ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਨੌਂ ਪਿੰਡਾਂ ਨਾਲ ਲੱਗਦੀਆਂ ਨੇ ਥੂਹਾ ਦੀਆਂ ਹੱਦਾਂ

Posted On August - 31 - 2016

ਤੇਜਾ ਸਿੰਘ ਥੂਹਾ

ਬਾਬਾ ਰਾਮ ਦਾਸ ਦਾ ਸਥਾਨ

ਬਾਬਾ ਰਾਮ ਦਾਸ ਦਾ ਸਥਾਨ

ਪਿੰਡ ਥੂਹਾ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਹੈ। ਇਹ ਪਿੰਡ ਜ਼ੀਰਕਪੁਰ ਪਟਿਆਲਾ ਰੋਡ ’ਤੇ ਚਿਤਕਾਰਾ ਯੂਨੀਵਰਸਿਟੀ ਦੇ ਪਿੱਛੇ ਦੋ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਪੁੱਜਣ ਲਈ ਦੋ ਬੱਸ ਅੱਡੇ ਪੈਂਦੇ ਹਨ, ਇੱਕ ਕਾਲੋਮਾਜਰਾ ਅਤੇ ਦੂਜਾ ਆਲਮਪੁਰ। ਦੋਵੇਂ ਬੱਸ ਅੱਡਿਆਂ ਤੋਂ ਸੜਕਾਂ ਥੂਹੇ ਜਾ ਮਿਲਦੀਆਂ ਹਨ। ਥੂਹਾ ਦੀ ਆਬਾਦੀ 2600 ਅਤੇ ਵੋਟਰਾਂ ਦੀ ਗਿਣਤੀ 800 ਹੈ। ਇਸ ਪਿੰਡ ਦੀਆਂ ਹੱਦਾਂ ਕਾਲੋਮਾਜਰਾ, ਆਲਮਪੁਰ, ਨੇਪਰਾ, ਮਦਨਪੁਰ, ਗਾਰਦੀ ਨਗਰ, ਚਲਹੇੜੀ, ਮੋਹੀ ਖੁਰਦ, ਰਾਮਪੁਰ ਤੇ ਰਾਮ ਨਗਰ ਨਾਲ ਲੱਗਦੀਆਂ ਹਨ।
ਥੂਹਾ ਦਾ ਇਤਿਹਾਸ ਲਗਪਗ 800 ਸਾਲ ਪੁਰਾਣਾ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਪਿੰਡ ਰਾਜਸਥਾਨ ਤੋਂ ਆਏ ਕੁਝ ਵਿਅਕਤੀਆਂ ਨੇ ਵਸਾਇਆ ਸੀ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਕਾਫ਼ੀ ਆਬਾਦੀ ਮੁਸਲਿਮ ਭਾਈਚਾਰੇ ਦੀ ਸੀ, ਉਨ੍ਹਾਂ ਦੀ ਥਾਂ ਹੁਣ ਰਿਫਿਊਜੀ ਜੱਟ ਵਸਦੇ ਹਨ। ਪਿੰਡ ਵਿੱਚ ਤਿੰਨ ਗੁਰਦੁਆਰੇ, ਇੱਕ ਪੁਰਾਤਨ ਸ਼ਿਵ ਮੰਦਰ ਤੋਂ ਇਲਾਵਾ ਦੋ ਹੋਰ ਮੰਦਰ, ਸੰਤਾਂ ਦੀ ਕੁਟੀਆ, ਬਾਬਾ ਰਾਮ ਦਾਸ ਦੀ ਸਮਾਧ, ਬਾਬਾ ਤੈਵਰਸ਼ਾਹ ਦੀ ਸਮਾਧ, ਨੌਂ-ਗਜ਼ੀ ਪੀਰ ਦੀ ਸਮਾਧ ਤੇ ਗੁੱਗਾ ਮਾੜੀ ਹਨ, ਜਿਥੇ ਜੰਝ ਚੜ੍ਹਨ ਤੋਂ ਹਰ ਲਾੜਾ ਨਤਮਸਤਕ ਹੁੰਦਾ ਹੈ। ਪੁਰਾਤਨ ਸ਼ਿਵ ਮੰਦਰ ਵਿੱਚ ਸ਼ਿਵਰਾਤਰੀ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਰਿਸ਼ੀਕੇਸ ਵਾਲੇ ਸੰਤਾਂ ਦੀ ਕੁਟੀਆ ’ਤੇ ਮਾਰਚ ਮਹੀਨੇ ’ਚ ਗਿਆਰਾਂ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ। ਪਿੰਡ ਵਿੱਚ ਤਿੰਨ ਧਰਮਸ਼ਾਲਾਵਾਂ ਹਨ। ਇਸ ਤੋਂ ਇਲਾਵਾ ਪੁਰਾਣੀ ਮਸਜਿਦ ਹੈ। ਇਸ ਜਗ੍ਹਾ ਨੂੰ ਹੁਣ ਧਰਮਸ਼ਾਲਾ ਵਜੋਂ ਵਰਤਿਆ ਜਾ ਰਿਹਾ ਹੈ।
ਥੂਹਾ ਵਿੱਚ ਪ੍ਰਾਇਮਰੀ ਸਕੂਲ 1948 ’ਚ ਬਣਿਆ ਸੀ, ਜਿਸ ਦੇ ਪਹਿਲੇ ਅਧਿਆਪਕ ਪੰਡਿਤ ਕੰਵਲ ਦੇਵ ਚਿੱਲਾ ਮਨੌਲੀ ਵਾਲੇ ਸਨ। ਇਸ ਤੋਂ ਇਲਾਵਾ ਇੱਕ ਸਰਕਾਰੀ ਹਾਈ ਸਕੂਲ ਤੇ ਤਿੰਨ ਪ੍ਰਾਈਵੇਟ ਸਕੂਲ ਹਨ। ਇੱਥੇ ਤਿੰਨ ਆਂਗਨਵਾੜੀ ਕੇਂਦਰ ਹਨ। ਨੌਜਵਾਨ  ਸਭਾ ਨੇ ਸ਼ਹੀਦ ਊਧਮ ਸਿੰਘ ਕਲੱਬ ਬਣਾਇਆ ਹੋਇਆ ਹੈ। ਇੱਥੇ ਸਰਕਾਰੀ ਫੁੱਲਕਾਰੀ ਕੇਂਦਰ ਚੱਲ ਰਿਹਾ ਹੈ, ਜਿੱਥੇ ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਫੁੱਲਕਾਰੀਆਂ ਕੱਢਣ ਅਤੇ ਪੱਖੀਆਂ ਬਣਾਉਣ ਸਣੇ ਕਈ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ਇੱਕ 6 ਇੰਚ ਬੋਰ ਵਾਲਾ ਸਰਕਾਰੀ ਟਿਊਬਵੈੱਲ ਹੈ ਜੋ 1957 ਵਿੱਚ ਫਰਾਂਸੀਸੀ ਇੰਜਨੀਅਰਾਂ ਨੇ ਲਾਇਆ ਸੀ, ਸਰਕਾਰ ਦੀ ਅਣਗਹਿਲੀ ਕਾਰਨ ਹੁਣ ਇਹ ਬੰਦ ਪਿਆ ਹੈ। ਪਿੰਡ ਵਿੱਚ ਦੋ ਪੁਰਾਣੇ ਟੋਭੇ ਹਨ। ਪਿੰਡ ਨੂੰ ਕਾਲੋਮਾਜਰੇ ਵੱਲੋਂ ਜਾਂਦਿਆਂ ਪਹਿਲਾਂ ਪੈਂਦੇ ਟੋਭੇ ਦੇ ਕਿਨਾਰੇ ਬਹੁਤ ਪੁਰਾਣਾ ਬੋਹੜ ਹੈ, ਜਿੱਥੇ ਪਹਿਲਾਂ ਬਹੁਤ ਰੌਣਕਾਂ ਲੱਗਦੀਆਂ ਸਨ। ਪਿੰਡ ਵਿੱਚ ਟੈਲੀਫੋਨ ਐਕਸਚੇਂਜ 1947  ’ਚ ਬਣੀ ਸੀ। ਇਸ ਪਿੰਡ ਦੇ ਬਾਬੂ ਰਾਮ ਅਤੇ ਸੰਤ ਰਾਮ ਲੁਹਾਰ ਭਰਾਵਾਂ ਨੇ ਕਣਕ ਗਾਹੁਣ ਵਾਲੀ ਫਰਾਟਾ ਮਸ਼ੀਨ ਦੀ ਕਾਢ ਕੱਢੀ ਸੀ। ਗੁਪਤਾ ਬਿਲਡਰਜ਼ ਕੰਪਨੀ ਦੇ ਮਾਲਕ ਰਮਨ ਗੁਪਤਾ ਅਤੇ ਯਾਤਰੀ ਨਿਵਾਸ ਦੇ ਮਾਲਕ ਸ਼ਾਮ ਲਾਲ ਸ਼ਰਮਾ ਵੀ ਥੂਹਾ ਦੇ ਜੰਮਪਲ ਹਨ। ਪਿੰਡ ਨਾਲ ਸਬੰਧਤ ਸੰਤ ਸਾਵਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਰਹੇ ਹਨ।
ਪਿੰਡ ਦੇ ਨੌਜਵਾਨਾਂ ਨੂੰ ਕਬੱਡੀ ਖੇਡਣ ਦਾ ਸ਼ੌਕ ਹੈ। ਇੱਥੇ ਸਟੇਡੀਅਮ ਬਣਿਆ ਹੋਇਆ ਹੈ। ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਹਨ ਜੋ ਪਿੰਡ ਨੂੰ ਹਰ ਬਣਦੀ ਸਹੂਲਤ ਦਿਵਾਉਣ ਲਈ ਯਤਨਸ਼ੀਲ ਹਨ। ਇਸ ਪਿੰਡ ਦੇ ਕਈ ਪੜ੍ਹ-ਲਿਖੇ ਵਿਅਕਤੀ ਵੱਖ ਵੱਖ ਵਿਭਾਗਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਥੂਹਾ ਅਧਿਆਪਨ ਦੇ ਖੇਤਰ ਵਿੱਚ ਅਗਾਂਹਵਧੂ ਪਿੰਡ ਹੈ। ਅਧਿਆਪਕਾਂ ਵਿੱਚ ਤੇਜਾ ਸਿੰਘ (ਲੈਕਚਰਾਰ ਅੰਗਰੇਜ਼ੀ), ਮਾਸਟਰ ਪ੍ਰੇਮ ਸਿੰਘ (ਮਰਹੂਮ), ਪ੍ਰੇਮ ਚੰਦ ਤੇ ਮੁੱਖ ਅਧਿਆਪਕ ਜਸਵੰਤ ਸਿੰਘ (ਸੇਵਾਮੁਕਤ) ਦੇ ਨਾਮ ਵਰਨਣਯੋਗ ਹਨ। ਪ੍ਰੀਤਮ ਕੌਰ ਅਤੇ ਜਸਵਿੰਦਰ ਕੌਰ ਵੀ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੀਆਂ ਹਨ। ਇਸੇ ਪਿੰਡ ਨਾਲ ਸਬੰਧਤ ਡਾ. ਰਜਿੰਦਰ ਸਿੰਘ ਕੰਬੋਜ (ਪੀ.ਐਚਡੀ.) ਚੰਡੀਗੜ੍ਹ ਵਿੱਚ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਅਜੀਤ ਸਿੰਘ ਬਤੌਰ ਸਕੱਤਰ, ਹਰਮਨਜੀਤ ਸਿੰਘ ਬਤੌਰ ਐਸਐਮਓ ਤੇ ਹਰਬੰਸ ਸਿੰਘ ਪੰਜਾਬ ਐਂਡ ਸਿੰਧ ਬੈਂਕ ਤੋਂ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸੇਵਾਮੁਕਤ ਮੇਜਰ ਜਨਰਲ ਚੰਦਰ ਮੋਹਨ ਸ਼ਰਮਾ ਹਿਮਾਚਲ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ ਅਤੇ ਇਨ੍ਹਾਂ ਦੇ ਪਿਤਾ ਮੁਕੰਦੀ ਲਾਲ ਸ਼ਰਮਾ (ਮਰਹੂਮ) ਬਤੌਰ ਡੀਐਸਪੀ ਸੇਵਾਮੁਕਤ ਹੋਏ। ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲਿਆਂ ’ਚ ਗੋਪਾਲ ਸਿੰਘ ਭੀਮੇਂ, ਸੁੰਦਰ ਸਿੰਘ ਤੇ ਕਾਹਲਾ ਸਿੰਘ ਦੇ ਨਾਮ ਵਰਣਨਯੋਗ ਹਨ। ਵੱਖ ਵੱਖ ਸੈਨਾਵਾਂ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਵਾਲਿਆਂ ਵਿੱਚ ਸੂਬੇਦਾਰ ਛੱਜਾ ਸਿੰਘ (ਮਰਹੂਮ), ਸੂਬੇਦਾਰ ਰਾਜਿੰਦਰ ਸਿੰਘ, ਉੱਤਮ ਸਿੰਘ, ਮਾਲੀ ਸਿੰਘ, ਪ੍ਰੇਮ ਸਿੰਘ, ਮੋਹਿੰਦਰ ਸਿੰਘ, ਤੇਜਾ ਸਿੰਘ, ਕਾਬਲ ਸਿੰਘ, ਸੁਰਿੰਦਰ ਸਿੰਘ ਤੇ ਹਰਵਿੰਦਰ ਪਾਲ ਦਾ ਨਾਮ ਆਉਂਦਾ ਹੈ। ਪਿੰਡ ਦੇ ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਏਐਸਆਈ ਹਨ। ਗੁਰਦਰਸ਼ਨ ਸਿੰਘ ਬਤੌਰ ਜੱਜ (ਤਲਵੰਡੀ ਸਾਬੋ) ਸੇਵਾ ਨਿਭਾਅ ਰਹੇ ਹਨ। ਕਿਸੇ ਸਮੇਂ ਇਸ ਪਿੰਡ ਵਿੱਚ    ਚਤੰਨੇ ਅਤੇ ਪਖਰੀਏ ਦੀਆਂ ਦੋ ਘਲਾੜੀਆਂ ਚਲਦੀਆਂ ਸਨ। ਇਹ ਲੋਕਾਂ ਦੀ ਖੁੰਢ ਚਰਚਾ ਦਾ ਕੇਂਦਰ ਸਨ ਪਰ ਹੁਣ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ, ਜਿਸ ਕਾਰਨ ਭਾਈਚਾਰਕ ਸਾਂਝ ’ਚ ਵੀ ਫਰਕ ਪਿਆ ਹੈ।

ਸੰਪਰਕ: 76960-92178


Comments Off on ਨੌਂ ਪਿੰਡਾਂ ਨਾਲ ਲੱਗਦੀਆਂ ਨੇ ਥੂਹਾ ਦੀਆਂ ਹੱਦਾਂ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.