ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਕਿਰਤੀ ਲਹਿਰ ਦੇ ਮੋਢੀ ਭਾਈ ਸੰਤੋਖ ਸਿੰਘ ਧਰਦਿਓ

Posted On June - 26 - 2018

ਹਰਦੀਪ ਸਿੰਘ ਝੱਜ
12606630cd _Sunday_2018_012228399ਦੇਸ਼-ਭਗਤ ਭਾਈ ਸੰਤੋਖ ਸਿੰਘ ਧਰਦਿਓ ਦਾ ਭਾਰਤ ਦੇ ਇਨਕਲਾਬੀ ਇਤਿਹਾਸ ਨੂੰ ਗਤੀ ਤੇ ਦਿਸ਼ਾ ਦੇਣ ਵਿੱਚ ਬਹੁਮੱਲਾ ਯੋਗਦਾਨ ਹੈ। ਇਨ੍ਹਾਂ ਦਾ ਜਨਮ 1893 ਨੂੰ ਸਿੰਗਪੁਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਭਾਈ ਜਵਾਲਾ ਸਿੰਘ 1903 ਵਿੱਚ ਪੈਨਸ਼ਨ ਲੈ ਕੇ ਨੌਕਰੀ ਤੋਂ ਰਿਟਾਇਰ ਹੋ ਗਏ ਤੇ ਆਪਣੇ ਜੱਦੀ ਪਿੰਡ ਧਰਦਿਓ ਵਾਪਸ ਪਰਤ ਆਏ। ਸੰਤੋਖ ਸਿੰਘ ਨੂੰ ਪੜ੍ਹਾਈ ਜਾਰੀ ਰੱਖਣ ਲਈ ਪਿੰਡ ਤੋਂ ਕਰੀਬ ਦੋ ਮੀਲ ਮਹਿਤਾ ਪ੍ਰਇਮਰੀ ਸਕੂਲ ਭੇਜਿਆ ਗਿਆ। ਮਗਰੋਂ 1910 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਉਸ ਦੇ ਸਾਥੀ ਅੰਗ੍ਰੇਜ਼ੀ ਸ਼ਬਦਾਂ ਬਾਰੇ ਉਸ ਦੇ ਭੰਡਾਰ ’ਤੇ ਹੈਰਾਨ ਹੋਇਆ ਕਰਦੇ ਸਨ ਅਤੇ ਹਾਸੇ ਨਾਲ ਉਸ ਨੂੰ ‘ਮਿਸਟਰ ਡਿਕਸ਼ਨਰੀ ਸਿੰਘ’ ਆਖਦੇ ਸਨ।
ਸੰਨ 1912 ਦੇ ਆਖ਼ਰ ਵਿੱਚ ਉਹ ਇੰਗਲੈਂਡ ਲਈ ਪਾਸਪੋਰਟ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਗਿਆ ਅਤੇ ਬੰਬਈ (ਮੁੰਬਈ) ਤੋਂ ਸਮੁੰਦਰੀ ਜਹਾਜ਼ ਦੁਆਰਾ ਇੰਗਲੈਂਡ ਪੁੱਜ ਗਿਆ। ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ਕੁੱਝ ਸਮੇਂ ਲਈ ਹੀ ਉਹ ਇੰਗਲੈਂਡ ਠਹਿਰੇ ਕਿਉਂਕਿ ਇੱਥੇ ਭਾਈ ਸਾਹਿਬ ਨੂੰ ਅੰਗ੍ਰੇਜ਼ ਸਰਕਾਰ ਦੀ ਗ਼ੁਲਾਮੀ ਚੁੱਭਦੀ ਸੀ ਅਤੇ ਫਿਰ ਉਹ ਕੈਨੇਡਾ ਵਿੱਚ ਕਿਸੇ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਲਈ ਰਵਾਨਾ ਹੋ ਗਏ। ਇਸੇ ਦੌਰਾਨ ਕੈਨੇਡਾ ਵਿਚਲੇ ਭਾਰਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਕੈਲੀਫੋਰਨੀਆ ਵਿੱਚ ਪੋਰਟਲੈਂਡ ਵਿੱਚ ਇੱਕ ਮੀਟਿੰਗ ਹੋਈ। 21 ਮਾਰਚ 1913 ਵਿੱਚ, ਅੋਰੇਗੇਨ ਤੇ ਵਾਸ਼ਿੰਗਟਨ ਰਾਜਾਂ ਦੇ ਲੱਕੜੀ ਮਿੱਲ ਮਜ਼ਦੂਰਾਂ ਨੇ ‘ਹਿੰਦੀ ਐਸੋਸੀਏਸ਼ਨ ਆਫ਼ ਦੀ ਪੈਸੇਫਿਕ ਆਫ਼ ਅਮਰੀਕਾ’ ਕਾਇਮ ਕੀਤੀ ਤਾਂ ਸੰਤੋਖ ਸਿੰਘ ਇਸ ਦੇ ਕਾਰਜਕਾਰੀ ਮੈਂਬਰਾਂ ਵਿੱਚੋਂ ਇੱਕ ਸਨ। 1 ਨਵੰਬਰ 1913 ਦੇ ਪਹਿਲੇ ਗ਼ਦਰ ਪਰਚੇ ਦੇ ਇਸ਼ਤਿਹਾਰ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਅੰਦਰ ਅਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਦਿਲ ਟੁੰਬਵੇਂ ਸ਼ਬਦਾਂ ਦੀ ਵਰਤੋਂ ਕੀਤੀ ਗਈ। ‘ਸੈਨਫਰਾਂਸਿਸਕੋ ਸਾਜਸ਼ ਕੇਸ’ ਮਸ਼ਹੂਰ ਮੁਕੱਦਮੇ ਵਿੱਚ ਅਮਰੀਕਾ ਦੇ ਕਰਿਮਿਨਲ ਕੋਡ ਦੁਆਰਾ 30 ਅਪਰੈਲ 1918 ਨੂੰ ਹੋਏ ਫੈਸਲੇ ਵਿੱਚ ਭਾਈ ਸੰਤੋਖ ਸਿੰਘ ਨੂੰ 21 ਮਹੀਨੇ ਲਈ ਮੈਕਨੀਕਲ ਟਾਪੂ ਵਿੱਚ ਯੂਐੱਸਏ ਦੀ ਸੁਧਾਰ ਜੇਲ੍ਹ ਵਿੱਚ ਕੈਦ ਕੀਤਾ ਗਿਆ। ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ਇਸੇ ਦੌਰਾਨ ਭਾਈ ਸਾਹਿਬ ਨੂੰ ਤਪਦਿਕ ਦਾ ਰੋਗ ਲੱਗ ਗਿਆ।
ਲਾਲਾ ਹਰਦਿਆਲ ਦੀ 25 ਮਾਰਚ 1914 ਦੀ ਗ੍ਰਿਫ਼ਤਾਰੀ ਮਗਰੋਂ ਭਾਈ ਸੰਤੋਖ ਸਿੰਘ ਗ਼ਦਰ ਪਾਰਟੀ ਦੇ ਸੈਕਟਰੀ ਚੁਣੇ ਗਏ। ਬਾਬਾ ਸੋਹਣ ਸਿੰਘ ਭਕਨਾ ਭਾਈ ਸੰਤੋਖ ਸਿੰਘ ਦੀ ਦਿਮਾਗੀ ਸ਼ਕਤੀ ਅਤੇ ਭਾਵਨਾਵਾਂ ਦੀ ਦਿਲੋਂ ਕਦਰ ਕਰਦੇ ਸਨ। ਉਨ੍ਹਾਂ ਅਨੁਸਾਰ ਸੰਤੋਖ ਸਿੰਘ ਹੈਡਕੁਆਰਟਰ ਵਿੱਚ ਇੱਕ ਮਹਾਨ ਆਰਗੇਨਾਈਜ਼ਰ ਸੀ ਤੇ ਉਸ ਦੀ ਇਮਾਨਦਾਰੀ ਤੇ ਨੇਕ-ਨੀਤੀ ਨੇ ਉਸ ਦੇ ਸੰਪਰਕ ਵਿੱਚ ਆਏ ਹਰ ਕਿਸੇ ਵਿਅਕਤੀ ਦਾ ਦਿਲ ਜਿੱਤਿਆ। ਅਸਲ ਵਿੱਚ ਭਾਈ ਸਾਹਿਬ ਗ਼ਦਰ ਪਾਰਟੀ ਦਾ ਹੀਰਾ ਸੀ। ਜਦੋਂ ਉਨ੍ਹਾਂ ਨੂੰ ਸਤੰਬਰ 1919 ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਤਾਂ ਮਗਰੋਂ ਗ਼ਦਰ ਪਾਰਟੀ ਦੀ ਜਥੇਬੰਦੀ ਦੇ ਖਿੰਡੇ-ਪੁੰਡੇ ਤਾਣੇਬਾਣੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਬਾਅਦ ਵਿੱਚ ਭਾਈ ਸਾਹਿਬ ਤੇ ਰਤਨ ਸਿੰਘ ਬੱਗਾ ਨਵੰਬਰ 1922 ਦੇ ਪਹਿਲੇ ਹਫ਼ਤੇ ਮਾਸਕੋ ਪਹੁੰਚਣ ਵਿੱਚ ਸਫ਼ਲ ਹੋ ਗਏ। ਉੱਥੇ ਉਨ੍ਹਾਂ 5 ਨਵੰਬਰ ਤੋਂ 5 ਦਸੰਬਰ ਤੱਕ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿੱਚ ਭਾਗ ਲਿਆ।
20 ਦਸੰਬਰ, 1925 ਦੀ ਕਾਨ੍ਹਪੁਰ ਵਿੱਚ ਕਮਿਊਨਿਸਟ ਕਾਨਫ਼ਰੰਸ ’ਚ ਹਸਰਤ ਮੋਹਾਨੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਸੰਤੋਖ ਸਿੰਘ ਨੇ ਕਿਹਾ, ‘ਕੁੱਝ ਲੋਕ ਕਮਿਊਨਸਟ ਦੇ ਨਾਂ ਤੋਂ ਡਰਦੇ ਤੇ ਅੰਗ੍ਰੇਜ਼ੀ ਸਰਕਾਰ ਦੀਆਂ ਤੋਹਮਤਾਂ, ਕਿ ਕਮਿਊਨਿਸਟ ਖ਼ੂਨ ਖਰਾਬੇ ’ਚ ਯਕੀਨ ਰੱਖਦੇ ਹਨ, ਦੇ ਅਸਰ ਹੇਠ ਹਨ ਪਰ ਸੱਚਾਈ ਇਹ ਹੈ ਕਿ ਕਮਿਊਨਿਜ਼ਮ ਉਤਪਾਦਨ ਦੇ ਸਾਧਨਾਂ ਦੇ ਕੌਮੀਕਰਨ ’ਚ ਵਿਸ਼ਵਾਸ ਰੱਖਦਾ ਹੈ। ਇਹ ਖ਼ੂਨ ਖਰਾਬੇ ’ਚ ਯਕੀਨ ਨਹੀਂ ਰੱਖਦਾ। ਸਵਰਾਜ ਜਿੱਤਣ ਲਈ ਕਾਮਿਆਂ ਦੀਆਂ ਜੀਵਨ-ਹਾਲਤਾਂ ਦੀ ਬਿਹਤਰੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।”
ਸੰਨ 1925 ਦੀ ਰਿਹਾਈ ਮਗਰੋਂ ਉਸ ਨੇ ਅੰਮ੍ਰਿਤਸਰ ਵਿੱਚ ਰਿਹਾਇਸ਼ ਰੱਖ ਲਈ। ਭਾਈ ਸੰਤੋਖ ਸਿੰਘ ਨੇ ਭਾਗ ਸਿੰਘ ਕੈਨੇਡੀਅਨ ਅਤੇ ਕਰਮ ਸਿੰਘ ਚੀਮਾ ਦੀ ਮਦਦ ਨਾਲ ਅੰਮ੍ਰਿਤਸਰ ਤੋਂ 19 ਫਰਵਰੀ, 1926 ਨੂੰ ‘ਕਿਰਤੀ’ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ। ਭਾਈ ਸਾਹਿਬ ਇਸ ਦੇ ਪਹਿਲੇ ਸੰਪਾਦਕ ਬਣੇ। ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਇਹ ਅਮਰੀਕਾ, ਕੈਨੇਡਾ ਨਿਵਾਸੀ ਕਿਰਤੀ ਹਿੰਦੋਸਤਾਨੀਆਂ ਦੇ ਕੌਮੀ ਆਦਰਸ਼ ਨੂੰ ਖਲਕਤ ਦੇ ਸਾਹਮਣੇ ਲਿਆਵੇਗਾ। ਗ਼ਦਰੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਕੌਣ ਪਾ ਸਕੇ, ਇਸ ਦਾ ਉਪਰਾਲਾ ‘ਕਿਰਤੀ’ ਕਰੇਗਾ। ਕਿਰਤੀ ਦੀ ਪਹਿਲੀ ਵਰ੍ਹੇਗੰਡ ’ਤੇ ‘ਕਿਰਤੀ’ ਵਿੱਚ ਸੰਤੋਖ ਸਿੰਘ ਨੇ ਮਹਾਤਮਾ ਗਾਂਧੀ ਦੀ ਨੀਤੀ ਦੀ ਆਲੋਚਨਾ ਕਰਦਿਆਂ ਲੰਮਾ ਲੇਖ ਲਿਖਿਆ ਤੇ ਆਪਣਾ ਰਾਜਨੀਤਕ ਉਦੇਸ਼ ਜ਼ਾਹਿਰ ਕੀਤਾ।
ਭਾਈ ਸੰਤੋਖ ਸਿੰਘ ਨੇ ਲਿਖਣ ਅਤੇ ਅਧਿਐਨ ਵਿੱਚ ਬੜੀ ਮਿਹਨਤ ਕੀਤੀ। ਉਨ੍ਹਾਂ ਦੇ ਵਿਚਾਰਾਂ ਬਾਰੇ ਸੰਬੰਧੀ ਇਹ ਦੱਸਣਾ ਜ਼ਰੂਰੀ ਹੈ ਕਿ  ਉਹ ਸੋਸ਼ਲਿਜ਼ਮ ਵਿਚਾਰਾਂ ਦੇ ਧਾਰਨੀ ਹੋਣ ਦੇ ਨਾਲ-ਨਾਲ ਧਰਮ ਵਿੱਚ ਵੀ ਪੂਰਾ ਵਿਸ਼ਵਾਸ ਰੱਖਦੇ ਸਨ। ਕੋਈ ਵੀ ਕੰਮ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਲਏ ਬਿਨ੍ਹਾਂ ਨਹੀਂ ਸਨ ਕਰਦੇ। ਇੱਥੋਂ ਤੱਕ ਕਿ ਕਿਰਤੀ ਪਰਚੇ ਨੂੰ ਜਾਰੀ ਕਰਨ ਲੱਗਿਆਂ ਵੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਲਿਆ ਸੀ ਜੋ ਪਰਚੇ ਦੇ ਪਹਿਲੇ ਅੰਕ ਵਿੱਚ ਦਰਜ ਕੀਤਾ ਗਿਆ ਸੀ। (ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ, ਪੰਨੇ, 70-71)।
ਸਰਦਾਰ ਹਰਬੰਸ ਸਿੰਘ (ਚਾਚਾ ਭਾਈ ਸੰਤੋਖ ਸਿੰਘ) ਦੇ ਅਨੁਸਾਰ, ਭਾਈ ਸਾਹਿਬ ਬਹੁਤ ਮਿਲਣਸਾਰ ਇਨਸਾਨ ਸਨ। ਉਹ ਜਾਤ-ਪਾਤ ਦੀ ਬੁਰਾਈ ਤੋਂ ਕੋਹਾਂ ਦੂਰ ਸਨ। ਭਾਈ ਸਾਹਿਬ ਨਾਲ ਪੁਲੀਸ ਹਿਰਾਸਤ ਅਤੇ ਜੇਲ੍ਹ ਅੰਦਰ ਅਣ-ਮਨੁੱਖੀ ਵਿਵਹਾਰ ਕੀਤਾ ਗਿਆ। ਬੇਸ਼ੱਕ ਤਪਦਿਕ ਦੀ ਬਿਮਾਰੀ ਕਰਾਨ ਉਨ੍ਹਾਂ ਦੀ ਸਿਹਤ ਵਿਗੜ ਚੁੱਕੀ ਸੀ। ਫਿਰ ਵੀ ਭਾਈ ਸਾਹਿਬ ਨੇ ਪਾਰਟੀ ਫ਼ੰਡਾਂ ਦੀ ਵਰਤੋਂ ਆਪਣੀ ਸਿਹਤ ਲਈ ਨਹੀਂ ਵਰਤੀ। ਉਨ੍ਹਾਂ ਦੀ ਇਮਾਨਦਾਰੀ ਬਾਰੇ ਮਾਸਟਰ ਤਾਰਾ ਸਿੰਘ ਨੇ ਲਿਖਿਆ ਹੈ ਕਿ ਭਾਈ ਸੰਤੋਖ ਸਿੰਘ ਜੀ ਕਿਹਾ ਕਰਦੇ ਸਨ ਕਿ ਇਹ ਤਾਂ ਕੌਮ ਦਾ ਧੰਨ ਹੈ। ਇਸ ਲਈ ਇੱਕ-ਇੱਕ ਪੈਸਾ ਬਚਾ ਕੇ ਰੱਖਣਾ ਚਾਹੀਦਾ ਹੈ।
ਅੰਤ ਵਿੱਚ ਉਹੀ ਹੋਇਆ ਜਿਸ ਦੀ ਉਮੀਦ ਸੀ। ਉਨ੍ਹਾਂ ਨੂੰ ਇੱਕ ਕੋਠੜੀ ਵਿੱਚੋਂ ਚੁੱਕ ਕੇ ਅੰਮ੍ਰਿਤਸਰ ਤੋਂ ਬਾਹਰ ਸਿੱਖ ਮਿਸ਼ਨਰੀ ਕਾਲਜ ’ਚ ਲਿਆਂਦਾ ਗਿਆ। ਉਹ ਮਜ਼ਦੂਰ ਤੇ ਕਿਸਾਨ ਸ਼੍ਰੇਣੀ ਨੂੰ ਸਾਮਰਾਜਵਾਦ ਤੋਂ ਬਚਾਉਣ ਲਈ ਭਾਰਤੀ ਸੁੰਤਤਰਤਾ ਤੇ ਪਰੌਲਤਾਰੀ ਜ਼ਮਹੂਰੀਅਤ ਦੇ ਉਦੇਸ਼ ਵਾਸਤੇ ਸਾਰੀ ਉਮਰ ਜੂਝਦੇ ਹੋਏ 19 ਮਈ, 1927 ਨੂੰ 33 ਵਰ੍ਹੇ ਦੀ ਨੌਜਵਾਨ ਉਮਰ ’ਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
    ਸੰਪਰਕ: 94633-64992


Comments Off on ਕਿਰਤੀ ਲਹਿਰ ਦੇ ਮੋਢੀ ਭਾਈ ਸੰਤੋਖ ਸਿੰਘ ਧਰਦਿਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.