ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਜਲ ਸਰੋਤਾਂ ਨੂੰ ਸੰਭਲ ਕੇ ਵਰਤਣ ਦਾ ਵੇਲਾ

Posted On April - 5 - 2016

ਡਾ. ਬਲਵਿੰਦਰ ਸਿੰਘ ਸਿੱਧੂ *

ਕੁਦਰਤ ਵੱਲੋਂ ਬਖ਼ਸ਼ੀਆਂ ਦਾਤਾਂ ਹਵਾ, ਪਾਣੀ, ਅਗਨੀ, ਧਰਤੀ ਤੇ ਆਕਾਸ਼ ਵਿੱਚੋਂ ਪਾਣੀ ਨੂੰ ਜੀਵਨ ਦਾ ਪਹਿਲਾ ਆਧਾਰ ਮੰਨਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਕਿਉਂਕਿ ਪਾਣੀ ਬਿਨਾਂ ਜ਼ਿੰਦਗੀ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਮੁਕਦੀ ਗੱਲ ਇਹ ਕਿ ਇਸ ਧਰਤੀ ’ਤੇ ਧੜਕਦੀ ਹਰ ਜ਼ਿੰਦਗੀ ਦੀ ਹੋਂਦ ਪਾਣੀ ਕਾਰਨ ਹੀ ਹੈ। ਸੰਸਾਰ ਵਿੱਚ ਸਭ ਤੋਂ ਪਹਿਲਾ ਜੀਵਨ ਵੀ ਪਾਣੀ ਅੰਦਰ ਹੀ ਧੜਕਿਆ ਸੀ। ਕੋਈ ਵੀ ਜੀਵ-ਜੰਤੂ ਅਤੇ ਬਨਸਪਤੀ ਪਾਣੀ ਬਗੈਰ ਜਿਊਂਦੇ ਨਹੀਂ ਰਹਿ ਸਕਦੇ। ਪਿਛਲੀ ਸਦੀ ਦੇ ਅੱਧ ਤਕ ਪਾਣੀ ਦੀ ਪਵਿੱਤਰਤਾ ਅਤੇ ਸੰਜਮੀ ਵਰਤੋਂ ਲਈ ਮਨੁੱਖ ਸੁਚੇਤ ਸੀ ਅਤੇ ਮਨੁੱਖ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਪਰਮਾਤਮਾ ਦੀ ਬਖ਼ਸ਼ੀ ਇਹ ਦਾਤ ਜਿਹੜੀ ਉਹ ਝਰਨਿਆਂ, ਚਸ਼ਮਿਆਂ, ਨਦੀਆਂ ਅਤੇ ਦਰਿਆਵਾਂ ਦੇ ਰੂਪ ਵਿੱਚ ਇੱਕ ਕੁਦਰਤੀ ਸੌਗਾਤ ਵਜੋਂ ਹਾਸਲ ਕਰਦਾ ਹੈ ਅਤੇ ਜੋ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਬਖ਼ਸ਼ੀ ਗਈ ਹੈ, ਦੀ ਉਹ ਅੰਨ੍ਹੇਵਾਹ ਵਰਤੋਂ ਕਰਕੇ ਇਸ ਨੂੰ ਮੁੱਲ ਤਾਰ ਕੇ ਖ਼ਰੀਦਣ ਵਾਲੀ ਸਥਿਤੀ ਵਿੱਚ ਲਿਆ ਕੇ ਖੜ੍ਹਾ ਕਰ ਦੇਵੇਗਾ।
ਪੁਰਾਣੇ ਸਮਿਆਂ ਵਿੱਚ ਜਨਸੰਖਿਆ ਘੱਟ ਹੋਣ ਕਰਕੇ ਪਾਣੀ ਦੀ ਵਰਤੋਂ ਸੀਮਤ ਸੀ ਪਰ ਅੱਜ ਇਹ ਸਥਿਤੀ ਬਿਲਕੁਲ ਹੀ ਉਲਟ ਹੋ ਗਈ ਹੈ। ਇਸ ਦੇ ਸਿੱਟੇ ਵਜੋਂ ਪਾਣੀ ਦੀ ਉਪਲੱਬਧਤਾ ਅਤੇ ਮੰਗ ਵਿੱਚ ਵੱਡਾ ਅੰਤਰ ਆ ਗਿਆ ਹੈ। ਧਰਤੀ ਦੇ ਕੁੱਲ ਪਾਣੀ ਦਾ 97.3 ਫ਼ੀਸਦੀ ਹਿੱਸਾ ਸਮੁੰਦਰੀ ਪਾਣੀ ਹੈ ਅਤੇ ਸਿਰਫ਼ 2.7 ਫ਼ੀਸਦੀ ਪਾਣੀ ਹੀ ਵਰਤੋਂ ਯੋਗ ਹੈ। ਇਸ ਵਰਤੋਂ ਯੋਗ ਪਾਣੀ ਵਿੱਚੋਂ 2.1 ਫ਼ੀਸਦੀ ਹਿੱਸਾ ਨਹਿਰਾਂ, ਗਲੇਸ਼ੀਅਰ, ਝੀਲਾਂ ਅਤੇ ਹਵਾ ਵਿੱਚ ਨਮੀ ਅਤੇ 0.6 ਫ਼ੀਸਦੀ ਹਿੱਸਾ ਧਰਤੀ ਹੇਠਾਂ ਰਿਜਰਵ ਹੈ। ਵਧ ਰਹੀ ਆਬਾਦੀ ਕਰਕੇ ਦੇਸ਼ ਵਿੱਚ ਪ੍ਰਤੀ ਜੀਅ ਵਰਤੋਂ ਯੋਗ ਪਾਣੀ ਦੀ ਉਪਲੱਭਧਤਾ ਲਗਾਤਾਰ ਘਟ ਰਹੀ ਹੈ ਅਤੇ ਅੰਦਾਜ਼ਾ ਹੈ ਕਿ ਸਾਲ 2025 ਦੌਰਾਨ ਖੇਤੀ ਲਈ ਪਾਣੀ ਦੀ ਮੰਗ 1250 ਬਿਲੀਅਨ ਕਿਊਬਿਕ ਮੀਟਰ ਅਤੇ ਘਰੇਲੂ ਤੇ ਉਦਯੋਗਿਕ ਖੇਤਰ ਲਈ ਮੰਗ 280 ਬਿਲੀਅਨ ਕਿਊਬਿਕ ਮੀਟਰ ਅਤੇ ਕੁੱਲ ਮੰਗ 1530 ਬਿਲੀਅਨ ਕਿਊਬਿਕ ਮੀਟਰ ਹੋ ਜਾਵੇਗੀ ਜਦੋਂਕਿ ਸਾਰੇ ਕੁਦਰਤੀ ਸਰੋਤਾਂ ਤੋਂ ਉਪਲੱਬਧ ਪਾਣੀ ਵਿੱਚੋਂ ਸਿਰਫ਼ 1140 ਬਿਲੀਅਨ ਕਿਊਬਿਕ ਮੀਟਰ ਪਾਣੀ ਹੀ ਵਰਤੋਂ ਯੋਗ ਹੋਵੇਗਾ। ਇਸ ਲਈ ਭਵਿੱਖ ਵਿੱਚ  ਪਾਣੀ ਦੀ ਥੁੜ੍ਹ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਪਾਣੀ ਦੀ ਸੁਚੱਜੀ ਵਰਤੋਂ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ।
ਪੰਜਾਬ ਜੋ ਕਿ ਪੰਜ ਦਰਿਆਵਾਂ ਦੀ ਧਰਤੀ ਸੀ, ਨੇ ਦੇਸ਼ ਦੀ ਵੰਡ ਸਮੇਂ ਪਾਣੀਆਂ ਦੀ ਵੰਡ ਦਾ ਸੰਤਾਪ ਵੀ ਹੰਢਾਇਆ।  1960 ਦੇ ‘ਸਿੰਧ ਦਰਿਆ ਦੇ ਪਾਣੀਆਂ ਦੇ ਸਮਝੌਤੇ’ ਰਾਹੀਂ ਜੇਹਲਮ ਅਤੇ ਚਨਾਬ ਦਾ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ।  ਪਰ ਇਸ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਸਾਲ 1955 ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਇੱਕ ਫ਼ੈਸਲੇ ਰਾਹੀਂ ਪੰਜਾਬ ਕੋਲ ਉਪਲੱਬਧ ਪਾਣੀ ਵਿੱਚੋਂ 80 ਲੱਖ ਏਕੜ-ਫੁੱਟ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਸੀ।  1966 ਵਿੱਚ ਪੰਜਾਬ ਦੇ ਪੁਨਰਗਠਨ ਸਮੇਂ ਭਾਵੇਂ ਬਾਕੀ ਸਾਰੇ ਸੰਪਤੀ ਅਤੇ ਵਸੀਲੇ 60:40 ਦੇ ਅਨੁਪਾਤ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਵੰਡੇ ਗਏ ਪਰ ਪੰਜਾਬ ਨੂੰ ਉਪਲੱਬਧ ਤਕਰੀਬਨ 72 ਲੱਖ ਏਕੜ-ਫੁੱਟ ਪਾਣੀ ਵਿੱਚੋਂ 35 ਲੱਖ ਏਕੜ-ਫੁੱਟ ਹਰਿਆਣਾ ਨੂੰ ਅਤੇ ਦੋ ਲੱਖ ਏਕੜ-ਫੁੱਟ ਦਿੱਲੀ ਨੂੰ ਦੇ ਦਿੱਤਾ ਗਿਆ।  ਇਸ ਤਰ੍ਹਾਂ ਪੰਜ ਆਬ ਵਾਲਾ ਪੰਜਾਬ ਹੌਲੀ ਹੌਲੀ ਇੱਕ ਆਬ ਵਾਲਾ ਹੀ ਰਹਿ ਗਿਆ ਹੈ। ਇਸ ਸਮੇਂ ਇਸ ਨੂੰ ਦਰਿਆਈ ਪਾਣੀਆਂ ਵਿੱਚੋਂ ਮਿਲ ਰਿਹਾ ਹਿੱਸਾ ਤਕਰੀਬਨ ਰਾਵੀ ਦਰਿਆ ਵਿੱਚ ਵਹਿ ਰਹੇ ਪਾਣੀ ਦੇ ਬਰਾਬਰ ਹੈ।  ਦਰਿਆਵਾਂ ਵਿੱਚ ਪਾਣੀ ਦਾ ਬਹਾਅ ਹੌਲੀ ਹੌਲੀ ਘਟਦਾ ਜਾ ਰਿਹਾ ਹੈ ਅਤੇ ਖੇਤੀ ਦੇ ਨਾਲ ਨਾਲ ਹੋਰ ਮੰਤਵਾਂ ਲਈ ਵਧ ਰਹੀ ਮੰਗ ਕਾਰਨ ਪਾਣੀ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।  ਪਾਣੀ ਦੀ ਵੰਡ ਲਈ ਅੰਤਰਰਾਜੀ ਝਗੜੇ ਵਧ ਰਹੇ ਹਨ ਜਿਨ੍ਹਾਂ ਕਰਕੇ ਇਨ੍ਹਾਂ ਰਾਜਾਂ ਦੇ ਆਪਸੀ ਸਬੰਧਾਂ ਅਤੇ ਇਨ੍ਹਾਂ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤਾਣੇ-ਬਾਣੇ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਖੇਤੀ ਖੇਤਰ ਵਿੱਚ ਵੀ ਹਰੀ ਕ੍ਰਾਂਤੀ ਤੋਂ ਬਾਅਦ ਰਾਜ ਵਿੱਚ ਫ਼ਸਲੀ ਘਣਤਾ ਲਗਾਤਾਰ ਵਧੀ ਹੈ ਅਤੇ ਇਸ ਸਮੇਂ ਕਿਸਾਨ ਦੋ ਜਾਂ ਇਸ ਤੋਂ ਵੀ ਵੱਧ ਫ਼ਸਲਾਂ ਲੈ ਰਹੇ ਹਨ।  ਇਸ ਮੰਤਵ ਲਈ ਸਿੰਜਾਈ ਦੇ ਸਾਧਨਾਂ ਦਾ ਵੀ ਵਿਕਾਸ ਕੀਤਾ ਗਿਆ ਹੈ ਅਤੇ ਹੁਣ ਰਾਜ ਵਿੱਚ ਨਿਰੋਲ ਬੀਜੇ ਗਏ ਰਕਬੇ ਦਾ 98 ਫ਼ੀਸਦੀ ਸਿੰਜਾਈ ਅਧੀਨ ਹੈ, ਜਿਸ ਵਿੱਚੋਂ ਬਹੁਤਾ (73 ਫ਼ੀਸਦੀ) ਜ਼ਮੀਨਦੋਜ਼ ਪਾਣੀ ਨਾਲ ਸਿੰਜਿਆ ਜਾਂਦਾ ਹੈ।  ਸਾਉਣੀ ਦੀ ਰੁੱਤ ਦੌਰਾਨ ਝੋਨਾ ਪੰਜਾਬ ਦੀ ਮੁੱਖ ਫ਼ਸਲ ਹੈ ਜਿਸ ਅਧੀਨ ਤਕਰੀਬਨ 28 ਲੱਖ ਹੈਕਟੇਅਰ ਰਕਬਾ ਹੈ। ਇਸ ਫ਼ਸਲ ਦੀ ਪਾਣੀ ਦੀ ਮੰਗ ਜ਼ਿਆਦਾ ਹੋਣ ਕਰਕੇ  ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਕਾਫ਼ੀ ਗਿਰਾਵਟ ਆ ਗਈ ਹੈ।  ਇਹ ਸਮੱਸਿਆ ਰਾਜ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਜ਼ਿਆਦਾ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਲਗਪਗ ਛੱਡ ਹੀ ਗਏ ਹਨ। ਰਾਜ ਦੇ 142 ਬਲਾਕਾਂ ਵਿੱਚੋਂ 115 ਵਿੱਚ ਜ਼ਮੀਨਦੋਜ਼ ਪਾਣੀ ਦੀ ਸਥਿਤੀ ਗੰਭੀਰ ਹੈ ਅਤੇ ਪਾਣੀ ਦੀ 10 ਮੀਟਰ ਤੋਂ ਵੱਧ ਡੂੰਘਾਈ ਵਾਲਾ ਰਕਬਾ ਜੋ ਕਿ 1973 ਵਿੱਚ 3.7 ਫ਼ੀਸਦੀ ਸੀ ਹੁਣ ਵਧ ਕੇ 91.6 ਫ਼ੀਸਦੀ ਹੋ ਗਿਆ ਹੈ। ਜ਼ਮੀਨਦੋਜ਼ ਪਾਣੀ ਦੀ ਡੂੰਘਾਈ ਵਧਣ ਕਰਕੇ ਬੋਰਾਂ ਦੀ ਡੂੰਘਾਈ ਵਧ ਰਹੀ ਹੈ ਜਿਸ ਕਰਕੇ ਟਿਊਬਵੈੱਲਾਂ ਦੀਆਂ ਮੋਟਰਾਂ ਹਾਰਸ ਪਾਵਰ ਵਧ ਰਹੀ ਹੈ। ਜਿੱਥੇ ਪਹਿਲਾਂ ਪੰਜ ਹਾਰਸ ਪਾਵਰ ਦੀ ਮੋਟਰ ਦੀ ਜ਼ਰੂਰਤ ਸੀ, ਉੱਥੇ ਹੁਣ 15 ਹਾਰਸ ਪਾਵਰ ਦੀ ਮੋਟਰ ਲਗਾਈ ਜਾ ਰਹੀ ਹੈ। ਸਬਮਰਸੀਬਲ ਮੋਟਰਾਂ ਦੀ ਵਰਤੋਂ ਹੋਣ ਕਰਕੇ ਹੁਣ ਡੀਜ਼ਲ ਇੰਜਣ ਦੀ ਥਾਂ ਇਨ੍ਹਾਂ ਨੂੰ ਚਲਾਉਣ ਲਈ ਜੈਨਰੇਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਖ਼ਰਚੇ  ਵਿੱਚ ਵਾਧਾ ਹੋ ਰਿਹਾ ਹੈ। ਮਾਲੀ ਹਾਲਤ ਪੱਖੋਂ ਕਮਜ਼ੋਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੀ ਕਰਜ਼ੇ ਚੁੱਕ ਕੇ ਮਜਬੂਰੀ ਵਸ ਬੋਰ ਡੂੰਘੇ ਕਰਨੇ ਪੈ ਰਹੇ ਹਨ ਕਿਉਂਕਿ ਆਸ-ਪਾਸ ਦੇ ਬੋਰ ਡੂੰਘੇ ਹੋਣ ਕਰਕੇ ਉਨ੍ਹਾਂ ਦੇ ਬੋਰਾਂ ਦਾ ਪਾਣੀ ਘਟ ਜਾਂਦਾ ਹੈ। ਇਸ ਲਈ ਪਾਣੀ ਦੀ ਬੱਚਤ ਕਰਨ ਵਾਸਤੇ ਝੋਨੇ ਦੀ ਲੁਆਈ ਜੋ ਕਿ ਪਹਿਲਾਂ 10 ਜੂਨ ਤੋਂ ਸ਼ੁਰੂ ਹੁੰਦੀ ਸੀ ਨੂੰ ਹੋਰ ਲੇਟ ਕਰਕੇ 15 ਜੂਨ ਕਰ ਦਿੱਤਾ ਗਿਆ ਹੈ।  ਇਸ ਲਈ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਝੋਨੇ ਹੇਠੋਂ ਕੁਝ ਰਕਬਾ ਬਾਸਮਤੀ ਕਿਸਮਾਂ ਜਾਂ ਮੱਕੀ ਥੱਲ੍ਹੇ ਲਿਆਉਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਮੰਗ ਘੱਟ ਕੀਤੀ ਜਾ ਸਕੇ।  ਇਸ ਤਰ੍ਹਾਂ ਖੇਤੀ ਦੇ ਖ਼ਰਚੇ ਵੀ ਘੱਟ ਹੋਣਗੇ ਅਤੇ ਬਿਜਲੀ ਤੇ ਪਾਣੀ ਦੀ ਵੀ ਬੱਚਤ ਹੋਵੇਗੀ। ਖੇਤੀਬਾੜੀ ਤੋਂ ਬਚਾਈ ਹੋਈ ਬਿਜਲੀ ਸਨਅਤਾਂ ਨੂੰ ਦੇਣ ਨਾਲ ਉਤਪਾਦਨ ਦੀ ਲਾਗਤ ਘਟੇਗੀ ਅਤੇ ਬਾਜ਼ਾਰ ਵਿੱਚ ਵਸਤਾਂ ਦੇ ਭਾਅ ਵੀ ਘਟਣਗੇ। ਪਾਣੀ ਦੀ ਬੱਚਤ ਲਈ ਨਵੀਆਂ ਤਕਨੀਕਾਂ ਜਿਵੇਂ ਕਿ ਲੇਜ਼ਰ ਲੈਵਲਿੰਗ ਅਤੇ ਤੁਪਕਾ ਸਿੰਜਾਈ ਆਦਿ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।
ਪਾਣੀ ਦੀ ਦੁਰਵਰਤੋਂ ਦੇ ਨਾਲ ਨਾਲ ਹੁਣ ਇੱਕ ਹੋਰ ਮੁੱਦਾ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਬਣ ਗਿਆ ਹੈ। ਦਰਿਆਵਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਵਸੇ ਪਿੰਡ, ਸ਼ਹਿਰ ਤੇ ਮਹਾਨਗਰ ਢੇਰਾਂ ਦੇ ਢੇਰ ਗੰਦਗੀ ਇਨ੍ਹਾਂ ਨਦੀਆਂ ਵਿੱਚ ਸੁੱਟੀ ਜਾ ਰਹੇ ਹਨ ਜਿਸ ਨੇ ਇਨ੍ਹਾਂ ਦੇ ਪਾਣੀ ਨੂੰ ਪਲੀਤ ਕਰ ਦਿੱਤਾ ਹੈ। ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨਦੀਆਂ-ਨਾਲਿਆਂ ਵਿੱਚ ਰਸਾਇਣਕ ਪ੍ਰਦੂਸ਼ਣ ਭਾਵ ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ, ਲੂਣ ਅਤੇ ਹੋਰ ਤੱਤ ਮਿਲਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਮਲਮੂਤਰ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਇਹ ਛੱਪੜਾਂ ਵਿੱਚ ਇੱਕਠਾ ਹੋ ਜਾਂਦਾ ਹੈ ਅਤੇ ਇਸ ਦੇ ਰਿਸਾਅ ਕਾਰਨ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸੂਬੇ ਵਿੱਚ ਜ਼ਿਆਦਾ ਫ਼ਸਲ ਪੈਦਾ ਕਰਨ ਦੇ ਚੱਕਰ ਵਿੱਚ ਕੀਤੀ ਗਈ ਜ਼ਹਿਰਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਲੋੜ ਤੋਂ ਵੱਧ ਵਰਤੀਆਂ ਰਸਾਇਣਕ ਖਾਦਾਂ ਨੇ ਵੀ ਧਰਤੀ ਹੇਠਲਾ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਇਸ ਤਰ੍ਹਾਂ ਮਨੁੱਖ ਨੇ ਅਣਜਾਣਤਾ ਤੇ ਖ਼ੁਦਗਰਜ਼ੀ ਕਾਰਨ ਪਾਣੀ ਨੂੰ ਅੰਮ੍ਰਿਤ ਤੋਂ ਜ਼ਹਿਰ ਬਣਾ ਦਿੱਤਾ ਹੈ। ਰਾਜ ਵਿੱਚ ਬਹੁਤੇ ਨਲਕਿਆਂ ਦਾ ਪਾਣੀ ਪੀਣ-ਯੋਗ ਨਹੀਂ ਰਿਹਾ ਅਤੇ ਅਣਜਾਣੇ ਵਿੱਚ ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਪੇਂਡੂ ਇਲਾਕਿਆਂ ਵਿੱਚ ਹੈਜ਼ਾ, ਟਾਈਫਾਈਡ, ਮਲੇਰੀਆ, ਹੈਪੇਟਾਈਟਸ ਤੇ ਕੈਂਸਰ ਵਰਗੇ ਭਿਆਨਕ ਰੋਗ ਪੈਦਾ ਕਰਦੀ ਹੈ।
ਪਾਣੀ ਤੋਂ ਬਿਨਾ ਮਨੁੱਖ ਅਤੇ ਬਨਸਪਤੀ ਦੀ ਹੋਂਦ ਸੰਭਵ ਨਹੀਂ। ਇਸ ਲਈ ਇਸ ਨੂੰ ਸ਼ੁੱਧ ਤੇ ਸਾਫ਼ ਰੱਖਣਾ ਅਤੇ ਸੰਜਮ ਨਾਲ ਵਰਤਣਾ ਸਾਡਾ ਮੁੱਢਲਾ ਫ਼ਰਜ਼ ਹੈ। ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਚਾਰ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਨੂੰ ‘ਜਲ-ਸਪਤਾਹ’ ਵਜੋਂ ਮਨਾਇਆ ਜਾ ਰਿਹਾ ਹੈ।  ਇਸ ਫ਼ਰਜ਼ ਨੂੰ ਪਛਾਣਦੇ ਹੋਏ ਸਾਨੂੰ ਪਾਣੀ ਨੂੰ ਸੰਜਮ ਨਾਲ ਵਰਤਣ ਦੀ ਪਹਿਲ ਆਪਣੇ ਘਰਾਂ ਤੋਂ ਕਰਨੀ ਚਾਹੀਦੀ ਹੈ। ਪਾਣੀ ਦੇ ਮੁੱਕਦੇ ਤੇ ਸੁੱਕਦੇ ਜਾ ਰਹੇ ਸੋਮਿਆਂ ਨੂੰ ਬਚਾਉਣ ਵਿੱਚ ਸਾਰਥਕ ਯੋਗਦਾਨ ਪਾਉਣਾ ਚਾਹੀਦਾ ਹੈ। ਆਓ ਰਲ ਕੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਲੋਕ ਲਹਿਰ ਪੈਦਾ ਕਰੀਏ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਬਾਰੇ ਅਤੇ ਪਾਣੀ ਦੇ ਪ੍ਰਦੂਸ਼ਨ ਦੇ ਹਾਨੀਕਾਰਕ ਨਤੀਜਿਆਂ ਬਾਰੇ ਜਾਣੂ ਕਰਵਾਈਏ ਤਾਂ ਜੋ ਕੁਦਰਤ ਦੀ ਇਸ ਅਨਮੋਲ ਦਾਤ ਨੂੰ ਅਸੀਂ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖ ਸਕੀਏ। ਲਗਾਤਾਰ ਪ੍ਰਦੂਸ਼ਿਤ ਹੋ ਰਹੇ ਜਲ ਸਰੋਤ ਅਤੇ ਡੂੰਘੇ ਕੀਤੇ ਜਾ ਰਹੇ ਸਬਮਰਸੀਬਲ ਬੋਰ ਹਰੀ-ਭਰੀ ਧਰਤੀ ਨੂੰ ਮਾਰੂਥਲਾਂ ਵਿੱਚ ਬਦਲ ਦੇਣਗੇ। ਜੇ ਇਹ ਸਭ ਇਵੇਂ ਹੀ ਚਲਦਾ ਰਿਹਾ ਤਾਂ ਕੁਝ ਵੀ ਹਰਿਆ-ਭਰਿਆ ਨਹੀਂ ਰਹਿ ਜਾਵੇਗਾ, ਧਰਤੀ ਬੰਜਰ ਹੋ ਜਾਵੇਗੀ ਅਤੇ ਮਨੁੱਖ ਦੀ ਹੋਂਦ ਹੀ ਖ਼ਤਰੇ ਵਿੱਚ ਪੈ ਜਾਵੇਗੀ। ਆਓ ਸਭ ਮਿਲ ਕੇ ਜਲ ਸਰੋਤਾਂ ਦੀ ਸੁਚੱਜੀ ਅਤੇ ਨਿਪੁੰਨ ਵਰਤੋਂ ਲਈ  ਪਹਿਲ-ਕਦਮੀ ਕਰੀਏ।

*ਖੇਤੀਬਾੜੀ ਕਮਿਸ਼ਨਰ, ਪੰਜਾਬ।


Comments Off on ਜਲ ਸਰੋਤਾਂ ਨੂੰ ਸੰਭਲ ਕੇ ਵਰਤਣ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.