ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਆਮ ਆਦਮੀ ਪਾਰਟੀ ਦਾ ਵਜੂਦ ਖ਼ਤਰੇ ਵਿੱਚ ?

Posted On July - 23 - 2018

 ਆ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਸੰਕਟ ਦਿਨ-ਬ-ਦਿਨ ਡੂੰਘਾ ਹੋ ਰਿਹਾ ਹੈ। ਇਹ ਕਹਿਣਾ ਵਾਜਬ ਹੋਵੇਗਾ ਕਿ ਪਾਰਟੀ ਦਾ ਪੰਜਾਬ ਵਿਚ ਰਾਜਨੀਤਕ ਵਜੂਦ ਖ਼ਤਰੇ ਵਿਚ ਹੈ। ਪਾਰਟੀ ਦੇ ਉਸ ਵੱਡੇ ਰਹਿਬਰ ਨੇ ਹੀ ਪੰਜਾਬ ਤੋਂ ਕਿਨਾਰਾ ਕਰ ਲਿਆ ਹੈ ਜਿਸ ਨੂੰ ਸੂਬੇ ਨੇ ਕਦੇ ਆਪਣੀਆਂ ਪਲਕਾਂ ‘ਤੇ ਬਿਠਾਇਆ ਸੀ। ਇਕ ਅਜਿਹੀ ਪਾਰਟੀ ਜਿਸ ਨੇ ਤੇਜ਼ ਰੌਸ਼ਨੀ ਸੁੱਟ ਕੇ ਵਰਤਮਾਨ ਰਾਜਨੀਤਕ ਸਿਸਟਮ ਦੀ ਨੈਤਿਕ ਹੋਂਦ ‘ਤੇ ਹੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ ਅਤੇ ਜਦੋਂ ਬੇਸ਼ੁਮਾਰ ਇਨਸਾਫਪਸੰਦ ਲੋਕ ਤੇ ਦਾਨਿਸ਼ਵਰਾਂ ਦਾ ਕਾਫਲਾ ਇਸ ਨਵੇਂ ਰਾਜਨੀਤਕ ਮਹਿਮਾਨ ਦਾ ਸਵਾਗਤ ਕਰ ਰਿਹਾ ਸੀ ਤਾਂ ਉਹ ਪਾਰਟੀ ਇੰਨੀ ਛੇਤੀ ਇਤਿਹਾਸ ਦਾ ਹਿੱਸਾ ਕਿਉਂ ਬਣ ਰਹੀ ਹੈ, ਇਹ ਨੁਕਤਾ ਗੰਭੀਰ ਵਿਚਾਰ ਤੇ ਬਹਿਸ ਦੀ ਮੰਗ ਕਰਦਾ ਹੈ। ਮਿਉਂਸਪਲ ਚੋਣਾਂ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਅਤੇ ਫਿਰ ਸ਼ਾਹਕੋਟ ਦੇ ਨਤੀਜਿਆਂ ਨੇ ‘ਕੰਧ ਉੱਤੇ ਲਿਖਿਆ’ ਪੜ੍ਹਨ ਦੀ ਚਿਤਾਵਨੀ ਦੇ ਦਿੱਤੀ ਸੀ ਪਰ ਦੂਰ ਤੱਕ ਵੇਖਣ ਵਾਲੇ ਪਾਰਟੀ ਆਗੂ ਵੀ ਅੰਦਰੋਂ ਤੇ ਬਾਹਰੋਂ ਇਸ ਕਦਰ ਵੰਡੇ ਹੋਏ ਸਨ ਕਿ ਗਰਾਊਂਡ ਜ਼ੀਰੋ ‘ਤੇ ਤੂੜੀ ਦੀ ਪੰਡ ਪੂਰੀ ਤਰ੍ਹਾਂ ਖਿਲਰ ਗਈ ਸੀ ਅਤੇ ਅਜੇ ਤੱਕ ਪਾਰਟੀ ਦੇ ਅੰਦਰ ਇਸ ਵੱਡੇ ਖਿਲਾਰੇ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਆ ਰਹੀਆਂ ਪੰਚਾਇਤ ਚੋਣਾਂ ਵਿਚ ਵੀ ਇਸ ਦਾ ਭਵਿੱਖ ਸਾਹਮਣੇ ਆਉਣ ਵਾਲਾ ਹੈ।
ਕੁਝ ਸਵਾਲ ਅਜੇ ਵੀ ਨਿੱਠ ਕੇ ਵਿਚਾਰੇ ਨਹੀਂ ਗਏ ਜੋ ਪੰਜਾਬ ਦੇ ਲੋਕਾਂ ਦੇ ਮਨੋਵਿਗਿਆਨਕ ਧਰਾਤਲ ਨਾਲ ਜੁੜੇ ਹੋਏ ਹਨ। ਇਸ ਗੱਲ ਵਿਚ ਦੋ ਰਾਵਾਂ ਨਹੀਂ ਸਨ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ, ਦੋਵਾਂ ਤੋਂ ਹੀ ਖ਼ਫ਼ਾ ਸਨ। ਜਿੱਥੋਂ ਤੱਕ ਅਕਾਲੀ ਦਲ ਦਾ ਸਬੰਧ ਸੀ, ਉਸ ਪਾਰਟੀ ਲਈ ਵਿਸ਼ੇਸ਼ ਕਰ ਕੇ ਪੰਜਾਬ ਦੇ ਨੌਜਵਾਨਾਂ ਲਈ ਕੋਈ ਥਾਂ ਨਹੀਂ ਸੀ ਰਹਿ ਗਈ। ਇਸ ਦੇ ਕਾਰਨ ਇੰਨੇ ਸਾਫ ਤੇ ਸਪੱਸ਼ਟ ਸਨ ਕਿ ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਨ੍ਹਾਂ ਨੌਜਵਾਨਾਂ ਨੇ ਜਥੇਬੰਦਕ ਰੂਪ ਵਿਚ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਮਜ਼ਬੂਤ ਕਿਲ੍ਹਿਆਂ ਵਿਚ ਵੀ ਵੱਡੀ ਸੰਨ੍ਹ ਲਾ ਦਿੱਤੀ ਸੀ ਅਤੇ ਬਜ਼ੁਰਗਾਂ ਨੂੰ ਵੀ ਆਪਣੇ ਨਾਲ ਲਾ ਲਿਆ ਸੀ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਇਸ ‘ਰਾਜਪਲਟੇ’ ਦਾ ਵਿਵੇਕ ਵਿਸ਼ਲੇਸ਼ਣ ਅਜੇ ਤੱਕ ਵੀ ਨਹੀਂ ਕੀਤਾ ਜਦੋਂ ਕਿ ਪਾਰਟੀ ਦੀਆਂ ਹੇਠਲੀਆਂ ਸਫਾਂ ਦਾ ਪਹਿਲੇ ਵਾਲਾ ਫੁੰਕਾਰਾ ਤੇ ਰੋਅਬ-ਦਾਬ ਆਪਣਾ ਅਸਰ ਗੁਆ ਚੁੱਕਾ ਹੈ। ਕਾਂਗਰਸ ਪਾਰਟੀ ਵੀ ਉਦੋਂ ਕੋਈ ਵੱਡਾ ਤੇ ਸਿਧਾਂਤਕ ਬਦਲ ਨਹੀਂ ਸੀ ਬਣ ਰਹੀ ਕਿਉਂਕਿ ਵਰਤਮਾਨ ਰਾਜਨੀਤਕ ਤਾਣੇ ਬਾਣੇ ਨਾਲੋਂ ਵੱਖਰਾ ਤੇ ਨਿਵੇਕਲਾ ਬਦਲ ਬਣ ਕੇ ਆਮ ਆਦਮੀ ਪਾਰਟੀ ਉਭਰ ਰਹੀ ਸੀ। ਰਾਜਨੀਤਕ ਖੇਤਰ ਵਿਚ ਇਹੋ ਜਿਹੇ ਹੈਰਾਨੀਜਨਕ ਵਰਤਾਰੇ ਅਚਾਨਕ ਕਿਉਂ ਵਾਪਰਦੇ ਹਨ, ਇਸ ਦਾ ਬਾਹਰਮੁਖੀ ਵਿਸ਼ਲੇਸ਼ਣ ਸਮਾਜ ਵਿਗਿਆਨੀਆਂ ਦੀ ਪਕੜ ਵਿਚ ਵੀ ਘੱਟ ਹੀ ਆਉਂਦਾ ਹੈ ਪਰ ਸਿਆਣਿਆਂ ਦੀ ਇਕ ਟੋਲੀ ਉਨ੍ਹਾਂ ਦਿਨਾਂ ਵਿਚ ਇਸ ਧਾਰਨਾ ‘ਤੇ ਦ੍ਰਿੜ ਸੀ ਕਿ ਅਜਿਹੇ ਵਰਤਾਰਿਆਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਕਿਉਂਕਿ ਵਰਤਮਾਨ ਰਾਜਨੀਤਕ ਪ੍ਰਣਾਲੀ ਵੱਡੇ ਬੋਹੜ ਵਾਂਗ ਹੁੰਦੀ ਹੈ ਜਿਸ ਨਾਲ ਥੋੜ੍ਹਚਿਰੇ ਆਗੂ ਟੱਕਰ

ਕਰਮਜੀਤ ਸਿੰਘ*

ਕਰਮਜੀਤ ਸਿੰਘ*

ਤਾਂ ਜ਼ਰੂਰ ਲੈਂਦੇ ਹਨ ਪਰ ਆਪਣਾ ਮੱਥਾ ਲਹੂ ਲੁਹਾਣ ਕਰਵਾ ਕੇ ਮੁੜ ਉਸੇ ਰਾਜਨੀਤਕ ਪ੍ਰਣਾਲੀ ਦਾ ਹਿੱਸਾ ਬਣ ਜਾਂਦੇ ਹਨ।
ਆਮ ਆਦਮੀ ਪਾਰਟੀ ਵਿਚਾਰ ਦੇ ਧਰਾਤਲ ਪੱਖੋਂ ਅਰਾਜਕਤਾਵਾਦੀ ਤਾਂ ਨਹੀਂ ਸੀ ਪਰ ਇਹ ਇਹੋ ਜਿਹੀ ਬਗਾਵਤ ਵੀ ਨਹੀਂ ਸੀ ਜੋ ਵਿਚਾਰਾਂ ਤੋਂ ਸੱਖਣੀ ਸੀ। ਦਰਅਸਲ, ਇਹ ਨਾਰਾਜ਼ ਤੇ ਉਦਾਸ ਲੋਕਾਂ ਦਾ ਸਮੂਹ ਸੀ ਜੋ ਰਾਜਨੀਤਕ ਪ੍ਰਣਾਲੀ ਵਿਚ ਇਨਕਲਾਬੀ ਤਬਦੀਲੀਆਂ ਤਾਂ ਲਿਆਉਣਾ ਚਾਹੁੰਦੇ ਸਨ ਪਰ ਇਹ ਤਬਦੀਲੀ ਕਿਵੇਂ ਆਏਗੀ, ਇਸ ਬਾਰੇ ਹਰ ਕਿਸੇ ਦੇ ਰਾਹ ਵੱਖਰੇ ਵੀ ਸਨ ਅਤੇ ਇਕ ਦੂਜੇ ਨਾਲ ਟਕਰਾਉਂਦੇ ਵੀ ਸਨ। ਇਸ ਲਈ ਇਕੋ ਤਰ੍ਹਾਂ ਦੇ ਮਿਲਦੇ ਜੁਲਦੇ ਵਿਚਾਰ ਅਤੇ ਇੱਕੋ ਨਿਸ਼ਾਨਾ, ਜੋ ਕਿਸੇ ਰਾਜਨੀਤਕ ਪਾਰਟੀ ਦੀ ਪਰਿਭਾਸ਼ਾ ਹੁੰਦੀ ਹੈ, ਉਹ ਗੰਭੀਰ ਤੱਤ ਆਮ ਆਦਮੀ ਪਾਰਟੀ ਵਿਚ ਇਸ ਦੇ ਜਨਮ ਤੋਂ ਹੀ ਧੁੰਦਲੇ ਅਤੇ ਅਸਪੱਸ਼ਟ ਸਨ। ਇਹ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਹਨ।
ਉਂਜ, ਜਦੋਂ ਬਹਿਸ ਪੰਜਾਬ ਉੱਤੇ ਕੇਂਦਰਿਤ ਕੀਤੀ ਜਾਵੇ ਤਾਂ ਇਸ ਰਾਜ ਵਿਚ ਆਮ ਆਦਮੀ ਪਾਰਟੀ ਦੇ ਇੰਨੀ ਛੇਤੀ ਡਿੱਗਣ ਅਤੇ ਰੁਲ-ਖੁਲ ਜਾਣ ਦੇ ਅਸਲ ਕਾਰਨਾਂ ਦੀ ਪੜਚੋਲ ਨਾ ਤਾਂ ਪਾਰਟੀ ਦੇ ਅੰਦਰ ਹੀ ਹੋਈ ਹੈ ਅਤੇ ਗੰਭੀਰ ਰਾਜਨੀਤਕ ਹਲਕਿਆਂ ਤੇ ਜ਼ਿੰਮੇਵਾਰ ਬੁੱਧੀਜੀਵੀਆਂ ਨੇ ਵੀ ਇਸ ਗਿਰਾਵਟ ਦੇ ਕਾਰਨਾਂ ਵਿਚ ਉਤਰਨ ਲਈ ਵੱਡੀ ਦਿਲਚਸਪੀ ਤੇ ਚਿੰਤਾ ਨਹੀਂ ਪ੍ਰਗਟਾਈ। ਇਹ ਸਵਾਲ ਵੀ ਅਜੇ ਤੱਕ ਸਮਝ ਤੋਂ ਬਾਹਰ ਹੈ ਕਿ ਆਖ਼ਿਰਕਾਰ ਪੰਜਾਬ ਨੇ ਹੀ ਇਸ ਪਾਰਟੀ ਵਿਚ ਹੱਦੋਂ ਵੱਧ ਦਿਲਚਸਪੀ ਕਿਉਂ ਦਿਖਾਈ? ਕੀ ਉਨ੍ਹਾਂ ਦਿਨਾਂ ਵਿਚ ਕੇਜਰੀਵਾਲ ਵਰਗਾ ਕੱਦਾਵਰ ਅਤੇ ਵਚਨਬੱਧ ਨੇਤਾ ਉਨ੍ਹਾਂ ਨੂੰ ਨਜ਼ਰ ਹੀ ਨਹੀਂ ਆਇਆ? ਜਾਂ ਕੀ ਨਾਇਕ ਵਰਗੀਆਂ ਜੁਝਾਰੂ ਤੇ ਲੜਾਕੂ ਖੂਬੀਆਂ ਉਨ੍ਹਾਂ ਨੂੰ ਉਸ ਉਭਰ ਰਹੀ ਸ਼ਖਸੀਅਤ ਵਿਚ ਦਿਸੀਆਂ ਜੋ ਪੰਜਾਬੀਆਂ ਦੀ ਖਾਸਮਖਾਸ ਕਮਜ਼ੋਰੀ ਹੈ? ਇਨ੍ਹਾਂ ਵੱਡੇ ਸਵਾਲਾਂ ਨੂੰ ਅਜੇ ਵੀ ਵੱਡੇ ਤੇ ਗੰਭੀਰ ਜਵਾਬਾਂ ਦਾ ਇੰਤਜ਼ਾਰ ਹੈ।
ਕੀ ਪੰਜਾਬ ਵਿਚ ਤੀਜਾ ਰਾਜਨੀਤਕ ਬਦਲ ਉਸਰ ਹੀ ਨਹੀਂ ਸਕਦਾ? ਜਾਂ ਰਾਜਨੀਤਕ ਤਾਕਤਾਂ ਦੀ ਜਥੇਬੰਦਕ ਅਜਾਰੇਦਾਰੀ ਇਸ ਦੇ ਰਾਹ ਵਿਚ ਅਣਦਿਸਦੀ ਰੁਕਾਵਟ ਹੈ? ਕੀ ਇਨ੍ਹਾਂ ਅਟਕਲਬਾਜ਼ਾਂ ਦੇ ਇਸ ਪ੍ਰਚਾਰ ਵਿਚ ਦਮ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਵਿਚ ਐਨ ਆਖ਼ਰੀ ਦਿਨਾਂ ਵਿਚ ਦੋ ਰਵਾਇਤੀ ਪਾਰਟੀਆਂ ਦੇ ਅੰਦਰੂਨੀ ਸਮਝੌਤੇ ਨੇ ਰਾਜਨੀਤਕ ਸਮੀਕਰਨਾਂ ਦਾ ਸਾਰਾ ਪਾਸਾ ਹੀ ਪਲਟ ਦਿੱਤਾ ਸੀ? ਇਹ ਭੇਤ ਭਾਵੇਂ ਜੱਗ ਜ਼ਾਹਿਰ ਨਹੀਂ ਹੋਏ ਅਤੇ ਸ਼ਾਇਦ ਕਦੇ ਹੋਣਗੇ ਵੀ ਨਹੀਂ, ਪਰ ਜਦੋਂ ਕਦੇ ਵੀ ਇਹ ਬੁਝਾਰਤ ਬਹਿਸ ਦਾ ਵਿਸ਼ਾ ਬਣਦੀ ਹੈ ਤਾਂ ਦੋਵਾਂ ਪਾਰਟੀਆਂ ਦੀਆਂ ਸ਼ਰਾਰਤੀ ਤੇ ਕੂਟਨੀਤਕ ਮੁਸਕਰਾਹਟਾਂ ਇਨ੍ਹਾਂ ਸੱਚਾਈਆਂ ਦੀ ਪੁਸ਼ਟੀ ਤਾਂ ਕਰਦੀਆਂ ਹੀ ਹਨ। ਹੁਣ ਹਾਲਤ ਇਹ ਹੈ ਕਿ ਪੰਜਾਬ ਵਾਲੀ ਆਮ ਆਦਮੀ ਪਾਰਟੀ ਕੇਵਲ ਵਿਧਾਇਕਾਂ ਦੀ ਹੀ ਪਾਰਟੀ ਹੈ, ਪਾਰਟੀ ਕਾਰਕੁਨ ਖਿੰਡ ਪੁੰਡ ਗਏ ਹਨ ਜਾਂ ਨਿਰਾਸ਼ ਹੋ ਕੇ ਓਨੇ ਸਰਗਰਮ ਨਹੀਂ ਰਹੇ ਅਤੇ ਜਾਂ ਫਿਰ ਹੋਰ ਰਾਜਨੀਤਕ ਰਾਹਾਂ ਦੀ ਤਲਾਸ਼ ਕਰ ਰਹੇ ਹਨ। ਪਾਰਟੀ ਦੀ ਖਾਮੋਸ਼ ਬਹੁਗਿਣਤੀ ਨੂੰ ਸਹਾਰਾ ਦੇਣ ਵਾਲੇ ਦੂਰਦਰਸ਼ੀ ਆਗੂ ਨਜ਼ਰ ਨਹੀਂ ਆ ਰਹੇ।
ਇਕ ਹੋਰ ਵਿਚਾਰ ਨੇ ਵੀ ਸਿੱਖਾਂ ਦੇ ਵਿਚਾਰਧਾਰਕ ਪਹਿਲੂ ਵਿਚ ਆਪਣੀ ਥਾਂ ਬਣਾ ਰੱਖੀ ਹੈ। ਇਸ ਹਿੱਸੇ ਨੂੰ ਇਹ ਫ਼ਿਕਰ ਹੈ ਕਿ ਆਮ ਆਦਮੀ ਪਾਰਟੀ ਦੀਆਂ ਰਾਜਨੀਤਕ ਜੜ੍ਹਾਂ ਦੇ ਪਸਾਰ ਤੇ ਪ੍ਰਭਾਵ ਨਾਲ ਪੰਜਾਬ ਵਿਚ ਪੰਥਕ ਸਿਆਸਤ ਦਾ ਭੋਗ ਪੈ ਜਾਏਗਾ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ, ਪੰਥਕ ਸਿਆਸਤ ਦਾ ਬਦਲ ਨਹੀਂ ਬਣ ਸਕਦੀ। ਉਸ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਧਰਮ ਨਿਰਪੱਖ ਪੈਂਤੜਾ ਅਖ਼ਤਿਆਰ ਕਰਨਾ ਪੈਂਦਾ ਹੈ, ਹਾਲਾਂਕਿ ਇਸ ਪਾਰਟੀ ਵਿਚ ਅਜਿਹੇ ਰੁਝਾਨ ਮੌਜੂਦ ਹਨ ਜੋ ਪੰਥਕ ਸਿਆਸਤ ਦਾ ਬਦਲ ਦੇਣ ਦੀ ਧੁੰਦਲੀ ਜਿਹੀ ਰੀਝ ਰੱਖਦੇ ਹਨ। ਪੰਥਕ ਸਿਆਸਤ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਜੇ ਇਸ ਪਾਰਟੀ ਨੇ ਧਰਮ ਨਿਰਪੱਖ ਪੁਜ਼ੀਸ਼ਨ ‘ਤੇ ਹੀ ਅਟੱਲ ਰਹਿਣਾ ਹੈ ਤਾਂ ਫਿਰ ਸਿੱਖਾਂ ਦਾ ਇਕ ਹਿੱਸਾ ਆਪਣੇ ਆਪ ਨੂੰ ਅਜੇ ਵੀ ਕਾਂਗਰਸ ਦੇ ਨੇੜੇ ਹੀ ਰੱਖਣਾ ਚਾਹੁੰਦਾ ਹੈ। ਅਜਿਹੀ ਹਾਲਤ ਵਿਚ ਪੰਥਕ ਸਿਆਸਤ ਦਾ ਧੁਰਾ ਮੁੜ-ਘਿੜ ਕੇ ਅਕਾਲੀ ਦਲ ਹੀ ਬਣਦਾ ਹੈ ਜਿਸ ਨੇ ਵੱਡੀ ਇਤਿਹਾਸਕ ਹਾਰ ਪਿਛੋਂ ਸਬਕ ਲੈ ਕੇ ਅੱਜ ਕੱਲ੍ਹ ਮਿੱਥੇ ਪ੍ਰੋਗਰਾਮ ਤਹਿਤ ਪੰਥਕ ਮੁੱਦੇ ਆਪਣੇ ਹੱਥ ਲੈ ਲਏ ਹਨ। ਇਹ ਗੱਲ ਭਾਵੇਂ ਵੱਖਰੀ ਹੈ ਕਿ ਪਹਿਲਾਂ ਵਾਲੀ ਜਨਤਕ ਹਮਾਇਤ ਅਜੇ ਇਸ ਪਾਰਟੀ ਨੂੰ ਨਹੀਂ ਮਿਲ ਰਹੀ। ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦੀ ਜੋਟੀਦਾਰ ਭਾਜਪਾ ਨੂੰ ਵੀ ਅਕਾਲੀ ਦਲ ਦੀ ਪੰਥਕ ਰਾਜਨੀਤੀ ਉਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਇਹ ਤਜਰਬਾ ਹਾਸਲ ਹੋ ਗਿਆ ਹੈ ਕਿ ਸੱਤਾ ਤੋਂ ਬਾਹਰ ਰਹਿ ਕੇ ਪੰਥਕ ਮੁੱਦੇ ਜ਼ੋਰਦਾਰ ਢੰਗ ਨਾਲ ਉਭਾਰਨ ਅਤੇ ਸੱਤਾ ਵਿਚ ਆ ਕੇ ਉਹ ਮੁੱਦੇ ਭੁੱਲ ਜਾਣ ਤੇ ਛੱਡ ਜਾਣ ਦਾ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਜੋ ਭਾਜਪਾ ਨੂੰ ਰਾਸ ਆਉਣ ਲੱਗ ਪਿਆ ਹੈ।
ਹੁਣ ਜੇ ਆਮ ਆਦਮੀ ਪਾਰਟੀ ਗੰਭੀਰ ਫੁੱਟ ਦਾ ਸ਼ਿਕਾਰ ਹੋ ਕੇ ਦੋਫਾੜ ਹੁੰਦੀ ਹੈ ਤਾਂ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਪਾਰਟੀ ਦਾ ਵੱਡਾ ਤੇ ਪ੍ਰਭਾਵਸ਼ਾਲੀ ਹਿੱਸਾ ਇਕ ਦੂਰੀ ‘ਤੇ ਰਹਿ ਕੇ ਪੰਥਕ ਸਿਆਸਤ ਦੀ ਪੈਰਵੀ ਕਰੇਗਾ। ਲੋਕ ਇਨਸਾਫ ਪਾਰਟੀ ਅਜਿਹੀ ਹਾਲਤ ਵਿਚ ਇਸ ਹਿੱਸੇ ਨੂੰ ਜੀ ਆਇਆਂ ਕਹੇਗੀ ਅਤੇ ਇਹੋ ਜਿਹੀ ਹਾਲਤ ਤੇ ਮਾਹੌਲ ਬਣਾਉਣ ਲਈ ਅੱਜ ਕੱਲ੍ਹ ਅੰਦਰਖਾਤੇ ਗੰਭੀਰ ਵਿਚਾਰਾਂ ਵੀ ਚੱਲ ਰਹੀਆਂ ਹਨ। ਪੰਥਕ ਮੁੱਦਿਆਂ ‘ਤੇ ਉਨ੍ਹਾਂ ਦੀ ਨੇੜਤਾ ਤੇ ਸਾਂਝ ਹੁਣ ਬਹੁਤੀ ਗੁੱਝੀ ਨਹੀਂ ਰਹੀ। ਇਹ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੀ ਭਾਗ ਲੈ ਸਕਦਾ ਹੈ ਤਾਂ ਜੋ ਪੰਥਕ ਸਿਆਸਤ ਉਤੇ ਆਪਣੀ ਪਕੜ ਮਜ਼ਬੂਤ ਕਰਕੇ ਅਕਾਲੀ ਦਲ ਨੂੰ ਇਸ ਘੇਰੇ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਦਿੱਲੀ ਲੀਡਰਸ਼ਿਪ ਨੂੰ ਵੀ ਇਸ ਗੱਲ ਦੀਆਂ ਕਨਸੋਆਂ ਮਿਲ ਰਹੀਆਂ ਹਨ। ਕੀ ਇਹ ਪਹਾੜ ਜਿੱਡੀ ਮੁਸ਼ਕਿਲ ਹੱਲ ਹੋ ਜਾਵੇਗੀ, ਇਹ ਗੱਲ ਸਮੇਂ ਦੇ ਹੱਥ ਵਿਚ ਚਲੀ ਗਈ ਹੈ।
*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ: 99150-91063


Comments Off on ਆਮ ਆਦਮੀ ਪਾਰਟੀ ਦਾ ਵਜੂਦ ਖ਼ਤਰੇ ਵਿੱਚ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.