ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਸਿੱਖ ਧਰਮ ਵਿੱਚ ਦਸਤਾਰ ਦਾ ਮਹੱਤਵ

Posted On April - 26 - 2016

ਬਿਕਰਮਜੀਤ ਸਿੰਘ

ਸਮੁੱਚੀ ਦੁਨੀਆਂ ਵਿੱਚ ਸਿੱਖ ਆਪਣੀ ਦਸਤਾਰ ਤੋਂ ਪਛਾਣਿਆ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਸਰੀਰ ਦਾ ਹੀ ਅੰਗ ਮੰਨਿਆ ਜਾਂਦਾ ਹੈ। ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਨੂੰ ਜਿੱਥੇ ਸਰਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਦੇ ਨਿਯਮਾਂ ਮੁਤਾਬਿਕ ਸਿੱਖ ਦੀ ‘ਸਾਬਤ ਸੂਰਤ’ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੰਦੀ ਹੈ।
‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ।’ ਦਸਤਾਰ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਅੰਗਰੇਜ਼ੀ ਭਾਸ਼ਾ ਵਿੱਚ ‘ਟਰਬਨ’, ਫਰੈਂਚ ਵਿੱਚ ‘ਟਲਬੈਂਡ’, ਤੁਰਕੀ ਵਿੱਚ ‘ਸਾਰੀਕ’, ਲਾਤੀਨੀ ਭਾਸ਼ਾ ਵਿੱਚ ‘ਮਾਈਟਰ’, ਫਰਾਂਸੀਸੀ ਵਿੱਚ ‘ਟਬੰਦ’, ਰੁਮਾਨੀ ਵਿੱਚ ‘ਤੁਲੀਪਾਨ’ , ਇਰਾਨੀ ਵਿੱਚ ‘ਸੁਰਬੰਦ’, ਜਰਮਨੀ, ਸਪੇਨ, ਪੁਰਤਗੇਜ਼ੀ ਤੇ ਇਤਾਲਵੀ ਵਿੱਚ ‘ਟਰਬਾਂਦੇ’ ਤੇ ਸੰਸਕ੍ਰਿਤ ਵਿੱਚ ‘ਉਸ਼ਣੀਸ਼’ ਕਿਹਾ ਜਾਂਦਾ ਹੈ।
ਸਿੱਖ ਧਰਮ ਵਿੱਚ ਦਸਤਾਰ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ, ਜਿਸ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਣਾ ਪਿੱਛੋਂ ਹਰੇਕ ਸਿੱਖ ਲਈ ਸਜਾਉਣਾ ਲਾਜ਼ਮੀ ਬਣਾ ਦਿੱਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸਮੇਂ ਜਦੋਂ ਅਖਾੜੇ ਵਿੱਚ ਕੋਈ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਸ ਜੇਤੂ ਪਹਿਲਵਾਨ ਨੂੰ ‘ਦੁਮਾਲੇ’ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਮੁਗ਼ਲ ਹਕੂਮਤ ਵੱਲੋਂ ਜਦੋਂ ਸ਼ਾਹੀ ਫਰਮਾਨ ਜਾਰੀ ਕਰ ਕੇ ਦਸਤਾਰ ਸਜਾਉਣ ’ਤੇ ਪਾਬੰਦੀ ਲਗਾ ਕੇ ਇੱਕ ਵਿਸ਼ੇਸ਼ ਵਰਗ ਵਾਸਤੇ ਇਸ ਹੱਕ ਨੂੰ ਰਾਖਵਾਂ ਕੀਤਾ ਗਿਆ ਤਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਸਿੱਖਾਂ ਨੂੰ ਸੁੰਦਰ ਦਸਤਾਰਾਂ ਸਜਾਉਣ ਦਾ ਹੁਕਮ ਦਿੱਤਾ। ਗੁਰੂ ਜੀ ਖ਼ੁਦ ਵੀ ਸੁੰਦਰ ਦਸਤਾਰ ਸਜਾਉਂਦੇ ਸਨ, ਜਿਸ ਦੀ ਗਵਾਹੀ ਢਾਡੀ ਨੱਥਾ ਮੱਲ ਤੇ ਅਬਦੁੱਲਾ ਦੀ ਵਾਰ ਵਿੱਚੋਂ ਮਿਲਦੀ ਹੈ। ਇਸ ਵਿੱਚ ਗੁਰੂ ਜੀ ਦੀ ਦਸਤਾਰ ਸਬੰਧੀ ਵਡਿਆਈ ਕੀਤੀ ਗਈ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ।
ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ ,ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ,
ਪੱਗ ਤੇਰੀ ਕੀ ਜਹਾਂਗੀਰ ਦੀ।
1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਖ਼ਾਲਸਾ ਪੰਥ ਸਾਜਿਆ ਤਾਂ ਗੁਰੂ ਜੀ ਨੇ ਖ਼ਾਲਸੇ ਨੂੰ ਕੇਸਾਂ ਦੀ ਸੰਭਾਲ ਲਈ ਸਿਰ ’ਤੇ ਦਸਤਾਰ ਸਜਾਉਣਾ ਵੀ ਦ੍ਰਿੜ੍ਹ ਕਰਵਾਇਆ। ‘ਰਹਿਤਨਾਮਿਆਂ’ ਵਿੱਚ ਵੀ ਇਸ ਬਾਰੇ ਜ਼ਿਕਰ ਮਿਲਦਾ ਹੈ।
ਸਿੱਖ ਨੂੰ ਆਪਣੀ ਦਸਤਾਰ ਨੂੰ ਟੋਪੀ ਵਾਂਗ ਉਤਾਰਨ ਤੇ ਮੁੜ ਉਸ ਉਤਾਰੀ ਹੋਈ ਦਸਤਾਰ ਨੂੰ ਸਿਰ ਉਤੇ ਰੱਖਣ ਤੋਂ ਵੀ ਵਰਜਿਆ ਗਿਆ ਹੈ। ਇਸ ਤੋਂ ਇਲਾਵਾ ਕੇਸਾਂ ਨੂੰ ਦੋ ਵਾਰ ਕੰਘਾ ਕਰ ਕੇ ਦਸਤਾਰ ਨੂੰ ਪੂਣੀ ਕਰ ਕੇ ਬੰਨ੍ਹਣ ਦੀ ਵੀ ਤਾਕੀਦ ‘ਰਹਿਤਨਾਮਿਆਂ’ ਵਿੱਚ ਮਿਲਦੀ ਹੈ।
ਜੇ ਦਸਤਾਰ ਦੇ ਇਤਿਹਾਸਕ ਪਿਛੋਕੜ ਵੱਲ ਤੇ ਸੰਸਾਰ ਦੀਆਂ ਦੂਜੀਆਂ ਕੌਮਾਂ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਕੁਝ ਸ੍ਰੋਤਾਂ ਤੋਂ ਪਤਾ ਲੱਗਦਾ ਹੈ ਕਿ ਦਸਤਾਰ ਨੂੰ ਪਹਿਲਾਂ ਪੱਗ ਜਾਂ ਪਗੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਵਰਤਮਾਨ ਸਮੇਂ ਵੀ ਪ੍ਰਚੱਲਿਤ ਹੈ। ਦਸਤਾਰ ਜਾਂ ਪੱਗ ਕਈ ਧਰਮਾਂ, ਕੌਮਾਂ, ਦੇਸ਼ਾਂ ਦੇ ਸੱਭਿਆਚਾਰਕ ਰੀਤੀ-ਰਿਵਾਜਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਦਿ ਕਾਲ ਤੋਂ ਹੀ ਬੰਨ੍ਹੀ ਜਾਂਦੀ ਰਹੀ ਹੈ। ਦਸਤਾਰ ਜਾਂ ਪੱਗ ਮੁੱਢ ਕਦੀਮ ਤੋਂ ਹੀ ਸਮੁੱਚੇ ਏਸ਼ੀਆ ਤੇ ਦੁਨੀਆਂ ਦੇ ਪੂਰਬਾਰਧ ਹਿੱਸੇ ਵਿਚ ਇੱਜ਼ਤ ਦੀ ਨਿਸ਼ਾਨੀ ਤੇ ਸਿਰ ’ਤੇ ਧਾਰਨ ਕਰਨ ਦੀ ਮੁੱਖ ਪੁਸ਼ਾਕ ਮੰਨੀ ਗਈ ਹੈ। ਦਸਤਾਰ ਦੀ ਲੰਬਾਈ ਤੇ ਬੰਨ੍ਹਣ ਦੇ ਰੰਗ ਅਤੇ ਢੰਗ ਤੋਂ ਬੰਨ੍ਹਣ ਵਾਲੇ ਦੇ ਰੁਤਬੇ ਦਾ ਅਹਿਸਾਸ ਤੇ ਪ੍ਰਗਟਾਵਾ ਹੁੰਦਾ ਹੈ। ਪੱਗ ਸਬੰਧੀ ਇਹ ਵੀ ਧਾਰਨਾ ਹੈ ਕਿ ਇਹ ਪਹਿਲਾਂ ਮਸ਼ਰਿਕ ਵਿੱਚੋਂ ਸ਼ੁਰੂ ਹੋਈ ਹੈ। ਮੁਸਲਮਾਨਾਂ ਦੇ ਨਬੀ ਹਜ਼ਰਤ ਮੁਹੰਮਦ ਸਾਹਿਬ ਵੀ ਪੱਗ ਬੰਨ੍ਹਦੇ ਸਨ। ਵੱਖ-ਵੱਖ ਸੱਭਿਆਚਾਰਾਂ ਤੇ ਸਮਾਜਾਂ ਵਿੱਚ ਪੱਗ ਜਾਂ ਦਸਤਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ, ਜੋ ਖ਼ੁਸ਼ੀ-ਗਮੀ ਆਦਿ ਦੇ ਮਨੁੱਖੀ ਸੰਸਕਾਰਾਂ ਤੇ ਵਿਹਾਰਾਂ ਨਾਲ ਵੀ ਜੁੜੀ ਹੋਈ ਹੈ।
ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ ‘ਦੁਮਾਲਾ’ ਕਿਹਾ ਜਾਂਦਾ ਹੈ, ਕਈ ਗਜ਼ ਲੰਬੀ ਹੁੰਦੀ ਹੈ। ਇਸ ਤੋਂ ਇਲਾਵਾ ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਪਿਸ਼ੌਰੀ, ਤੁਰਲੇ ਵਾਲੀ, ਅਫ਼ਗਾਨੀ, ਪ੍ਰੈਜ਼ੀਡੈਂਟ ਗਾਰਡ ਆਦਿ ਦਸਤਾਰਾਂ ਦੇ ਰੂਪ ਪ੍ਰਚੱਲਿਤ ਹਨ।
ਸਿੱਖ ਧਰਮ ਵਿਚ ਦਸਤਾਰ, ਸਿੱਖ ਦੇ ਆਚਰਨ ਨੂੰ ਉਚੇਰਾ ਬਣਾਉਂਦੀ ਹੈ। ਸਿੱਖ ਦੀ ਦਸਤਾਰ ਦਿਖਾਵੇ ਦੀ ਨਹੀਂ ਸਗੋਂ ਉਸ ਦੀ ਰਹਿਣੀ-ਬਹਿਣੀ ਤੇ ਉੱਚੇ-ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਹਮੇਸ਼ਾਂ ਆਪਣੀ ਪੱਗ ਦੀ ਲਾਜ ਪਾਲਦਾ ਹੈ। ਉਹ ਸੰਸਾਰ ਵਿੱਚ ਵਿਚਰਦਿਆਂ ਅਜਿਹਾ ਕੋਈ ਕੰਮ ਨਹੀਂ ਕਰਦਾ, ਜਿਸ ਨਾਲ ਉਸ ਦੀ ਦਸਤਾਰ ਨੂੰ ਕੋਈ ਦਾਗ਼ ਜਾਂ ਪ੍ਰਸ਼ਨ-ਚਿੰਨ੍ਹ ਲੱਗੇ। ਸਿੱਖ ਧਰਮ ਵਿੱਚ ਦਸਤਾਰ ਦਾ ਬਹੁਤ ਮਹੱਤਵ ਹੈ। ਦਸਤਾਰ ਜਿੱਥੇ ਸਰਦਾਰੀ ਤੇ ਉੱਚੇ ਇਖਲਾਕ ਦੀ ਪ੍ਰਤੀਕ ਹੈ, ਉਥੇ ਇਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ ਵਿੱਚ ਸਿੰਘ-ਸਿੰਘਣੀਆਂ ਦੀਆਂ ਲਾਸਾਨੀ ਸ਼ਹੀਦੀਆਂ ਦੀ ਵੀ ਗਵਾਹੀ ਭਰਦੀ ਹੈ। ਦਸਤਾਰ ਸਾਨੂੰ ਦਸਮ ਪਾਤਸ਼ਾਹ ਦੇ ਨੀਹਾਂ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਯਾਦ ਦਿਵਾਉਂਦੀ ਹੈ। ਕਿਸੇ ਦੀ ਦਸਤਾਰ ਲਾਹੁਣਾ ਸਿੱਖ ਧਰਮ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ।
ਮੁਗ਼ਲ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤਕ ਆਪਣੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਦਸਤਾਰ ਬੰਨ੍ਹਣ ਦੇ ਹੱਕ ਨੂੰ ਕਾਇਮ ਰੱਖਣ ਲਈ ਕਈ ਵਾਰ ਜੱਦੋ-ਜਹਿਦ ਕਰਨੀ ਪਈ ਹੈ, ਜਿਸ ਵਿੱਚ ਕੌਮ ਨੂੰ ਦਸਤਾਰ ਲਈ ਕਾਨੂੰਨੀ ਲੜਾਈ ਲੜਨ ਤੋਂ ਇਲਾਵਾ ਮੋਰਚੇ ਤਕ ਲਗਾ ਕੇ ਸੰਘਰਸ਼ ਕਰਨਾ ਪਿਆ ਹੈ। ਸਿੱਖ ਦੀ ਦਸਤਾਰ ਜਿੱਥੇ ਉਸ ਦੀ ਖ਼ੁਦ ਦੀ ਇੱਜ਼ਤ-ਆਬਰੂ ਦੀ ਪ੍ਰਤੀਕ ਹੈ, ਉੱਥੇ ਲੋੜ ਪੈਣ ’ਤੇ ਸਿੱਖ ਆਪਣੀ ਦਸਤਾਰ ਰਾਹੀਂ ਦੂਜਿਆਂ ਦੀ ਇੱਜ਼ਤ ਨੂੰ ਰੁਲਣ ਤੋਂ ਬਚਾਉਣ ਲਈ ਵੀ ਤਤਪਰ ਰਹਿੰਦਾ ਹੈ।
ਅੱਜ ਆਧੁਨਿਕਤਾ ਦੀ ਦੌੜ ਵਿੱਚ ਸਾਡੇ ਆਲੇ-ਦੁਆਲੇ ਅਜਿਹਾ ਸਮਾਜ ਸਿਰਜਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ ਪਸਰ ਰਿਹਾ ਹੈ। ਸਿੱਖ ਨੌਜਵਾਨ ਦਸਤਾਰ ਲਈ ਕੀਤੀਆਂ ਕੁਰਬਾਨੀਆਂ ਭਰਿਆ ਇਤਿਹਾਸ ਭੁੱਲਦੇ ਜਾ ਰਹੇ ਹਨ। ਅੱਜ ਸਾਨੂੰ ਲੋੜ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੀ ਕਾਇਮੀ ਪ੍ਰਤੀ ਕੀਤੇ ਸੰਘਰਸ਼ਾਂ ਬਾਰੇ ਦੱਸਣ ਦੀ ਹੈ ਤਾਂ ਕਿ ਉਹ ਪਤਿਤਪੁਣੇ ਦਾ ਰਾਹ ਛੱਡ ਕੇ ਸਿਰਾਂ ’ਤੇ ਦਸਤਾਰਾਂ ਸਜਾ ਕੇ ਆਪਣੀ ਨਿਵੇਕਲੀ ਪਛਾਣ ਕਾਇਮ ਰੱਖ ਸਕਣ।

ਸੰਪਰਕ: 87278-00372


Comments Off on ਸਿੱਖ ਧਰਮ ਵਿੱਚ ਦਸਤਾਰ ਦਾ ਮਹੱਤਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.