ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

Posted On January - 6 - 2017

ਸੰਦੀਪ ਸਿੰਘ ਸਰਾਂ

ਪਿੰਡ ਦਾ ਗੁਰਦੁਆਰਾ

ਪਿੰਡ ਦਾ ਗੁਰਦੁਆਰਾ

ਮੁਕਤਸਰ ਸਾਹਿਬ-ਗਿਦੜਬਾਹਾ ਰੋਡ ’ਤੇ ਸਥਿਤ ਪਿੰਡ ਸੋਥਾ ਜ਼ਿਲ੍ਹਾ ਮੁਕਤਸਰ ਦਾ ਮਸ਼ਹੂਰ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਸਦਰ ਦਫ਼ਤਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿੰਡ ਦੇ ਚੜ੍ਹਦੇ ਪਾਸਿਓਂ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਦਾ ਜੋੜਾ ਕਰੀਬ ਇੱਕ ਕਿਲੋਮੀਟਰ ਦੀ ਵਿੱਥ ਤੋਂ ਲੰਘਦਾ ਹੈ। ਪਿੰਡ ਦੇ ਖੱਬੇ ਪਾਸੇ ਸਰਹਿੰਦ ਫੀਡਰ ’ਚੋਂ ਨਿਕਲਦੀ ਅਬੋਹਰ ਬ੍ਰਾਂਚ ਅਤੇ ਅਬੋਹਰ ਬ੍ਰਾਂਚ ’ਚੋਂ ਨਿਕਲਦਾ ਅਰਨੀਵਾਲਾ ਰਜਬਾਹਾ ਬਾਹਰੋਂ ਆਏ ਰਾਹੀਆਂ ਦਾ ਸਵਾਗਤ ਕਰਦੇ ਹਨ। ਪਿੰਡ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਗਿਦੜਬਾਹਾ ਵਾਲੇ ਪਾਸੇ ਤੋਂ  ਸਰਹਿੰਦ ਫੀਡਰ ਵਿੱਚੋਂ ਇੱਕ ਕੱਸੀ ਨਿਕਲਦੀ ਹੈ।
ਬਜ਼ੁਰਗਾਂ ਦੇ ਦੱਸਣ ਅਨੁਸਾਰ ਇੱਥੋਂ ਦੇ ਲੋਕ ਮੂਲ ਰੂਪ ਵਿੱਚ ਨੇੜਲੇ ਪਿੰਡ ਦੋਦਾ  ਦੇ ਵਾਸੀ ਹਨ। ਪਹਿਲਾਂ ਇੱਥੇ ਵਾਂਦਰ ਗੋਤ ਦੇ ਲੋਕ ਰਹਿੰਦੇ ਸਨ। ਕਿਸੇ ਗੱਲੋਂ ਉਨ੍ਹਾਂ ਦੀ ਦੋਦਾ ਪਿੰਡ ਦੇ ਬਰਾੜ ਗੋਤੀਆਂ ਨਾਲ ਲੜਾਈ ਹੋ ਗਈ ਜਿਸ ਵਿੱਚ ਬਰਾੜਾਂ ਦਾ ਇੱਕ ਵਡੇਰਾ ਵੀ ਮਾਰਿਆ ਗਿਆ। ਇਹ ਝਗੜਾ ਫ਼ਰੀਦਕੋਟ ਦੇ ਰਾਜੇ ਦੀ ਕਚਹਿਰੀ ਪੁੱਜਾ ਤਾਂ ਰਾਜਾ ਵੀ ਬਰਾੜ ਭਾਈਚਾਰੇ ਵਿੱਚੋਂ ਹੋਣ ਕਾਰਨ ਉਸ ਲਈ ਧਰਮ ਸੰਕਟ ਪੈ ਗਿਆ। ਉਸ ਨੇ ਲੜਾਈ ਨੂੰ ਪੱਕੇ ਤੌਰ ’ਤੇ ਨਿਬੇੜਨ ਲਈ ਵਾਂਦਰਾਂ ਨੂੰ ਅਬੋਹਰ-ਫ਼ਾਜ਼ਿਲਕਾ ਨੇੜਲਾ ਇਲਾਕਾ ਦੇ ਦਿੱਤਾ ਅਤੇ ਇਹ ਜਗ੍ਹਾ ਬਰਾੜਾਂ ਨੂੰ ਦੇ ਦਿੱਤੀ। ਬਰਾੜਾਂ ਨੇ ਉਸੇ ਦਿਨ ਹੀ ਕਚਹਿਰੀ ਤੋਂ ਵਾਪਸ ਆ ਕੇ ਸ਼ਾਮ ਨੂੰ ਪਿੰਡ ਦੀ ਮੋੜ੍ਹੀ ਗੱਡ ਦਿੱਤੀ। ਮੋੜ੍ਹੀ ਸੋਤੇ ਵੇਲੇ (ਸ਼ਾਮ ਨੂੰ) ਗੱਡਣ ਕਾਰਨ ਪਿੰਡ ਨੂੰ ਸੋਤਾ ਕਿਹਾ ਜਾਣ ਲੱਗਾ ਜੋ ਹੌਲੀ ਹੌਲੀ ਵਿਗੜ ਕੇ ਸੋਥਾ ਬਣ ਗਿਆ।
ਮੂਲ ਰੂਪ ਵਿੱਚ ਸੋਥਾ ਬਰਾੜ ਗੋਤੀਆਂ ਦਾ ਪਿੰਡ ਹੈ। ਇਨ੍ਹਾਂ ਦੀ ਪਿੰਡ ਵਿੱਚ ਇੱਕ ਵੱਡੀ ਪੱਤੀ, ਪੱਤੀ ਮੰਨੇਕੀ ਹੈ। ਇਸ ਤੋਂ ਇਲਾਵਾ ਸੰਧੂ, ਵਹਿਣੀਵਾਲ, ਢਿੱਲੋਂ, ਗਿੱਲ, ਵਾਲੀਆ ਅਤੇ ਧਨੋਆ ਗੋਤ ਨਾਲ ਸਬੰਧਿਤ ਪਰਿਵਾਰ ਵੀ ਕਾਫ਼ੀ ਗਿਣਤੀ ਵਿੱਚ ਹਨ। ਪਿੰਡ ਦੀ ਕੁੱਲ ਆਬਾਦੀ ਦਾ ਲਗਪਗ ਇੱਕ ਤਿਹਾਈ ਹਿੱਸਾ ਪਿੰਡੋਂ ਬਾਹਰੋ-ਬਾਹਰ ਰਹਿੰਦਾ ਹੈ। ਇਸ ਦੇ ਗਿੱਦੜ੍ਹਬਾਹਾ ਪਾਸੇ ਵਾਲੇ ਬਾਹਰਲੇ ਹਿੱਸੇ ਨੂੰ ‘ਚੰਡੀਗੜ੍ਹ’ ਵੀ ਕਿਹਾ ਜਾਂਦਾ ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ, ਇੱਕ ਸੀਨੀਅਰ ਸੈਕੰਡਰੀ ਸਕੂਲ, ਸਹਿਕਾਰੀ ਸਭਾ, ਮੁੱਢਲਾ ਸਿਹਤ ਕੇਂਦਰ, ਸਿਵਿਲ ਪਸ਼ੂ ਡਿਸਪੈਂਸਰੀ, ਵੇਰਕਾ ਡੇਅਰੀ ਕੇਂਦਰ, ਜਲ ਸਪਲਾਈ ਕੇਂਦਰ, ਆਰ.ਓ. ਪਲਾਂਟ, ਪੰਚਾਇਤ ਘਰ, ਅਨਾਜ ਮੰਡੀ, ਡਾਕ ਘਰ ਅਤੇ ਨਵੇਂ ਬਣੇ ਸੁਵਿਧਾ ਕੇਂਦਰ ਸਮੇਤ ਕਰੀਬ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ। ਪਿੰਡ ਦੀਆਂ ਸਾਰੀਆਂ ਗਲੀਆਂ-ਨਾਲੀਆਂ ਪੱਕੀਆਂ ਬਣੀਆਂ ਹੋਈਆਂ ਹਨ।
ਪਿੰਡ ਚਾਰ-ਚੁਫੇਰੇ ਤੋਂ ਲਿੰਕ ਸੜਕਾਂ ਦੁਆਰਾ ਗੁਆਂਢੀ ਪਿੰਡਾਂ ਨਾਲ ਜੁੜਿਆ ਹੋਇਆ ਹੈ। ਪਿੰਡ ਵਿੱਚ ਹਰ ਦਿਸ਼ਾ ਤੋਂ ਦਾਖ਼ਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਬੋਹੜ ਦੇ ਦਰੱਖਤਾਂ ਦੇ ਦਰਸ਼ਨ ਹੁੰਦੇ ਹਨ। ਪਿੰਡ ਦੀ ਕਰੀਬ ਹਰ ਸਾਂਝੀ ਜਗ੍ਹਾ ’ਤੇ ਬੋਹੜ ਦਾ ਦਰੱਖਤ ਲੱਗਿਆ ਹੋਇਆ ਹੈ। ਪਿੰਡ ਬਾਰੇ ਇਹ ਗੱੱਲ ਵੀ ਪ੍ਰਚੱਲਤ ਹੈ ਕਿ ਇੱਥੋਂ ਦਾ ਸ਼ਾਇਦ ਹੀ ਕੋਈ ਅਜਿਹਾ ਵਸਨੀਕ ਹੋਵੇ ਜਿਸ ਨੂੰ ਤੈਰਨਾ ਨਾ ਆਉਂਦਾ ਹੋਵੇ।
ਧਾਰਮਿਕ ਅਤੇ ਸਮਾਜਿਕ ਸਹਿਣਸ਼ੀਲਤਾ ਦੇ ਪੱਖ ਤੋਂ ਪਿੰਡ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇੱਥੇ ਇੱਕ ਹੀ ਗੁਰਦੁਆਰਾ ਹੈ। ਪਿੰਡ ਵਿੱਚ ਸਭ ਭਾਈਚਾਰਿਆਂ ਲਈ ਇੱਕ ਹੀ ਸ਼ਮਸ਼ਾਨਘਾਟ ਹੈ। ਇੱਕ ਇਸ ਤੋਂ ਇਲਾਵਾ ਪਿੰਡੋਂ ਬਾਹਰ ਸਥਿਤ ਡੇਰਾ ਬਾਬਾ ਧਿਆਨ ਦਾਸ ਅਤੇ ਡੇਰਾ ਸੰਤ ਬਾਬਾ ਮੋਨੀ ਪ੍ਰਤੀ ਵੀ ਪਿੰਡ ਵਾਸੀ ਅਥਾਹ ਸ਼ਰਧਾ ਰੱਖਦੇ ਹਨ। 9 ਵਾਰਡਾਂ ਵਾਲੇ ਇਸ ਪਿੰਡ ਦੀ ਵੋਟ 2600 ਦੇ ਕਰੀਬ ਹੈ। ਇਹ ਪਿੰਡ ਨਵੀਂ ਹਲਕਾ ਬੰਦੀ ਸਮੇਂ ਵਿਧਾਨ ਸਭਾ ਹਲਕਾ ਮਲੋਟ (ਰਿਜ਼ਰਵ) ਵਿੱਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਇਸ ਸਮੇਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦਾ ਹਿੱਸਾ ਹੈ। ਇਹ ਪਿੰਡ ਮੁੱਢੋਂ ਹੀ ਸਿਆਸੀ ਤੌਰ ’ਤੇ ਜਾਗਰੂਕ ਅਤੇ ਸਿਆਸਤ ਦਾ ਗੜ੍ਹ ਰਿਹਾ ਹੈ। ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਡੀਐੱਸਪੀ ਪੰਜਾਬ ਪੁਲੀਸ ਦਰਸ਼ਨ ਸਿੰਘ, ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲੀਸ ਰਣਜੀਤ ਸਿੰਘ ਸੋਥਾ, ਸੇਵਾਮੁਕਤ ਜ਼ਿਲ੍ਹੇਦਾਰ ਮੱਘਰ ਸਿੰਘ ਬਰਾੜ, ਸੇਵਾਮੁਕਤ ਐੱਸਡੀਓ ਸਿੰਜਾਈ ਵਿਭਾਗ ਚੰਦ ਸਿੰਘ, ਕਬੱਡੀ ਕੋਚ ਪ੍ਰਿਥੀ ਸਿੰਘ ਕੈਨੇਡਾ, ਜਨਰਲ ਸਕੱਤਰ ਪੰਜਾਬ ਕਾਂਗਰਸ ਹਰਚਰਨ ਸਿੰਘ ਬਰਾੜ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਕੀਲ ਬਲਤੇਜ ਸਿੰਘ ਬਰਾੜ ਦੇ ਨਾਮ ਵਰਣਨਯੋਗ ਹਨ।
ਪਿੰਡ ਵਿੱਚ ਖੇਡ ਗਤੀਵਿਧੀਆਂ ਲਈ ਗੁਰੂੁ ਤੇਗ ਬਹਾਦਰ ਸਪੋਰਟਸ ਕਲੱਬ ਬਣਿਆ ਹੋਇਆ ਹੈ। ਇਸ ਕਲੱਬ  ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅਗਾਂਹਵਧੂ ਨੌਜਵਾਨਾਂ ਦੁਆਰਾ ਗਠਿਤ ਸੋਥਾ ਵੈਲਫੇਅਰ ਸੋਸਾਇਟੀ ਨਾਂ ਦੀ ਸੰਸਥਾ ਸਮਾਜ ਭਲਾਈ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਹੀ ਹੈ। ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਪੜ੍ਹੇ-ਲਿਖੇ ਹਨ। ਪਿੰਡ ਵਾਸੀਆਂ ਦਾ ਲੜਕੀਆਂ ਨੂੰ ਸਿੱਖਿਅਤ ਕਰਵਾਉਣ ਦਾ ਵਿਸ਼ੇਸ਼ ਰੁਝਾਨ ਹੈ। ਇਸ ਪਿੰਡ ਦਾ ਸਮੁੱਚਾ ਵਪਾਰਕ ਆਦਾਨ-ਪ੍ਰਦਾਨ ਮੁਕਤਸਰ ਸ਼ਹਿਰ ਨਾਲ ਜੁੜਿਆ ਹੋਇਆ ਹੈ ਤੇ ਛੋਟੀ ਖ਼ਰੀਦਦਾਰੀ ਨੇੜੇ ਪੈਂਦੇ ਕਸਬਾਨੁਮਾ ਪਿੰਡ ਰੁਪਾਣਾ ਤਕ ਪਹੁੰਚ ਕੀਤੀ ਜਾਂਦੀ ਹੈ।
ਪਿੰਡ ਦੀਆਂ ਸਮੱਸਿਆਵਾਂ ਵਿੱਚ ਪਿੰਡ ਦੇ 250 ਏਕੜ ਦੇ ਕਰੀਬ ਰਕਬੇ ਨੂੰ ਬਾਰਸ਼ਾਂ ਸਮੇਂ ਡਰੇਨ ਦੇ ਓਵਰ ਫਲੋਅ ਕਾਰਨ ਮਾਰ ਪੈਂਦੀ, ਇਸ ਤੋਂ ਇਲਾਵਾ ਸਿਵਿਲ ਪਸ਼ੂ ਡਿਸਪੈਂਸਰੀ ਤੇ ਸਿਹਤ ਕੇਂਦਰ ਦੀਆਂ ਇਮਾਰਤਾਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਅਨਾਜ ਮੰਡੀ ਸਮੇਤ ਦੋਦਾ ਸਬ-ਤਹਿਸੀਲ ਅਤੇ ਇਸ ਇਲਾਕੇ ਨੂੰ ਮੁਕਤਸਰ-ਬਠਿੰਡਾ ਜੀ.ਟੀ. ਰੋਡ ਨਾਲ ਜੋੜਦੀ ਲਿੰਕ ਸੜਕ ਬੇਹੱਦ ਤੰਗ ਹੈ। ਇਸ ਸਬੰਧੀ ਲੋਕਾਂ ਦੀ ਮੰਗ ਹੈ ਕਿ ਦਰਪੇਸ਼ ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇ।


Comments Off on ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.