ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸਰਦਾਰਾਂ ਦਾ ਪਿੰਡ ਹਰਨਾਮ ਸਿੰਘ ਵਾਲਾ

Posted On October - 15 - 2016

ਹਰਭਜਨ ਸਿੰਘ ਸੇਲਬਰਾਹ

11410cd _Harnam Singh wala 1ਹਰਨਾਮ ਸਿੰਘ ਵਾਲਾ, ਰਾਮਪੁਰਾ ਫੂਲ ਤੋਂ ਲਗਪਗ 12 ਕਿਲੋਮੀਟਰ ਉੱਤਰ ਵੱਲ ਰਾਮਪੁਰਾ-ਸਲਾਬਤਪੁਰਾ ਮੇਨ ਰੋਡ ਤੋਂ ਥੋੜ੍ਹਾ ਹਟਵਾਂ ਵਸਿਆ ਹੋਇਆ ਹੈ। ਇਲਾਕੇ ਵਿੱਚ ਇਸ ਪਿੰਡ ਨੂੰ ਸਰਦਾਰਾਂ ਦਾ ਪਿੰਡ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡ ਵਿਚਲੀਆਂ ਵੱਡੀਆਂ ਵੱਡੀਆਂ ਕੋਠੀਆਂ ਅਤੇ ਆਲੀਸ਼ਾਨ ਘਰ ਦੂਰੋਂ ਹੀ ਦਿਖਾਈ ਦਿੰਦੇ ਹਨ। ਇਤਿਹਾਸਕ ਜਾਣਕਾਰੀ ਮੁਤਾਬਿਕ ਇਹ ਪਿੰਡ ਹਰਨਾਮ ਸਿੰਘ ਦੇ ਨਾਂ ’ਤੇ ਬੱਝਿਆ ਸੀ। ਉਹ ਮੌੜ ਢਿੱਲਵਾਂ ਤੋਂ ਆਏ ਸਨ। ਇਹ ਗੱਲ 1870 ਦੇ ਕਰੀਬ ਦੀ ਹੈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ ਨਾਭੇ ਵਾਲੀ ਰਾਣੀ ਮਾਤਾ ਚੰਦ ਕੌਰ ਹਰਨਾਮ ਸਿੰਘ ਦੀ ਭੂਆ ਲੱਗਦੀ ਸੀ। ਇੱਥੇ ਹੀ ਹਰਨਾਮ ਸਿੰਘ ਮੰਡੀ ਅਫ਼ਸਰ ਸਨ। ਉਸ ਸਮੇਂ ਰੇਲਵੇ ਲਾਈਨਾਂ ਵਿਛਾਉਣ ਕਰਕੇ ਮੰਡੀਆਂ ਵਸਾਉਣ ਦਾ ਕੰਮ ਚੱਲ ਰਿਹਾ ਸੀ। ਮੰਡੀ ਫੂਲ ਰੇਲਵੇ ਸਟੇਸ਼ਨ ਬਣਨ ਕਰਕੇ ਰਾਮਪੁਰਾ ਫੂਲ ਸ਼ਹਿਰ (ਜਿਸ ਨੂੰ ਕਿ ਉਸ ਸਮੇਂ ਮੰਡੀ ਫੂਲ ਕਿਹਾ ਜਾਂਦਾ ਸੀ) ਵੀ ਵਸਾਇਆ ਜਾ ਰਿਹਾ ਸੀ ਪਰ ਇੱਕ ਪ੍ਰਸਿੱਧ ਡਾਕੂ ਟਿੱਡੂ, ਜੋ ਕਿ ਲਹਿਰਾ ਧੂਰਕੋਟ ਦਾ ਵਾਸ ਸੀ, ਇਸ ਸ਼ਹਿਰ ਵਸਣ ਨਹੀਂ ਸੀ ਦਿੰਦਾ। ਉਹ ਵਾਰ ਵਾਰ ਲੋਕਾਂ ਲੁੱਟ ਕੇ ਲੈ ਜਾਂਦਾ ਸੀ। ਇਸ ਲਈ ਡਾਕੂ ਦੀ ਲੁੱਟ ਤੋਂ ਰਾਹਤ ਦਿਵਾਉਣ ਲਈ ਹਰਨਾਮ ਸਿੰਘ ਦੀ ਡਿਊਟੀ ਇੱਥੇ ਲਗਾਈ ਗਈ ਸੀ। ਉਸ ਨੇ ਕੁਝ ਹੀ ਦਿਨਾਂ ਵਿੱਚ ਟਿੱਡੂ ਦੀ ਲੁੱਟ ਦਾ ਖ਼ਾਤਮਾ ਕਰ ਦਿੱੱਤਾ। ਇਸ ਦੇ ਬਦਲੇ ਵਿੱਚ ਹੀ ਹਰਨਾਮ ਸਿੰਘ ਨੂੰ ਪਿੰਡ ਬੰਨਣ ਦੀ ਇਜਾਜ਼ਤ ਮਿਲੀ ਸੀ ਅਤੇ ਰਾਮਪੁਰਾ ਫੂਲ ਦੇ ਚੌਕ ਵਿੱਚ ਉਸ ਨੂੰ ਕੁਝ ਦੁਕਾਨਾਂ ਵੀ ਦਿੱਤੀਆਂ ਗਈਆਂ ਸਨ। ਉਸ ਦੀ ਇੱਕ ਭੂਆ ਫ਼ਰੀਦਕੋਟ ਦੇ ਮਹਾਰਾਜਾ ਬਲਵੀਰ ਸਿੰਘ ਨੂੰ, ਦੂਜੀ ਭਦੌੜ ਦੇ ਰਾਜਾ ਰਾਮ ਪ੍ਰਤਾਪ ਸਿੰਘ ਨਾਲ ਅਤੇ ਭਤੀਜੀ ਜੀਂਦ ਦੇ ਰਾਜੇ ਨੂੰ ਵਿਆਹੀ ਹੋਈ ਸੀ। ਹਰਨਾਮ ਸਿੰਘ ਮੰਡੀ ਅਫ਼ਸਰ ਦੇ ਤੌਰ ’ਤੇ ਕੰਮ ਕਰਦੇ ਸਨ, ਜੋ ਕਿ ਉਸ ਸਮੇਂ ਕਾਫ਼ੀ ਵੱਡੀ ਪੋਸਟ ਗਿਣੀ ਜਾਂਦੀ ਸੀ। ਉਹ 120 ਰੁਪਏ ਤਕ ਜ਼ੁਰਮਾਨਾ ਅਤੇ 3 ਮਹੀਨੇ ਦੀ ਸਜ਼ਾ ਕਰ ਸਕਦੇ ਸੀ। ਕਚਹਿਰੀ ਵਿੱਚ ਉਸ ਦੀ ਕੁਰਸੀ ਰਾਖਵੀਂ ਹੁੰਦੀ ਸੀ।
ਸਰਦਾਰਾਂ ਦਾ ਪਿੰਡ ਹੋਣ ਕਰਕੇ ਇਸ ਪਿੰਡ ਦੇ ਜ਼ਿਆਦਤਰ ਲੋਕ ਪੜ੍ਹੇ-ਲਿਖੇ, ਅਗਾਂਹਵਧੂ ਅਤੇ ਚੰਗੇ ਅਹੁਦਿਆਂ ’ਤੇ ਲੱਗੇ ਹੋਏ ਹਨ। ਪਿੰਡ ਦਾ ਰਕਬਾ 1600 ਏਕੜ ਦੇ ਕਰੀਬ ਹੈ। ਸਾਰੀ ਜ਼ਮੀਨ ਬੜੀ ਜ਼ਰਖ਼ੇਜ਼ ਹੈ। ਇਹ ਪਿੰਡ ਆਲੂਆਂ  ਦੀ ਖੇਤੀ ਲਈ ਵੀ ਪ੍ਰਸਿੱਧ ਹੈ। ਸਰਕਾਰੀ ਆਲੂ ਫਾਰਮ ਦਾ ਵੀ ਪਿੰਡ ਵਾਸੀਆਂ ਦਾ ਇਸ ਖੇਤੀ ਵੱਲ ਰੁਝਾਨ ਵਿਕਸਿਤ ਕਰਨ ਵਿੱਚ ਕਾਫ਼ੀ ਯੋਗਦਾਨ ਰਿਹਾ ਹੈ। ਇਸ ਤੋਂ ਆਲੂਆਂ ਦੀ ਖੇਤੀ ਕਰਨ ਵਾਲਿਆਂ ਨੂੰ ਵਧੀਆ ਬੀਜ ਅਤੇ ਨਵੀਂ ਕਿਸਮ ਮਿਲ ਜਾਂਦੀ ਸੀ। ਆਲੂਆਂ ਦੀ ਵੱਡੇ ਪੱਧਰ ’ਤੇ ਖੇਤੀ ਹੋਣ ਕਰਕੇ ਹੀ ਪਿੰਡ ਵਿੱਚ ਕੋਲਡ ਸਟੋਰ ਹੈ। ਪਿੰਡ ਵਿੱਚ ਵਾਟਰ ਵਰਕਸ ਦਾ ਪ੍ਰਬੰਧ ਤਾਂ ਹੈ ਪਰ ਇਸ ਦਾ ਪਾਣੀ ਮਿਆਰੀ ਨਾ ਹੋਣ ਕਰਕੇ ਪਿੰਡ ਵਾਸੀ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਪਿੰਡ ਵਿੱਚ ਆਰ.ਓ. ਸਿਸਟਮ ਲੱਗਿਆ ਹੋਇਆ ਹੈ ਪਰ ਉਹ ਕੰਮ ਨਹੀਂ ਕਰ ਰਿਹਾ। ਪਸ਼ੂ ਡਿਸਪੈਂਸਰੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ। ਪਿੰਡ ਵਿੱਚ ਦੋ ਆਂਗਣਵਾੜੀ ਸੈਂਟਰ ਚੱਲ ਰਹੇ ਹਨ। ਪਿੰਡ ਛੋਟਾ ਹੋਣ ਕਰਕੇ ਪਾਣੀ ਦੀ ਨਿਕਾਸੀ ਠੀਕ ਹੈ ਜਿਸ ਕਰਕੇ ਮੀਹਾਂ ਦੀ ਰੁੱਤ ਵਿੱਚ ਪਿੰਡ ਵਾਸੀਆਂ ਨੂੰ ਬਹੁਤੀ ਸਮੱਸਿਆ ਨਹੀਂ ਆਉਂਦੀ। ਸਹੂਲਤ ਲਈ ਪਿੰਡ ਵਿੱਚ ਇੱਕ ਪੈਟਰੋਲ ਪੰਪ ਵੀ ਹੈ।
2011 ਦੀ ਮਰਦਮਸ਼ੁਮਾਰੀ ਮੁਤਾਬਿਕ 268 ਪਰਿਵਾਰਾਂ ਵਾਲੇ ਇਸ ਪਿੰਡ ਦੀ ਆਬਾਦੀ 1321 ਹੈ। ਇਸ ਵਿੱਚ 704 ਮਰਦ ਅਤੇ 617 ਔਰਤਾਂ ਹਨ। ਪਿੰਡ ਵਿੱਚ ਆਮ ਸ਼੍ਰੇਣੀਆਂ ਨਾਲੋਂ ਪਛੜੀਆਂ ਸ਼੍ਰੇਣੀ ਦੀ ਗਿਣਤੀ ਕਾਫ਼ੀ ਵੱਧ ਹੈ। ਪਛੜੀਆਂ ਸ਼੍ਰੇਣੀਆਂ ਦੀ ਕੁੱਲ ਗਿਣਤੀ 1135 ਹੈ ਜਿਨ੍ਹਾਂ ਵਿੱਚੋਂ 597 ਮਰਦ ਅਤੇ 538 ਔਰਤਾਂ ਹਨ। ਪਿੰਡ ਵਿੱਚ ਲਗਪਗ 85 ਫ਼ੀਸਦੀ ਲੋਕ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ। ਪਿੰਡ ਵਿੱਚ ਬਾਜ਼ੀਗਰਾਂ ਦੇ ਕਾਫ਼ੀ ਪਰਿਵਾਰ ਹਨ। ਪਿੰਡ ਦੀ ਸਾਖ਼ਰਤਾ ਦਰ 51.98 ਫ਼ੀਸਦੀ ਹੈ, ਜੋ ਕਿ ਆਮ ਨਾਲੋਂ ਘੱਟ ਹੈ। ਪਿੰਡ ਦਾ ਪ੍ਰਾਇਮਰੀ ਸਕੂਲ 1959 ਵਿੱਚ ਬਣਿਆ ਸੀ ਜਦੋਂਕਿ ਮਿਡਲ 1994 ਵਿੱਚ ਬਣਿਆ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤੀ ਨਹੀਂ ਹੈ। ਉਚੇਰੀ ਪੜ੍ਹਾਈ ਲਈ ਬੱਚਿਆਂ ਨੂੰ ਬਾਹਰ ਦੇ ਸਕੂਲਾਂ ਵਿੱਚ ਜਾਣਾ ਪੈਂਦਾ ਹੈ।
ਪਿੰਡ ਦੇ ਪਹਿਲੇ ਸਰਪੰਚ ਕਰਮ ਸਿੰਘ ਢਿੱਲੋਂ ਕਾਫ਼ੀ ਲੰਬਾ ਸਮੇਂ ਪਿੰਡ ਦੇ ਸਰਪੰਚ ਰਹਿਣ ਦੇ ਨਾਲ ਨਾਲ ਮਿਲਕ ਪਲਾਂਟ ਦੇ ਚੇਅਰਮੈਨ ਵੀ ਰਹੇ। ਇਸ ਤੋਂ ਇਲਾਵਾ ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਬਖਤੌਰ ਸਿੰਘ ਬ੍ਰਿਗੇਡੀਅਰ, ਗੁਰਦਿਆਲ ਸਿੰਘ ਢਿੱਲੋਂ ਸਾਬਕਾ ਆਈ.ਜੀ. ਪੁਲੀਸ ਪਟਿਆਲਾ ਅਤੇ ਇੰਦਰ ਪ੍ਰਤਾਪ ਸਿੰਘ ਟੋਰਾਂਟੋ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰਨ ਉਪਰੰਤ ਅਰਨੈਸਟ ਐਂਡ ਯੰਗਜ਼ ਕੰਪਨੀ ਵਿੱਚ ਸੀਨੀਅਰ ਕੰਸਲਟੈਂਟ ਹੈ,      ਸ਼ਾਮਿਲ ਹਨ।
ਇਹ ਇੱਕ ਖ਼ੁਸ਼ਹਾਲ ਪਿੰਡ ਹੈ। ਪਿੰਡ ਦੇ ਨੌਜਵਾਨ ਪਿੰਡ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਇਸ ਪਿੰਡ ਲਈ ਮਾਣ ਵਾਲੀ ਗੱਲ ਇਹ ਹੈ ਕਿ ਪਿੰਡ ਵਿੱਚ ਇੱਕ ਹੀ ਗੁਰੂ ਘਰ ਹੈ। ਪਿੰਡ ਵਾਸੀਆਂ ਨੇ ਅਜੇ ਤਕ ਇੱਕ ਪੁਰਾਤਨ ਖੂਹ ਵੀ ਸੰਭਾਲ ਕੇ ਰੱਖਿਆ ਹੋਇਆ ਹੈ।

ਸੰਪਰਕ: 98146-13178


Comments Off on ਸਰਦਾਰਾਂ ਦਾ ਪਿੰਡ ਹਰਨਾਮ ਸਿੰਘ ਵਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.