ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਡਾਕ ਐਤਵਾਰ ਦੀ

Posted On June - 10 - 2017

ਵਿਸ਼ਵਾਸ ਅਤੇ ਅਵਿਸ਼ਵਾਸ

4 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਸੁਰਜੀਤ ਸਿੰਘ ਢਿੱਲੋਂ ਦਾ ਲੇਖ ‘ਵਿਸ਼ਵਾਸ ਅਤੇ ਅਵਿਸ਼ਵਾਸ…’ ਸੁਚੱਜੇ ਢੰਗ ਨਾਲ ਆਸਤਿਕਤਾ ਤੇ ਨਾਸਤਿਕਤਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਗਿਆਨ ਤੇ ਧਰਮ ਦੇ ਸਬੰਧਾਂ ਉੱਤੇ ਰੌਸ਼ਨੀ ਪਾਉਂਦਾ ਹੈ। ਅਖ਼ੀਰ ’ਚ ਸੁੰਦਰ ਵਿਚਾਰ ਹੈ ਕਿ ਅਸਲੀ ਆਸਤਿਕ ਲੋਕ ਆਪਣੀ ਭਲਾਈ ਦੇ ਨਾਲ ਹੋਰਨਾਂ ਦੀ ਭਲਾਈ ਨੂੰ ਤਰਜੀਹ ਦਿੰਦੇ ਹਨ। ਉਹ ਰਹਿਤਾਂ ਦੀ ਪਾਲਣਾ ਸੁਆਰਥ ਜਾਂ ਵਿਖਾਵੇ ਵਜੋਂ ਨਹੀਂ ਕਰਦੇ। ਇਸ ਦੇ ਵਿਪਰੀਤ ਜੋ ਨਾਸਤਿਕ ਹਨ ਪਰ ਲੋਕ ਭਲਾਈ ਤੇ ਸੱਚ ਨਾਲ ਜੁੜੇ ਹੋਏ ਹਨ, ਉਹ ਪਾਖੰਡੀ ਨਹੀਂ ਅਤੇ ਉਨ੍ਹਾਂ ਦਾ ਚਰਿੱਤਰ ਵੱਧ ਪਾਰਦਰਸ਼ੀ ਹੈ। ਇੰਜ ਹੀ ‘ਸ਼ਬਦ ਸੰਚਾਰ’ ਦੇ ਅੰਤ ਵਿੱਚ ਬਹੁਤ ਠੋਸ ਸੁਨੇਹਾ ਹੈ ਕਿ ਇਨਸਾਨੀਅਤ ਅਜੇ ਵੀ ਖ਼ਤਰੇ ਵਿੱਚ ਹੈ। ਪੰਜਾਬ ’ਚ ਗੈਂਗਸਟਰ ਤੇ ਅਪਰਾਧੀ ਸਰਗਰਮ ਹਨ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਦੀ ਥਾਂ ਲੜਾਈਆਂ-ਝਗੜਿਆਂ ਦੀ ਬਹੁਤਾਤ ਇਹੋ ਦਰਸਾਉਂਦੀ ਹੈ ਕਿ ਪੰਜਾਬ ’ਚ ਬੁੱਧ-ਬਿਬੇਕ ਦੀ ਕਿੰਨੀ ਲੋੜ ਹੈ।
-ਪ੍ਰੋ. ਹਰੀ ਸਿੰਘ ਦੁੱਗਰੀ, ਲੁਧਿਆਣਾ

(2)

ਸੁਰਜੀਤ ਸਿੰਘ ਢਿੱਲੋਂ ਦੇ ਲੇਖ ‘ਵਿਸ਼ਵਾਸ ਅਤੇ ਅਵਿਸ਼ਵਾਸ – ਕਿੰਨਾ ਕੁ ਫ਼ਰਕ?’ ਵਿੱਚ ਤਰਕ ਨਾਲ ਇਹ ਬਿਲਕੁਲ ਸਹੀ ਸਿੱਧ ਕੀਤਾ ਗਿਆ ਹੈ ਕਿ ਸਮੁੱਚੇ ਬ੍ਰਹਿਮੰਡ ਵਿੱਚ ਕਿਸੇ ਵੀ ਅਖੌਤੀ ਪਰਮਾਤਮਾ ਦੀ ਕੋਈ ਹੋਂਦ ਨਹੀਂ ਹੈ। ਇੱਥੇ ਕੁਦਰਤੀ ਜਾਂ ਗ਼ੈਰ-ਕੁਦਰਤੀ ਤੌਰ ’ਤੇ ਜੋ ਵੀ ਮਾੜਾ-ਚੰਗਾ ਵਾਪਰਦਾ ਹੈ, ਉਸ ਲਈ ਕੋਈ ਪਰਮਾਤਮਾ ਜਾਂ ਕਿਸਮਤ ਨਹੀਂ ਬਲਕਿ ਕੁਦਰਤੀ ਨਿਯਮ ਤੇ ਮਨੁੱਖੀ ਸਿਸਟਮ ਜ਼ਿੰਮੇਵਾਰ ਹੁੰਦਾ ਹੈ। ਦਰਅਸਲ, ਵਿਗਿਆਨਕ ਸੋਚ ਅਤੇ ਸਵੈਵਿਸ਼ਵਾਸ ਦੀ ਘਾਟ ਕਾਰਨ ਹੀ ਜ਼ਿਆਦਾਤਰ ਲੋਕ ਧਰਮ ਅਤੇ ਡੇਰਿਆਂ ਦੇ ਮੁਰੀਦ ਬਣਦੇ ਹਨ।
-ਸੁਮੀਤ ਸਿੰਘ, ਅੰਮ੍ਰਿਤਸਰ

ਪ੍ਰਚਾਰ ਤੇ ਅਸਲੀਅਤ

4 ਜੂਨ ਦੇ ‘ਦਸਤਕ’ ਵਿੱਚ ਡਾ. ਕੁਲਦੀਪ ਸਿੰਘ ਧੀਰ ਨੇ ਆਪਣੇ ਲੇਖ ‘ਤਾਰਿਆਂ ਵੱਲ ਦੌੜ : ਵਿਗਿਆਨ ਤੇ ਸਿਆਸਤ’ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਦੇ ਕੋਝੇ ਪ੍ਰਚਾਰ ਨੂੰ ਤੱਥਾਂ ਸਹਿਤ ਰੱਦ ਕਰਦਿਆਂ ਅਸਲੀਅਤ ਸਾਹਮਣੇ ਲਿਆਂਦੀ ਹੈ। ‘ਸਭ ਦਾ ਸਾਥ ਤੇ ਸਭ ਦਾ ਵਿਕਾਸ’ ਦੇ ਖੋਖਲੇ ਦਾਅਵੇ ਕਰਕੇ ਅਤੇ ਵਿਗਿਆਨ ਨੂੰ ਮਿਥਿਹਾਸ ਦੀ ਲੇਪ ਚਾੜ੍ਹ ਕੇ ਮੋਦੀ ਸਰਕਾਰ ਕਿਵੇਂ ਲੋਕਾਂ ਨੂੰ ਗ਼ੈਰ-ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣਾਈ ਰੱਖਣ ਲਈ ਪੂਰਾ ਤਾਣ ਲਾ ਰਹੀ ਹੈ, ਉਹ ਇਸ ਲੇਖ ਵਿੱਚ ਸਪੱਸ਼ਟ ਵੇਖਿਆ ਜਾ ਸਕਦਾ ਹੈ। ਸਰਕਾਰ ਵੱਲੋਂ ਪੁਰਾਤਨ ਸੰਸਕ੍ਰਿਤੀ ਲਾਗੂ ਕਰਨ ਦੇ ਨਾਂ ’ਤੇ ਜੋ ਪ੍ਰਚਾਰਿਆ ਜਾ ਰਿਹਾ ਹੈ, ਕੀ ਉਸ ਸੰਸਕ੍ਰਿਤੀ ਦਾ ਵਿਗਿਆਨ ਨਾਲ ਕੋਈ ਦੂਰ ਦਾ ਵੀ ਸਬੰਧ ਹੈ?
-ਜਸਵੰਤ ਜੀਰਖ, ਲੁਧਿਆਣਾ

(2)

ਡਾ. ਕੁਲਦੀਪ ਸਿੰਘ ਧੀਰ ਦੀ ਰਚਨਾ ‘ਤਾਰਿਆਂ ਵੱਲ ਦੌੜ : ਵਿਗਿਆਨ ਤੇ ਸਿਆਸਤ’ ਜਿੱਥੇ ਲੇਖਕ ਦਾ ਉੱਚ ਬੌਧਿਕ ਪੱਧਰ ਦਰਸਾਉਂਦੀ ਹੈ, ਉੱਥੇ ਭਾਰਤੀ ਸਿਆਸਤ ਅੰਦਰਲਾ ਕੁਹਜ ਵੀ ਬੇਪਰਦ ਕਰਦੀ ਹੈ। ਡਾ. ਧੀਰ ਨੇ ਭਾਰਤ ਦੇ ਹੀ ਨਹੀਂ, ਸਗਲ ਸੰਸਾਰ ਦੇ ਵਿਗਿਆਨੀਆਂ, ਉਨ੍ਹਾਂ ਦੀਆਂ ਖੋਜਾਂ, ਨਵੀਨਤਮ ਕਾਢਾਂ, ਪੁਲਾੜੀ ਗਤੀਵਿਧੀਆਂ ਅਤੇ ਤਕਨੀਕ ਦੀ ਸਫ਼ਲਤਾ ਦੀ ਬਾਤ ਮਾਂ-ਬੋਲੀ ਪੰਜਾਬੀ ਵਿੱਚ ਚੰਗੇ ਢੰਗ ਨਾਲ ਪਾਈ ਹੈ। ਵਿਗਿਆਨ ਦਾ ਕੋਈ ਪਹਿਲੂ ਉਨ੍ਹਾਂ ਦੀ ਨਜ਼ਰੋਂ ਓਹਲੇ ਨਹੀਂ ਰਹਿੰਦਾ।
-ਪ੍ਰੋ. ਦਾਤਾਰ ਸਿੰਘ, ਸ੍ਰੀ ਮੁਕਤਸਰ ਸਾਹਿਬ

(3)

ਡਾ. ਕੁਲਦੀਪ ਸਿੰਘ ਧੀਰ ਦੀ ਰਚਨਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਵਿਗਿਆਨ ਦੇ ਖੇਤਰ ਦੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੀ ਮੌਜੂਦਾ ਸਰਕਾਰ    ਦੇ ਦਾਅਵਿਆਂ ਨੂੰ ਤਰਕਪੂਰਨ ਢੰਗ ਨਾਲ ਬੇਪਰਦ ਕੀਤਾ ਹੈ।
-ਸੰਦੀਪ ਲਾਧੂਕਾ, ਪਟਿਆਲਾ

ਕਣਕ ਦੀ ਰੋਟੀ

ਐਤਵਾਰ (4 ਜੂਨ) ਦੇ ‘ਦਸਤਕ’ ਵਿੱਚ ਸੰਤੋਖ ਸਿੰਘ ਭਾਣਾ ਦੀ ਕਹਾਣੀ ‘ਕਣਕ ਦੀ ਰੋਟੀ’ ਦਿਲ ਨੂੰ ਟੁੰਬਣ ਵਾਲੀ ਸੀ। ਅੱਜਕੱਲ੍ਹ ਲੋਕ ਜਦੋਂ ਖਾਣ ਲੱਗੇ ਸੌ-ਸੌ ਨਖ਼ਰੇ ਕਰਦੇ ਹਨ ਤਾਂ ਬੜਾ ਦੁੱਖ ਹੁੰਦਾ ਹੈ। ਲੇਖਕ ਵਰਗੇ ਲੱਖਾਂ ਲੋਕਾਂ ਦੀ ਮਿਹਨਤ ਦੀ ਬਦੌਲਤ ਅੱਜ ਅਸੀਂ ਰੱਜ ਕੇ ਰੋਟੀ ਖਾਣ ਦੇ ਯੋਗ ਹੋਏ ਹਾਂ। ਪਹਿਲਾਂ ਵਰਗੇ ਹਾਲਾਤ ਪੰਜਾਬ ਵਿੱਚ ਦੁਬਾਰਾ ਨਾ ਬਣਨ, ਇਸ ਲਈ ਸਾਨੂੰ ਹੁਣ ਤੋਂ ਹੀ ਸੁਚੇਤ ਹੋਣ ਦੀ ਲੋੜ ਹੈ।
-ਕੁਲਵਿੰਦਰ ਸਿੰਘ ਗਰੇਵਾਲ, ਮਾਲੇਰਕੋਟਲਾ (ਸੰਗਰੂਰ)

ਅਣਕਹੀ ਦਾਸਤਾਨ ਦਾ ਸਾਹਿੱਤਕ ਜ਼ਾਇਕਾ

28 ਮਈ ਦੇ ‘ਦਸਤਕ’ ਅੰਕ ਵਿੱਚ ‘ਮਨਮੋਹਨ ਤੇ ਗੁਰਸ਼ਰਨ ਇੱਕ ਅਣਕਹੀ ਦਾਸਤਾਨ’ ਦੀ ਦੂਸਰੀ ਕਿਸ਼ਤ ਵਧੀਆ ਲੱਗੀ। ਦੀਪ ਜਗਦੀਪ ਸਿੰਘ ਵੱਲੋਂ ਕੀਤਾ ਗਿਆ ਉਪਰਾਲਾ ਪੰਜਾਬੀ ਸਾਹਿਤਕਾਰੀ ਦੇ ਪੜਚੋਲਕ ਪੱਖ ਤੋਂ ਸੱਚਮੁੱਚ ਸਲਾਹੁਣਯੋਗ ਉੱਦਮ ਹੈ। ਚੁਸਤ-ਦਰੁਸਤ ਵਾਕ, ਸ਼ਬਦਾਂ ਦੀ ਸਹੀ ਚੋਣ ਅਤੇ ਸਾਹਿੱਤਕ ਮੱਸ ਦੀ ਬਰਕਰਾਰੀ ਇਹ ਪ੍ਰਭਾਵ ਹੀ ਨਹੀਂ ਬਣਨ ਦਿੰਦੀ ਕਿ ਅਸੀਂ ਅਨੁਵਾਦਿਤ ਰਚਨਾ ਪੜ੍ਹ ਰਹੇ ਹਾਂ।
-ਡਾ. ਪੰਨਾ ਲਾਲ ਮੁਸਤਫ਼ਾਬਾਦੀ ਤੇ ਕਸ਼ਮੀਰ ਘੇਸਲ, ਚੰਡੀਗੜ੍ਹ

ਸਰਵਣ ਸਿੰਘ ਦੀ ਕੋਹੇਨੂਰੀ ਲਿਖ਼ਤ

21 ਮਈ ਦੇ ਅੰਕ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਦੀ ਕਿਤਾਬ ‘ਪੰਜਾਬ ਦੇ ਕੋਹਿਨੂਰ’ ਪੜ੍ਹੀ। ਉਨ੍ਹਾਂ ਦਾ ਵਾਰਤਕ ਲਿਖਣ ਵਿੱਚ ਕੋਈ ਸਾਨੀ ਨਹੀਂ, ਠੇਠ ਪੰਜਾਬੀ ਸ਼ਬਦਾਂ ਨੂੰ ਸਰਲ ਭਾਸ਼ਾ ਵਿੱਚ ਬਿਆਨ ਕਰਨ ਦਾ ਹੁਨਰ ਕਮਾਲ ਦਾ ਹੈ। ਅਲੰਕਾਰਾਂ ਤੇ ਵਿਸ਼ੇਸ਼ਣ ਦੀ ਲੋੜ ਅਨੁਸਾਰ ਢੁੱਕਵੀਂ ਵਰਤੋਂ ਕਰਕੇ ਰਚਨਾ ਨੂੰ ਰਸਦਾਇਕ ਬਣਾਉਣਾ ਉਹ ਬਾਖ਼ੂਬੀ ਜਾਣਦੇ ਹਨ। ਭਾਸ਼ਾ ’ਤੇ ਪਕੜ ਹੋਣ ਕਾਰਨ ਉਨ੍ਹਾਂ ਦੀ ਹਰ ਰਚਨਾ ਪੜ੍ਹਨਯੋਗ ਹੋਣ ਦੇ ਨਾਲ ਨਾਲ ਸਿੱਖਿਆਦਾਇਕ ਵੀ ਹੁੰਦੀ ਹੈ। ਪਾਠਕ ਦੇ ਧੁਰ ਅੰਦਰ ਤੱਕ ਲਹਿ ਜਾਣਾ ਉਨ੍ਹਾਂ ਦੀ ਲਿਖਣ ਸ਼ੈਲੀ ਦਾ ਵਿਸ਼ੇਸ਼ ਗੁਣ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਪੰਜਾਬ ਦੀਆਂ ਮਹਾਨ ਹਸਤੀਆਂ ਦੇ ਜੀਵਨ ਦੇ ਹਰ ਪੱਖ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ। ਪੰਜਾਬ ਦੇ ਕੋਹੇਨੂਰਾਂ ਦਾ ਟ੍ਰੇਲਰ ਇੱਕ ਦਿਲਚਸਪ ਤੇ ਪੜ੍ਹਨਯੋਗ ਰਚਨਾ ਹੈ।
-ਮਾਸਟਰ ਬਲਜਿੰਦਰ ਸਿੰਘ ਰੱਤੀਪੁਰ, ਲੁਧਿਆਣਾ

ਸੰਕੀਰਣ ਸੋਚ ਦਾ ਪ੍ਰਗਟਾਵਾ

21 ਮਈ ਦੇ ‘ਅਦਬੀ ਸੰਗਤ’ ਵਿੱਚ ਸਰਵਣ ਸਿੰਘ ਦਾ ‘ਪੰਜਾਬ ਦੇ ਕੋਹੇਨੂਰਾਂ ਦਾ ਟ੍ਰੇਲਰ’ ਪੜ੍ਹਿਆ। ਇਸ ਲੇਖ ਵਿੱਚ ਪੰਜਾਬ ਦੇ ਸੱਤ ਮਹਾਨ ਸਪੂਤਾਂ ਦਾ ਜ਼ਿਕਰ ਹੈ। ਪਰ ਇਨ੍ਹਾਂ ਸੱਤਾਂ ਵਿੱਚੋਂ ਦੋ ਸ਼ਖ਼ਸੀਅਤਾਂ ਦੇ ਜ਼ਿਕਰ ਸਮੇਂ ਲੇਖਕ ਨੇ ਸੰਕੀਰਣ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਹ ਬਲਵੰਤ ਗਾਰਗੀ ਬਾਰੇ ਲਿਖਦਾ ਹੈ, ‘ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਹੌਰ ਵਿੱਚ ਹੋਇਆ, ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿੱਚ ਹੋਇਆ।’ ਲੇਖਕ ਨੇ ਜਾਤੀ-ਸੂਚਕ ਸ਼ਬਦ ਵਰਤ ਕੇ ਇੱਕ ਮਹਾਨ ਨਾਟਕਕਾਰ ਦੀ ਤੌਹੀਨ ਕੀਤੀ ਹੈ। ਲੇਖਕ ਨੇ ਬਲਵੰਤ ਗਾਰਗੀ ਦੀਆਂ ਉਪਲਬਧੀਆਂ ਦੀ ਬਜਾਏ ਕੇਵਲ ਉਸ ਦੇ ਇਸ਼ਕ-ਮੁਸ਼ਕ ਦਾ ਵਰਨਣ ਕੀਤਾ ਹੈ। ਲੇਖਕ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਠੀਕ ਰਹੇਗਾ ਕਿ ‘ਬਾਣੀਆ’ ਕੋਈ ਜਾਤੀ ਨਹੀਂ। ਹਰ ਵਣਜ ਕਰਨ ਵਾਲੇ ਭਾਵ ਵਪਾਰੀ ਬੰਦੇ ਲਈ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ, ‘ਬਾਣੀਆ’ ਸ਼ਬਦ ਵਰਤਿਆ ਜਾ ਸਕਦਾ ਹੈ। ਬਲਵੰਤ ਗਾਰਗੀ ਦੀ ਜਾਤੀ ‘ਅਗਰਵਾਲ’ ਸੀ ਨਾ ਕਿ ਬਾਣੀਆ।
-ਰਤਨ ਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)

ਪੰਜਾਬੀ ਕਹਾਣੀ ਨੂੰ ਸਦੀਵੀ ਯੋਗਦਾਨ

ਡਾ. ਭੀਮ ਇੰਦਰ ਸਿੰਘ ਨੇ 14 ਮਈ ਦੇ ‘ਅਦਬੀ ਸੰਗਤ’ ਪੰਨੇ ਉੱਤੇ ਸਦਾਬਹਾਰ ਕਹਾਣੀਕਾਰ ਮੋਹਨ ਭੰਡਾਰੀ ਦੇ ਜੀਵਨ ਅਤੇ ਰਚਨਾ ਸਬੰਧੀ ਕੁਝ ਗੁਣਾਤਮਕ ਗੱਲਾਂ-ਬਾਤਾਂ ਕੀਤੀਆਂ। ਮੋਹਨ ਭੰਡਾਰੀ ਨੇ ਅਤਿਆਧੁਨਿਕ ਸ਼ਹਿਰ ਚੰਡੀਗੜ੍ਹ ਰਹਿੰਦਿਆਂ ਵੀ ਕਿਸੇ ਮਾਸੂਮ ਪਿੰਡ ਵਰਗੇ ਬਿੰਬਾਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ। ਤਿਲ-ਚੌਲੀ ਤੋਂ ਮੂਨ ਦੀ ਅੱਖ ਤੱਕ ਦੇ ਕਥਾ ਸੰਗ੍ਰਹਿਆਂ ਵਿੱਚ ਉਨ੍ਹਾਂ ਨੇ ਕਈ ਸਮਾਜਿਕ ਲਹਿਰਾਂ ਨੂੰ ਬਹੁਤ ਸਹਿਜਤਾ ਨਾਲ ਆਪਣੀ ਰਚਨਾ ਖੇਤਰ ਵਿੱਚ ਬਿਆਨਿਆ। ਉਨ੍ਹਾਂ ਦੀ ਸਮੁੱਚੀ ਰਚਨਾ ਲੋਕਧਾਰਾਈ ਤੇ ਆਧੁਨਿਕ ਯਥਾਰਥ ਦਾ ਮਿਸ਼ਰਣ ਹੈ।
-ਕਾਤਿਬ ਜਗਤਾਰ, ਹਮੀਦੀ (ਬਰਨਾਲਾ)


Comments Off on ਡਾਕ ਐਤਵਾਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.