ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਸਾਰ ਵਿੱਚ ਅਸੀਂ ਕਿਉਂ ਹਾਂ?

Posted On June - 17 - 2017

Earth1ਅਸੀਂ ਕਿੱਥੋਂ ਆਏ ਹਾਂ ਅਤੇ ਕਿਧਰ ਜਾ ਰਹੇ ਹਾਂ? ਅਜਿਹਾ ਕੁਝ ਜਾਨਣ ਦਾ ਜੇਕਰ ਮਹੱਤਵ ਹੈ, ਤਦ ਵਿਗਿਆਨ ਦਾ ਮਹੱਤਵ ਹੈ, ਜੀਵਨ ਦੇ ਹੋਏ ਵਿਕਾਸ ਦਾ ਮਹੱਤਵ ਹੈ ਅਤੇ ਵਿਸ਼ਵ ਪੱਧਰ ’ਤੇ ਵਾਪਰ ਚੁੱਕੀਆਂ ਘਟਨਾਵਾਂ ਦਾ ਵੀ ਮਹੱਤਵ ਹੈ। ਅਸੀਂ ਆਪਣੇ ਮੂਲ ਤੋਂ ਬਹੁਤ ਹੱਦ ਤੱਕ ਅਣਜਾਣ ਹਾਂ। ਕੇਵਲ ਆਪਣੀ ਮਾਨਸਿਕ ਅਵਸਥਾ ਪੱਖੋਂ ਹੀ ਅਸੀਂ ਅਣਜਾਣ ਨਹੀਂ, ਅਸੀਂ ਆਪਣੇ ਸਰੀਰ ਬਾਰੇ ਵੀ ਭਲੀ ਪ੍ਰਕਾਰ ਜਾਣਕਾਰ ਨਹੀਂ ਹਾਂ। ਨੋਬਲ ਪੁਰਸਕ੍ਰਿਤ ਜੀਨ-ਵਿਗਿਆਨੀ, ਕੋਰਨਬਰਗ ਨੇ ਡਾਕਟਰਾਂ ਦੀ ਮਹਿਫਲ ’ਚ ਵਿਚਾਰ ਪ੍ਰਗਟਾਇਆ ਕਿ ਸਾਡੇ ਸਰੀਰ ਅੰਦਰ ਜੋ ਵਾਪਰ ਰਿਹਾ ਹੈ, ਉਸ ਬਾਰੇ ਅਸੀਂ ਇਕ ਪ੍ਰਤੀਸ਼ਤ ਤੋਂ ਵੀ ਘੱਟ ਜਾਣੂ ਹਾਂ। ਇਸ ਮਹਿਫਲ ’ਚ ਹਾਜ਼ਰ ਇਕ ਡਾਕਟਰ ਨੇ ਵੀ ਪ੍ਰਗਟਾਏ ਇਸ ਵਿਚਾਰ ਦਾ ਖੰਡਨ ਨਹੀਂ ਸੀ ਕੀਤਾ।
‘‘ਹਮ ਵਹਾਂ ਹੈਂ, ਜਹਾਂ ਸੇ ਹਮ ਕੋ ਭੀ,
ਕੁਛ ਹਮਾਰੀ ਖ਼ਬਰ ਨਹੀਂ ਆਤੀ।’’
ਤੁਸੀਂ ਤੇ ਮੈਂ ਐਟਮਾਂ (ਪ੍ਰਮਾਣੂ) ਦੇ ਬਣੇ ਹਾਂ, ਉਨ੍ਹਾਂ ਐਟਮਾਂ ਦੇ ਜਿਨ੍ਹਾਂ ਦੇ ਤਾਰੇ, ਸੂਰਜ, ਚੰਦਰਮਾ, ਪ੍ਰਿਥਵੀ ਆਦਿ ਬਣੇ ਹੋਏ ਹਨ ਅਤੇ ਵਿਸ਼ਵ ਅੰਦਰਲੀ ਹਰ ਸ਼ੈਅ ਬਣੀ ਹੋਈ ਹੈ। ਪੌਣ, ਪਾਣੀ, ਪੱਥਰ, ਮਿੱਟੀ ਆਦਿ ਐਟਮਾਂ ਦਾ ਹੀ ਸਮੂਹ ਹਨ। ਇਹੋ ਨਹੀਂ, ਵਿਸ਼ਵ ਦਾ ਸਮੁੱਚਾ ਢਾਂਚਾ ਐਟਮਾਂ ਦੁਆਰਾ ਸਿਰਜਿਆ ਹੋਇਆ ਹੈ। ਐਧਰ-ਓਧਰ ਭਟਕ ਰਹੇ ਖ਼ਰਬਾਂ ਐਟਮ ਵਿਉਂਤਬੱਧ ਹੋ ਕੇ ਸੈੱਲ ਬਣਦੇ ਹਨ ਅਤੇ ਇਹੋ ਸੈੱਲ, ਖ਼ਰਬਾਂ ਦੀ ਗਿਣਤੀ ’ਚ, ਤੁਹਾਡੇ ਅਤੇ ਮੇਰੇ ਸਰੀਰ ’ਚ ਵਿਸ਼ੇਸ਼ ਵਿਉਂਤ ਨਾਲ ਸੰਗਿਠਤ ਹਨ। ਐਟਮਾਂ ਦੀ ਅਜਿਹੀ ਤਰਤੀਬ ਇਕੋ ਵਾਰ ਹੋਂਦ ’ਚ ਆਉਂਦੀ ਹੈ, ਕੇਵਲ ਇਕੋ ਵਾਰ, ਨਾ ਪਹਿਲਾਂ ਅਤੇ ਨਾ ਇਸ ਦੇ ਭੰਗ ਹੋ ਜਾਣ ਉਪਰੰਤ, ਦੁਬਾਰਾ। ਇਸ ਤੋਂ ਸਪੱਸ਼ਟ ਹੈ ਕਿ ਹਰ ਇਕ ਵਿਅਕਤੀ ਆਪਣੇ ਜਿਹਾ ਕੇਵਲ ਆਪ ਹੀ ਹੈ। ਐਟਮਾਂ ਦੀ ਤਰਤੀਬ ਦੇ ਵਿਸਥਾਰ ’ਚ ਹਰ ਕੋਈ ਇਕ ਦੂਜੇ ਤੋਂ ਭਿੰਨ ਹੈ। ਬੁੱਧ, ਗਾਂਧੀ ਚਰਚਿਲ ਜਾਂ ਕੋਈ ਵੀ ਮੁੜਕੇ ਹੋਂਦ ’ਚ ਨਹੀਂ ਆਉਂਦਾ।

ਸੁਰਜੀਤ ਸਿੰਘ ਢਿੱਲੋਂ

ਸੁਰਜੀਤ ਸਿੰਘ ਢਿੱਲੋਂ

ਸਹੀ ਹੈ ਕਿ ਅਸੀਂ ਆਪਣੇ ਅੰਦਰ ਸਮਾਏ ਐਟਮਾਂ ਬਾਰੇ ਕੁਝ ਨਹੀਂ ਜਾਣਦੇ: ਇਹ ਕੀ ਕਰ ਰਹੇ ਹਨ, ਕਿੰਨੇ ਕੁ ਅਣੂਆਂ ’ਚ ਇਹ ਗੁਠਬੰਦ ਤੇ ਕਿਵੇਂ ਕ੍ਰਿਆਸ਼ੀਲ ਹਨ? ਇਹ ਅਸੀਂ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਅਣੂਆਂ ’ਚ ਡੀ ਐਨ ਏ ਹੈ, ਆਰ ਐਨ ਏ ਹੈ, ਅਣਗਿਣਤ ਪ੍ਰਕਾਰ ਦੇ ਐਨਜ਼ਾਈਮ ਹਨ, ਪ੍ਰੋਟੀਨਾਂ ਹਨ, ਤੇਜ਼ਾਬ ਅਤੇ ਸ਼ੱਕਰ-ਮੈਦੇ ਦੇ ਅਣੂ ਹਨ, ਜਿਨ੍ਹਾਂ ਦਾ ਆਪਸ ’ਚ ਲਗਾਤਾਰ ਟਕਰਾਓ ਵੀ ਹੁੰਦਾ ਰਹਿੰਦਾ ਹੈ। ਸੌ ਤੋਂ ਵੀ ਵੱਧ ਵੰਨਗੀ ਦੇ ਐਟਮ ਵਿਸ਼ਵ ਵਿਚ ਹਨ ਅਤੇ ਪ੍ਰਿਥਵੀ ਉਪਰ ਵੀ ਇਨ੍ਹਾਂ ਦੀ ਇੰਨੀ ਹੀ ਵੰਨਗੀ ਹੈ। ਇਨ੍ਹਾਂ ਦੀ ਗਿਣੀ-ਚੁਣੀ ਵੰਨਗੀ ਹੀ ਅਜਿਹੀ ਤਰਤੀਬ ’ਚ ਵਿਉਂਤਬਧ ਹੋ ਸਕੀ ਹੈ, ਜਿਸ ’ਚੋਂ ਜੀਵਨ ਪੁੰਗਰ ਰਿਹਾ ਹੈ, ਪ੍ਰਿਥਵੀ ਉਪਰਲਾ ਸਾਰਾ ਜੀਵਨ। ਮੁੱਖ ਤੌਰ ’ਤੇ ਕਾਰਬਨ, ਹਾਈਡ੍ਰੋਜਨ, ਆਕਸੀਜ਼ਨ ਅਤੇ ਨਾਈਟ੍ਰੋਜਨ ਦੇ ਐਟਮ ਜੀਵਨ ਦਾ ਆਧਾਰ ਹਨ, ਜਿਨ੍ਹਾਂ ’ਚ ਕਿਧਰੇ ਕਿਧਰੇ ਕੈਲਸ਼ੀਅਮ, ਫਾਸਫੋਰਸ ਅਤੇ ਸਲਫਰ (ਗੰਧਕ) ਦੇ ਐਟਮ ਫਿੱਟ ਹਨ। ਇਨ੍ਹਾਂ ’ਚ ਹੋਰ ਵੀ ਵੰਨਗੀ ਦੇ ਐਟਮ ਕਿਧਰੇ ਕਿਧਰੇ ਖਿੰਡੇ-ਪੁੰਡੇ ਹਨ, ਪਰ ਇਨ੍ਹਾਂ ਦੀ ਗਿਣਤੀ ਆਟੇ ’ਚ ਲੂਣ ਨਾਲੋਂ ਵੀ ਅਲਪ ਹੈ। ਜੀਵਨ ਦੇ ਪੁੰਗਰਨ ਨੂੰ ਸੰਭਵ ਬਣਾਉਣ ’ਚ ਕਾਰਬਨ ਐਟਮ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਕਾਰਬਨ ਦੇ ਐਟਮ, ਆਪਸ ’ਚ ਇਕ ਦੂਜੇ ਨਾਲ ਜੁੜ ਕੇ, ਲੰਬੇ ਲੰਬੇ ਅਣੂਆਂ ’ਚ ਵਿਉਂਤਬਧ ਹੋਣ ਯੋਗ ਹਨ, ਜਦਕਿ ਹੋਰ ਐਟਮ ਇਸ ਵਿਸ਼ੇਸ਼ਤਾ ਤੋਂ ਕੋਰੇ ਹਨ। ਇਸੇ ਕਾਰਨ, ਜੀਵਨ ਦਾ ਵਿਖਾਲਾ ਕਰ ਰਹੇ ਅਣੂਆਂ ਦਾ ਗਠਨ ਕਾਰਬਨ ਬਿਨਾਂ ਸੰਭਵ ਨਹੀਂ ਸੀ।
ਕਾਰਬਨ ਦੇ ਐਟਮ ਪਰ ਧੁਰੋਂ ਵਿਸ਼ਵ ਦਾ ਭਾਗ ਨਹੀਂ ਸਨ। ਅੱਜ ਤੋਂ ਲਗਭਗ 13 ਅਰਬ 70 ਕਰੋੜ ਵਰ੍ਹੇ ਪਹਿਲਾਂ ਵਿਸ਼ਵ ਹੋਂਦ ’ਚ ਆਇਆ ਸੀ ਅਤੇ ਇਸ ਦੇ ਹੋਂਦ ’ਚ ਆਉਣ ਸਮੇਂ ਕੇਵਲ ਹਾਈਡ੍ਰੋਜਨ ਦੇ ਐਟਮ ਇਸ ਦੀ ਸੰਪਤੀ ਸਨ, ਇਕੋ-ਇਕ ਪ੍ਰੋਟਾਨ ਦੇ ਬਣੇ ਹਾਈਡ੍ਰੋਜਨ ਐਟਮ। ਹਾਈਡ੍ਰੋਜਨ ਤੋਂ ਅਗਾਂਹ ਹੋਰਨਾਂ ਤੱਤਾਂ ਦੇ ਐਟਮ ਵਾਰੀ ਸਿਰ ਹੋਂਦ ’ਚ ਆਉਂਦੇ ਰਹੇ, ਜਿਨ੍ਹਾਂ ’ਚ ਪ੍ਰੋਟਾਨਾਂ ਦੀ ਗਿਣਤੀ ਅਗਾਂਹ ਤੋਂ ਅਗਾਂਹ ਵਧਦੀ ਰਹੀ ਅਤੇ ਜਿਹੜੇ ਨਵੀਆਂ ਵਿਸ਼ੇਸ਼ਤਾਵਾਂ ਦੇ ਅਧਿਕਾਰੀ ਬਣਦੇ ਰਹੇ। ਕਾਰਬਨ ’ਚ ਛੀ ਪ੍ਰੋਟਾਨ ਹਨ ਅਤੇ ਇਸ ਨੇ ਹੋਂਦ ’ਚ ਆਉਂਦਿਆਂ 10 ਅਰਬ ਵਰ੍ਹੇ ਲੈ ਲਏ ਸਨ। ਚਾਰ ਅਰਬ ਵਰ੍ਹੇ ਪਹਿਲਾਂ, ਕਾਰਬਨ ਦੀ ਅਣਹੋਂਦ ਕਾਰਨ, ਵਿਸ਼ਵ ਵਿਖੇ ਕਿਧਰੇ ਵੀ ਜੀਵਨ ਨਹੀਂ ਸੀ। ਐਟਮਾਂ ਦੇ ਇਕ ਦੂਜੇ ਨਾਲ ਜੁੜ ਕੇ ਨਵੇਂ ਬੋਝਲ ਐਟਮਾਂ ’ਚ ਵਟਣ ਲਈ ਲਗਭਗ ਦਸ ਕਰੋੜ ਡਿਗਰੀ ਉਚੇ ਤਾਪਮਾਨ ਦੀ ਲੋੜ ਸੀ ਅਤੇ ਇੰਨਾ ਉਚਾ ਤਾਪਮਾਨ ਤਾਰਿਆਂ ਦੇ ਕੇਂਦਰ ’ਚ ਕੇਵਲ ਉਸ ਸਮੇਂ ਉਪਜਦਾ ਸੀ, ਜਦ ਇਹ ਆਪਣੇ ਅੰਤ ਤੋਂ ਪਹਿਲਾਂ ਇਸ ਲਈ ਪਿਚਕਣ ਲਗਦੇ ਸਨ, ਕਿਉਂਕਿ ਇਨ੍ਹਾਂ ਨੂੰ ਜਗਮਗਾ ਰਿਹਾ ਹਾਈਡ੍ਰੋਜਨ ਦਾ ਭੰਡਾਰ ਮੁੱਕਣ ’ਤੇ ਆ ਜਾਂਦਾ ਸੀ। ਪਿਚਕ ਰਹੇ ਤਾਰੇ ਦੇ ਵਧੇ ਦਬਾਓ ਦੇ ਫਲਸਰੂਪ, ਤਾਰੇ ਦੇ ਕੇਂਦਰ ਦਾ ਤਾਪਮਾਨ ਬਹੁਤ ਵਧ ਜਾਂਦਾ ਸੀ ਅਤੇ ਤਦ ਨਵੇਂ ਨਵੇਂ ਐਟਮ ਹੋਂਦ ’ਚ ਆਉਣਾ ਆਰੰਭ ਕਰ ਦਿੰਦੇ ਸਨ।
ਪ੍ਰਿਥਵੀ ਅੰਡਕਾਰ ਰੇਖਾ ’ਚ ਸੂਰਜ ਦੁਆਲੇ ਭੌਂ ਰਹੀ ਹੈ ਅਤੇ ਭੌਂਦੀ ਦਾ ਇਸ ਦਾ ਧੁਰਾ ਵੀ ਸਿੱਧਾ ਨਹੀਂ, ਟੇਢਾ ਹੈ। ਅਜਿਹਾ ਹੋਣ ਕਾਰਨ, ਇਸ ਉਪਰ ਬਦਲਦੇ ਰਹਿਣ ਵਾਲੇ ਮੌਸਮ ਅਤੇ ਰੁੱਤਾਂ ਹਨ। ਇਨ੍ਹਾਂ ’ਚ ਪਰ, ਆਪਸ ’ਚ ਥੋੜ੍ਹਾ ਹੀ ਅੰਤਰ ਹੈ। ਪ੍ਰਿਥਵੀ ਦੀਆਂ ਰੁੱਤਾਂ ਦੇ ਤਾਪਮਾਨ ’ਚ ਜੇਕਰ ਪ੍ਰਭਾਵਸ਼ੀਲ ਅੰਤਰ ਹੁੰਦਾ, ਤਦ ਇਸ ਉਪਰਲਾ ਸਾਰਾ ਪਾਣੀ ਗਰਮੀ ਦੀ ਰੁੱਤ ’ਚ ਭਾਫ ਬਣ ਕੇ ਵਾਯੂਮੰਡਲ ’ਚ ਸਮਾ ਜਾਣਾ ਸੀ ਅਤੇ ਸਰਦੀ ਦੀ ਰੁੱਤ ’ਚ ਬਰਫ ਬਣ ਕੇ ਧਰਤੀ ਉਪਰ ਵਿਛ ਜਾਣਾ ਸੀ। ਜੇਕਰ ਅਜਿਹਾ ਹੁੰਦਾ, ਤਦ ਪ੍ਰਿਥਵੀ ਉਪਰ ਜੀਵਨ ਦੀ ਹੋਂਦ ਵੀ ਸੰਭਵ ਨਹੀਂ ਸੀ। ਜੀਵਨ ਦੀ ਹੋਂਦ ਉਥੇ ਸੰਭਵ ਹੈ, ਜਿਥੇ ਤਰਲ ਰੂਪ ’ਚ ਪਾਣੀ ਹੈ ਅਤੇ ਸੂਰਜ-ਮੰਡਲ ’ਚ ਅਜਿਹਾ ਕੇਵਲ ਪ੍ਰਿਥਵੀ ਉਪਰ ਹੈ।
ਪ੍ਰਿਥਵੀ ਉਪਰ ਜੀਵਨ ਹੋਂਦ ਦਾ ਦੂਜਾ ਵੱਡਾ ਕਾਰਨ ਇਸ ਦੀ ਸੂਰਜ ਤੋਂ ਦੂਰੀ ਸੀ। ਜੇਕਰ ਇਹ ਅੱਜ ਨਾਲੋਂ ਘੱਟ ਜਾਂ ਵੱਧ ਹੁੰਦੀ, ਤਦ ਵੀ ਪ੍ਰਿਥਵੀ ਉਪਰ ਨਾ ਸੰਜਮੀ ਤਾਪਮਾਨ ਹੁੰਦਾ ਅਤੇ ਨਾ ਇਸ ਉਪਰਲੇ ਜਲ ਦਾ ਤਰਲ ਰੂਪ ਹੁੰਦਾ ਅਤੇ ਤਦ ਇਸ ਉਪਰ ਜੀਵਨ ਵੀ ਨਹੀਂ ਸੀ ਹੋਣਾ। ਜੇਕਰ ਇਹ ਦੂਰੀ ਘੱਟ ਹੁੰਦੀ, ਤਦ ਪ੍ਰਿਥਵੀ ਦਾ ਤਾਪਮਾਨ ਉਨਾ ਹੁੰਦਾ, ਜਿੰਨਾ ਅੱਜ ਵੀਨਸ ਗ੍ਰਹਿ ਦਾ ਹੈ ਅਤੇ ਜਿਸ ਦਾ ਸਾਰਾ ਪਾਣੀ ਭਾਫ ਬਣਿਆ ਵਾਯੂਮੰਡਲ ’ਚ ਸਮਾਇਆ ਹੋਇਆ ਹੈ। ਜੇਕਰ ਇਹ ਦੂਰੀ ਵੱਧ ਹੁੰਦੀ ਤਦ ਪ੍ਰਿਥਵੀ ਦਾ ਤਾਪਮਾਨ ਉਨਾ ਹੁੰਦਾ, ਜਿੰਨਾ ਅੱਜ ਮਾਰਸ ਗ੍ਰਹਿ ਦਾ ਹੈ, ਜਿਸ ਦਾ ਸਾਰਾ ਪਾਣੀ ਬਰਫ ਬਣਿਆ ਹੋਇਆ ਹੈ। ਇਹ ਦੋਵੇਂ ਸਥਿਤੀਆਂ ਜੀਵਨ ਦੇ ਪੁੰਗਰਨ ਅਨੁਕੂਲ ਨਹੀਂ।
ਪ੍ਰਿਥਵੀ ਉਪਰ ਜੀਵਨ ਦੇ ਪੁੰਗਰਨ ’ਚ ਸੂਰਜ ਦੇ ਆਕਾਰ ਦੀ ਵੀ ਭੂਮਿਕਾ ਸੀ। ਵਿਸ਼ਵ ਵਿਖੇ ਤਾਰਿਆਂ ਦੇ ਆਕਾਰ ਨਿਸ਼ਚਿਤ ਨਹੀਂ। ਆਕਾਸ਼-ਗੰਗਾ ਵਿਖੇ ਹੀ ਸੂਰਜ ਤੋਂ 100 ਗੁਣਾ ਵੱਡੇ ਅਤੇ ਇਸ ਨਾਲੋਂ 100 ਗੁਣਾ ਛੋਟੇ ਤਾਰੇ ਹਨ। ਤਾਰੇ ਦੁਆਰਾ ਉਪਜਾਈ ਜਾ ਰਹੀ ਊਰਜਾ ਦਾ ਸਿੱਧਾ ਸਬੰਧ ਇਸ ਦੇ ਆਕਾਰ ਨਾਲ ਹੁੰਦਾ ਹੈ। ਵੱਡੇ ਤਾਰੇ ਵੱਧ ਊਰਜਾ ਦਾ ਸ੍ਰੋਤ ਹਨ ਅਤੇ ਛੋਟੇ ਤਾਰੇ ਘੱਟ ਊਰਜਾ ਦਾ। ਪ੍ਰਿਥਵੀ ਦੀ ਸੂਰਜ ਤੋਂ ਦੂਰੀ ਭਾਵੇਂ ਇੰਨੀ ਹੀ ਹੁੰਦੀ ਜਿੰਨੀ ਅੱਜ ਹੈ, ਪਰ ਸੂਰਜ ਦਾ ਆਕਾਰ ਜੇਕਰ ਅੱਜ ਨਾਲੋਂ 20 ਪ੍ਰਤੀਸ਼ਤ ਵੱਡਾ ਹੁੰਦਾ, ਤਦ ਪ੍ਰਿਥਵੀ ਦਾ ਵੱਧ ਤਾਪਮਾਨ ਹੁੰਦਾ, ਇੰਨਾ ਵੱਧ ਕਿ ਇਸ ਦਾ ਪਾਣੀ ਭਾਫ ਬਣਿਆ ਰਹਿਣਾ ਸੀ। ਦੂਜੇ ਬੰਨੇ, ਜੇਕਰ ਸੂਰਜ ਦਾ ਆਕਾਰ ਅੱਜ ਨਾਲ 20 ਪ੍ਰਤੀਸ਼ਤ ਘੱਟ ਹੁੰਦਾ, ਤਦ ਪ੍ਰਿਥਵੀ ਦਾ ਤਾਪਮਾਨ ਪਾਣੀ ਨੂੰ ਜਮਾ ਦੇਣ ਦੀ ਹੱਦ ਤੱਕ ਘੱਟ ਹੋਣਾ ਸੀ। ਇਨ੍ਹੀਂ ਦੋਵੀਂ ਹਾਲੀਂ ਪ੍ਰਿਥਵੀ ਉਪਰ ਜੀਵਨ ਦੀ ਹੋਂਦ ਸੰਭਵ ਨਹੀਂ ਸੀ। ਪ੍ਰਿਥਵੀ ਉਪਰ ਜੀਵਨ ਅੱਜ ਤੋਂ ਲਗਪਗ ਤਿੰਨ ਅਰਬ 80 ਕਰੋੜ ਵਰ੍ਹੇ ਪਹਿਲਾਂ ਪ੍ਰਜਣਨ ਯੋਗ ਅਣੂਆਂ ਦੇ ਰੂਪ ’ਚ ਜਲ ਅੰਦਰ ਪੁੰਗਰਿਆ। ਇਨ੍ਹਾਂ ਅਣੂਆਂ ਦਾ ਜਲ ਅੰਦਰ ਹੀ ਵਿਕਾਸ ਹੋਣਾ ਆਰੰਭ ਹੋ ਗਿਆ ਸੀ। ਪਹਿਲਾਂ ਕੀਟਾਣੂ ਹੋਂਦ ’ਚ ਆਏ, ਫਿਰ ਇਕ ਸੈੱਲ ਦੇ ਜੀਵ, ਫਿਰ ਬਹੁਸੈੱਲੇ ਮਲ੍ਹਪ, ਝੀਂਗੇ ਆਦਿ ਅਤੇ ਫਿਰ ਹੱਡੀਆਂ ਦੇ ਪਿੰਜਰ ਸਹਿਤ ਮੱਛੀਆਂ, ਜਿਨ੍ਹਾਂ ਤੋਂ ਅਗਾਂਹ ਖੁਸ਼ਕ ਭੂਮੀ ਉਪਰ ਵਿਚਰ ਰਹੇ ਪ੍ਰਾਣੀ ਵਿਕਸਿਤ ਹੋਏ: ਡੱਡੂ, ਕਿਰਲੇ, ਸੱਪ, ਪੰਛੀ, ਪਸ਼ੂ ਆਦਿ। ਪਸ਼ੂਆਂ ਦੀ ਹੀ ਵਣਾਂ ’ਚ ਵਿਚਰਦੀ ਇਕ ਸ਼ਾਖ ਬਾਂਦਰਾਂ, ਬਣਮਾਨਸਾਂ ’ਚੋਂ ਦੀ ਹੁੰਦੀ ਹੋਈ ਮਨੁੱਖ ਬਣੀ। ਫਿਰ, ਸਭਿਆਚਾਰਕ ਜੀਵਨ-ਢੰਗ ਧਾਰਨ ਕਰਕੇ ਮਨੁੱਖ, ਅੱਜ, ਮਾਨਵ ਬਣਿਆ ਵਿਚਰ ਰਿਹਾ ਹੈ।
*ਪ੍ਰੋਫੈਸਰ ਆਫ਼ ਐਮੀਨੈਂਸ (ਜ਼ੂਆਲੋਜੀ)
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 0175-2214547


Comments Off on ਸੰਸਾਰ ਵਿੱਚ ਅਸੀਂ ਕਿਉਂ ਹਾਂ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.