ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਬਹੁਤਾ ਬੈਠੇ ਰਹਿਣਾ ਸਿਹਤ ਲਈ ਠੀਕ ਨਹੀਂ

Posted On September - 21 - 2017

ਡਾ. ਹਰਸ਼ਿੰਦਰ ਕੌਰ ਐਮ.ਡੀ.

12109cd _sittingਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਪਰ, ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।ਅੱਜਕੱਲ੍ਹ ਜ਼ਿੰਦਗੀ ਦੇ ਰੁਝੇਵੇਂ ਇੰਨੇ ਵਧ ਗਏ ਹਨ ਕਿ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਬੱਚਿਆਂ ਤੇ ਵੱਡਿਆਂ ਲਈ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਕਿਵੇਂ ਸਿਰਫ਼ ਜ਼ਿਆਦਾ ਬੈਠਣ ਕਰਕੇ ਛੇਤੀ ਮੌਤ ਵੱਲ ਵਧਦੇ ਜਾ ਰਹੇ ਹਨ। ਖੋਜਾਂ ਅਨੁਸਾਰ ਸ਼ੱਕਰ ਰੋਗ ਟਾਈਪ-2, ਮੋਟਾਪਾ, ਕੈਂਸਰ ਤੇ ਹਾਰਟ ਅਟੈਕ ਦਾ ਖ਼ਤਰਾ ਬੈਠ ਕੇ ਕੰਮ ਕਰਨ ਵਾਲਿਆਂ ਵਿੱਚ ਕਈ ਗੁਣਾਂ ਵੱਧ ਚੁੱਕਿਆ ਹੈ। ਜ਼ਿਆਦਾ ਬੈਠਣ ਨਾਲ ਸਰੀਰ ਦਾ ਕੰਮਕਾਰ ਹੌਲੀ ਹੋ ਜਾਂਦਾ ਹੈ। ਹਾਜ਼ਮਾ ਕਮਜ਼ੋਰ ਹੋ ਜਾਂਦਾ ਹੈ। ਲਹੂ ਵਿਚਲੀ ਸ਼ੱਕਰ ਦੀ ਮਾਤਰਾ ਲੰਮੇ ਸਮੇਂ ਤੱਕ ਵਧੀ ਰਹਿੰਦੀ ਹੈ। ਬਲੱਡ ਪ੍ਰੈੱਸ਼ਰ ਵਧਣ ਲੱਗ ਪੈਂਦਾ ਹੈ। ਸਰੀਰ ਅੰਦਰਲਾ ਥਿੰਦਾ ਖੁਰਦਾ ਨਹੀਂ।
ਇੰਗਲੈਂਡ ਵਿੱਚ ਹੋਈ ਖੋਜ ਅਨੁਸਾਰ 80 ਫੀਸਦੀ ਬਾਲਗ ਰੋਜ਼ ਸੱਤ ਘੰਟਿਆਂ ਤੋਂ ਵੱਧ ਬੈਠ ਕੇ ਕੰਮ ਕਰ ਰਹੇ ਹਨ। ਇਸ ਵਿਚ ਦਫ਼ਤਰੀ ਕੰਮਕਾਜ, ਕਾਲਜ ਦੀ ਪੜ੍ਹਾਈ ਤੇ ਟਿਊਸ਼ਨ, ਟੀ.ਵੀ., ਕੰਪਿਊਟਰ, ਆਦਿ ਸਭ ਸ਼ਾਮਲ ਹਨ। ਬੱਸਾਂ, ਕਾਰਾਂ ਤੇ ਟੈਕਸੀਆਂ ਵਿੱਚ ਬਹਿ ਕੇ ਕੀਤਾ ਸਫ਼ਰ ਵੀ ਸ਼ਾਮਲ ਹੈ। ਸੌਣਾ ਇਸ ਸਮੇਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਪ੍ਰੋ. ਸਟੂਆਰਟ ਨੇ ਅਨੇਕ ਖੋਜਾਂ ਬਾਅਦ ਇਹ ਤੱਤ ਕੱਢਿਆ ਹੈ ਕਿ ਹਰ ਅੱਧੇ ਘੰਟੇ ਬੈਠਣ ਬਾਅਦ ਇਕ ਜਾਂ ਦੋ ਮਿੰਟ ਤੁਰਨਾ ਜ਼ਰੂਰੀ ਹੈ। ਇਸੇ ਖੋਜ ਦੇ ਆਧਾਰ ਉੱਤੇ ਅਸਟ੍ਰੇਲੀਆ, ਅਮਰੀਕਾ ਤੇ ਫਿਨਲੈਂਡ ਵਿੱਚ ਬੱਚਿਆਂ ਨੂੰ ਟੀ.ਵੀ. ਜਾਂ ਵੀਡੀਓ ਖੇਡਾਂ ਲਈ ਵੱਧੋ ਵੱਧ ਪੂਰੇ ਦਿਨ ਵਿੱਚ, ਸਮਾਂ ਵੰਡ ਕੇ, ਇਕ ਜਾਂ ਦੋ ਘੰਟੇ ਹੀ ਖੇਡਣ ਲਈ ਕਿਹਾ ਗਿਆ ਹੈ। ਦੂਜੀ ਗ਼ੱਲ ਇਹ ਸਾਹਮਣੇ ਆਈ ਕਿ ਜਿਸ ਕਿੱਤੇ ਵਿੱਚ ਉੱਠਣਾ ਸੰਭਵ ਹੀ ਨਾ ਹੋਵੇ, ਉਸ ਨੂੰ ਰੋਜ਼ ਇਕ ਘੰਟਾ ਤਕੜੀ ਕਸਰਤ ਕਰਨੀ ਪੈਣੀ ਹੈ ਤਾਂ ਜੋ ਬੈਠੇ ਰਹਿਣ ਦੇ ਮਾੜੇ ਅਸਰਾਂ ਤੋਂ ਬਚਿਆ ਜਾ ਸਕੇ।
ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਟੀ.ਵੀ., ਕੰਪਿਊਟਰ ਖੇਡਾਂ ਇਕ ਜਾਂ ਦੋ ਘੰਟੇ ਪ੍ਰਤੀ ਦਿਨ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਵੱਧ ਬੈਠਣ ਵਾਲੇ ਬੱਚਿਆਂ ਵਿਚ ਮੋਟਾਪਾ ਹੋਣ ਲੱਗ ਪੈਂਦਾ ਤੇ ਉਨ੍ਹਾਂ ਦੀ ਸਮਝ ਘੱਟ ਜਾਂਦੀ ਹੈ। ਕੰਮਕਾਜੀ ਮਾਪਿਆਂ ਨੂੰ ਬੱਚਿਆਂ ਨੂੰ ਟੀ.ਵੀ. ਅੱਗੇ ਬਿਠਾ ਕੇ ਆਪਣੇ ਕੰਮ ਨਹੀਂ ਲੱਗੇ ਰਹਿਣਾ ਚਾਹੀਦਾ। ਥੱਲੇ ਰਿੜ੍ਹਨ ਲਈ ਛੱਡਣਾ ਜ਼ਰੂਰੀ ਹੈ। ਤੁਰਦੇ ਹੋਏ ਵੀ ਨਿੱਕੇ ਬੱਚੇ ਨੂੰ ਪਰੈਮ ਵਿੱਚ ਪਾਉਣ ਨਾਲੋਂ ਢਿੱਡ ਜਾਂ ਪਿੱਠ ਉੱਤੇ ਬੰਨ ਕੇ ਲਿਜਾਣਾ ਬਿਹਤਰ ਹੈ।

ਡਾ. ਹਰਸ਼ਿੰਦਰ ਕੌਰ, ਐਮ.ਡੀ.

ਡਾ. ਹਰਸ਼ਿੰਦਰ ਕੌਰ, ਐਮ.ਡੀ.

5 ਤੋਂ 18 ਸਾਲ ਦੇ ਬੱਚਿਆਂ ਨੂੰ ਟੀ.ਵੀ. ਅੱਗੇ ਬੈਠਣਾ ਘਟਾਉਣ ਦੀ ਲੋੜ ਹੈ। ਸੌਣ ਵਾਲੇ ਕਮਰੇ ਵਿੱਚ ਟੀ.ਵੀ. ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ। ਸ਼ਾਮ ਵੇਲੇ ਖੇਡਣਾ ਜਾਂ ਕਸਰਤ ਕਰਨੀ ਜ਼ਰੂਰੀ ਹੈ। ਬਹਾਨੇ ਸਿਰ ਖਾਣੇ ਦੀ ਮੇਜ਼ ਉੱਤੇ ਪਲੇਟਾਂ ਲਾਉਣੀਆਂ, ਪਾਣੀ ਦੇ ਗਿਲਾਸ ਰੱਖਣੇ, ਖਾਣਾ ਪਰੋਸਣਾ ਤੋਂ ਲੈ ਕੇ ਪੌੜੀਆਂ ਚੜ੍ਹ ਕੇ ਉੱਤੋਂ ਸਮਾਨ ਲਿਆਉਣਾ, ਆਦਿ ਜ਼ਰੂਰ ਕਰਵਾਉਣੇ ਚਾਹੀਦੇ ਹਨ। ਖੇਡਾਂ ਵਿੱਚ ਸਮਾਂ ਵਧਾਉਣ ਲਈ ਫੁੱਟਬਾਲ, ਪਤੰਗ, ਸਕੇਟ ਬੋਰਡ, ਆਦਿ ਬੱਚੇ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਹਨ।
ਵੱਡਿਆਂ (19-64 ਸਾਲ ਵਰਗ) ਨੂੰ ਬੱਸ ਜਾਂ ਗੱਡੀ ਵਿਚ ਆਉਂਦੇ ਜਾਂਦੇ ਖੜ੍ਹੇ ਹੋਣਾ ਤੇ ਲੱਤਾਂ ਦੇ ਜੋੜ ਹਿਲਾਉਂਦੇ ਰਹਿਣਾ ਚਾਹੀਦਾ ਹੈ। ਕਲਾਸ ਵੱਲ ਜਾਂ ਦਫ਼ਤਰ ਜਾਂਦਿਆਂ ਲਿਫਟ ਲੈਣ ਦੀ ਥਾਂ ਪੌੜੀਆਂ ਚੜ੍ਹ ਕੇ ਜਾਣਾ ਚਾਹੀਦਾ ਹੈ। ਘਰ ਵਿੱਚ ਕੁਰਸੀ ਜਾਂ ਮੰਜੇ ਉੱਤੇ ਬਹਿ ਕੇ ਪੜ੍ਹਨ ਨਾਲੋਂ ਤੁਰ ਫਿਰ ਕੇ ਪੜ੍ਹ ਲੈਣਾ ਚਾਹੀਦਾ ਹੈ। ਹਰ ਅੱਧੇ ਘੰਟੇ ਬਾਅਦ ਕੁਰਸੀ ਜਾਂ ਸੀਟ ਤੋਂ ਖੜ੍ਹੇ ਹੋ ਕੇ ਇਕ ਛੋਟਾ ਚੱਕਰ ਲਾ ਲੈਣਾ ਚਾਹੀਦਾ ਹੈ, ਭਾਵੇਂ ਪਾਣੀ ਪੀਣ ਜਾਂ ਗੁਸਲਖਾਨੇ ਜਾਣ ਲਈ ਹੀ ਸਹੀ। ਖੜ੍ਹੇ ਹੋ ਕੇ ਤੁਰਦੇ ਫਿਰਦੇ ਮੋਬਾਈਲ ਸੁਣ ਲਵੋ। ਕੰਪਿਊਟਰ ਜਾਂ ਲੈਪਟਾਪ ਉੱਚੀ ਥਾਂ ਉੱਤੇ ਰੱਖ ਕੇ, ਖਲੋ ਕੇ ਕੁੱਝ ਚਿਰ ਕੰਮ ਕਰ ਲਵੋ। ਕੌਫ਼ੀ ਜਾਂ ਚਾਹ ਪੀਣ ਲੱਗਿਆਂ ਖਲੋ ਕੇ ਪੀ ਲਵ। ਇੰਟਰਕੌਮ ਉੱਤੇ ਗ਼ੱਲ ਕਰਨ ਨਾਲੋਂ ਤੁਰ ਕੇ ਗ਼ੱਲ ਕਰ ਲਵੋ। ਰੋਜ਼ਾਨਾ ਸੈਰ, ਬਾਗ਼ਬਾਨੀ, ਦੋਸਤਾਂ ਨਾਲ ਮੇਲ-ਜੋਲ, ਬਜ਼ਾਰੋਂ ਸਬਜ਼ੀ ਲਿਆਉਣਾ, ਵਰਗੇ ਕੰਮ ਤੁਰ ਫਿਰ ਕੇ ਕਰਨ ਨਾਲ ਫ਼ਾਇਦਾ ਹੁੰਦਾ ਹੈ।
ਕਾਫ਼ੀ ਲੋਕ (65 ਤੋਂ 90 ਸਾਲ ਵਰਗ) ਕਰੀਬ 10 ਘੰਟੇ ਬੈਠਣ ਜਾਂ ਲੇਟਣ ਵਿੱਚ ਸਮਾਂ ਬਤੀਤ ਕਰਨ ਲੱਗ ਪੈਂਦੇ ਹਨ। ਪਹਿਲਾਂ ਹੀ ਬੁਢੇਪਾ ਜੱਫਾ ਪਾ ਕੇ ਬੈਠਾ ਹੁੰਦਾ ਹੈ ਤੇ ਹੁਣ ਹੋਰ ਬਹਿ ਜਾਣ  ਨਾਲ ਦੁਗਣੀ ਤੇਜ਼ੀ ਨਾਲ ਹੱਡੀਆਂ ਖੁਰਨ ਲੱਗ ਪੈਂਦੀਆਂ ਹਨ। ਵੱਖੋ-ਵੱਖ ਅੰਗ ਵੀ ਕੰਮ ਕਾਰ ਘਟਾ ਦਿੰਦੇ ਹਨ ਜਿਸ ਨਾਲ ਸਰੀਰਕ ਕਮਜ਼ੋਰੀ ਤੇਜ਼ੀ ਨਾਲ ਹੋਣ ਲੱਗ ਪੈਂਦੀ ਹੈ ਜੋ ਉਮਰ ਵੀ ਛੋਟੀ ਕਰ ਦਿੰਦੀ ਹੈ।
ਪ੍ਰੋ. ਬਿਡਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਉਮਰ ਵਿੱਚ ਉੱਕਾ ਹੀ ਬੈਠਣਾ ਨਹੀਂ ਚਾਹੀਦਾ। ਪੈਰਾਂ ਭਾਰ ਖੜ੍ਹੇ ਹੋਣਾ ਤੇ ਤੁਰਨਾ ਇਸ ਉਮਰ ਵਿੱਚ ਸਭ ਤੋਂ ਵਧ ਲੋੜੀਂਦਾ ਹੈ। ਇਸ ਉਮਰ ਵਿਚ ਹਾਣੀਆਂ ਨੂੰ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਖੜ੍ਹੇ ਹੋ ਕੇ ਟੀ.ਵੀ. ਵੇਖਣਾ ਜਾਂ ਕਮਰੇ ਅੰਦਰ ਹੀ ਤੁਰ ਕੇ ਅਲਮਾਰੀ ਵਿੱਚੋਂ ਚੀਜ਼ਾਂ ਕੱਢਣੀਆਂ ਤੇ ਫੇਰ ਵਾਪਸ ਰੱਖਣੀਆਂ ਵੀ ਚੰਗੀ ਕਸਰਤ ਹੈ। ਟੀ.ਵੀ. ਵਿੱਚ ਫ਼ਿਲਮ ਵੇਖਦੇ ਹੋਏ ਇਸ਼ਤਿਹਾਰ ਮੌਕੇ ਉੱਠ ਕੇ ਕਮਰੇ ਵਿੱਚੋਂ ਬਾਹਰ ਜਾ ਆਉਣਾ ਚਾਹੀਦਾ ਹੈ। ਫ਼ੋਨ ਸਿਰਫ਼ ਤੁਰ ਫਿਰ ਕੇ ਹੀ ਸੁਣਨਾ ਚਾਹੀਦਾ ਹੈ। ਪੌੜੀਆਂ ਦਿਨ ਵਿਚ ਦੋ ਵਾਰ ਜ਼ਰੂਰ ਚੜ੍ਹਨੀਆਂ ਚਾਹੀਦੀਆਂ ਹਨ। ਸਵੇਰੇ ਤੇ ਸ਼ਾਮ ਦੀ ਸੈਰ ਜ਼ਰੂਰੀ ਹੈ ਹਲਕਾ ਨੱਚਣਾ ਜਾਂ ਪੋਤਰਿਆਂ ਦੋਹਤਰਿਆਂ ਨਾਲ ਬੌਲ ਖੇਡਣਾ ਜ਼ਰੂਰੀ ਹੈ। ਬਾਹਰੋਂ ਸਬਜ਼ੀ ਜਾਂ ਫਲ ਲਿਆਉਣ ਦਾ ਕੰਮ ਜ਼ਿੰਮੇ ਲੈ ਲੈਣਾ ਚਾਹੀਦਾ ਹੈ। ਪੋਤਰਿਆਂ ਦੋਹਤਰਿਆਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਚੁੱਕ ਲੈਣੀ ਚਾਹੀਦੀ ਹੈ। ਇਨ੍ਹਾਂ ਸਾਰੇ ਕੰਮਾਂ ਨਾਲ ਹੱਡੀਆਂ ਤੇ ਪੱਠਿਆਂ ਦੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਤੇ ਸਾਰੇ ਅੰਗਾਂ ਦੇ ਕੰਮ ਕਾਰ ਵਿਚ ਵੀ ਚੁਸਤੀ ਆ ਜਾਂਦੀ ਹੈ।
ਬੈਠੇ ਰਹਿਣ ਨਾਲ ਘੇਰਦੀਆਂ ਬੀਮਾਰੀਆਂ ਹਨ ਜਿਵੇਂ ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ, ਕਬਜ਼ ਹੋਣ ਲੱਗ ਪੈਣੀ, ਯਾਦਾਸ਼ਤ ਘਟਣੀ, ਇਕੱਲਾਪਣ ਮਹਿਸੂਸ ਹੋਣਾ, ਢਿੱਡ ਦਾ ਵਧਣਾ, ਸਰੀਰ ਵਿੱਚ ਪੀੜਾਂ ਹੁੰਦੀਆਂ ਰਹਿਣੀਆਂ, ਸਿਰ ਪੀੜ ਹੁੰਦੀ ਰਹਿਣੀ, ਮਾੜੇ ਖ਼ਿਆਲਾਂ ਨਾਲ ਦਿਮਾਗ਼ ਦਾ ਜਕੜਿਆ ਜਾਣਾ, ਮੌਤ ਬਾਰੇ ਸੋਚਣ ਲੱਗ ਪੈਣਾ, ਹਾਰਟ ਅਟੈਕ ਨਾਲ ਛੇਤੀ ਮੌਤ ਹੋ ਜਾਣੀ। ਇਹ ਤੱਥ ਢਾਈ ਲੱਖ ਅਸਟ੍ਰੇਲੀਅਨ ਲੋਕਾਂ ਦਾ ਮੈਡੀਕਲ ਰਿਕਾਰਡ ਜਾਂਚ ਕੇ ਸਾਬਤ ਹੋਇਆ ਹੈ। ਦਿਲ ਦੇ ਰੋਗ, ਸ਼ੱਕਰ ਰੋਗ, ਲਹੂ ਵਿੱਚੋਂ ਵਾਧੂ ਥਿੰਦੇ ਦਾ ਛੇਤੀ ਸਾਫ਼ ਨਾ ਹੋਣਾ, ਇਨਸੂਲਿਨ ਦਾ ਅਸਰ ਘਟਣਾ, ਮੋਢਿਆਂ ਦਾ ਅਗਾਂਹ ਨੂੰ ਝੁਕਣਾ, ਰੀੜ੍ਹ ਦੀ ਹੱਡੀ ਦਾ ਹੇਠਲਾ ਕੁਦਰਤੀ ਘੁਮਾਓ ਦਾ ਸਿੱਧਾ ਹੋ ਜਾਣਾ ਤੇ ਪੀੜ੍ਹ ਕਰਨ ਲੱਗ ਪੈਣਾ, ਮਨੋਰੋਗੀ ਬਣ ਜਾਣਾ, ਵਿਟਾਮਿਨ ਡੀ ਦੀ ਘਾਟ ਹੋਣ ਨਾਲ ਨਕਾਰਾਤਮਕ ਸੋਚ ਬਣ ਜਾਣ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਓਸਟੀਓਆਰਥਰਾਈਟਿਸ ਵਿੱਚ ਵਾਧਾ, ਰਿਊਮੈਟਾਇਡ ਆਰਥਰਾਈਟਿਸ ਵਿੱਚ ਵਾਧਾ, ਅੱਡੀਆਂ ਵਿਚ ਪੀੜ ਹੋਣ ਲੱਗ ਪੈਣੀ, ਦਿਲ ਦੇ ਰੋਗ 64 ਫੀਸਦੀ ਵੱਧ ਗਏ, 6.9 ਫੀਸਦੀ ਮੌਤਾਂ ਸਿਰਫ਼ ਬੈਠੇ ਰਹਿਣ ਨਾਲ ਹੋ ਰਹੀਆਂ ਹਨ, ਕੋਲੈਸਟਰੋਲ ਵਿਚ ਤਿੰਨ ਗੁਣਾ ਵਾਧਾ, ਐਨਜਾਈਨਾ ਵਿਚ 125 ਫੀਸਦੀ ਵਾਧਾ, ਪੈਰਾਂ ਉੱਤੇ ਸੋਜਾ ਆਉਣਾ, ਸਿਰਫ਼ ਇਕ ਸਾਲ ਦੇ ਅੰਦਰ, ਵਾਧੂ ਬੈਠੇ ਰਹਿਣ ਨਾਲ ਸਰੀਰ ਅੰਦਰ ਟਰਾਈਗਲਿਸਰਾਈਡ ਵਧਣ ਲੱਗ ਪੈਂਦੇ ਹਨ।
ਚੰਗਾ ਕੋਲੈਸਟਰੋਲ ਸਿਰਫ਼ ਦੋ ਘੰਟੇ ਲਗਾਤਾਰ ਬੈਠਣ ਨਾਲ ਹੀ 20 ਫੀਸਦੀ ਘੱਟ ਜਾਂਦਾ ਹੈ। ਸਿਰਫ਼ ਇਕ ਦਿਨ ਲੋੜੋਂ ਵੱਧ ਬੈਠੇ ਰਹਿਣ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਘਟਿਆ ਵੇਖਿਆ ਗਿਆ ਹੈ। 9 ਘੰਟੇ ਰੋਜ਼ ਲਗਾਤਾਰ ਬੈਠੇ ਰਹਿਣ ਬਾਅਦ ਇਕ ਘੰਟਾ ਰੋਜ਼ ਦੀ ਕਸਰਤ ਵੀ ਸਾਰੇ ਮਾੜੇ ਅਸਰ ਵਾਪਸ ਨਹੀਂ ਕਰ ਸਕਦੀ। ਇਸੇ ਲਈ ਹਿਲਜੁਲ ਕਰਦੇ ਰਹਿਣ ਦੀ ਲੋੜ ਹੈ। ਤਿੰਨ ਘੰਟੇ ਲਗਾਤਾਰ ਬੈਠੇ ਰਹਿਣ ਬਾਅਦ ਦਿਮਾਗ਼ ਦਾ ਕੰਮ ਕਾਰ ਹੌਲੀ ਹੋਣ ਲੱਗ ਪੈਂਦਾ ਹੈ ਤੇ ਉਹ ਘੱਟ ਆਕਸੀਜਨ ਲੈਣ ਲੱਗ ਪੈਂਦਾ ਹੈ। ਹਰ ਹਫ਼ਤੇ 23 ਘੰਟੇ ਬੈਠੇ ਰਹਿਣ    ਵਾਲੇ 88 ਫੀਸਦੀ ਲੋਕਾਂ ਨੂੰ ਦਿਲ ਦੇ ਰੋਗ ਹੋ ਚੁੱਕੇ ਹਨ।ਕੀ ਇਹ ਸਭ ਜਾਣ ਲੈਣ ਬਾਅਦ ਹੁਣ ਖਲੋ ਕੇ ਕੰਮ ਕਰਨ ਦੀ ਆਦਤ ਨਹੀਂ ਪਾ ਲੈਣੀ ਚਾਹੀਦੀ? ਜੇ ਉਮਰ ਲੰਮੀ ਕਰਨੀ ਤੇ ਢੇਰ ਬੀਮਾਰੀਆਂ ਤੋਂ ਬਚਣਾ ਹੈ ਤਾਂ ਬੈਠਣਾ ਹਰ ਹਾਲ ਵਿੱਚ ਘਟਾਉਣਾ ਪੈਣਾ ਹੈ!

ਸੰਪਰਕ: 0175- 2216783


Comments Off on ਬਹੁਤਾ ਬੈਠੇ ਰਹਿਣਾ ਸਿਹਤ ਲਈ ਠੀਕ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.