ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਰੰਗੂਵਾਲ: ਸਿਆਸੀ ਸਰਗਰਮੀਆਂ ਦੇ ਬਾਵਜੂਦ ਫਿੱਕੇ ਨਹੀਂ ਪਏ ਆਪਸੀ ਸਾਂਝ ਦੇ ਰੰਗ

Posted On September - 7 - 2016

ਡਾ. ਗੁਰਦੇਵ ਸਿੰਘ ਸਿੱਧੂ

ਪਿੰਡ ਦਾ ਸਰਕਾਰੀ ਸਕੂਲ

ਪਿੰਡ ਦਾ ਸਰਕਾਰੀ ਸਕੂਲ

ਪਿੰਡ ਰੰਗੂਵਾਲ ਲੁਧਿਆਣਾ ਸ਼ਹਿਰ ਦੇ ਦੱਖਣ-ਪੂਰਬ ਵਿੱਚ 26 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਇੱਕ ਪੁਰਾਣੇ ਦਰਵਾਜ਼ੇ ’ਤੇ ਮੋੜ੍ਹੀ ਗੱਡਣ ਦੀ ਮਿਤੀ ਹਾੜ੍ਹ ਦੀ ਸੰਗਰਾਂਦ 1891 ਬਿਕ੍ਰਮੀ ਲਿਖੀ ਹੋਈ ਸੀ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਰੀਕ 1834 ਈਸਵੀ ਬਣਦੀ ਹੈ ਪਰ ਕੁਝ ਸਾਲ ਪਹਿਲਾਂ ਪਿੰਡ ਦਾ ਨਵਾਂ ਦਰਵਾਜ਼ਾ ਬਣਾਉਣ ਦੇ ਉਤਸ਼ਾਹ ਵਿੱਚ ਪੰਚਾਇਤ ਨੇ ਇਹ ਵਿਰਾਸਤੀ ਦਰਵਾਜ਼ਾ ਢਾਹ ਦਿੱਤਾ।
ਇਹ ਪਿੰਡ ਲਤਾਲੇ ਤੋਂ ਐੜ ਕੀ ਪੱਤੀ ਵਿੱਚੋਂ ਉੱਠ ਕੇ ਆਏ ਰੰਗੂ ਖੰਗੂੜੇ ਨੇ ਬੰਨ੍ਹਿਆ ਸੀ। ਕਹਿੰਦੇ ਹਨ ਕਿ ਲਤਾਲੇ ਵਿੱਚ ਐੜ ਕੀ ਪੱਤੀ ਵਾਲਿਆਂ ਦਾ ਵਾਧਾ ਨਹੀਂ ਹੋ ਰਿਹਾ ਸੀ। ਕਿਸੇ ਪੰਡਿਤ ਨੇ ਇਸ ਦਾ ਕਾਰਨ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਪੱਛਮ ਵੱਲ ਹੋਣਾ ਦੱਸਿਆ ਤਾਂ ਰੰਗੂ ਨੇ ਨਵੇਂ ਥਾਂ ਘਰ ਬਣਾਉਣ ਦੀ ਸਕੀਮ ਬਣਾਈ। ਇਹ ਗੱਲ 1832 ਦੇ ਨੇੜੇ ਦੀ ਹੈ। ਲਤਾਲੇ ਦੇ ਉੱਤਰ ਦਿਸ਼ਾ ਵਿੱਚ ਕੈਥਲ ਰਿਆਸਤ ਵਿੱਚ ਪੈਂਦਾ ਮੁਸਲਮਾਨਾਂ ਦਾ ਪਿੰਡ ਜੜ੍ਹਾਹਾਂ ਕਾਫ਼ੀ ਫੈਲਿਆ ਹੋਇਆ ਸੀ। ਰੰਗੂ ਨੇ ਕੈਥਲਪਤੀ ਭਾਈ ਉਦੈ ਸਿੰਘ ਤੋਂ ਇਸ ਪਿੰਡ ਦੀ ਜੂਹ ਵਿੱਚ ਵਸਣ ਦੀ ਆਗਿਆ ਲੈ ਕੇ ਆਪਣੇ ਤਾਏ ਚਾਚੇ ਦੇ ਪੁੱਤਰਾਂ ਵਜ਼ੀਰ, ਖਿਜ਼ਰਾ ਤੇ ਹਸਨਾ ਨੂੰ ਨਾਲ ਲੈ ਕੇ ਲਤਾਲੇ ਤੋਂ ਇੱਕ ਮੀਲ ਦੂਰ ਉੱਤਰ ਵੱਲ ਵਸੇਬਾ ਕਰ ਲਿਆ। ਜੜ੍ਹਾਹਾਂ ਵਾਲੇ ਮੁਸਲਮਾਨਾਂ ਨੇ ਆਪਣੀ ਚਰਾਂਦ ਮੱਲੇ ਜਾਣ ਦਾ ਵਿਰੋਧ ਕਰਦਿਆਂ ਨਵਾਂ ਵਸੇਬਾ ਉਜਾੜ ਦਿੱਤਾ। ਦੋ ਸਾਲ ਇਹ ਬਣਾਈ-ਢੁਆਈ ਚਲਦੀ ਰਹੀ। ਅੰਤ 1834 ਵਿੱਚ ਖੰਗੂੜਿਆਂ ਨੇ ਆਪਣੇ ਰਿਸ਼ਤੇਦਾਰਾਂ ਦੀ ਢਾਣੀ ਬਣਾ ਕੇ ਪਿੰਡ ਦੀ ਮੋੜ੍ਹੀ ਗੱਡ ਦਿੱਤੀ। ਉਨ੍ਹਾਂ ਨੇ ਪਿੰਡ ਮਾਂਗੇਵਾਲ ਤੋਂ ਰੰਗੂ ਦੇ ਖਹਿਰੇ ਗੋਤ ਦੇ ਸਾਲੇ, ਨਾਨਕੇ ਪਿੰਡ ਸਹੌਲੀ ਤੋਂ ਗਰੇਵਾਲ ਗੋਤੀ ਮਾਮੇ ਦੇ ਪੁੱਤ ਅਤੇ ਪਿੰਡ ਗਿਦੜੀ ਅਤੇ ਕੰਗਣਵਾਲ ਤੋਂ ਕ੍ਰਮਵਾਰ ਝੱਜ ਅਤੇ ਚਾਹਲ ਗੋਤ ਦੇ ਭਣੋਈਆਂ ਨੂੰ ਵੀ ਇਸ ਵਸੇਬੇ ’ਚ ਭਾਈਵਾਲ ਬਣਾਇਆ ਤਾਂ ਮੁਸਲਮਾਨਾਂ ’ਚ ਇਸ ਜਮਘਟੇ ਨੂੰ ਵੰਗਾਰਨ ਦਾ ਹੌਸਲਾ ਨਾ ਪਿਆ। ਪਿੰਡ ਦਾ ਨਾਮ ਖੰਗੂੜਿਆਂ ਵਿੱਚੋਂ ਵੱਡੇ ਰੰਗੂ ਦੇ ਨਾਂ ’ਤੇ ਰੰਗੂਵਾਲ ਰੱਖਿਆ ਗਿਆ।
ਪਿੰਡ ਦਾ ਕੁੱਲ ਰਕਬਾ 3200 ਬਿੱਘੇ ਹੈ, ਜਿਸ ਵਿੱਚੋਂ 200 ਬਿੱਘੇ ਪਿੰਡ ਵਾਸੀਆਂ ਦੇ ਧਾਰਮਿਕ ਕਾਰਜਾਂ ਨੂੰ ਨਿਭਾਉਣ ਲਈ ਪਿੰਡ ’ਚ ਲਿਆਂਦੇ ਸੋਢੀਆਂ, ਕਿਸਾਨੀ ਕੰਮ ਧੰਦੇ ਵਿੱਚ ਹੱਥ ਵਟਾਉਣ ਵਾਲੇ ਕੰਮੀਆਂ, ਸਾਧਾਂ ਦੇ ਡੇਰੇ ਤੇ ਗੁਰਦੁਆਰੇ ਆਦਿ ਦੇ ਨਾਂ ਉੱਤੇ ਹੈ। ਪਿੰਡ ਦਾ ਡੇਰਾ ਉਸ ਥਾਂ ਬਣਿਆ ਸੀ ਜਿੱਥੇ ਜੜ੍ਹਾਹਾਂ ਵਾਲੇ ਮੁਸਲਮਾਨਾਂ ਨਾਲ ਲੜਾਈ ਹੁੰਦੀ ਰਹੀ ਸੀ। ਇਹ ਡੇਰਾ ਉਦਾਸੀ ਸਾਧੂਆਂ ਦੇ ‘ਕਬਜ਼ੇ’ ਵਿੱਚ ਹੋਣ ਕਾਰਨ ਪਿੰਡ ਵਾਸੀਆਂ ਨੇ 1901 ਵਿੱਚ ਵੱਖਰਾ ਗੁਰਦੁਆਰਾ ਬਣਾ ਲਿਆ। 1914 ਵਿੱਚ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਪ੍ਰੇਰਨਾ ਨਾਲ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ ਗਈ। ਪਿੰਡ ਦੀ ਵਸੋਂ ਵਿੱਚ ਵਾਧਾ ਹੋਣ ਨਾਲ ਇਹ ਇਮਾਰਤ ਛੋਟੀ ਮਹਿਸੂਸ ਹੋਣ ਲੱਗੀ ਤਾਂ 1962 ਵਿੱਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਵਿੱਚ ਵੱਡੀ ਇਮਾਰਤ ਉਸਾਰੀ ਗਈ। ਭਾਵੇਂ ਖੰਗੂੜਿਆਂ ਨੇ ਆਪਣੀ ਹਮਾਇਤ ਵਿੱਚ ਲਿਆਂਦੇ ਗਰੇਵਾਲ, ਚਾਹਲ, ਖਹਿਰਾ ਤੇ ਦਿਓਲ ਗੋਤ ਦੇ ਰਿਸ਼ਤੇਦਾਰਾਂ ਨੂੰ ਪਿੰਡ ਦੀ ਜ਼ਮੀਨ ਵਿੱਚੋਂ ਦਸਵਾਂ-ਦਸਵਾਂ ਹਿੱਸਾ ਦੇ ਕੇ ਜ਼ਮੀਨ ਦਾ ਵੱਡਾ ਭਾਗ ਆਪਣੇ ਕੋਲ ਹੀ ਰੱਖਿਆ ਪਰ ਇਸ ਦੇ ਬਾਵਜੂਦ ਪੰਚਾਇਤ ’ਚ ਉਨ੍ਹਾਂ ਨੂੰ ਸਰਪੰਚੀ ਦਾ ਅਹੁਦਾ ਕਦੇ ਕਦੇ ਹੀ ਨਸੀਬ ਹੋਇਆ।
ਪਿੰਡ ਵਿੱਚ ਵਿਕਾਸ ਕਾਰਜ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਬ੍ਰਿਟਿਸ਼ ਸੈਨਾ ਵਿੱਚ ਭਰਤੀ ਪਿੰਡ ਦੇ ਜਵਾਨਾਂ ਵੱਲੋਂ ਦੂਜੀ ਸੰਸਾਰ ਜੰਗ ਵਿੱਚ ਦਿਖਾਈ ਬਹਾਦਰੀ ਤੋਂ ਖ਼ੁਸ਼ ਹੋ ਕੇ ‘ਇੰਡੀਅਨ ਸੋਲਜਰਜ਼’ ਨਾਮ ਦੀ ਸੰਸਥਾ ਨੇ 1940 ਵਿੱਚ ਪਿੰਡ ਨੂੰ 200 ਰੁਪਏ ਦਾ ਇਨਾਮ ਦਿੱਤਾ, ਜਿਸ ਵਿੱਚ ਇੰਨੀ ਹੀ ਰਕਮ ਪਿੰਡ ਵੱਲੋਂ ਪਾ ਕੇ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਵਾਈਆਂ ਗਈਆਂ। ਕੈਪਟਨ ਮੁਖਤਿਆਰ ਸਿੰਘ ਦੀ ਸਰਪੰਚੀ ਸਮੇਂ ਪਿੰਡ ਦੇ ਵਿਕਾਸ ਕਾਰਜ ਸਿਖ਼ਰ ’ਤੇ ਸਨ। ਪਿੰਡ ਵਾਸੀਆਂ ਨੇ ਇੱਕ ਵੱਡੇ ਟੋਭੇ ਨੂੰ ਪੂਰ ਕੇ ਖੇਡ ਮੈਦਾਨ, ਜਿੰਮ ਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਕੀਤੀ। 1942 ਤੋਂ ਕੱਚੇ ਕੋਠੇ ਵਿੱਚ ਚੱਲ ਰਿਹਾ ਸਕੂਲ ਕੈਪਟਨ ਮੁਖਤਿਆਰ ਸਿੰਘ ਦੇ ਸਮੇਂ ਹੀ ਹਾਈ ਸਕੂਲ ਬਣਿਆ ਅਤੇ ਇਸ ਲਈ ਪੱਕੀ ਇਮਾਰਤ ਉਸਾਰੀ ਕੀਤੀ ਗਈ। ਪਿੰਡ ਵਾਸੀ ਮੈਂਗਲ ਸਿੰਘ ਗਰੇਵਾਲ ਨੇ ਲੜਕੀਆਂ ਦੇ ਸਕੂਲ ਵਾਸਤੇ ਦੋ ਬਿੱਘੇ ਜ਼ਮੀਨ ਦਾਨ ਵਜੋਂ ਦਿੱਤੀ।
ਇਸ ਪਿੰਡ ਦੇ ਉੱਦਮੀ ਵਿਅਕਤੀਆਂ ’ਚੋਂ ਸਭ ਤੋਂ ਉੱਪਰਲਾ ਨਾਂ ਕਰਨਲ ਪ੍ਰੀਤਮ ਸਿੰਘ ਗਰੇਵਾਲ ਦਾ ਹੈ। ਉਸ ਨੇ ‘ਗਰਿਫ’ ਵਿੱਚ ਸੈਨਿਕ ਅਧਿਕਾਰੀ ਹੁੰਦਿਆਂ ਵੀ ਪਿੰਡ ਦੇ ਕਿਸੇ ਨੌਜਵਾਨ ਨੂੰ ਵਿਹਲਾ ਨਹੀਂ ਰਹਿਣ ਦਿੱਤਾ ਸੀ। ਇੱਥੋਂ ਦੇ ਈਸ਼ਰ ਸਿੰਘ ਦਿਓਲ ਦਾ ਨਾਮ ਗੋਲਾ ਸੁੱਟਣ ਵਾਲਿਆਂ ’ਚ ਗਿਣਿਆ ਜਾਂਦਾ ਸੀ। ਉਹ ਸਪੋਰਟਸ ਸਕੂਲ ਜਲੰਧਰ ਦੇ ਪ੍ਰਿੰਸੀਪਲ ਵੀ ਰਹੇ। ਵਿਦੇਸ਼ ਵਿੱਚ ਜਾ ਕੇ ਪਿੰਡ ਦਾ ਨਾਂ ਰੌਸ਼ਨ ਕਰਨ ਵਾਲਿਆਂ ਵਿੱਚ ਪਿੰਡ ਦੇ ਮੋੜ੍ਹੀਗੱਡ ਵਜ਼ੀਰ ਦੇ ਦੋ ਪੋਤੇ ਉਜਾਗਰ ਸਿੰਘ ਅਤੇ ਗੁਰਬਚਨ ਸਿੰਘ ਹਨ। ਪਹਿਲਾ ਹਾਂਗਕਾਂਗ ਪੁਲੀਸ ਦਾ ਕਪਤਾਨ ਰਿਹਾ ਅਤੇ ਦੂਜਾ ਮਲਾਇਆ ਵਿੱਚ ਇੰਜਨੀਅਰ ਰਿਹਾ। ਹਰਬਖਸ਼ ਸਿੰਘ ਖੰਗੂੜਾ ਨੇ ਲਗਪਗ ਅੱਧੀ ਸਦੀ ਪਹਿਲਾਂ ਬਰਤਾਨੀਆ ਜਾ ਕੇ ਇੱਕ ਵਪਾਰੀ ਵਜੋਂ ਸ਼ੋਹਰਤ ਖੱਟੀ।
ਤਾਰਾ ਸਿੰਘ ਨਾਲ ਵਿਆਹ ਹੋਣ ਪਿੱਛੋਂ ਰੰਗੂਵਾਲ ਆਈ ਨਿਹਾਲ ਕੌਰ ਦੇ ਪੇਕੇ ਭਸੌੜ ਪਿੰਡ ਵਿੱਚ ਸਨ ਜਿੱਥੇ ਉਨ੍ਹਾਂ ਨੇ ਭਸੌੜ ਦੇ ਬਾਨੀ ਸੰਤ ਤੇਜਾ ਸਿੰਘ ਵੱਲੋਂ ਸਥਾਪਿਤ ਕੰਨਿਆ ਪਾਠਸ਼ਾਲਾ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਅਧਿਆਪਕਾ ਵਜੋਂ ਗੁਆਂਢੀ ਪਿੰਡ ਲਤਾਲੇ ਅਤੇ ਰੰਗੂਵਾਲ ਵਿੱਚ ਸੇਵਾ ਕਰਦਿਆਂ ਪਿੰਡ ਦੀਆਂ ਲੜਕੀਆਂ ਨੂੰ ਸਿੱਖਿਆ ਪ੍ਰਾਪਤੀ ਲਈ ਪ੍ਰੇਰਨ ਵਿੱਚ ਪੂਰਾ ਯੋਗਦਾਨ ਪਾਇਆ। ਇਸ ਪਿੰਡ ਦੀ ਖਾਸੀਅਤ ਹੈ ਕਿ ਲੋਕ ਲੜਾਈ ਝਗੜਿਆਂ ਤੋਂ ਦੂਰ ਰਹਿਣ ਵਾਲੇ ਹਨ। ਰਾਜਨੀਤਿਕ ਗਤੀਵਿਧੀਆਂ ਕਰਕੇ ਪਿੰਡ ਵਾਸੀਆਂ ਨੇ ਕਦੇ ਆਪਣੇ ਸਬੰਧਾਂ ਵਿੱਚ ਤਰੇੜ ਨਹੀਂ ਆਉਣ ਦਿੱਤੀ।

ਸੰਪਰਕ: 94170-49417


Comments Off on ਰੰਗੂਵਾਲ: ਸਿਆਸੀ ਸਰਗਰਮੀਆਂ ਦੇ ਬਾਵਜੂਦ ਫਿੱਕੇ ਨਹੀਂ ਪਏ ਆਪਸੀ ਸਾਂਝ ਦੇ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.