ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਸਿਰਜਣਸ਼ੀਲਤਾ, ਜ਼ਬਤ ਤੇ ਬੰਧੇਜ

Posted On July - 28 - 2018

ਸ਼ਬਦ ਸੰਚਾਰ
ਸੁਰਿੰਦਰ ਸਿੰਘ ਤੇਜ
ਸਾਹਿਤ ਅਕਾਡਮੀ ਪੁਰਸਕਾਰ ਜੇਤੂ ਮਲਿਆਲਮ ਲੇਖਕ ਹਰੀਸ਼ ਨੂੰ ਬਲਦੇਵ ਸਿੰਘ ਸੜਕਨਾਮਾ ਵਾਲੀ ਹੋਣੀ ਨਾਲ ਜੂਝਣਾ ਪੈ ਰਿਹਾ ਹੈ। ਜਿਵੇਂ ਬਲਦੇਵ ਸਿੰਘ ਨੂੰ ਆਪਣਾ ਨਾਵਲ ‘ਸੂਰਜ ਦੀ ਅੱਖ’ ਸਿੱਖ ਸਮਾਜ ਦੇ ਇੱਕ ਵਰਗ ਵੱਲੋਂ ਸਖ਼ਤ ਇਤਰਾਜ਼ਾਂ ਤੇ ਧਮਕੀਆਂ ਕਾਰਨ ਵਾਪਸ ਲੈਣਾ ਪਿਆ ਸੀ, ਉਵੇਂ ਹੀ ਹਰੀਸ਼ (ਮਲਿਆਲੀ ਉਚਾਰਣ ਹਰੀਸ) ਨੂੰ ਇਹ ਕਦਮ ਦਸ ਦਿਨ ਪਹਿਲਾਂ ਹਿੰਦੂਤਵੀ ਸੰਗਠਨਾਂ ਦੀਆਂ ਧਮਕੀਆਂ ਤੇ ਹਿੰਸਾਤਮਕ ਕਾਰਵਾਈਆਂ ਕਾਰਨ ਚੁੱਕਣਾ ਪਿਆ ਹੈ। ਉਸ ਦਾ ਪਹਿਲਾ ਨਾਵਲ ‘ਮੀਸ਼ਾ’ (ਮੁੱਛਾਂ) ਉੱਘੇ ਮਲਿਆਲਮ ਅਖ਼ਬਾਰ ‘ਮਾਤਰੂਭੂਮੀ’ ਦੇ ਹਫ਼ਤਾਵਾਰੀ ਮੈਗਜ਼ੀਨ ਵਿੱਚ 15 ਕਿਸ਼ਤਾਂ ਵਿੱਚ ਛਪਣਾ ਸੀ, ਪਰ ਤੀਜੀ ਕਿਸ਼ਤ ਤੋਂ ਬਾਅਦ ਲੇਖਕ ਨੇ ਐਲਾਨ ਕਰ ਦਿੱਤਾ ਕਿ ਉਹ ਨਾਵਲ ਵਾਪਸ ਲੈ ਰਿਹਾ ਹੈ। ਇਸ ਫ਼ੈਸਲੇ ਦੀ ਵਜ੍ਹਾ ਉਸ ਨੇ ਇਹ ਬਿਆਨੀ ਕਿ ਦੂਜੀ ਕਿਸ਼ਤ ’ਚ ਦੋ ਕਿਰਦਾਰਾਂ ਦਰਮਿਆਨ ਸੰਵਾਦਾਂ ਨੂੰ ਲੈ ਕੇ ਜਿਸ ਕਿਸਮ ਦੀਆਂ ਧਮਕੀਆਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸੋਸ਼ਲ ਤੇ ਡਿਜੀਟਲ ਮੀਡੀਆ ਉੱਤੇ ਮਿਲਦੀਆਂ ਆ ਰਹੀਆਂ ਹਨ, ਉਨ੍ਹਾਂ ਦੇ ਮੱਦੇਨਜ਼ਰ ਉਹ ‘‘ਮੈਦਾਨ ਛੱਡ ਰਿਹਾ ਹੈ।’’ ਇਹ ਨਾਵਲ ਉਦੋਂ ਛਾਪਿਆ ਜਾਵੇਗਾ ਜਦੋਂ ਸਮਾਜ ਇਸ ਨੂੰ ਪ੍ਰਵਾਨਣ ਤੇ ਇਸ ਅੰਦਰਲੀ ਰਚਨਾਤਮਿਕਤਾ ਦੀ ਕਦਰ ਕਰਨ ਦੀ ਸਥਿਤੀ ਵਿੱਚ ਆ ਜਾਵੇਗਾ।
ਲੇਖਕ ਨੂੰ ਕਿੰਨੀਆਂ ਦੁਸ਼ਵਾਰ ਮਨੋਸਥਿਤੀਆਂ ਤੇ ਵੇਦਨਾਵਾਂ ਨਾਲ ਜੂਝਣਾ ਪੈਂਦਾ ਹੈ, ਉਸ ਵੱਲ ਸੈਨਤ ਕਰਦੇ ਹਨ ਹਰੀਸ਼ ਦੇ ਸ਼ਬਦ। ਉਸ ਨੇ ਕਿਸੇ ਸੰਗਠਨ ਜਾਂ ਸਿਆਸੀ ਜਮਾਤ ਦਾ ਨਾਮ ਨਹੀਂ ਲਿਆ, ਪਰ ਏਨਾ ਜ਼ਰੂਰ ਕਿਹਾ ਕਿ ਸਿਰਫ਼ ਕੁਝ ਸ਼ਬਦਾਂ ਜਾਂ ਫਿਕਰਿਆਂ ਨੂੰ ਲੈ ਕੇ ਰਚਨਾ ਖ਼ਿਲਾਫ਼ ਝੰਡਾ ਚੁੱਕ ਲੈਣ ਦੀ ਪ੍ਰਵਿਰਤੀ ਤੋਂ ਉਸ ਨੂੰ ਦੁੱਖ ਵੀ ਹੋਇਆ ਹੈ ਅਤੇ ਖ਼ੌਫ਼ ਵੀ। ਅਜਿਹੀ ਵੇਦਨਾ ਬਲਦੇਵ ਸਿੰਘ ਸੜਕਨਾਮਾ ਨੇ ਵੀ ਪ੍ਰਗਟਾਈ ਸੀ ਅਤੇ ਉਸ ਤੋਂ ਪਹਿਲਾਂ 2015 ਵਿੱਚ ਤਾਮਿਲ ਲੇਖਕ ਤੇ ਕਵੀ ਪੇਰੂਮਲ ਮੁਰੂਗਨ ਨੇ ਵੀ ਜਿਸ ਨੇ ਆਪਣੇ ਨਾਵਲ ਦੇ ਅੰਗਰੇਜ਼ੀ ਅਨੁਵਾਦ ਤੇ ਪ੍ਰਕਾਸ਼ਨ ਤੋਂ ਬਾਅਦ ਹੋਈ ਹਿੰਸਾ ਦੇ ਮੱਦੇਨਜ਼ਰ ਖ਼ੁਦ ਨੂੰ ਲੇਖਕ ਵਜੋਂ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਲੋਕਾਂ ਵੱਲੋਂ ਮਿਲੀ ਭਰਵੀਂ ਹਮਾਇਤ ਅਤੇ ਨਾਵਲ ਨਾਲ ਸਬੰਧਤ ਇੱਕ ਕੇਸ ਵਿੱਚ ਮਦਰਾਸ ਹਾਈ ਕੋਰਟ ਵੱਲੋਂ ਉਸ ਨੂੰ ਬਾਇੱਜ਼ਤ ਬਰੀ ਕੀਤੇ ਜਾਣ ਤੋਂ ਬਾਅਦ ਉਹ ਹੁਣ ਨਵੇਂ ਨਾਵਲ ‘ਪੂਨਾਚੀ’ (ਕਾਲੀ ਬੱਕਰੀ) ਰਾਹੀਂ ‘ਪੁਨਰਜੀਵਤ’ ਹੋ ਚੁੱਕਾ ਹੈ।
ਹਰੀਸ਼ ਨੂੰ ਕੇਰਲਾ ਸਰਕਾਰ, ਸਿਆਸੀ ਪਾਰਟੀਆਂ, ਸੱਭਿਆਚਾਰਕ ਸੰਗਠਨਾਂ ਤੇ ਸਾਹਿੱਤਕ ਹਸਤੀਆਂ ਤੋਂ ਚੋਖੀ ਹਮਾਇਤ ਮਿਲੀ ਹੈ। ਮੁੱਖ ਮੰਤਰੀ ਪਿਨਾਰੇਈ ਵਿਜਿਅਨ ਨੇ ਉਸ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਾਰਤੀ ਸਾਹਿਤ ਅਕਾਡਮੀ ਦੇ ਸਾਬਕਾ ਸਕੱਤਰ ਸਚਿਦਾਨੰਦਨ, ਅੰਗਰੇਜ਼ੀ ਤੇ ਮਲਿਆਲਮ ਦੀ ਉਪਨਿਆਸਕਾਰ ਅਨਿਤਾ ਨਾਇਰ ਤੇ ਇੰਡੀਅਨ ਰਾਈਟਰਜ਼ ਫੋਰਮ ਨਾਲ ਜੁੜੀਆਂ ਹੋਰ ਹਸਤੀਆਂ ਨੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਮੋਰਚਾ ਲਾਮਬੰਦ ਕਰਨ ਦਾ ਵਾਅਦਾ ਕੀਤਾ ਹੈ। ਇੱਕ ਪਾਸੇ ਜੁਝਾਰੂ ਆਵਾਜ਼ਾਂ ਹਨ, ਦੂਜੇ ਪਾਸੇ ਸਾਵਧਾਨੀ ਦੇ ਮੁਦਈ। ਕੇਰਲਾ ਸਾਹਿਤ ਅਕਾਡਮੀ ਪੁਰਸਕਾਰ ਜੇਤੂ ਨਾਵਲਕਾਰ, ਕਥਾਕਾਰ ਤੇ ਫਿਲਮ ਲੇਖਕ ਸੀ.ਵੀ. ਬਾਲਾਕ੍ਰਿਸ਼ਨਨ ਨੇ ਹਰੀਸ਼ ਵੱਲੋਂ ਵਰਤੀ ਇਹਤਿਆਤ ਨੂੰ ਜਾਇਜ਼ ਦੱਸਿਆ ਹੈ। ਬਾਲਾਕ੍ਰਿਸ਼ਨਨ ਦਾ ਕਹਿਣਾ ਹੈ ਕਿ ਅੱਜ ਤੋਂ 40 ਸਾਲ ਪਹਿਲਾਂ ਦੇ ਮੁਕਾਬਲੇ ਉਦਾਰ ਸੋਚ ਵਾਲੇ ਲੋਕ ਸਾਡੇ ਸਮਾਜ ਵਿੱਚ ਬਹੁਤ ਘੱਟ ਰਹਿ ਗਏ ਹਨ। ਇਸ ਵੇਲੇ ਜੇਕਰ ਇੱਕ ਪਾਸੇ ਹਿੰਦੂਤਵੀ ਕੱਟੜਵਾਦੀ ਹਨ ਤਾਂ ਦੂਜੇ ਪਾਸੇ ਖੱਬੇ-ਪੱਖੀ ਚਿੰਤਕ ਜਾਂ ਹਿੰਦੂਤਵ-ਵਿਰੋਧੀ ਵਿਦਵਾਨ ਵੀ ਘੱਟ ਅਸਹਿਣਸ਼ੀਲ ਨਹੀਂ। ਉਹ ਸ਼ਾਇਦ ਨਿੱਜੀ ਤਜਰਬੇ ਦੇ ਆਧਾਰ ’ਤੇ ਇਹ ਕਹਿ ਰਿਹਾ ਹੈ। ਕੇਰਲਾ ਦੇ ਇਸਾਈ ਭਾਈਚਾਰੇ ਬਾਰੇ ਉਸ ਦੇ ਨਾਵਲ ‘ਆਯੂਸਿੰਤੇ ਪੁਸਤਕਮ’ ਨੂੰ 1984 ਵਿੱਚ ਚਰਚ ਦੇ ਤਿੱਖ਼ੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਖੱਬੇ-ਪੱਖੀ ਧਿਰਾਂ ਨੇ ਇਸ ਵਿਰੋਧ ਦਾ ਸਾਥ ਦਿੱਤਾ ਸੀ।
ਸਿੱਖਿਆ ਦੇ ਪਸਾਰੇ ਅਤੇ ਧਾਰਮਿਕ-ਸੱਭਿਆਚਾਰਕ ਵੰਨ ਸੁਵੰਨਤਾ ਪੱਖੋਂ ਦੇਸ਼ ਦਾ ਮੋਹਰੀ ਰਾਜ ਹੋਣ ਦੇ ਬਾਵਜੂਦ ਕੇਰਲਾ ਵਿੱਚ ਸਾਹਿਤਕਾਰਾਂ ਲਈ ਮਾਹੌਲ ਸਦਾ ਸੁਖਾਵਾਂ ਨਹੀਂ ਰਿਹਾ। ਮਲਿਆਲਮ ਵਿੱਚ ਮਾਧਵੀ ਕੁੱਟੀ ਤੇ ਅੰਗਰੇਜ਼ੀ ’ਚ ਕਮਲਾ ਦਾਸ ਦੇ ਨਾਂ ਨਾਲ ਛਪਣ ਵਾਲੀ ਲੇਖਕ ਤੇ ਕਵੀ ਦੀਆਂ ਬੇਬਾਕ ਲੇਖਣੀਆਂ ਨੇ 1960ਵਿਆਂ-70ਵਿਆਂ ਵਿੱਚ ਖ਼ੂਬ ਧੂਮ ਮਚਾਈ ਸੀ, ਪਰ 1965 ਵਿੱਚ ਇੱਕ ਹੋਰ ਮਹਿਲਾ ਲੇਖਕ ਰਾਜਲਕਸ਼ਮੀ ਨੇ ਮਲਿਆਲਾ ਮਨੋਰਮਾ ਗਰੁੱਪ ਦੇ ਰਸਾਲੇ ‘ਵਨੀਤਾ’ ਵਿੱਚ ਛਪਦਾ ਆਪਣਾ ਨਾਵਲ ਛੇ ਕਿਸ਼ਤਾਂ ਬਾਅਦ ਵਾਪਸ ਲੈ ਲਿਆ ਸੀ। ਇਹ ਨਾਵਲ ਉਸ ਦੇ ਨਿੱਜੀ ਜੀਵਨ ਦੇ ਕੁਝ ਪੱਖਾਂ ਉੱਤੇ ਆਧਾਰਿਤ ਸੀ, ਪਰ ਪਰਿਵਾਰਕ ਤੇ ਸਮਾਜਿਕ ਵਿਰੋਧ ਤੇ ਤ੍ਰਿਸਕਾਰ ਤੋਂ ਦੁਖੀ ਹੋ ਕੇ ਉਸ ਨੇ ਉਸੇ ਸਾਲ ਖ਼ੁਦਕੁਸ਼ੀ ਕਰ ਲਈ ਸੀ। 2016 ਦੇ ਦਸੰਬਰ ਮਹੀਨੇ ਮਲਿਆਲਾ ਮਨੋਰਮਾ ਨੂੰ ਆਪਣਾ ਹਫ਼ਤਾਵਾਰੀ ਮੈਗਜ਼ੀਨ ‘ਭਾਸ਼ਾ ਪੋਸ਼ਿਨੀ’ ਇਸਾਈਆਂ ਤੇ ਕੱਟੜਪੰਥੀ ਹਿੰਦੂਆਂ ਦੇ ਵਿਰੋਧ ਕਾਰਨ ਨਾ ਸਿਰਫ਼ ਵਾਪਸ ਲੈਣਾ ਪਿਆ ਸੀ ਸਗੋਂ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗਣੀ ਪਈ ਸੀ।
ਜਦੋਂ ਅਸਹਿਣਸ਼ੀਲਤਾ ਇਸ ਹੱਦ ਤਕ ਵਿਆਪਤ ਹੋਵੇ, ਉਦੋਂ ਲੇਖਕ ਜਾਂ ਹੋਰ ਸਿਰਜਣਸ਼ੀਲ ਹਸਤੀਆਂ ਆਪਣੀ ਸੋਚ, ਆਪਣੀ ਮੌਲਿਕਤਾ, ਆਪਣੀ ਰਚਨਾਤਮਿਕਤਾ ਦਾ ਪ੍ਰਗਟਾਵਾ ਕਿਵੇਂ ਕਰਨ? ਹਰੀਸ਼ ਬਾਰੇ ਇੰਡੀਅਨ ਰਾਈਟਰਜ਼ ਫੋਰਮ ਦਾ ਬਿਆਨ ਕਹਿੰਦਾ ਹੈ ਕਿ ਕੋਈ ਜਮਹੂਰੀਅਤ, ਕੋਈ ਸੱਭਿਅਤਾ ਜਿਊਂਦੀ ਨਹੀਂ ਰਹਿ ਸਕਦੀ ਜਦੋਂ ਉਸ ਦੇ ਲੇਖਕਾਂ ਦੀਆਂ ਕਲਮਾਂ ’ਤੇ ਬੰਦਸ਼ਾਂ ਲਾ ਦਿੱਤੀਆ ਜਾਣ। ਦੂਜੇ ਪਾਸੇ ਬਾਲਾਕ੍ਰਿਸ਼ਨਨ ਤੇ ਕੁਝ ਹੋਰ ਲੇਖਕਾਂ ਦਾ ਕਹਿਣਾ ਹੈ : ‘‘ਸਮਾਂ ਦੇਖੋ, ਮਾਹੌਲ ਦੇਖੋ ਤੇ ਉਸ ਹਿਸਾਬ ਨਾਲ ਉੱਡਣਾ ਸਿੱਖੋ। ਅੱਜ ਤੁਹਾਡੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਚਾਰ ਹਫ਼ਤਿਆਂ ਬਾਅਦ ਤੁਹਾਨੂੰ ਭੁੱਲ ਜਾਣਗੇ। ਜਿਹੜੇ ਸੰਤਾਪ ਨਾਲ ਤੁਸੀਂ, ਤੁਹਾਡਾ ਪਰਿਵਾਰ ਤੇ ਤੁਹਾਡੇ ਸਕੇ-ਸਨੇਹੀ ਜੂਝ ਰਹੇ ਹਨ, ਉਹ ਤੁਹਾਡਾ ਹੀ ਹੋ ਕੇ ਰਹਿ ਜਾਏਗਾ।’’
ਹਰੀਸ਼ ਦਾ ਨਾਵਲ 50 ਸਾਲ ਪਹਿਲਾਂ ਦੇ ਦੋ ਪਾਤਰਾਂ ਦੀ ਆਪਸੀ ਗੱਲਬਾਤ ਪੇਸ਼ ਕਰਦਾ ਹੈ। ਇਸ ਗੱਲਬਾਤ ਦੇ ਜਿਹੜੇ ਅੰਸ਼ ਤੋਂ ਹੰਗਾਮਾ ਖੜ੍ਹਾ ਹੋਇਆ ਹੈ, ਉਹ ਔਰਤਾਂ ਦੇ ਸੱਜ-ਧੱਜ ਕੇ ਮੰਦਿਰ ਜਾਣ ਤੋਂ ਇੱਕ ਪਾਤਰ ਦੇ ਮਨ ਵਿੱਚ ਉੱਭਰੀਆਂ ਉਤੇਜਨਾਵਾਂ ਬਾਰੇ ਹੈ। ਕਈ ਲੇਖਕਾਂ ਦਾ ਮੱਤ ਹੈ ਕਿ ਵਾਰਤਾਲਾਪ ਦਾ ਪ੍ਰਸੰਗ ਤੇ ਸ਼ਬਦ ਬਦਲੇ ਜਾ ਸਕਦੇ ਸਨ। ਉਨ੍ਹਾਂ ਅਨੁਸਾਰ ਸਿਰਜਣਸ਼ੀਲਤਾ ਤੇ ਸੰਜਮ ਇਕ-ਦੂਜੇ ਦੇ ਵਿਰੋਧੀ ਸੰਕਲਪ ਹਨ, ਪਰ ਸਮਾਜ ਵਿੱਚ ਰਹਿੰਦਿਆਂ ਸਮਾਜਿਕ ਮਾਨਤਾਵਾਂ ਦਾ ਧਿਆਨ ਤਾਂ ਰੱਖਣਾ ਹੀ ਪੈਂਦਾ ਹੈ। ਜੇ ਅਜਿਹਾ ਨਹੀਂ ਕਰਨਾ ਤਾਂ ਜਾਨ ਤਲੀ ’ਤੇ ਧਰਨੀ ਹੀ ਪਵੇਗੀ।
ਇਹ ਸੋਚ ਵਿਹਾਰਕ ਹੈ। ਪਰ ਸਿਰਜਣਸ਼ੀਲਤਾ ਨੂੰ ਇਸ ਤਰ੍ਹਾਂ ਕੈਦ ਕਰਨਾ ਕੀ ਜਾਇਜ਼ ਹੈ? ਖ਼ਿਆਲ ਦੀ ਮੌਲਿਕਤਾ ਦਾ ਵੱਧ ਮਹੱਤਵ ਹੈ ਜਾਂ ਸ਼ਬਦਾਂ ਦਾ? ਕੀ ਮੁਕਤ ਪਰਵਾਜ਼ ਤੋਂ ਬਿਨਾਂ ਸਿਰਜਣਸ਼ੀਲਤਾ ਜਿਊਂਦੀ ਰਹਿ ਸਕੇਗੀ? …ਅਜਿਹੇ ਸਵਾਲਾਂ ਦੇ ਜਵਾਬ ਸਾਨੂੰ ਖ਼ੁਦ ਹੀ ਲੱਭਣੇ ਪੈਣਗੇ। ਅਤੇ ਜਵਾਬ ਲੱਭਣ ਲਈ ਸੁਖਾਵਾਂ ਤੇ ਮੁਆਫ਼ਕ ਮਾਹੌਲ ਵੀ ਸਾਨੂੰ ਖ਼ੁਦ ਹੀ ਸਿਰਜਣਾ ਪਵੇਗਾ।


Comments Off on ਸਿਰਜਣਸ਼ੀਲਤਾ, ਜ਼ਬਤ ਤੇ ਬੰਧੇਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.