ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ

Posted On July - 24 - 2018

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
12407995cd _Pakistan Electionsਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਕੁੱਲ 342 ਸੀਟਾਂ ਅਤੇ ਚਾਰ ਸੂਬਾਈ ਅਸੈਂਬਲੀਆਂ ਦੀਆਂ ਸਾਰੀਆਂ ਸੀਟਾਂ ਲਈ 12570 ਉਮੀਦਵਾਰ, ਜਿਨ੍ਹਾਂ ਵਿਚ ਚੋਖੀਆਂ ਮਹਿਲਾ ਉਮੀਦਵਾਰ ਵੀ ਸ਼ਾਮਲ ਹਨ, ਦੀ ਚੁਣਾਵੀ ਕਿਸਮਤ ਦਾ ਫੈਸਲਾ 25 ਜੁਲਾਈ ਨੂੰ ਹੋ ਰਿਹਾ ਹੈ। ਤਕਰੀਬਨ 11 ਕਰੋੜ ਵੋਟਰਾਂ ਨੇ ਇਹ ਫੈਸਲਾ ਕਰਨਾ ਹੈ। ਕੀ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਮਿਲੇਗਾ ਜਾਂ ਫਿਰ ਖਿਚੜੀ ਹੀ ਪੱਕੇਗੀ? ਅਜਿਹੀਆਂ ਕਿਆਸ ਆਰਾਈਆਂ ਜਾਰੀ ਹਨ। ਉਂਜ, ਸਰਕਾਰ ਕਿਸੇ ਵੀ ਸਿਆਸੀ ਪਾਰਟੀ ਦੀ ਬਣੇ, ਇਹ ਤਾਂ ਕੰਧ ‘ਤੇ ਲਿਖਿਆ ਪੜ੍ਹਿਆ ਜਾ ਸਕਦਾ ਹੈ ਕਿ ਪਾਕਿਸਤਾਨ ਦੀ ਸਿਆਸਤ ਤੇ ਸਰਕਾਰ ਵਿਚ ਫ਼ੌਜ ਦੀ ਪ੍ਰਮੁੱਖਤਾ ਬਰਕਰਾਰ ਰਹੇਗੀ।
ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਨੂੰ ਵਤਨ ਪਰਤਣ ‘ਤੇ ਉਸ ਦੀ ਬੇਟੀ ਮਰੀਅਮ ਨਵਾਜ਼ ਸਮੇਤ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਜੇਲ੍ਹ ਵਿਚ ਭੇਜ ਦੇਣਾ, ਅਦਾਲਤਾਂ ਵੱਲੋਂ ਫ਼ੌਜੀ ਜਰਨੈਲਾਂ ਦੇ ਰੁਖ਼ ਨੂੰ ਮੁੱਖ ਰੱਖਦਿਆਂ ਫੈਸਲੇ ਲੈਣੇ, ਸਾਬਕਾ ਰਾਸ਼ਟਰਪਤੀ ਤੇ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਵੱਲੋਂ ਘਰ ਵਾਪਸੀ ਨਾ ਕਰਨਾ, ਖ਼ਤਰਨਾਕ ਅਤਿਵਾਦੀ ਜਥੇਬੰਦੀਆਂ ਵੱਲੋਂ ਚੋਣ ਪ੍ਰਕਿਰਿਆ ‘ਚ ਸ਼ਾਮਲ ਹੋਣਾ, ਚੋਣ ਰੈਲੀਆਂ ਦੌਰਾਨ ਬੰਬ ਧਮਾਕਿਆਂ ‘ਚ ਕਈ ਉੱਘੇ ਸਿਆਸੀ ਆਗੂਆਂ ਸਮੇਤ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਦਾ ਮਾਰਿਆ ਜਾਣਾ। ਇਸ ਕਿਸਮ ਦੀਆਂ ਘਟਨਾਵਾਂ ਪਾਕਿਸਤਾਨ ‘ਚ ਜਮਹੂਰੀਅਤ ਦੀ ਬਹਾਲੀ ਵਾਲੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸੇ ਵਾਸਤੇ ਚੋਣ ਦੰਗਲ ਅਤੇ ਸਰਕਾਰ ਬਣਾਉਣ ‘ਚ ਫ਼ੌਜ ਦੀ ਭੂਮਿਕਾ ਅਹਿਮ ਰਹੇਗੀ ਅਤੇ ਲੋੜ ਪੈਣ ‘ਤੇ ਫ਼ੌਜ ਹੋਰ ਕਾਰਵਾਈ ਵੀ ਕਰ ਸਕਦੀ ਹੈ।
ਪਾਕਿਸਤਾਨੀ ਫ਼ੌਜ ਦੇ ਮੁੱਢਲੇ ਕਰਤਾ-ਧਰਤਾ ਜਨਰਲ ਮੁਹੰਮਦ ਅਯੂਬ ਖਾਨ ਨੇ 17 ਜਨਵਰੀ, 1951 ਨੂੰ ਫ਼ੌਜ ਦੀ ਵਾਗਡੋਰ ਸੰਭਾਲੀ ਅਤੇ ਉਹ ਤਕਰੀਬਨ ਅੱਠ ਸਾਲ ਫ਼ੌਜ ਦੇ ਮੁਖੀ ਬਣੇ ਰਹੇ। ਅਯੂਬ ਨੇ ਸਦਾ ਇਸ ਗੱਲ ਦੀ ਵਕਾਲਤ ਕੀਤੀ ਕਿ ਫ਼ੌਜ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ, ਪਰ ਜਦੋਂ 25 ਅਕਤੂਬਰ, 1954 ਨੂੰ ਮੁਲਕ ਦੀ ਕੌਮੀ ਅਸੈਂਬਲੀ ਭੰਗ ਕਰ ਦਿੱਤੀ ਗਈ ਤਾਂ ਉਸ ਸਮੇਂ ਗਵਰਨਰ ਜਨਰਲ ਗੁਲਾਮ ਮੁਹੰਮਦ ਦੇ ਸੱਦੇ ‘ਤੇ ਅਯੂਬ ਨੇ ਰੱਖਿਆ ਮੰਤਰੀ ਦਾ ਅਹੁਦਾ ਤਾਂ ਸਵੀਕਾਰ ਕਰ ਲਿਆ ਪਰ ਫ਼ੌਜ ਦੇ ਮੁਖੀ ਦਾ ਅਹੁਦਾ ਨਹੀਂ ਤਿਆਗਿਆ। ਕੌਮੀ ਅਸੈਂਬਲੀ ਭੰਗ ਕਰਨ ਦੇ ਅਮਲ ਤੋਂ ਪਹਿਲਾਂ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ 16 ਅਕਤੂਬਰ, 1952 ਨੂੰ ਹੱਤਿਆ ਕਰ ਦਿੱਤੀ ਗਈ ਸੀ। ਫਿਰ ਰਾਸ਼ਟਰਪਤੀ ਸਿਕੰਦਰ ਮਿਰਜ਼ਾ ਨੇ 7 ਅਕਤੂਬਰ, 1958 ਨੂੰ ਸੰਵਿਧਾਨ, ਪਾਰਲੀਮੈਂਟ, ਸੂਬਾ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਭੰਗ ਕਰਕੇ ਮਾਰਸ਼ਲ ਲਾਅ ਲਗਾ ਦਿੱਤਾ ਤੇ ਜਨਰਲ ਅਯੂਬ ਨੂੰ ਮਾਰਸ਼ਲ ਲਾਅ ਪ੍ਰਸ਼ਾਸਕ ਨਿਯੁਕਤ ਕੀਤਾ। 24 ਅਕਤੂਬਰ, 1958 ਨੂੰ ਅਯੂਬ ਰਾਸ਼ਟਰਪਤੀ ਬਣੇ ਅਤੇ ਸਿਕੰਦਰ ਮਿਰਜ਼ਾ ਨੂੰ ਜਲਾਵਤਨ ਕਰ ਦਿੱਤਾ। ਨਾਲ ਹੀ ਜਨਰਲ ਮੂਸਾ ਖਾਨ ਨੂੰ ਸੈਨਾ ਮੁਖੀ ਨਿਯੁਕਤ ਕਰ ਦਿੱਤਾ।
ਅਯੂਬ ਦੀ ਵਿਗੜਦੀ ਸਿਹਤ ਕਾਰਨ ਜਨਰਲ ਯਾਹੀਆ ਖਾਨ ਨੇ 26 ਮਾਰਚ, 1969 ਨੂੰ ਮੁਲਕ ਦੀ ਵਾਗਡੋਰ ਸੰਭਾਲੀ। ਲੋਕਤੰਤਰ ਦੀ ਬਹਾਲੀ ਦਾ ਵਾਅਦਾ ਕਰਦਿਆਂ ਯਾਹੀਆ ਖਾਨ ਨੇ ਇਕ ਵਾਰ ਫਿਰ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਫਿਰ 1970 ਵਿੱਚ ਚੋਣਾਂ ਕਰਵਾਈਆਂ ਗਈਆਂ। ਪੂਰਬੀ ਪਾਕਿਸਤਾਨ ‘ਚ ਅਵਾਮੀ ਲੀਗ ਨੇ ਭਾਰੀ ਗਿਣਤੀ ‘ਚ ਬਹੁਮਤ ਹਾਸਲ ਕੀਤਾ ਤੇ ਪੱਛਮੀ ਪਾਕਿਸਤਾਨ ‘ਚ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਜਿੱਤ ਪ੍ਰਾਪਤ ਕੀਤੀ ਪਰ ਸਰਕਾਰ ਕਿਸੇ ਦੀ ਨਾ ਬਣਨ ਦਿੱਤੀ ਗਈ। 21 ਮਾਰਚ, 1971 ਨੂੰ ਸ਼ੇਖ ਮੁਜੀਬਰ ਰਹਿਮਾਨ ਨੇ ਆਜ਼ਾਦ ਬੰਗਲਾਦੇਸ਼ ਦਾ ਐਲਾਨ ਕਰ ਦਿੱਤਾ। ਯਾਹੀਆ ਖਾਨ ਨੇ ਬਗ਼ਾਵਤ ਕੁਚਲਣ ਦੇ ਬਹਾਨੇ ਹਜ਼ਾਰਾਂ ਬੰਗਾਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਬੰਗਲਾਦੇਸ਼ ਭੁਗਤ ਰਿਹਾ ਹੈ। ਜ਼ੁਲਫ਼ਿਕਾਰ ਅਲੀ ਭੁੱਟੋ ਨੇ ਥੋੜ੍ਹੇ ਸਮੇਂ ਵਾਸਤੇ 20 ਦਸੰਬਰ, 1971 ਨੂੰ ਲੋਕਤੰਤਰ ਦੀ ਬਹਾਲੀ ਤਾਂ ਕੀਤੀ ਪਰ ਜਨਰਲ ਜ਼ਿਆ-ਉਲ-ਹੱਕ ਨੇ ਭੁੱਟੋ ਨੂੰ ਹਟਾ ਕੇ ਫ਼ੌਜੀ ਰਵਾਇਤ ਮੁਤਾਬਕ ਫਿਰ ਮਾਰਸ਼ਲ ਲਾਅ ਲਗਾ ਦਿੱਤਾ ਅਤੇ 4 ਅਪਰੈਲ 1979 ਨੂੰ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ।
ਅਕਤੂਬਰ 1990 ‘ਚ ਚੋਣਾਂ ਜਿੱਤ ਕੇ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਸੈਨਾ ਮੁਖੀ ਦੀ ਚੋਣ ਕਰਦੇ ਸਮੇਂ ਚਾਰ ਉੱਚ ਕੋਟੀ ਦੇ ਸੀਨੀਅਰ ਜਰਨੈਲਾਂ ਨੂੰ ਛੱਡ ਕੇ ਜਨਰਲ ਵਹੀਦ ਕੱਕੜ ਨੂੰ ਸੈਨਾ ਮੁਖੀ ਦੇ ਅਹੁਦੇ ਵਾਸਤੇ ਚੁਣਿਆ ਪਰ ਉਸ ਨੇ ਵੀ ਨਵਾਜ਼ ਸ਼ਰੀਫ਼ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਦਿੱਤਾ। ਫਿਰ ਜਦੋਂ ਨਵਾਜ਼ ਸ਼ਰੀਫ਼ ਨੇ ਮੁੜ ਆਪਣੇ ਮੁਲਕ ਦੀ ਵਾਗਡੋਰ ਸੰਭਾਲੀ ਤਾਂ 1998 ਵਿਚ ਉਨ੍ਹਾਂ ਨੇ ਸਿਸ਼ਟਤਾ-ਰਹਿਤ ਢੰਗ ਨਾਲ ਪਹਿਲਾਂ ਸੈਨਾ ਮੁਖੀ ਜਨਰਲ ਜਹਾਂਗੀਰ ਕਰਾਮਤ ਨੂੰ ਬਰਖ਼ਾਸਤ ਕਰ ਦਿੱਤਾ, ਫਿਰ ਬਹੁਤ ਹੀ ਕਾਬਲ ਸਮਝੇ ਜਾਂਦੇ ਪਖ਼ਤੂਨ ਜਰਨੈਲ ਅਲੀ ਕੁਲੀ ਖਾਨ ਅਤੇ ਖ਼ਾਲਿਦ ਨਵਾਜ਼ ਖਾਨ ਦਾ ਨੰਬਰ ਕੱਟ ਕੇ ਜਨਰਲ ਪਰਵੇਜ਼ ਮੁਸ਼ੱਰਫ ਨੂੰ ਸੈਨਾ ਮੁਖੀ ਨਿਯੁਕਤ ਕੀਤਾ ਪਰ ਮੁਸ਼ੱਰਫ ਨੇ ਹੀ ਕਾਰਗਿਲ ਜੰਗ ਤੋਂ ਬਾਅਦ ਨਵਾਜ਼ ਸ਼ਰੀਫ਼ ਦਾ ਤਖਤਾ ਪਲਟ ਦਿੱਤਾ। ਸਾਊਦੀ ਅਰਬ ਦੇ ਸ਼ਾਹੀ ਘਰਾਣੇ ਦੇ ਦਖ਼ਲ ਸਦਕਾ ਸ਼ਰੀਫ਼ ਬਚ ਗਿਆ, ਨਹੀਂ ਤਾਂ ਹੋ ਸਕਦਾ ਸੀ ਕਿ ਕਮਾਂਡੋ ਜਰਨੈਲ ਵੀ ਉਸ ਦਾ ਭੁੱਟੋ ਵਾਲਾ ਹਾਲ ਕਰਦਾ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਨਤੀਜਿਆਂ ਤੋਂ ਬਾਅਦ ਮੌਜੂਦਾ ਥਲ ਸੈਨਾ ਮੁਖੀ ਜਨਰਲ ਕਮਰ ਬਾਜਵਾ ਅਗਲੇ ਦਿਨਾਂ ਵਿਚ ਕੀ ਕਰਦੇ ਹਨ।
ਗੌਲਫ ਖੇਡਦੇ ਸਮੇਂ ਮੇਰੇ ਇਕ ਕਾਬਲ ਸਾਥੀ ਕਰਨਲ (ਡਾ.) ਮਲੂਕ ਸਿੰਘ ਸੰਧੂ (ਰਿਟਾ.) ਨਾਲ ਭ੍ਰਿਸ਼ਟਾਚਾਰ ਬਾਰੇ ਚਰਚਾ ਛਿੜ ਗਈ। ਉਹ ਮੈਨੂੰ ਦੱਸਣ ਲੱਗੇ ਕਿ ਪਾਕਿਸਤਾਨ ‘ਚ ਉਨ੍ਹਾਂ ਦਾ ਜੱਦੀ ਪਿੰਡ ਨਵਾਜ਼ ਸ਼ਰੀਫ਼ ਦੀ ਅਸਟੇਟ ਦੇ ਲਾਗੇ ਪੈਂਦਾ ਸੀ ਤੇ ਉਸ ਦੇ ਪਿਤਾ ਜੀ ਅਕਸਰ ਦੱਸਦੇ ਹੁੰਦੇ ਸਨ ਕਿ ਨਵਾਜ਼ ਸ਼ਰੀਫ਼ ਰੱਜੇ-ਪੁੱਜੇ ਅਮੀਰ ਘਰਾਣੇ ਵਿਚੋਂ ਹੈ। ਕੁਲਦੀਪ ਨਈਅਰ ਨੇ ਵੀ ਆਪਣੇ ਲੇਖ ‘ਨਵਾਜ਼ ਸ਼ਰੀਫ਼ ਖ਼ਿਲਾਫ਼ ਫ਼ੈਸਲਾ ਲੋੜ ਤੋਂ ਜ਼ਿਆਦਾ ਸਖਤ’ ਦੱਸਿਆ ਹੈ। ਸ੍ਰੀ ਨਈਅਰ ਅਨੁਸਾਰ, “ਪਾਕਿਸਤਾਨ ਅਤੇ ਸਾਊਦੀ ਅਰਬ ਵਿਚ ਉਨ੍ਹਾਂ (ਨਵਾਜ਼) ਦੇ ਪਰਿਵਾਰ ਦੇ ਕਈ ਕਾਰਖਾਨੇ ਹਨ। ਇਸ ਲਈ ਮੈਨੂੰ ਇਸ ਗੱਲ ਤੋਂ ਕੋਈ ਹੈਰਾਨੀ ਨਹੀਂ ਹੋਈ ਕਿ ਉਨ੍ਹਾਂ ਦੀ ਪਤਨੀ ਅਤੇ ਧੀ ਦਾ ਵੀ ਲੰਡਨ ਵਿਚ ਇਕ ਇਕ ਫਲੈਟ ਹੈ। ਜਿਥੋਂ ਤੱਕ ਨਵਾਜ਼ ਸ਼ਰੀਫ਼ ਦਾ ਸਵਾਲ ਹੈ, ਉਨ੍ਹਾਂ ਖ਼ਿਲਾਫ਼ ਕੋਈ ਮਹਾਂਦੋਸ਼ ਨਹੀਂ ਲੱਗਾ।” ਸ੍ਰੀ ਨਈਅਰ ਅਤੇ ਕਰਨਲ ਸੰਧੂ ਦੇ ਵਿਚਾਰਾਂ ਨਾਲ ਮੈਂ ਵੀ ਸਹਿਮਤ ਹਾਂ ਪਰ ਅਦਾਲਤਾਂ ਤਾਂ ਆਮ ਤੌਰ ‘ਤੇ ਫੈਸਲੇ ਸਬੂਤਾਂ ਦੇ ਆਧਾਰ ‘ਤੇ ਕਰਦੀਆਂ ਹਨ।
ਸਿਆਸਤਦਾਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣੇ ਕੋਈ ਨਵੀਂ ਗੱਲ ਨਹੀਂ। ਪਾਕਿਸਤਾਨ ਦੇ ਉੱਘੇ ਲਿਖਾਰੀ ਸੁਜ਼ਾਹ ਨਵਾਜ਼ ਨੇ ਆਪਣੀ ਕਿਤਾਬ ‘ਕਰੌਸਡ ਸਵੋਰਡਜ਼’ ਵਿੱਚ ਲਿਖਿਆ ਹੈ ਕਿ ਆਈਐੱਸਆਈ ਦੇ ਸਾਬਕਾ ਡਾਇਰੈਕਟਰ ਜਨਰਲ, ਮੇਜਰ ਜਨਰਲ ਅਸਦ ਦੁੱਰਾਨੀ ਵੱਲੋਂ ਦਾਇਰ ਗਏ ਹਲਫਨਾਮੇ ‘ਚ ਦਰਜ ਹੈ ਕਿ ਨਵਾਜ਼ ਸ਼ਰੀਫ਼ ਨੇ 1990 ਦੀਆਂ ਜਨਰਲ ਚੋਣਾਂ ਦੌਰਾਨ 35 ਲੱਖ ਰੁਪਏ ਦੀ ਰਕਮ ਸਵੀਕਾਰ ਕੀਤੀ ਸੀ। ਇਸ ਦੇ ਨਾਲ ਹੀ ਬੇਨਜ਼ੀਰ ਭੁੱਟੋ ਦੇ ਵਿਰੋਧੀਆਂ ਅਤੇ ਪੀਪੀਪੀ ਦੇ ਕੁਝ ਮੈਂਬਰਾਂ ਨੂੰ ਵੀ ਰਿਸ਼ਵਤ ਦਿੱਤੀ ਗਈ। ਹੁਣ ਪਨਾਮਾ ਪੇਪਰਜ਼ ਦਾ ਮਾਮਲਾ ਕਸੂਤਾ ਸਾਬਤ ਹੋ ਰਿਹਾ ਹੈ।
kahlonਅਯੂਬ ਖਾਨ ਦੇ ਸਮੇਂ ਤੋਂ ਲੈ ਕੇ ਪਾਕਿਸਤਾਨ ਦੇ ਫ਼ੌਜੀ ਜਰਨੈਲਾਂ ਦੀ ਇਹ ਧਾਰਨਾ ਰਹੀ ਹੈ ਕਿ ਸਿਵਲੀਅਨ ਰਾਜਸੀ ਨੇਤਾ ਇੰਨੇ ਨਿਕੰਮੇ ਤੇ ਭ੍ਰਿਸ਼ਟ ਹੋ ਚੁੱਕੇ ਹਨ, ਜਿਸ ਕਾਰਨ ਫ਼ੌਜ ਨੂੰ ਕਈ ਵਾਰੀ ਮੁਲਕ ਦੀ ਵਾਗਡੋਰ ਸੰਭਾਲਣੀ ਪਈ। ਹਕੀਕਤ ਤਾਂ ਇਹ ਹੈ ਕਿ ਫ਼ੌਜ ਮੁਲਕ ਦੇ ਕੁੱਲ ਬਜਟ ਦਾ 60 ਫੀਸਦੀ ਹਿੱਸਾ ਇਸਤੇਮਾਲ ਕਰਦੀ ਹੈ ਅਤੇ ਮੁਲਕ ਦੀ ਸੁਰੱਖਿਆ ਤੇ ਵਿਦੇਸ਼ ਨੀਤੀ ਵਰਗੇ ਮਸਲੇ ਵੀ ਤੈਅ ਕਰਦੀ ਹੈ। ਪ੍ਰਸਿੱਧ ਲੇਖਿਕਾ ਆਇਸ਼ਾ ਸਿੱਦੀਕਾ ਨੇ ਪਾਕਿਸਤਾਨੀ ਫ਼ੌਜ ਬਾਰੇ ਆਪਣੀ ਕਿਤਾਬ ‘ਮਿਲਿਟਰੀ ਇਨਕਾਰਪੋਰੇਟਡ-ਇੰਨਸਾਈਡ ਪਾਕਿਸਤਾਨ’ਜ਼ ਮਿਲਿਟਰੀ ਇਕੌਨੋਮੀ’ ਵਿੱਚ ਲਿਖਿਆ ਹੈ ਕਿ ਕਿਸ ਤਰੀਕੇ ਨਾਲ ਪਾਕਿਸਤਾਨੀ ਫ਼ੌਜ, ਖਾਸ ਤੌਰ ‘ਤੇ ਉਸ ਦੇ ਅਫਸਰਾਂ ਨੇ ਮੁਲਕ ਦੇ ਸਾਧਨਾਂ ਤੇ ਧਨ-ਦੌਲਤ ਦੀ ਦੁਰਵਰਤੋਂ ਕਰਕੇ ਪਾਕਿਸਤਾਨ ਦੀ ਅਰਥ-ਵਿਵਸਥਾ ‘ਤੇ ਮੰਦ ਅਸਰ ਪਾਇਆ ਹੈ। ਲੇਖਿਕਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਜ਼ਮੀਨ ਦਾ 12 ਫੀਸਦੀ ਹਿੱਸਾ ਫ਼ੌਜ ਦੇ ਅਧੀਨ ਹੈ ਤੇ ਇਹ ਕਈ ਕਾਰਪੋਰੇਟ ਘਰਾਣਿਆਂ, ਕਾਰਖਾਨਿਆਂ ਅਤੇ ਖੰਡ ਮਿੱਲਾਂ ਚਲਾ ਰਹੀ ਹੈ। ਫ਼ੌਜ ਵੱਲੋਂ ਕਈ ਕਿਸਮ ਦੇ ਆਰਥਿਕ ਦਾਇਰੇ ਜਿਵੇਂ ਫ਼ੌਜੀ ਫਾਊਂਡੇਸ਼ਨ, ਸ਼ਾਹੀਨ ਫਾਊਂਡੇਸ਼ਨ ਕਾਇਮ ਕੀਤੇ ਹਨ, ਜਿਨ੍ਹਾਂ ਪਾਸ ਅਰਬਾਂ ਡਾਲਰ ਦੀ ਰਕਮ ਹੈ, ਜਿਸ ਦਾ ਕਾਫੀ ਹੱਦ ਤੱਕ ਇਸਤੇਮਾਲ ਫ਼ੌਜੀ ਭਾਈਚਾਰੇ ਦੇ ਭਲਾਈ ਕੰਮਾਂ ਵਾਸਤੇ ਕੀਤਾ ਜਾਂਦਾ ਹੈ।
ਪਨਾਮਾ ਦਸਤਾਵੇਜ਼ਾਂ ‘ਚ ਕਈ ਭਾਰਤ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਮ ਵੀ ਉਭਰ ਕੇ ਸਾਹਮਣੇ ਆਏ ਸਨ। ਇਸ ਵਾਸਤੇ ਭ੍ਰਿਸ਼ਟਾਚਾਰ ਵਾਲੇ ਹਮਾਮ ‘ਚ ਤਾਂ ਸਾਰੇ ਹੀ ਨੰਗੇ ਹਨ ਤੇ ਪਾਕਿਸਤਾਨ ਦੀ ਫ਼ੌਜ ਵੀ ਕੋਈ ਘੱਟ ਨਹੀਂ। ਇਸ ਦੇ ਉਲਟ ਭਾਰਤ ਦੇ ਰਾਜਸੀ ਨੇਤਾ ਤਾਂ ਚਾਹੁੰਦੇ ਹਨ ਕਿ ਫ਼ੌਜ ਦੀਆਂ ਛਾਉਣੀਆਂ ਵੀ ਸਮੇਟ ਲਈਆਂ ਜਾਣ। ਹਕੀਕਤ ਇਹ ਹੈ ਕਿ ਨਵਾਜ਼ ਸ਼ਰੀਫ਼ ਪਾਕਿਸਤਾਨ ਦੇ ਸੰਵਿਧਾਨ (1973) ਦੀ ਧਾਰਾ 245 ਹੇਠ ਆਪਣੀ ਫ਼ੌਜ ਨੂੰ ਕੇਵਲ ਰੱਖਿਆ ਕਾਰਜਾਂ ਵਾਸਤੇ ਇਸਤੇਮਾਲ ਕਰਨਾ ਚਾਹੁੰਦਾ ਹੈ ਜੋ ਫ਼ੌਜੀ ਜਰਨੈਲਾਂ ਨੂੰ ਪਸੰਦ ਨਹੀਂ। ਨਾ ਹੀ ਖਾੜਕੂ ਜਥੇਬੰਦੀਆਂ ਅਤੇ ਨਾ ਹੀ ਫ਼ੌਜ ਚਾਹੁੰਦੀ ਹੈ ਕਿ ਭਾਰਤ ਨਾਲ ਸਬੰਧ ਸੁਧਰਨ। ਇਸ ਵਾਸਤੇ ਭਾਵੇਂ ਪੀਐੱਮਐੱਲ (ਐਨ) ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰ ਵੀ ਲਵੇ, ਫ਼ੌਜ ਤਾਂ ਉਸ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹੈ ਜੋ ਉਸ ਦੀ ਕਠਪੁਤਲੀ ਬਣ ਕੇ ਰਹੇ। ਇਸੇ ਲਈ ਫ਼ੌਜ ਦਾ ਇਮਰਾਨ ਖ਼ਾਨ ਵੱਲ ਝੁਕਾਅ ਜ਼ਿਆਦਾ ਹੈ।
*ਲੇਖਕ ਰੱਖਿਆ ਵਿਸ਼ਲੇਸ਼ਕ ਹੈ।
ਸੰਪਰਕ: kahlonks@gmail.com


Comments Off on ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.