ਵੀਰਵਾਰ ਅੱਧੀ ਰਾਤ ਵੇਲੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਟਵਿੱਟਰ ਹੈਂਡਲ ਤੋਂ ਟਵੀਟ ਆਇਆ ‘ਜੀਤ ਗਿਆ ਕਪਤਾਨ!! ਬਨੇਗਾ ਨਯਾ ਪਾਕਿਸਤਾਨ!!’ ਇਹ ਟਵੀਟ ਕੌਮੀ ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ ਨੂੰ ਮਿਲੀ ਕਾਮਯਾਬੀ ਤੋਂ ਉਪਜੇ ਉਮਾਹ ਦੀ ਤਰਜਮਾਨੀ ਕਰਦਾ ਹੈ। ਅਧਿਕਾਰਤ ਤੌਰ ’ਤੇ ਨਤੀਜੇ ਭਾਵੇਂ ਸ਼ੁੱਕਰਵਾਰ ਨੂੰ ਐਲਾਨੇ ਜਾਣੇ ਹਨ ਅਤੇ ਵੋਟਾਂ ਦੀ ਗਿਣਤੀ ਦਾ ਅਮਲ ਵੀ ਬਹੁਤ ਸੁਸਤ ਹੈ, ਫਿਰ ਵੀ ਇਹ ਹਕੀਕਤ ਹੁਣ ਸ਼ੀਸ਼ੇ ਵਾਂਗ ਸਾਫ਼ ਹੈ ਕਿ ਪਾਕਿਸਤਾਨ ਦਾ ਨਵਾਂ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਹੋਵੇਗਾ। ਉਹ ਵੀਹ ਸਾਲਾਂ ਤੋਂ ਇਸ ਅਹੁਦੇ ’ਤੇ ਪੁੱਜਣ ਲਈ ਜੱਦੋਜਹਿਦ ਕਰਦਾ ਆ ਰਿਹਾ ਸੀ। ਇਸ ਵਾਰ ਫ਼ੌਜ ਤੇ ਨਿਆਂਪਾਲਿਕਾ ਨੇ ਮਿਲ ਕੇ ਉਸ ਦੀ ਜੱਦੋਜਹਿਦ ਦੀ ਕਾਮਯਾਬੀ ਦਾ ਰਾਹ ਪੱਧਰਾ ਕਰ ਦਿੱਤਾ। ਜੇਕਰ ਉਹ ਐਤਕੀਂ ਵੀ ਕਾਮਯਾਬ ਨਾ ਹੁੰਦਾ ਤਾਂ ਫਿਰ ਕਦੇ ਵੀ ਨਹੀਂ ਸੀ ਕਾਮਯਾਬ ਹੋਣਾ। ਉਸ ਦੀ ਪਾਰਟੀ ਨੂੰ ਭਾਵੇਂ ਸਪਸ਼ਟ ਬਹੁਮਤ ਨਹੀਂ ਮਿਲਿਆ, ਫਿਰ ਵੀ ਜਿੰਨੀ ਕਾਮਯਾਬੀ ਮਿਲੀ ਹੈ, ਉਹ ਜ਼ਿਕਰਯੋਗ ਹੈ।
ਵੋਟਾਂ ਪੈਣ ਵਾਲੇ ਦਿਨ ਤੋਂ ਪਹਿਲਾਂ ਇਹ ਪ੍ਰਭਾਵ ਆਮ ਸੀ ਕਿ ਕੌਮੀ ਅਸੈਂਬਲੀ ਦੀਆਂ 272 ਸੀਟਾਂ ਅਤੇ ਚਾਰ ਸੂਬਾਈ ਅਸੈਂਬਲੀਆਂ ਦੀਆਂ 577 ਸੀਟਾਂ ਲਈ ਮੱਤਦਾਨ ਨੂੰ ਬਹੁਤਾ ਲੋਕ ਹੁੰਗਾਰਾ ਨਹੀਂ ਮਿਲੇਗਾ, ਪਰ ਹੋਇਆ ਇਸ ਤੋਂ ਉਲਟ। ਵੋਟਰ ਹੁੰਮਹੁਮਾ ਕੇ ਵੋਟਾਂ ਪਾਉਣ ਪੁੱਜੇ ਅਤੇ ਵੋਟਿੰਗ ਪ੍ਰਤੀਸ਼ਤਤਾ ਬਹੁਤ ਉੱਚੀ ਰਹੀ। ਪਾਕਿਸਤਾਨੀ ਚੋਣ ਕਮਿਸ਼ਨ ਵੱਲੋਂ 80 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਸੁਰੱਖਿਆ ਡਿਊਟੀ ਲਈ ਤਾਇਨਾਤ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ, ਪਰ ਇਹ ਇੰਤਜ਼ਾਮ ਵੋਟਰਾਂ ਵਿੱਚ ਸੁਰੱਖਿਆ ਪ੍ਰਤੀ ਭਰੋਸਾ ਪੈਦਾ ਕਰਨ ਪੱਖੋਂ ਕਾਰਗਰ ਸਾਬਤ ਹੋਇਆ। ਬਲੋਚਿਸਤਾਨ ਵਿੱਚ ਇੱਕ ਪੋਲਿੰਗ ਸਟੇਸ਼ਨ ਉੱਤੇ ਖ਼ੁਦਕੁਸ਼ ਹਮਲੇ ਵਿੱਚ 31 ਜਾਨਾਂ ਜਾਣ ਤੇ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਵਾਲੇ ਦੁਖਾਂਤ ਨੂੰ ਛੱਡ ਕੇ ਹਿੰਸਾ ਦੀ ਹੋਰ ਕੋਈ ਬਹੁਤੀ ਵੱਡੀ ਘਟਨਾ ਵੋਟਾਂ ਵਾਲੇ ਦਿਨ ਨਹੀਂ ਵਾਪਰੀ। ਜਿਹੜੇ ਵਿਵਾਦ ਉੱਠੇ ਹਨ, ਉਹ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਲੈ ਕੇ ਉੱਠ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵੋਟਾਂ ਪੁਆਉਣ ਵਿੱਚ ਪੀਟੀਆਈ ਦੇ ਹੱਕ ਵਿੱਚ ਧਾਂਦਲੀਬਾਜ਼ੀ ਜ਼ਰੂਰ ਹੋਈ, ਪਰ ਉਸ ਵਿਆਪਕ ਪੈਮਾਨੇ ’ਤੇ ਨਹੀਂ ਜਿਸ ਦਾ ਦੋਸ਼ ਹਾਰਨ ਵਾਲੀਆਂ ਦੋ ਰਵਾਇਤੀ ਧਿਰਾਂ – ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਲਾ ਰਹੀਆਂ ਹਨ। ਇਨ੍ਹਾਂ ਦੋਵਾਂ ਪਾਰਟੀਆਂ ਨੇ ਚੋਣ ਨਤੀਜੇ ਰੱਦ ਕਰ ਦਿੱਤੇ ਹਨ। ਉਂਜ, ਜਿਨ੍ਹਾਂ ਉਮੀਦਵਾਰਾਂ ਦੇ ਮਾਮਲੇ ਵਿੱਚ ਸੱਚਮੁੱਚ ਧਾਂਦਲੀਆਂ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਉਹ ‘ਜੀਪ’ ਚੋਣ ਨਿਸ਼ਾਨ ਵਾਲੇ ਆਜ਼ਾਦ ਉਮੀਦਵਾਰ ਹਨ। ਇਨ੍ਹਾਂ ਵਿੱਚੋਂ ਦੋ-ਤਿਹਾਈ ਜੇਤੂ ਰਹੇ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਭਨਾਂ ਨੂੰ ਫ਼ੌਜ ਨੇ ਖੜ੍ਹਾ ਕੀਤਾ ਸੀ।
ਇਮਰਾਨ ਖਾਨ ਦੀ ਜਿੱਤ ਭਾਰਤ ਸਰਕਾਰ ਲਈ ਚੁਣੌਤੀ ਵਾਂਗ ਹੈ। ਇਮਰਾਨ ਨੇ ਭਾਵੇਂ ਖ਼ੁਦ ਭਾਰਤ ਖ਼ਿਲਾਫ਼ ਕੁਸੈਲੀ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਹੈ, ਫਿਰ ਵੀ ਉਸ ਨੂੰ ਉਨ੍ਹਾਂ ਤਾਕਤਾਂ ਦਾ ਸਾਥੀ ਮੰਨਿਆ ਜਾਂਦਾ ਹੈ ਜਿਹੜੀਆਂ ਭਾਰਤ ਖ਼ਿਲਾਫ਼ ਭੁਗਤਦੀਆਂ ਆਈਆਂ ਹਨ। ਪਿਛਲੇ ਵੀਹ ਸਾਲਾਂ ਤੋਂ ਉਸ ਦਾ ਸੰਘਰਸ਼ ਦੋ ਰਵਾਇਤੀ ਧਿਰਾਂ – ਪੀਐੱਮਐੱਲ (ਐੱਨ) ਅਤੇ ਪੀਪੀਪੀ ਦਾ ਵਿਰੋਧ ਕਰਨ ਉੱਤੇ ਕੇਂਦ੍ਰਿਤ ਰਿਹਾ। ਉਸ ਦਾ ਕੱਟੜਪੰਥੀ ਤਾਕਤਾਂ ਨਾਲ ਸਹਿਯੋਗ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਇਸ ਦੇ ਬਾਵਜੂਦ ਜੇਕਰ ਉਹ ਭਾਰਤ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ ਤਾਂ ਇਸ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਗੁਆਂਢੀ ਨਾਲ ਸ਼ਰੀਕ ਦੀ ਥਾਂ ਸੰਗੀ ਵਜੋਂ ਵਿਚਰਨਾ ਹੀ ਸੂਝ-ਬੂਝ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।