ਜਿਨਸੀ ਸ਼ੋਸ਼ਣ !    ਬਰਤਾਨਵੀ ਚੋਣਾਂ: ਬਦਲਵੀਂ ਸਿਆਸਤ ਦਾ ਮੈਨੀਫੈਸਟੋ !    ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ... !    ਉੱਚਿਤ ਰੁਜ਼ਗਾਰ ਹੋਵੇ, ਆਪਣਾ ਪੰਜਾਬ ਹੋਵੇ !    ਅਸਾਂ ਫੜ ਕੇ ਮਾਰੇ, ਉਹਨਾਂ ਦੋਸ਼ੀ ਸਾਬਤ ਕਰ ਛੱਡ ਦਿੱਤੇ !    ਬਲਾਤਕਾਰ ਮੁਲਜ਼ਮਾਂ ਦੇ ਪਰਿਵਾਰਾਂ ਨੂੰ ਮਿਲੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ !    ਹਿਮਾਚਲ ’ਚ ਹਾਕੀ ਦੇ ਵਿਕਾਸ ਲਈ ਦੋ ਰੋਜ਼ਾ ਸਮਾਗਮ !    ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ !    ਰੰਗਮੰਚ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ‘ਸਾਰਥਕ ਰੰਗਮੰਚ ਪਟਿਆਲਾ’ !    ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੰਦਾ ਹੈ ਸੈਮੁਅਲ !    

ਪੰਡਿਤ ਮਦਨ ਮੋਹਨ ਮਾਲਵੀਆ ਦਾ ਮਾਲਵਾ ਨਾਲ ਨਾਤਾ

Posted On March - 6 - 2016

ਇਤਿਹਾਸ

ਗੁਰਪ੍ਰਵੇਸ਼ ਢਿੱਲੋਂ

ਸਾਡੇ ਸਮਾਜ ’ਚ ਸੰਤ ਸੁਭਾਅ ਵਾਲੇ ਵਿਅਕਤੀ ਦਾ ਦਰਜਾ ਹਮੇਸ਼ਾਂ ਹੀ ਉੱਚਾ ਗਿਣਿਆ ਜਾਂਦਾ ਹੈ। 2015 ਵਿੱਚ ਪੰਡਿਤ ਮਦਨ ਮੋਹਨ  ਮਾਲਵੀਆ ਨੂੰ ਭਾਰਤ ਰਤਨ ਪ੍ਰਦਾਨ ਕਰਨ ਪਿੱਛੇ ਵੀ ਸਰਕਾਰ ਦੀ ਇਹੀ ਸੋਚ ਕਿਰਿਆਸ਼ੀਲ ਜਾਪਦੀ ਹੈ। ਇਸ ਨਜ਼ਰੀਏ ਤੋਂ ਇਸ ਚੋਣ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ, ਪਰ ਪੰਡਿਤ ਜੀ ਦਾ ਫੱਕਰ ਸੁਭਾਅ ਹੀ ਉਨ੍ਹਾਂ ਦੀ ਇੱਕੋ ਇੱਕ ਖ਼ਾਸੀਅਤ ਨਹੀਂ ਸੀ। ਇਸ ਤੋਂ ਛੁੱਟ ਉਹ ਇੱਕ ਉੱਘੇ ਵਕੀਲ, ਆਜ਼ਾਦੀ ਘੁਲਾਟੀਏ, ਪੱਤਰਕਾਰ ਅਤੇ ਸਮਾਜ ਸੇਵੀ ਵੀ ਸਨ। ਉਹ ਤੀਖਣ ਰਾਜਸੀ ਸੂਝ-ਬੂਝ ਦੇ ਮਾਲਕ ਸਨ ਅਤੇ ਪ੍ਰਾਚੀਨ ਭਾਰਤੀ ਸਭਿਆਚਾਰ ’ਚ ਉਨ੍ਹਾਂ ਦੀ ਅਥਾਹ ਨਿਸ਼ਠਾ ਸੀ। ਉਨ੍ਹਾਂ ਬਾਰੇ ਇੱਕ ਹੋਰ ਗੱਲ ਬੜੀ ਮਸ਼ਹੂਰ ਸੀ ਕਿ ਉਹ ਮਾਇਆ ਨੂੰ ਹੱਥ ਨਹੀਂ ਲਾਉਂਦੇ ਸਨ ਅਤੇ ਅਲਾਹਾਬਾਦ ’ਚ ਵਕਾਲਤ ਕਰਦਿਆਂ ੳੁਨ੍ਹਾਂ ਕਦੇ ਕਿਸੇ ਝੂਠੇ ਕੇਸ ਨੂੰ ਹੱਥ ਨਹੀਂ ਸੀ ਪਾਇਆ।
ਇਨ੍ਹਾਂ ਖੇਤਰਾਂ ਦੇ ਨਾਲ-ਨਾਲ ਉਨ੍ਹਾਂ ਨੇ ਸਿੱਖਿਆ ਦੇ ਖੇਤਰ ’ਚ ਵੀ ਅਹਿਮ ਭੂਮਿਕਾ ਅਦਾ ਕੀਤੀ। ਪੰਡਿਤ ਮਦਨ ਮੋਹਨ ਮਾਲਵੀਆ ਦੀ ਸੋਚ ਸੀ ਕਿ ਵਿੱਦਿਆ ਕਿਸੇ ਵੀ ਸਮਾਜ ਦੀ ਉਸਾਰੀ ਦੀ ਬੁਨਿਆਦ ਹੈ। ਇਸੇ ਲਈ ਉਨ੍ਹਾਂ ਨੂੰ ਪੈਰੋਂ ਉਖੜੇ ਸਮਾਜ ਦੀ ਜੜ੍ਹ ਲਾਉਣ ਦਾ ਇੱਕੋ ਇੱਕ ਹੱਲ ਇੱਕ ਅਜਿਹੀ ਸੰਸਥਾ ਦੀ ਸਥਾਪਨਾ ’ਚ ਲੱਭਿਆ ਜਿਸ ਦੀ ਓਟ ਵਿੱਚ ਹਿੰਦੂ ਸਭਿਅਤਾ ਅਤੇ ਕਦਰਾਂ ਕੀਮਤਾਂ ਵਧ ਫੁੱਲ ਸਕਣ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਤੋਂ ਤਕਰੀਬਨ 30-40 ਸਾਲ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਆਪਣੀਆਂ ਜੜ੍ਹਾਂ ਲਾ ਚੁੱਕੀ ਸੀ ਜਿਸ ਨੇ ਮੁਸਲਿਮ ਸਮਾਜ ਨੂੰ ਤਕੜੀ ਢੋਅ ਪ੍ਰਦਾਨ ਕੀਤੀ ਸੀ। ਇਹ ਗੱਲ ਵੀ ਪੰਡਿਤ ਜੀ ਦੇ ਇਰਾਦੇ ਨੂੰ ਪੱਕਾ ਕਰਨ ’ਚ ਕਾਫ਼ੀ ਸਹਾਇਕ ਸਾਬਤ ਹੋਈ। ਸਰ ਸਈਅਦ ਅਹਿਮਦ ਖ਼ਾਨ ਨੇ ਇੱਕ-ਇੱਕ ਰੁਪਈਆ ਇਕੱਠਾ ਕਰ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਠੀਕ ਉਸੇ ਤਰ੍ਹਾਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਵੀ ਆਪਣੇ ਮਿਥੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪੂਰੇ ਭਾਰਤ ਤੋਂ ਚੰਦਾ ਇੱਕਠਾ ਕਰਨ ਦਾ ਫ਼ੈਸਲਾ ਕੀਤਾ।
ਯੂਨੀਵਰਸਿਟੀ ਦਾ ਸੁਫ਼ਨਾ ਪੂਰਾ ਕਰਨ ਲਈ ਲੱਖਾਂ ਰੁਪਏ ਦੀ ਜ਼ਰੂਰਤ ਸੀ। ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਕਾਰਨ ਇੰਨਾ ਚੰਦਾ ਇਕੱਠਾ ਕਰਨਾ ਇੱਕ ਵੱਡੀ ਚੁਣੌਤੀ ਸੀ। ਇਸ ਲਈ 15 ਜੁਲਾਈ 1911 ਨੂੰ ਕੁਝ ਹਿੰਦੂ ਜਥੇਬੰਦੀਆਂ ਨੇ ਪੰਡਿਤ ਮਾਲਵੀਆ ਦੀ ਅਗਵਾਈ ਹੇਠ ਸਾਰੇ ਭਾਰਤ ਦੀਆਂ ਰਿਆਸਤਾਂ ਅਤੇ ਆਮ ਜਨਤਾ ਨੂੰ ਚੰਦਾ ਦੇਣ ਦੀ ਅਪੀਲ ਕੀਤੀ।
ਜਦੋਂ ਇਹ ਅਪੀਲ ਪੰਜਾਬ ਪਹੁੰਚੀ ਤਾਂ ਖ਼ਾਸਕਰ ਮਾਲਵੇ ਦੇ ਸਿੱਖਾਂ ਨੇ ਇਸ ਬੇਨਤੀ ਦਾ ਖੁੱਲ੍ਹਦਿਲੀ ਨਾਲ ਸੁਆਗਤ ਕੀਤਾ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਇਸ ਸੇਵਾ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਸਿੱਖ ਰਿਆਸਤਾਂ ਤਕ ਇਸ ਕਾਰਜ ਲਈ ਪਹੁੰਚ ਕੀਤੀ। ਸਿੱਖ ਰਿਆਸਤਾਂ ’ਚ ਸੰਤ ਅਤਰ ਸਿੰਘ ਜੀ ਦਾ ਉੱਚਾ ਰੁਤਬਾ ਅਤੇ ਵਿਸ਼ੇਸ਼ ਸਨਮਾਨ ਸੀ। ਇਸ ਲਈ ਸਿੱਖ ਰਾਜਿਆਂ ਨੇ ਖ਼ੁਸ਼ੀ ਨਾਲ ੳੁਨ੍ਹਾਂ ਦੀ ਗੱਲ ਪ੍ਰਵਾਨ ਕਰ ਲਈ।
ਸਿੱਖਾਂ ਨੇ ਚੰਦਾ ਲੈਣ ਲਈ ਆਏ ਵਫ਼ਦ ਦੀਆਂ ਪੈਸਿਆਂ ਨਾਲ ਝੋਲੀਆਂ  ਭਰ ਦਿੱਤੀਆਂ। ਨਾਭੇ ਦੇ ਰਾਜਾ ਰਿਪੁਦਮਨ ਸਿੰਘ ਨੇ ਇੱਕ ਲੱਖ ਰੁਪਏ ਦਾ ਚੰਦਾ ਭੇਂਟ ਕੀਤਾ ਅਤੇ ਕਪੂਰਥਲਾ ਦੇ ਰਾਜਾ ਜਗਜੀਤ ਸਿੰਘ ਨੇ ਛੇ ਹਜ਼ਾਰ ਰੁਪਏ ਸਾਲਾਨਾ ਦੇਣ ਦਾ ਵਾਅਦਾ ਕਰਦਿਆਂ, ਦਸ ਹਜ਼ਾਰ ਦਾ ਚੰਦਾ ਦਿੱਤਾ। ਪਟਿਆਲਾ ਦੇ ਰਾਜਾ ਯਾਦਵਿੰਦਰ ਸਿੰਘ ਨੇ ਪੰਜ ਲੱਖ ਰੁਪਏ ਦਾ ਚੰਦਾ ਦਿੰਦਿਆਂ, ਹਰ ਵਰ੍ਹੇ 24,000 ਸਾਲਾਨਾ ਇਮਦਾਦ ਦੇਣ ਦਾ ਵਾਅਦਾ ਕੀਤਾ।
ਸਿੱਖ ਜਗਤ ਦੀ ਉਦਾਰਤਾ ਵੇਖ ਕੇ ਪੰਡਿਤ ਜੀ ਹੈਰਾਨ ਰਹਿ ਗਏ। ਜਦੋਂ ਹਿੰਦੂ ਯੂਨੀਵਰਸਿਟੀ ਸੁਸਾਇਟੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸ਼ੁਰੂਆਤ ਸੰਸਕ੍ਰਿਤ ਕਾਲਜ ਦੀ ਨੀਂਹ ਰੱਖ ਕੇ ਕਰਨ ਬਾਰੇ ਸੋਚਿਆ ਤਾਂ ਇਸ ਕਾਰਜ ਲਈ ਸੰਤ ਅਤਰ ਸਿੰਘ ਹੁਰਾਂ ਨੂੰ ਚੁਣਿਆ ਗਿਆ। ਜੇਠ ਹਾੜ੍ਹ ਦੀਆਂ ਗਰਮੀਆਂ ਵਿੱਚ ਪੰਡਿਤ ਜੀ ਰੇਲ ਗੱਡੀ ਰਾਹੀਂ ਸੰਗਰੂਰ ਆਏ ਅਤੇ ਰੇਲਵੇ ਸਟੇਸ਼ਨ ਤੋਂ ਨੰਗੇ ਪੈਰੀਂ ਚੱਲ ਕੇ ਸੰਤ ਜੀ ਕੋਲ ਪੁੱਜੇ।
ਪੰਡਿਤ ਜੀ ਨੇ ਸੰਤ ਅਤਰ ਸਿੰਘ ਨੂੰ ਅਰਜ਼ ਕੀਤੀ ਕਿ ਉਹ ਬਨਾਰਸ ਵਿੱਚ ਅਖੰਡ ਪਾਠ ਦੇ ਭੋਗ  ਪਾਉਣ ਉਪਰੰਤ ਯੂਨੀਵਰਸਿਟੀ ਦੀ ਨੀਂਹ ਰੱਖਣ। ਉਨ੍ਹਾਂ ਨੇ ਖ਼ੁਸ਼ੀ ਨਾਲ ਅਰਜ਼ ਪ੍ਰਵਾਨ ਕੀਤੀ। ਸੰਤ ਅਤਰ ਸਿੰਘ ਦੇ ਬਨਾਰਸ ਜਾਣ ਲਈ ਰਾਜਾ ਰਿਪੁਦਮਨ ਸਿੰਘ ਨੇ ਵਿਸ਼ੇਸ਼ ਤੌਰ ’ਤੇ  ਸ਼ਾਹੀ ਰੇਲ ਦਾ ਇੰਤਜ਼ਾਮ ਕਰ ਦਿੱਤਾ। ਸੰਤ ਅਤਰ ਸਿੰਘ ਨੇ ਬਨਾਰਸ ਪੁੱਜ ਕੇ ਯੂਨੀਵਰਸਿਟੀ ਦੀ ਨੀਂਹ ਰੱਖੀ ਅਤੇ ਇਸ ਤਰ੍ਹਾਂ ਭਾਰਤ ਦੀ ਇਹ ਮਹਾਨ ਯੂਨੀਵਰਸਿਟੀ ਹੋਂਦ ’ਚ ਆਈ।

ਸੰਪਰਕ: 097812-12311


Comments Off on ਪੰਡਿਤ ਮਦਨ ਮੋਹਨ ਮਾਲਵੀਆ ਦਾ ਮਾਲਵਾ ਨਾਲ ਨਾਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.