ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

Posted On March - 3 - 2017

ਮਨਮੋਹਨ ਸਿੰਘ ਬਾਸਰਕੇ

ਗੁਰਦੁਆਰਾ ਯਾਦਗਾਰ ਸ਼ਹੀਦ ਸ੍ਰੀ ਨਨਕਾਣਾ ਸਾਹਿਬ।

ਗੁਰਦੁਆਰਾ ਯਾਦਗਾਰ ਸ਼ਹੀਦ ਸ੍ਰੀ ਨਨਕਾਣਾ ਸਾਹਿਬ।

ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ਨਾਂ ਸੀਤਾਪੁਰ ਸੀ। ਇੱਥੋਂ ਦੇ ਮੀਆਂ ਲਾਲ ਸ਼ਾਹ ਸੂਫ਼ੀ ਫ਼ਕੀਰ ਦੀ ਇਲਾਕੇ ਵਿੱਚ ਬਹੁਤ ਪ੍ਰਸਿੱਧੀ ਸੀ। ਜਵਾਨੀ ਦੀ ਸ਼ੁਰੂਆਤ ਵਿੱਚ ਬਾਦਸ਼ਾਹ ਅਕਬਰ ਜਦੋਂ ਆਪਣੇ ਜਰਨੈਲਾਂ ਅਤੇ ਫ਼ੌਜ ਨਾਲ ਕਲਾਨੌਰ ਦੇ ਇਲਾਕੇ ਵੱਲ ਕਿਸੇ ਮੁਹਿੰਮ ’ਤੇ ਜਾ ਰਿਹਾ ਸੀ ਤਾਂ ਉਹ ਮੀਆਂ ਲਾਲ ਸ਼ਾਹ ਬਾਰੇ ਸੁਣ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਲਈ ਇਸ ਨਗਰ ਆਏ ਸਨ। ਉਸ ਮੁਹਿੰਮ ਵਿੱਚ ਬਾਦਸ਼ਾਹ ਨੂੰ ਫ਼ਤਹਿ ਹਾਸਲ ਹੋਣ ਦੇ ਨਾਲ-ਨਾਲ ਹਿੰਦੁਸਤਾਨ ਦੀ ਬਾਦਸ਼ਾਹੀ ਵੀ ਨਸੀਬ ਹੋ ਗਈ ਸੀ। ਦਿੱਲੀ ਵਾਪਸੀ ਸਮੇਂ ਉਹ ਮੀਆਂ ਜੀ ਦਾ ਸ਼ੁਕਰਾਨਾ ਕਰਨ ਮੁੜ ਇੱਥੇ ਆਏ ਸਨ ਤੇ ਜਿੱਤ ਹਾਸਲ ਹੋਣ ਕਰਕੇ ਪਿੰਡ ਦਾ ਨਾਂ ਫਤਿਹਪੁਰ ਰੱਖ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਅਕਬਰ ਦੇ ਪ੍ਰਭਾਵ ਅਧੀਨ ਹਿੰਦੂ ਰਾਜਪੂਤਾਂ ਨੇ ਇਸਲਾਮ ਧਾਰਨ ਕਰ ਲਿਆ ਸੀ।
ਆਜ਼ਾਦੀ ਤੋਂ ਪਹਿਲਾਂ ਇਹ ਪਿੰਡ ਨੇੜਲੇ ਕਈ ਪਿੰਡਾਂ ਦੀ  ਜ਼ੈਲ ਸੀ। ਜ਼ੈਲਦਾਰ ਦੀ ਪੱਕੀ ਹਵੇਲੀ ਅਜੇ ਵੀ ਕਾਇਮ ਹੈ। ਵਰਮਤਾਨ ਸਮੇਂ ਇਸ ਹਵੇਲੀ ਵਿੱਚ ਦਲਜੀਤ ਸਿੰਘ ਦੇ ਪਰਿਵਾਰ ਦੀ ਰਿਹਾਇਸ਼ ਹੈ। ਇਸ  ਹਵੇਲੀ ਦੇ ਮੁੱਖ ਦੁਆਰ ’ਤੇ ਉਰਦੂ-ਫਾਰਸੀ ਵਿੱਚ ਕੁਝ ਉੱਕਰਿਆ ਹੋਇਆ ਹੈ। ਜ਼ੈਲਦਾਰ ਦੀ ਹਵੇਲੀ ਤੋਂ ਤਬੇਲੇ ਨੂੰ ਜਾਂਦੀ ਗਲੀ ਵਿਸ਼ੇਸ਼ ਤਰ੍ਹਾਂ ਦੀਆਂ ਪੱਕੀਆਂ ਇੱਟਾਂ ਨਾਲ ਤਾਮੀਰ ਹੋਈ ਹੈ, ਜੋ ਅੱਜ ਵੀ ਉਸੇ ਹਾਲਤ ਵਿੱਚ ਮੌਜੂਦ ਹੈ। ਜ਼ੈਲਦਾਰ ਵੱਲੋਂ ਦੋਸ਼ੀਆਂ ਲਈ ਬਣਾਈ ਜੇਲ੍ਹ ਦੀ ਹਾਲਤ ਹੁਣ ਮਾੜੀ ਹੈ। ਜ਼ੈਲਦਾਰ ਜਿਹੜੇ ਉੱਚੇ ਟਿੱਬੇ ’ਤੇ ਆਪਣੀ ਅਦਾਲਤ ਲਾਉਂਦਾ ਸੀ, ਉਸ ਟਿੱਬੇ ਨੂੰ ਹੁਣ ਪੱਧਰਾ ਕਰ ਦਿੱਤਾ ਗਿਆ ਹੈ। ਭਾਰਤ-ਪਾਕਿ ਵੰਡ ਵੇਲੇ ਸਾਰੀ ਮੁਸਲਿਮ ਆਬਾਦੀ ਇੱਥੋਂ ਪਾਕਿਸਤਾਨ ਚਲੀ ਗਈ ਅਤੇ ਸਿੱਖ ਪਨਾਹਗੀਰਾਂ ਨੂੰ ਇੱਥੋਂ ਦੇ ਵਾਸੀ ਬਣਾ ਦਿੱਤਾ ਗਿਆ। ਪਾਕਿਸਤਾਨ ਦੇ ਨਿਜਾਮਪੁਰ ਪਿੰਡ ਤੋਂ ਆਏ ਵਸਨੀਕਾਂ ਨੇ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਕੇ ਮਿੱਟੀ ਵਿੱਚੋਂ ਸੋਨਾ ਪੈਦਾ ਕੀਤਾ। ਇਨ੍ਹਾਂ ਨੇ ਖੇਤੀਬਾੜੀ ਕਰਨ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਕੀਰਤੀਮਾਨ ਹਾਸਲ ਕੀਤੇ, ਜਿਸ ਸਦਕਾ ਇਸ ਪਿੰਡ ਦੇ ਸੈਂਕੜੇ ਵਸਨੀਕ ਅਫ਼ਸਰ, ਅਧਿਆਪਕ ਤੇ ਵੱਖ ਵੱਖ ਵਿਭਾਗਾਂ ਵਿੱਚ ਮੁਲਾਜ਼ਮ ਹਨ।
ਇਹ ਪਿੰਡ ਸਾਕਾ ਨੀਲਾ ਤਾਰਾ ਵੇਲੇ ਰੋਹ ਵਿੱਚ ਆਏ ਆਲੇ-ਦੁਆਲੇ ਦੇ 20 ਪਿੰਡਾਂ ਦਾ ਕੇਂਦਰ ਸੀ। 3 ਜੂਨ 1984 ਨੂੰ ਹਜ਼ਾਰਾਂ ਦੀ ਗਿਣਤੀ ਵਾਲਾ ਹਥਿਆਰਬੰਦ ਜਥਾ ਇੱਥੋਂ ਹਰਿਮੰਦਰ ਸਾਹਿਬ ਨੂੰ ਫ਼ੌਜ ਦੇ  ਕਹਿਰ ਤੋਂ ਬਚਾਉਣ ਲਈ ਬਾਬਾ ਟਹਿਲ ਸਿੰਘ ਜੀ ਦੀ ਅਗਵਾਈ ਵਿੱਚ ਰਵਾਨਾ ਹੋਇਆ ਸੀ। ਇਸ ਤੋਂ ਭੜਕੀ ਫ਼ੌਜ ਨੇ 5 ਜੂਨ 1984 ਨੂੰ ਪਿੰਡ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਇੱਕ ਸਿੰਘ ਸ਼ਹੀਦ ਹੋ ਗਿਆ ਤੇ 14 ਸਾਲਾਂ ਦੇ ਬਿਕਰਮਜੀਤ ਸਿੰਘ ਬਿੱਕੀ ਦੀ ਬਾਂਹ ਵਿੱਚ ਗੋਲੀ ਵੱਜੀ ਸੀ। 1921 ਵਿੱਚ ਜਦੋਂ ਇਸ ਪਿੰਡ ਦੇ ਵਾਸੀ ਪਾਕਿਸਤਾਨ ਦੇ ਪਿੰਡਾਂ ਨਿਜਾਮਪੁਰ ਦੇਵਾ ਸਿੰਘ ਵਾਲਾ, ਨਿਜਾਮਪੁਰ ਚੇਲਿਆਂ ਵਾਲਾ ਤੇ ਬੋਹੜੂ ਆਦਿ ਦੇ ਵਸਨੀਕ ਸਨ, ਉਦੋਂ ਇਨ੍ਹਾਂ ਪਿੰਡਾਂ ਦੇ 27 ਸਿੰਘ 21 ਫਰਵਰੀ 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁੰਡਿਆਂ ਹੱਥੋਂ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਸ਼ਹੀਦ ਭਾਈ ਚੰਦਾ, ਭਾਈ ਸੇਵਾ ਸਿੰਘ, ਭਾਈ ਟਹਿਲ ਸਿੰਘ, ਭਾਈ ਦਿਆਲ ਸਿੰਘ, ਭਾਈ ਮੂਲਾ ਸਿੰਘ, ਭਾਈ ਵਰਿਆਮ ਸਿੰਘ, ਭਾਈ ਕੇਸਰ ਸਿੰਘ ਤੇ ਭਾਈ ਦਲੀਪ ਸਿੰਘ ਦੀਆਂ ਤਸਵੀਰਾਂ ਯਾਦਗਾਰ ਗੁਰਦੁਆਰਾ ਸ੍ਰੀ  ਨਨਕਾਣਾ ਸਾਹਿਬ  ਵਿਖੇ ਸੁਸ਼ੋਭਿਤ ਹਨ। ਇਨ੍ਹਾਂ ਸ਼ਹੀਦਾਂ ਦੇ ਵਾਰਸ ਅੱਜ ਵੀ ਇਸ ਪਿੰਡ ਵਿੱਚ ਰਹਿੰਦੇ ਹਨ। ਸ਼ਹੀਦਾਂ ਦੀ ਯਾਦ ਵਿੱਚ ਕੁੱਟੀਆ ਬਾਵਾ ਚੇਤਨ ਦਾਸ (ਹੁਣ ਪਾਕਿਸਤਾਨ) ਵਿਖੇ ਗੁਰੂ ਨਾਨਕ ਖ਼ਾਲਸਾ ਸ਼ਹੀਦੀ ਹਾਈ ਸਕੂਲ ਸਥਾਪਿਤ ਕੀਤਾ ਗਿਆ ਸੀ। ਵੰਡ ਪਿੱਛੋਂ ਸਕੂਲ ਦੀ ਪ੍ਰਬੰਧਕ ਕਮੇਟੀ ਇੱਥੋਂ ਦੀ ਵਸਨੀਕ ਬਣ ਗਈ ਤੇ ਸਕੂਲ ਦੀ ਸਥਾਪਨਾ ਵੀ ਇਸ ਪਿੰਡ ਵਿੱਚ ਕਰ ਦਿੱਤੀ ਗਈ। ਹੁਣ ਇਹ ਸਕੂਲ ਬਾਰ੍ਹਵੀਂ ਸ਼੍ਰੇਣੀ ਤੱਕ ਹੈ।
ਪਿੰਡ ਦੀਆਂ ਉਘੀਆਂ ਸ਼ਖ਼ਸੀਅਤਾਂ ਵਿੱਚ ਡੀਐੱਸਪੀ ਵਿਸ਼ਾਲਦੀਪ ਸਿੰਘ, ਜ਼ਿਲ੍ਹਾ ਅਟਾਰਨੀ ਬਲਦੇਵ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਮਰਦੀਪ ਸਿੰਘ, ਸਕਿਨ-ਸਪੈਸ਼ਲਿਸਟ ਗਗਨਦੀਪ ਸਿੰਘ, ਡਾ. ਕੰਵਰਸਾਊ ਸਿੰਘ, ਡਾ. ਸਮਰਾਟਬੀਰ ਸਿੰਘ, ਐਕਸੀਅਨ ਬਲਜੀਤ ਸਿੰਘ ਜੰਮੂ, ਪ੍ਰਿੰਸੀਪਲ ਕਲਵੰਤ ਸਿੰਘ ਅਣਖੀ (ਪ੍ਰਧਾਨ ਅੰਮ੍ਰਿਤਸਰ ਵਿਕਾਸ ਮੰਚ), ਡਾ. ਰੋਮਿੰਦਰ ਕੌਰ, ਲਵਲੀਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਹੈੱਡ ਟੀਚਰ ਹਰਦੀਪ ਸਿੰਘ, ਡਾ. ਰਣਬੀਰ ਸਿੰਘ ਤੇ ਡਾ. ਇਕਬਾਲ ਸਿੰਘ ਧੰਜੂ ਸ਼ਾਮਲ ਹਨ। ਇਸ ਪਿੰਡ ਦੇ ਕੁਲਬੀਰ ਸਿੰਘ ਧੰਜੂ, ਡਾ. ਬਲਜਿੰਦਰ ਸਿੰਘ ਧੰਜੂ ਤੇ ਬਿਕਰਮਜੀਤ ਸਿੰਘ ਬਿੱਕੀ ਆਦਿ ਪਾੜ੍ਹਿਆਂ ਨੇ ਕੈਨੇਡਾ ਵਿੱਚ ਸਫ਼ਲਤਾ ਦੇ ਝੰਡੇ ਗੱਡੇ ਹਨ। ਪਿੰਡ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰ ਨੇ ਪੰਜਾਬੀ ਸਾਹਿਤ ਦੀ ਝੋਲੀ 31 ਪੁਸਤਕਾਂ ਪਾਈਆਂ ਹਨ। ਇਨ੍ਹਾਂ ਵਿੱਚ 7 ਨਾਵਲ, 15 ਨਿਬੰਧ ਪੁਸਤਕਾਂ, 7 ਰੇਖਾ ਚਿਤਰ ਤੇ ਕਾਵਿ ਸੰਗ੍ਰਹਿ ਸ਼ਾਮਲ ਹਨ। ਸਾਹਿਤਕ ਹਲਕਿਆਂ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦਾ ਨਾਮ ਮਸ਼ਹੂਰ ਹੈ, ਉਹ ਵੀ ਇਸੇ ਪਿੰਡ ਦੇ ਹਨ। ਉਹ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਹਨ।
ਇਸ ਪਿੰਡ ਵਿੱਚ ਪਸ਼ੂਆਂ ਦਾ ਹਸਪਤਾਲ, ਡਾਕਖਾਨਾ, ਬੈਂਕ, ਸਰਕਾਰੀ ਤੇ ਪ੍ਰਾਈਵੇਟ ਸਕੂਲ, ਇੰਜਨੀਅਰਿੰਗ ਕਾਲਜ, ਵਾਟਰ ਵਰਕਸ ਤੇ ਸੇਵਾ ਕੇਂਦਰ ਆਦਿ ਸਹੂਲਤਾਂ ਹਨ। ਪਿੰਡ ਦੀ ਮੁੱਖ ਲੋੜ ਸੀਵਰੇਜ ਪ੍ਰਣਾਲੀ ਦੀ ਹੈ। ਪਿੰਡ ਦੇ ਸਰਪੰਚ ਤਰਸੇਮ ਸਿੰਘ ਹਨ, ਜੋ ਵਿਕਾਸ ਕਾਰਜਾਂ ਲਈ ਯਤਨਸ਼ੀਲ ਹਨ।

ਸੰਪਰਕ: 99147-16616


Comments Off on ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.