇ ਭਾਜਪਾ ਦਰਮਿਆਨ ਤਿੱਖੀ ਲਫ਼ਜ਼ੀ ਜੰਗ ਛਿੜ ਪਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਲਵਰ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਜ਼ਾਲਮ’ ’ਨਵੇਂ ਭਾਰਤ’ ਵਿੱਚ ਇਨਸਾਨੀਅਤ  ਦੀ ਥਾਂ ਨਫ਼ਰਤ ਨੇ ਲੈ ਲਈ ਹੈ। ਦੂਜੇ  ਪਾਸੇ ਦੋ ਕੇਂਦਰੀ ਮੰਤਰੀਆਂ ਨੇ ਸ੍ਰੀ ਗਾਂਧੀ ਨੂੰ ‘ਨਫ਼ਰਤ ਦਾ ਬਾਦਸ਼ਾਹ’ ਦੱਸਿਆ। ਇਹ ਮਾਮਲਾ ਇਨ੍ਹਾਂ ਰਿਪੋਰਟਾਂ ਪਿੱਛੋਂ ਵਧਿਆ ਕਿ ਕੁੱਟ-ਮਾਰ ਕਾਰਨ ਮਰਨਹਾਰ ਅਕਬਰ ਖ਼ਾਨ (28) ਨੂੰ ਹਸਪਤਾਲ ਲਿਜਾਣ ’ਚ ਪੁਲੀਸ ਨੇ ਤਿੰਨ ਘੰਟੇ ਲਗਾ ਦਿੱਤੇ ਕਿਉਂਕਿ ਉਹ ਰਸਤੇ ਵਿੱਚ ਅਕਬਰ ਨੂੰ ਉਸੇ ਹਾਲ ਛੱਡ ਕੇ ਖ਼ੁਦ ਚਾਹ ਪੀਣ ਲੱਗ ਪਏ। ਸ੍ਰੀ ਗਾਂਧੀ ਨੇ ਆਪਣੀ ਟਵੀਟ ਵਿੱਚ ਕਿਹਾ, ‘‘ਅਲਵਰ ’ਚ ਪੁਲੀਸ ਮੁਲਾਜ਼ਮਾਂ ਨੇ ਮਰਨਹਾਰ ਅਕਬਰ ਖ਼ਾਨ ਨੂੰ ਮਹਿਜ਼ 6 ਕਿਲੋਮੀਟਰ ਦੂਰ ਹਸਪਤਾਲ ਲਿਜਾਣ ’ਚ ਤਿੰਨ ਘੰਟੇ ਲਾ ਦਿੱਤੇ।    ਉਨ੍ਹਾਂ ਰਾਹ ਵਿੱਚ ਚਾਹ ਦੀ ਬਰੇਕ ਲੈ ਲਈ ਸੀ।’’ ਉਨ੍ਹਾਂ ਲਿਖਿਆ, ‘‘ਇਹ ਮੋਦੀ ਦਾ ਨਵਾਂ ਭਾਰਤ ਹੈ, ਜਿਥੇ ਇਨਸਾਨੀਅਤ ਦੀ ਥਾਂ ਨਫ਼ਰਤ ਦਾ ਬੋਲਬਾਲਾ ਹੈ।’’ ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀਆਂ ਪਿਯੂਸ਼ ਗੋਇਲ ਤੇ ਸਮ੍ਰਿਤੀ ਇਰਾਨੀ ਨੇ ਸ੍ਰੀ ਗਾਂਧੀ ਨੂੰ ‘ਨਫ਼ਰਤ ਦਾ ਬਾਦਸ਼ਾਹ’ ਦੱਸਿਆ। ਲੋਕ ਸਭਾ ਵਿੱਚ ਵੀ ਇਸ ਮੁੱਦੇ ’ਤੇ ਦੋਵਾਂ ਪਾਰਟੀਆਂ ਦੇ ਮੈਂਬਰਾਂ ਦਰਮਿਆਨ ਤਲਖ਼ਕਲਾਮੀ ਹੋਈ।
ਇਸ ਦੌਰਾਨ ਕੇਂਦਰ ਸਰਕਾਰ ਨੇ ਹਜੂਮੀ ਕਤਲਾਂ ਦੇ ਅਸਰਦਾਰ ਟਾਕਰੇ ਵਾਸਤੇ ਕਦਮ ਸੁਝਾਉਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦ ਅਗਵਾਈ ਹੇਠ ਮੰਤਰੀ ਸਮੂਹ ਅਤੇ ਗ੍ਰਹਿ ਸਕੱਤਰ ਰਾਜੀਵ ਗੁਪਤਾ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਸ੍ਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਦੱਸਿਆ ਕਿ ਕਮੇਟੀ ਵੱਲੋਂ ਆਪਣੀ ਰਿਪੋਰਟ 15 ਦਿਨਾਂ ’ਚ ਮੰਤਰੀ ਸਮੂਹ ਨੂੰ ਸੌਂਪੀ ਜਾਵੇਗੀ, ਜੋ ਅੱਗੋਂ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦੇਵੇਗਾ। ਕੇਂਦਰ ਸਰਕਾਰ ਨੇ ਅਲਵਰ ਹਜੂਮੀ ਕਤਲ ਦੀ ਰਾਜਸਥਾਨ ਸਰਕਾਰ ਕੋਲੋਂ ਰਿਪੋਰਟ ਵੀ ਤਲਬ ਕੀਤੀ ਹੈ। ਰਾਜਸਥਾਨ ਸਰਕਾਰ ਨੇ ਵੀ ਅਕਬਰ ਨੂੰ ਹਸਪਤਾਲ ਲਿਜਾਣ ਸਬੰਧੀ ਪੁਲੀਸ ਵੱਲੋਂ ਦੇਰ ਕੀਤੇ ਜਾਣ ਦੀ ਜਾਂਚ ਲਈ ਡੀਜੀਪੀ (ਅਮਨ-ਕਾਨੂੰਨ) ਦੀ ਅਗਵਾਈ ਹੇਠ ਪੁਲੀਸ ਅਫ਼ਸਰਾਂ ਦੀ ਉੱਚ ਪੱਧਰੀ ਕਮੇਟੀ ਬਣਾਈ ਹੈ।

-ਪੀਟੀਆਈ

ਮੱਧ ਪ੍ਰਦੇਸ਼ ਵਿੱਚ ਭੀੜ ਨੇ ਲਈ ਔਰਤ ਦੀ ਜਾਨ

ਸਿੰਗਰੌਲੀ: ਮੱਧ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿੱਚ ਭੀੜ ਨੇ ਇਕ ਅਣਪਛਾਤੀ ਔਰਤ ਨੂੰ ਬੱਚੇ ਚੁੱਕਣ ਵਾਲੀ ਕਰਾਰ ਦੇ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ 19 ਜੁਲਾਈ ਨੂੰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਵਾਪਰੀ। ਮਾਰੀ ਗਈ ਔਰਤ ਮਾਨਸਿਕ ਤੌਰ ’ਤੇ ‘ਬਿਮਾਰ ਦਿਖਾਈ ਦਿੰਦੀ’ ਸੀ, ਜਿਸ ਦੀ ਉਮਰ 25-30 ਸਾਲ ਦੱਸੀ ਗਈ ਹੈ। ਪੁਲੀਸ ਨੇ ਇਸ ਸਬੰਧੀ 12 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

-ਪੀਟੀਆਈ

ਜੰਤਰ ਮੰਤਰ ’ਤੇ ਮੁਜ਼ਾਹਰਿਆਂ ਉੱਤੇ ਮੁਕੰਮਲ ਰੋਕ ਨਹੀਂ ਲਾਈ ਜਾ ਸਕਦੀ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਜੰਤਰ ਮੰਤਰ ਅਤੇ ਬੋਟ ਕਲੱਬ ’ਤੇ ਹੁੰਦੇ ਮੁਜ਼ਾਹਰਿਆਂ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਈ ਜਾ ਸਕਦੀ ਅਤੇ ਕੇਂਦਰ ਨੂੰ ਇਨ੍ਹਾਂ ਮੁਜ਼ਾਹਰਿਆਂ ਅਤੇ ਸਮਾਗਮਾਂ ਨੂੰ ਮਨਜ਼ੂਰੀ ਦੇਣ ਲਈ ਦਿਸ਼ਾ ਨਿਰਦੇਸ਼ ਨਿਰਧਾਰਤ ਕਰਨੇ ਚਾਹੀਦੇ ਹਨ।  ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪਿਛਲੇ ਸਾਲ 5 ਅਕਤੂਬਰ ਤੋਂ ਜੰਤਰ ਮੰਤਰ ਉੱਤੇ ਕਿਸੇ ਵੀ ਤਰ੍ਹਾਂ ਦੇ ਧਰਨਾ ਪ੍ਰਦਰਸ਼ਨ ’ਤੇ ਰੋਕ ਲਾਈ ਹੋਈ ਹੈ ਜਦੋਂ ਕਿ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

-ਪੀਟੀਆਈ 


Comments Off on ਹਜੂਮੀ ਕਤਲ: ਰਾਜਸਥਾਨ ਸਰਕਾਰ ਖ਼ਿਲਾਫ਼ ਅਦਾਲਤੀ ਮਾਣਹਾਨੀ ਦੀ ਪਟੀਸ਼ਨ ਦਾਇਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.