ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਗੀਤ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਪ੍ਰਕਾਸ਼ ਸਿੱਧੂ

Posted On June - 3 - 2017

12505cd _parkash sidhuਦਿੱਲੀ ਦੀਆਂ ਪੰਜਾਬੀ ਗਾਇਕਾਵਾਂ ਨੇ ਪੰਜਾਬੀ ਸੰਗੀਤ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਲਈ ਭਰਪੂਰ ਯੋਗਦਾਨ ਪਾਇਆ ਹੈ। ਇਨ੍ਹਾਂ ਵਿੱਚੋਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਮੋਹਣੀ ਅਤੇ ਕੁਮਾਰੀ ਲਾਜ ਦੇ ਨਾਂ ਤਾਂ ਆਮ ਸਰੋਤਿਆਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ, ਪਰ ਕੁਝ ਗਾਇਕਾਵਾਂ ਉਹ ਵੀ ਹਨ ਜਿਨ੍ਹਾਂ ਬਾਰੇ ਬਹੁਗਿਣਤੀ ਸਰੋਤਿਆਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ। ਅਜਿਹੀਆਂ ਘੱਟ ਚਰਚਿਤ ਗਾਇਕਾਵਾਂ ਵਿੱਚੋਂ ਹੀ ਇੱਕ ਵਿਸ਼ੇਸ਼ ਨਾਂ ਹੈ ਪ੍ਰਕਾਸ਼ ਸਿੱਧੂ।
ਪ੍ਰਕਾਸ਼ ਸਿੱਧੂ ਦਾ ਜਨਮ ਦੇਸ਼ ਵੰਡ ਵਾਲੇ ਸਾਲ ਪਿਤਾ ਗੁਰਦਿਆਲ ਸਿੰਘ ਸਿੱਧੂ ਤੇ ਮਾਤਾ ਸਵਿੰਦਰ ਕੌਰ ਦੇ ਘਰ ਲਾਹੌਰ ਵਿਖੇ ਹੋਇਆ। ਅਜੇ ਉਹ ਕੇਵਲ ਇੱਕੀ ਦਿਨਾਂ ਦੀ ਹੀ ਸੀ ਜਦੋਂ ਹੱਲਾ ਪੈ ਗਿਆ। ਮਾਤਾ ਪਿਤਾ ਇਸ ਕੁਲਹਿਣੀ ਵੰਡ ਦੀ ਭੇਟ ਚੜ੍ਹ ਗਏ। ਸੂਬੇਦਾਰ ਸੇਵਾ ਸਿੰਘ ਗਿੱਲ ਦੇ ਯਤਨਾਂ ਸਦਕਾ ਤਾਇਆ ਗੁਰਮੁੱਖ ਸਿੰਘ ਤੇ ਤਾਈ ਹਰਮੀਤ ਕੌਰ ਨਿੱਕੀ ਜਿਹੀ ਬਾਲੜੀ ਨੂੰ ਹਿੱਕ ਨਾਲ ਲਾਈ ਇੱਧਰ ਆ ਗਏ।
ਇੱਧਰ ਦਿੱਲੀ ਵਿਖੇ ਟਿਕਾਣਾ ਮਿਲਿਆ। ਇੱਥੇ ਹੀ ਪ੍ਰਕਾਸ਼ ਨੇ ਸੁਰਤ ਸੰਭਾਲੀ। ਮੋਤੀ ਬਾਗ਼ ਦਿੱਲੀ ਦੇ ਸਰਕਾਰੀ ਵਿਦਿਆ-ਨਿਕੇਤਨ ਸਕੂਲ ਤੋਂ ਉਸਨੇ ਸਿੱਖਿਆ ਪ੍ਰਾਪਤ ਕੀਤੀ। ਸੰਗੀਤ ਨਾਲ ਉਸਨੂੰ ਬਚਪਨ ਤੋਂ ਹੀ ਲਗਾਓ ਜੀ। ਸਕੂਲ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੇ ਉਸ ਅੰਦਰਲੀ ਸੰਗੀਤ ਰੁਚੀ ਨੂੰ ਵਧਾਉਣ ਵਿੱਚ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਸ਼ਾਸਤਰੀ ਸੰਗੀਤ ਦੀ ਸਿੱਖਿਆ ਪ੍ਰਕਾਸ਼ ਨੇ ਕੀਰਾਨਾ ਸੰਗੀਤ ਘਰਾਣਾ ਆਗਰਾ ਨਾਲ ਸਬੰਧਿਤ ਪ੍ਰਸਿੱਧ ਸੰਗੀਤਕਾਰ ਜੀਵਨ ਲਾਲ ਮੱਟੂ, ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਦਿੱਲੀ ਪਾਸੋਂ ਪ੍ਰਾਪਤ ਕੀਤੀ। ਇਸ ਦੇ ਨਾਲ ਨਾਲ ਉਸ ਨੇ ਦਿੱਲੀ ਰੇਡੀਓ ਸਟੇਸ਼ਨ ਦੇ ਹੀ ਸੀਨੀਅਰ ਸੰਗੀਤ ਨਿਰਦੇਸ਼ਕ ਦਰਸ਼ਨ ਗਿੱਲ ਕੋਲੋਂ ਲੋਕ ਗਾਇਕੀ ਦੇ ਵੱਖ ਵੱਖ ਰੂਪਾਂ ਜਿਵੇਂ ਲੋਕ ਗੀਤ, ਸੂਫ਼ੀ ਕਾਫੀਆਂ, ਭਜਨ, ਗੁਰਬਾਣੀ ਸ਼ਬਦ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸ ਨੇ ਸੰਗੀਤ ਦੀ ਉਚੇਰੀ ਪੜ੍ਹਾਈ ਵੱਖ ਵੱਖ ਸੰਸਥਾਵਾਂ ਤੋਂ ਪ੍ਰਾਪਤ ਕੀਤੀ। ਪ੍ਰਭਾਕਰ (ਬੀ.ਏ.) ਪ੍ਰਯਾਗ ਯੂਨੀਵਰਸਿਟੀ ਇਲਾਹਾਬਾਦ ਤੋਂ ਅਤੇ ਵਿਸ਼ਾਰਦ (ਐੱਮ.ਏ.) ਦੀ ਡਿਗਰੀ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।

ਹਰਦਿਆਲ ਸਿੰਘ ਥੂਹੀ

ਹਰਦਿਆਲ ਸਿੰਘ ਥੂਹੀ

ਪ੍ਰਕਾਸ਼ ਸਿੱਧੂ ਨੇ 1960 ਵਿੱਚ ਚੌਦਾਂ ਕੁ ਸਾਲ ਦੀ ਉਮਰ ਵਿੱਚ ਦਿੱਲੀ ਰੇਡੀਓ ਸਟੇਸ਼ਨ ਤੋਂ ਪਹਿਲੀ ਵਾਰ ਗਾਇਆ। ਦਰਸ਼ਨ ਗਿੱਲ ਦੇ ਸੰਗੀਤ ਗਰੁੱਪ ਵਿੱਚ ਸ਼ਾਮਲ ਹੋਣ ਕਾਰਨ ਉਸਨੂੰ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਮੌਕੇ ਮਿਲੇ। 1965 ਵਿੱਚ ਕੁਝ ਹਿੰਦੀ ਫ਼ਿਲਮਾਂ ਜਿਵੇਂ ‘ਹਕੀਕਤ’, ‘ਦੂਰ ਕੀ ਆਵਾਜ਼’, ‘ਆਪ ਕੀ ਪ੍ਰਛਾਈਆਂ’ ਆਦਿ ਵਿੱਚ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਆਸ਼ਾ ਭੋਸਲੇ, ਸ਼ਮਸ਼ਾਦ ਬੇਗ਼ਮ ਤੇ ਸੁਮਨ ਕਲਿਆਣਪੁਰ ਜਿਹੇ ਪ੍ਰਸਿੱਧ ਫਨਕਾਰਾਂ ਨਾਲ ਕੋਰਸ ਵਜੋਂ ਗਾਇਆ। ਇਸੇ ਤਰ੍ਹਾਂ ਪੰਜਾਬੀ ਫ਼ਿਲਮਾਂ ‘ਸੱਤ ਸਾਲੀਆਂ’, ‘ਮਾਮਾ ਜੀ’, ‘ਸੱਸੀ ਪੁੰਨੂ’ ਆਦਿ ਵਿੱਚ ਵੀ ਕੋਰਸ ਦਿੱਤਾ। ਪ੍ਰਕਾਸ਼ ਸਿੱਧੂ ਨੇ ਆਕਾਸ਼ਬਾਣੀ ਦੇ ਦਿੱਲੀ ਸਟੇਸ਼ਨ ਤੋਂ ‘ਏ’ ਗਰੇਡ ਗਾਇਕ ਵਜੋਂ ਮਾਨਤਾ ਪ੍ਰਾਪਤ ਕੀਤੀ। ਰੇਡੀਓ ’ਤੇ ਲਗਾਤਾਰ ਉਸਦੀ ਰਿਕਾਰਡਿੰਗ ਹੁੰਦੀ ਰਹੀ ਇਹ ਸਿਲਸਿਲਾ ਅੱਜਕੱਲ੍ਹ ਵੀ  ਜਾਰੀ ਹੈ।
ਰੇਡੀਓ ਦੇ ਨਾਲ ਨਾਲ ਪ੍ਰਕਾਸ਼ ਸਿੱਧੂ ਦੀ ਵੱਖ ਵੱਖ ਰਿਕਾਰਡਿੰਗ ਕੰਪਨੀਆਂ ਵਿੱਚ ਕਾਫ਼ੀ ਰਿਕਾਰਡਿੰਗ ਹੋਈ ਮਿਲਦੀ ਹੈ ਜੋ ਸਾਰੀ ਦੀ ਸਾਰੀ ਵੱਖ ਵੱਖ ਗਾਇਕਾਂ ਨਾਲ ਦੋਗਾਣਿਆਂ ਦੇ ਰੂਪ ਵਿੱਚ ਹੈ। ਉਸਦੀ ਸਭ ਤੋਂ ਪਹਿਲੀ ਰਿਕਾਰਡਿੰਗ ਅਜੀਤ ਸਿੰਘ ਰੰਗੀਲੇ ਜੱਟ ਨਾਲ ਹੋਈ ਜੋ ਰੰਗੀਲੇ ਦੀ ਵੀ ਪਹਿਲੀ ਰਿਕਾਰਡਿੰਗ ਸੀ ‘ਮੇਰੇ ਪੱਲੇ ਪੈ ਗਿਆ ਅਮਲੀ, ਨੀ ਮੈਂ ਰੋ ਰੋ ਹੋ ਗਈ ਕਮਲੀ।’ ਇਸ ਤੋਂ ਇਲਾਵਾ ਉਸ ਦੇ ਸਾਬਰ ਹੁਸੈਨ ਸਾਬਰ, ਪ੍ਰਕਾਸ਼ ਚੰਦ ਚਮਨ, ਕਰਮ ਚੰਦ ਜਲੰਧਰੀ, ਗੁਰਮੇਲ ਪੰਛੀ, ਕੁਲਦੀਪ ਮਾਣਕ ਆਦਿ ਗਾਇਕਾਂ ਨਾਲ ਤਵੇ ਰਿਕਾਰਡ ਹੋਏ। ਇਨ੍ਹਾਂ ਦੇ ਕੁਝ ਕੁ ਪ੍ਰਸਿੱਧ ਮੁਖੜੇ ਹਨ:
–    ਮੇਰੇ ਪੱਲੇ ਪੈ ਗਿਆ ਅਮਲੀ
    ਨੀ ਮੈਂ ਰੋ ਰੋ ਹੋ ਗਈ ਕਮਲੀ
–    ਮੇਰਾ ਆਸ਼ਕ ਲੁੱਡਾ ਚਾਂਦੀ ਦਾ
    ਸਿਰ ਦੁਖਦਾ ਸਹੁਰੇ ਜਾਂਦੀ ਦਾ।
–    ਮੈਂ ਰਹੀ ਤਖ਼ਤੇ ਦੇ ਓਹਲੇ
    ਤੂੰ ਸਾਰੀ ਰਾਤ ਲੱਭਦਾ ਰਿਹਾ
–    ਤੇਰੇ ਟੁੱਟ ਜਾਣ ਝਾਂਜਰਾਂ ਦੇ ਬੋਰ ਗੋਰੀਏ
    ਜਿਵੇਂ ਟੁੱਟਦੀ ਪਤੰਗ ਨਾਲੋਂ ਡੋਰ ਗੋਰੀਏ।
–    ਚੰਗੇ ਹੁੰਦੇ ਨੇ ਦੋ ਜਾਂ ਤਿੰਨ ਨਿਆਣੇ
–    ਵੇ ਲੱਸੀ ਪੀ ਲੈ ਬੂਰੀ ਮੱਝ ਦੀ,
    ਦਹੀਂ ਤੇਰੇ ਲਈ ਹਾਣੀਆਂ ਜਮਾਈ
–    ਤੈਨੂੰ ਆ ਜੇ ਕਿਸੇ ਦੀ ਆਈ
    ਵੇ ਨਿੱਤ ਦਾ ਸਿਆਪਾ ਮੁੱਕ ਜੇ
1965 ਦੀ ਭਾਰਤ ਪਾਕਿ ਜੰਗ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਸਰਹੱਦ ’ਤੇ ਲੜ ਰਹੇ ਫ਼ੌਜੀਆਂ ਦੇ ਮਨੋਰੰਜਨ ਤੇ ਹੌਸਲਾ ਅਫ਼ਜਾਈ ਲਈ ਜੋ ਸੱਭਿਆਚਾਰਕ ਗਰੁੱਪ ਨੇਫਾ ਬਾਰਡਰ ’ਤੇ ਭੇਜਿਆ ਗਿਆ, ਪ੍ਰਕਾਸ਼ ਸਿੱਧੂ ਇਸ ਗਰੁੱਪ ਵਿੱਚ ਸ਼ਾਮਲ ਸੀ। ਉਸ ਸਮੇਂ ਦੇ ਜਨਰਲ ਪੱਡਾ ਨੇ ਵਿਸ਼ੇਸ਼ ਤੌਰ ’ਤੇ ਇਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮੇਂ ਸਮੇਂ ’ਤੇ ਚੈਮਸਫੋਰਡ ਕਲੱਬ ਦਿੱਲੀ, ਖ਼ਾਲਸਾ ਐਸੋਸੀਏਸ਼ਨ ਸਿੰਘਾਪੁਰ ਆਦਿ ਸੰਸਥਾਵਾਂ ਨੇ ਵੀ ਸਿੱਧੂ ਦਾ ਸਨਮਾਨ ਕੀਤਾ ਹੈ।
ਪ੍ਰਕਾਸ਼ ਸਿੱਧੂ ਨੇ ਆਪਣੇ ਗਰੁੱਪ ਨਾਲ ਛੇ ਸੱਤ ਵਾਰ ਵਿਦੇਸ਼ੀ ਟੂਰ ਲਾਏ ਹਨ। ਇਸ ਦੌਰਾਨ ਇਸ ਗਰੁੱਪ ਨੇ ਸਿੰਘਾਪੁਰ, ਹਾਂਗਕਾਂਗ, ਬੈਂਕਾਕ, ਇੰਡੋਨੇਸ਼ੀਆ, ਜਕਾਰਤਾ ਆਦਿ ਦੇਸ਼ਾਂ ਵਿੱਚ ਪ੍ਰੋਗਰਾਮ ਪੇਸ਼ ਕੀਤੇ।
ਸੰਗੀਤਕਾਰ ਦਰਸ਼ਨ ਸਿੰਘ ਗਿੱਲ ਦੇ ਗਰੁੱਪ ਵਿੱਚ ਲਗਾਤਾਰ ਕੰਮ ਕਰਨ ਕਾਰਨ ਪ੍ਰਕਾਸ਼ ਸਿੱਧੂ ਦੀ ਗਿੱਲ ਨਾਲ ਨੇੜਤਾ ਵਧਦੀ ਗਈ। ਇਸ ਨੇੜਤਾ ਨੇ ਰਿਸ਼ਤੇ ਦਾ ਰੂਪ ਲੈ ਲਿਆ। ਦੋਵਾਂ ਨੇ ਜੀਵਨ ਰੂਪੀ ਸਫ਼ਰ ’ਤੇ ਹਮਸਫ਼ਰ ਬਣ ਕੇ ਚੱਲਣ ਦਾ ਫ਼ੈਸਲਾ ਕਰ ਲਿਆ। ਗਿੱਲ ਦੀ ਧਰਮ ਪਤਨੀ ਸੁਹਾਗਵੰਤੀ ਅਤੇ ਬਾਕੀ ਪਰਿਵਾਰ ਦੀ ਇਸ ਰਿਸ਼ਤੇ ਪ੍ਰਤੀ ਸਹਿਮਤੀ ਕਾਰਨ ਸਭ ਕੁਝ ਸਹਿਜ ਸੁਭਾਅ ਚਲਦਾ ਰਿਹਾ। ਪ੍ਰਕਾਸ਼ ਸਿੱਧੂ ਨੂੰ ਸੁਹਾਗਵੰਤੀ ਤੋਂ ਭੈਣ ਵਾਲਾ ਪਿਆਰ ਅਤੇ ਉਸਦੇ ਬੱਚਿਆਂ ਤੋਂ ਮਾਂ ਵਾਲਾ ਸਤਿਕਾਰ ਮਿਲਿਆ।
ਦਰਸ਼ਨ ਗਿੱਲ ਅਤੇ ਪ੍ਰਕਾਸ਼ ਸਿੱਧੂ ਦੀ ਅਗਵਾਈ ਵਾਲਾ ਸੰਗੀਤ ਗਰੁੱਪ ਜਿੱਥੇ ਸੰਗੀਤ ਦੇ ਪ੍ਰੋਗਰਾਮ ਕਰਦਾ ਸੀ, ਉੱਥੇ ਨਾਲ ਦੀ ਨਾਲ ਇਸਨੇ ਸੰਗੀਤ ਦੇ ਸਿਖਿਆਰਥੀਆਂ ਲਈ ‘ਸਰਗਮ ਸੰਗੀਤ ਵਿਦਿਆਲਿਆ’ ਵੀ ਚਲਾਇਆ ਹੋਇਆ ਸੀ। ਇਸੇ ਤਰ੍ਹਾਂ ਇੱਕ ਹੋਰ ਸੰਸਥਾ ‘ਗੀਤਿਕਾ ਮਿਉਜ਼ਿਕ ਸੁਸਾਇਟੀ ਚੈਰੀਟੇਬਲ ਦਿੱਲੀ’ ਵੀ ਗਿੱਲ ਹੋਰਾਂ ਨੇ ਸਥਾਪਿਤ ਕੀਤੀ ਸੀ, ਜਿਸ ਵਿੱਚ ਅੰਗਹੀਣ, ਗ਼ਰੀਬ, ਬੇਸਹਾਰਾ ਅਤੇ ਫ਼ੌਜੀਆਂ ਦੇ ਬੱਚਿਆਂ ਨੂੰ ਸੰਗੀਤ ਦੀ ਤਾਲੀਮ ਦਿੱਤੀ ਜਾਂਦੀ ਸੀ।
ਦਰਸ਼ਨ ਸਿੰਘ ਗਿੱਲ ਦੇ 1994 ਵਿੱਚ ਅਤੇ ਸੁਹਾਗਵੰਤੀ ਦੇ 1992 ਵਿੱਚ ਹੋਏ ਅਕਾਲ ਚਲਾਣੇ ਤੋਂ ਬਾਅਦ ਪ੍ਰਕਾਸ਼ ਸਿੱਧੂ ਉਕਤ ਸੰਸਥਾਵਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਉਸ ਦੀ ਅਗਵਾਈ ਅਧੀਨ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਲਗਾਤਾਰ ਸੰਗੀਤ ਨਾਲ ਜੁੜੀਆਂ ਹੋਈਆਂ ਹਨ। ਬੇਟੀਆਂ ਨੇ ‘ਕੌਰ ਸਿਸਟਰਜ਼’ ਦੇ ਨਾਂ ਹੇਠ ਸੰਗੀਤ ਗਰੁੱਪ ਬਣਾਇਆ ਹੋਇਆ ਹੈ। ਬੇਟੇ ਜਸਪਾਲ ਸਿੰਘ ਤੇ ਨਰਿੰਦਰ ਪਾਲ ਸਿੰਘ ਆਲ ਇੰਡੀਆ ਰੇਡੀਓ ਦੇ ਦਿੱਲੀ ਸਟੇਸ਼ਨ ’ਤੇ ਬਤੌਰ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਅੱਗੇ ਤੀਜੀ ਪੀੜ੍ਹੀ ਵਿੱਚ ਜਸਪਾਲ ਸਿੰਘ ਗਿੱਲ ਦੀ ਬੇਟੀ ਆਸਥਾ ਗਿੱਲ ਵੀ ਸੰਗੀਤ ਦੀ ਦੁਨੀਆਂ ਨਾਲ ਜੁੜੀ ਹੋਈ ਹੈ। ਉਹ ਫ਼ਿਲਮੀ ਤੇ ਗ਼ੈਰ ਫ਼ਿਲਮੀ ਗੀਤ ਗਾ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਸਿਖਿਆਰਥੀ ਵੱਖ ਵੱਖ ਸੰਗੀਤ ਕੰਪਨੀਆਂ ਵਿੱਚ ਸੰਗੀਤ ਰਾਹੀਂ ਨਾਮਣਾ ਖੱਟ ਰਹੇ ਹਨ।
ਪ੍ਰਕਾਸ਼ ਸਿੱਧੂ ਨਿਮਰ ਸੁਭਾਅ ਵਾਲੀ ਤੇ ਦੂਸਰਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਵਾਲੀ ਔਰਤ ਹੈ। ਉਸਦਾ ਕਹਿਣਾ ਹੈ ਕਿ ਸੰਗੀਤ ਇੱਕ ਪੂਜਾ ਹੈ ਜਿਸਨੂੰ ਗੀਤ ਸੰਗੀਤ ਸਿੱਖਣ ਨੂੰ ਮਿਲਦਾ ਹੈ, ਸਮਝੋ ਪਰਮਾਤਮਾ ਨੇ ਉਸ ਉੱਤੇ ਬੜੀ ਬਖ਼ਸ਼ਿਸ਼ ਕੀਤੀ ਹੈ। ਅਜਿਹੇ ਵਿਚਾਰਾਂ ਦੀ ਧਾਰਨੀ ਪ੍ਰਕਾਸ਼ ਸਿੱਧੂ ਅੱਜਕੱਲ੍ਹ ਦਿੱਲੀ ਵਿਖੇ ਰਹਿ ਕੇ ਆਪਣੀਆਂ ਸੰਸਥਾਵਾਂ ਰਾਹੀਂ ਸੰਗੀਤ ਦੀ ਸੇਵਾ ਕਰ   ਰਹੀ ਹੈ।
ਸੰਪਰਕ: 84271-00341 


Comments Off on ਸੰਗੀਤ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਪ੍ਰਕਾਸ਼ ਸਿੱਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.