ਫਰਜ਼ੀ ਬੀਮਾ ਪਾਲਿਸੀ ਦੇ ਨਾਮ ’ਤੇ 49 ਲੱਖ ਠੱਗੇ, ਤਿੰਨ ਕਾਬੂ !    ਛੋਟਾ ਰਾਜਨ ਤੇ ਪੰਜ ਹੋਰਾਂ ਨੂੰ ਅੱਠ-ਅੱਠ ਸਾਲ ਸਜ਼ਾ !    ਏਟੀਪੀ ਮੁੱਖ ਡਰਾਅ ਦਾ ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਲੀ ਡੱਕ !    ਵਿਲੀਅਮਸਨ ਤੇ ਧਨੰਜਯ ਦੇ ਗੇਂਦਬਾਜ਼ੀ ਐਕਸ਼ਨ ਖ਼ਿਲਾਫ਼ ਸ਼ਿਕਾਇਤ !    ਨੀਲ ਬਸਤ੍ਰ ਲੇ ਕਪੜੇ ਪਹਿਰੇ !    ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ !    ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦਾ ਦੇਹਾਂਤ !    ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ !    ਵਿੱਤ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ !    ਤਿੰਨ ਕਸ਼ਮੀਰੀ ਹਿਰਾਸਤ ’ਚ ਲਏ !    

ਪੰਜਾਬ ਬੋਰਡ ਨੇ ਬਾਰ੍ਹਵੀਂ ਦਾ ‘ਭੰਬਲਭੂਸੇ’ ਵਾਲਾ ਨਤੀਜਾ ਕੀਤਾ ਜਾਰੀ

Posted On April - 23 - 2018

page1 copyਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਅਪਰੈਲ 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਜਲਦਬਾਜ਼ੀ ਵਿੱਚ ਐਲਾਨੇ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਨੂੰ ਲੈ ਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਬੋਰਡ ਨੇ ਅੱਗਾ ਦੌੜ ਤੇ ਪਿੱਛਾ ਚੌੜ ਦੀ ਨੀਤੀ ਦੇ ਚੱਲਦਿਆਂ ਦੇਸ਼ ਦੇ ਹੋਰਨਾਂ ਬੋਰਡਾਂ ਨਾਲੋਂ ਪਹਿਲਾਂ ਨਤੀਜਾ ਘੋਸ਼ਿਤ ਕਰਨ ਦੀ ਦੌੜ ਵਿੱਚ ਵੋਕੇਸ਼ਨਲ ਗਰੁੱਪ ਦੇ 14,314 ਵਿਦਿਆਰਥੀਆਂ ਅਤੇ 3852 ਵਿਦਿਆਰਥੀਆਂ ਦੀ ਨਵੇਂ ਸਿਰਿਓਂ ਲਈਆਂ ਪ੍ਰੀਖਿਆਵਾਂ ਦੇ ਨਤੀਜੇ ਰੋਕ ਕੇ ਸੋਮਵਾਰ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ। ਇਹ ਨਤੀਜਾ ਅਚਾਨਕ ਹੀ ਇਕ ਘੰਟਾ ਪਹਿਲਾਂ ਸੁਨੇਹੇ ਲਗਾ ਕੇ ਸਕੂਲ ਬੋਰਡ ਦੇ ਮੁਖੀ ਮਨੋਹਰ ਕਾਂਤ ਕਲੋਹੀਆ ਵੱਲੋਂ  ਜਾਰੀ ਕੀਤਾ ਗਿਆ। ਇਸ ਸਬੰਧੀ ਬੋਰਡ ਨੇ ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਹੈ। ਜਦੋਂ ਮੈਰਿਟ ਸੂਚੀ ਬਾਰੇ ਮੀਡੀਆ ਨੇ ਸਵਾਲ ਕੀਤਾ ਤਾਂ ਚੇਅਰਮੈਨ ਦਾ ਕਹਿਣਾ ਸੀ ਕਿ ਮੈਰਿਟ ਸੂਚੀ ਸਾਰੇ ਵਿਦਿਆਰਥੀਆਂ ਦੀ ਇਕੱਠੀ 15 ਮਈ ਤੱਕ ਜਾਰੀ ਕੀਤੀ ਜਾਵੇਗੀ। ਇਸ ਤਰ੍ਹਾਂ ਬੋਰਡ ਦੇ ਨਤੀਜੇ ’ਤੇ ਪ੍ਰਸ਼ਨ-ਚਿੰਨ੍ਹ ਲੱਗਣਾ ਸੁਭਾਵਿਕ ਹੈ। ਬੋਰਡ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਿਨਾਂ ਮੈਰਿਟ ਸੂਚੀ ਤੋਂ ਵਿਦਿਆਰਥੀਆਂ ਨੂੰ ਪੁਜ਼ੀਸ਼ਨਾਂ ਦੇ ਦਿੱਤੀਆਂ ਗਈਆਂ ਹੋਣ। ਬੋਰਡ ਨੇ ਅਕਾਦਮਿਕ ਅਤੇ ਖੇਡ ਕੋਟੇ ਦੀਆਂ ਦੋ ਵੱਖ-ਵੱਖ ਸੂਚੀਆਂ ਜਾਰੀ ਕਰਕੇ 6 ਵਿਦਿਆਰਥੀਆਂ ਨੂੰ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਪ੍ਰਦਾਨ ਕੀਤੀਆਂ ਹਨ।
ਬਾਰ੍ਹਵੀਂ ਸ਼ੇ੍ਣੀ ਅਕਾਦਮਿਕ ਕੈਟਾਗਰੀ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਪੂਜਾ ਜੋਸ਼ੀ ਨੇ 450 ਅੰਕਾਂ ’ਚੋਂ 441 ਅੰਕ (98 ਫੀਸਦੀ) ਹਾਸਲ ਕਰਕੇ ਪੰਜਾਬ ਰਾਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸਕੂਲ ਦੇ ਵਿਵੇਕ ਰਾਜਪੂਤ ਨੇ 439 ਅੰਕ (97.55 ਫੀਸਦੀ) ਹਾਸਲ ਕਰਕੇ ਦੂਜਾ ਸਥਾਨ, ਦਸਮੇਸ਼ ਪਬਲਿਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ (ਸ੍ਰੀ ਮੁਕਤਸਰ ਸਾਹਿਬ) ਦੀ ਜਸਨੂਰ ਕੌਰ ਨੇ 438 (97.33 ਫੀਸਦੀ) ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।  ਇਸੇ ਤਰ੍ਹਾਂ ਖੇਡ ਕੋਟੇ ’ਚੋਂ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਐਚਐਮ 150, ਜਮਾਲਪੁਰ ਕਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਪ੍ਰਾਚੀ ਗੌੜ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਇਸੇ ਸਕੂਲ ਦੀ ਪੁਸ਼ਪਿੰਦਰ ਕੌਰ ਵੱਲੋਂ ਵੀ 100 ਫੀਸਦੀ ਅੰਕ ਲੈ ਕੇ ਦੂਜਾ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੇ ਮਨਦੀਪ ਕੌਰ ਨੇ 448 ਅੰਕ (99.56 ਫੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।   ਸ੍ਰੀ ਕਲੋਹੀਆ ਨੇ ਦੱਸਿਆ ਕਿ ਇਸ ਵਰ੍ਹੇ ਬਾਰ੍ਹਵੀਂ ਦੀ ਪ੍ਰੀਖਿਆ 3,00,417 ਵਿਦਿਆਰਥੀਆਂ ਨੇ ਦਿੱਤੀ ਜਿਨ੍ਹਾਂ ’ਚੋਂ 1,98,199 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਰੈਗੂਲਰ ਸਕੂਲ ਦੇ ਕੁੱਲ 2,74, 532 ਵਿਦਿਆਰਥੀਆਂ ’ਚੋਂ 1,87,828 ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.42 ਫੀਸਦੀ ਬਣਦੀ ਹੈ। ਓਪਨ ਸਕੂਲ ਦੇ 25,885 ਵਿਦਿਆਰਥੀਆਂ ’ਚੋਂ 10, 371 ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 40.07 ਫੀਸਦੀ ਬਣਦੀ ਹੈ। ਉਂਜ ਕੁੱਲ ਪਾਸ ਪ੍ਰੀਤਸ਼ਤਤਾ 65.97 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁੜ ਮੁਲਾਂਕਣ/ਰੀ-ਚੈਕਿੰਗ ਅਤੇ ਕੰਪਾਰਟਮੈਂਟ ਦੇ ਵਿਦਿਆਰਥੀਆਂ ਲਈ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਲਈ ਸਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਵਿੱਚ 1,22,784 ਰੈਗੂਲਰ ਕੁੜੀਆਂ ਨੇ ਹਿੱਸਾ ਲਿਆ ਜਿਨ੍ਹਾਂ ’ਚੋਂ 96076 ਕੁੜੀਆਂ ਪਾਸ ਹੋਈਆਂ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 78.25 ਫੀਸਦੀ ਹੈ। ਜਦੋਂਕਿ 1,51,748 ਮੁੰਡਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ’ਚੋਂ 91,752 ਮੁੰਡੇ ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 60.46 ਫੀਸਦੀ ਹੈ। ਸ਼ਹਿਰੀ ਖੇਤਰ ਦੇ 1,21,751 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਇਨ੍ਹਾਂ ’ਚੋਂ 88,111 ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 72.37 ਫੀਸਦੀ ਹੈ। ਪੇਂਡੂ ਖੇਤਰਾਂ ਦੇ 1,52,781 ’ਚੋਂ 99,717 ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.27 ਫੀਸਦੀ ਬਣਦੀ ਹੈ। ਇਸ ਪ੍ਰੀਖਿਆ ਵਿੱਚ ਮੈਰੀਟੋਰੀਅਸ ਸਕੂਲਾਂ ਦੇ 3151 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ  3031 ਵਿਦਿਆਰਥੀ ਪਾਸ ਹੋਏ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਤ ਗੋਇਲ, ਸਕੱਤਰ ਹਰਗੁਣਜੀਤ ਕੌਰ ਅਤੇ ਡਾਇਰੈਕਟਰ (ਕੰਪਿਊਟਰ) ਨਵਨੀਤ ਕੌਰ ਅਤੇ ਕੰਟਰੋਲਰ (ਪ੍ਰੀਖਿਆਵਾਂ) ਸ੍ਰੀਮਤੀ ਕਰਨ ਜਗਦੀਸ਼ ਕੌਰ, ਮੀਡੀਆ ਤਾਲਮੇਲ ਅਫ਼ਸਰ ਕੋਮਲ ਸਿੰਘ ਵੀ ਹਾਜ਼ਰ ਸਨ।


Comments Off on ਪੰਜਾਬ ਬੋਰਡ ਨੇ ਬਾਰ੍ਹਵੀਂ ਦਾ ‘ਭੰਬਲਭੂਸੇ’ ਵਾਲਾ ਨਤੀਜਾ ਕੀਤਾ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.