ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਵਿਲੀਅਮ ਸ਼ੈਕਸਪੀਅਰ ਦੇ ਜਨਮ ਅਤੇ ਮੌਤ ਦੀ ਚੌਥੀ ਸ਼ਤਾਬਦੀ

Posted On February - 6 - 2016

ਪ੍ਰੋ. ਨਰਿੰਜਨ ਤਸਨੀਮ

ਵਿਲੀਅਮ ਸ਼ੈਕਸੀਪੀਅਰ ਦੀ ਉਮਰ ਦੇ ਬਵੰਜਾ ਸਾਲ ਅੱਖ ਝਪਕਣ ਵਿੱਚ ਹੀ ਲੰਘ ਗਏ। ਮਤਲਬ ਇਹ ਕਿ ਅਜੇ ਕੱਲ੍ਹ ਦੀ ਗੱਲ ਲਗਦੀ ਹੈ ਕਿ 1964 ਵਿੱਚ ਉਸ ਦੀ ਚੌਥੀ ਜਨਮ ਸ਼ਤਾਬਦੀ ਵਿਸ਼ਵ ਪੱਧਰ ’ਤੇ ਮਨਾਈ ਗਈ ਸੀ ਅਤੇ ਹੁਣ 2016 ਵਿੱਚ ਉਸ ਦੀ ਚੌਥੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਸ ਦਾ ਜਨਮ ‘ਏਵਨ’ ਦਰਿਆ ਦੇ ਕੰਢੇ ’ਤੇ ਵਸੇ ਪਿੰਡ ‘ਸਟਰੈਟਫੋਰਡ’ ਵਿੱਚ 26 ਅਪਰੈਲ, 1564 ਨੂੰ ਹੋਈਆਂ ਅਤੇ ਇਸੇ ਪਿੰਡ ਵਿੱਚ 23 ਅਪਰੈਲ, 1616 ਨੂੰ ਉਸ ਦੀ ਮੌਤ ਹੋ ਗਈ। ਲੰਡਨ ਵਿੱਚ ਉਹ ਜਦੋਂ ਆਇਆ ਤਾਂ ਉਸ ਦੀ ਉਮਰ 28 ਸਾਲ ਦੀ ਸੀ ਅਤੇ ਉੱਥੋਂ ਉਹ, ਸਿਹਤ ਦੇ ਖਰਾਬ ਹੋ ਜਾਣ ਕਾਰਨ, 1612 ਵਿੱਚ ਵਾਪਸ ਆਪਣੇ ਪਿੰਡ ਚਲਾ ਗਿਆ। ਇਤਫਾਕ ਦੀ ਗੱਲ ਹੈ ਕਿ ਉਸ ਨੇ ਆਪਣੀ ਜਾਇਦਾਦ 25 ਮਾਰਚ 1616 ਵਿੱਚ ਆਪਣੀ ਬੇਟੀ ਸੁਜ਼ਾਨਾ ਦੇ ਨਾਂ ਕੀਤੀ ਅਤੇ ਇਸ ਤੋਂ ਬਾਅਦ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਕਿ ਉਹ ਪਰਲੋਕ ਸਿਧਾਰ ਗਿਆ। ਕੇਵਲ 52 ਸਾਲ ਦੀ ਉਮਰ ਵਿੱਚ ਉਸ ਨੇ ਅੰਗਰੇਜ਼ੀ ਸਾਹਿਤ ਨੂੰ ਬਤੌਰ ਕਵੀ ਅਤੇ ਬਤੌਰ ਨਾਟਕਕਾਰ ਮਾਲਾਮਾਲ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਉਹ ਵੱਡਾ ਕਵੀ ਹੋਣ ਕਰਕੇ ਉਹ ਵੱਡਾ ਨਾਟਕਕਾਰ ਸਾਬਤ ਹੋਇਆ ਜਾਂ ਫਿਰ ਵੱਡਾ ਨਾਟਕਕਾਰ ਹੋਣ ਕਰਕੇ ਉਹ ਵੱਡਾ ਕਵੀ ਮੰਨਿਆ ਗਿਆ।
ਵਿਲੀਅਮ ਸ਼ੈਕਸੀਪੀਅਰ ਦੀ 1964 ਵਿੱਚ ਚੌਥੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਮੈਂ ਗੌਰਮਿੰਟ ਕਾਲਜ ਟਾਂਡਾ ਉਡ਼ਮੁਡ਼ ਵਿੱਚ ਸੀ। ਉਦੋਂ ਅਕਾਦਮਿਕ ਹਲਕਿਆਂ ਵੱਲੋਂ ਇਹੀ ਸੁਝਾਅ ਦਿੱਤਾ ਗਿਆ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸ਼ੈਕਸਪੀਅਰ ਅਤੇ ਉਸ ਦੇ ਡਰਾਮਿਆਂ ਬਾਰੇ ਲੈਕਚਰ ਕਰਵਾਉਣ ਦੀ ਬਜਾਏ, ਉਸ ਦੀਆਂ ਰਚਨਾਵਾਂ ਵਿੱਚੋਂ ਚੁਣੇ ਗਏ ਉਤਕਥਨਾ ਅਤੇ ਯਾਦਗਾਰੀ ਵਾਕਾਂ ਦੇ ਆਧਾਰ ’ਤੇ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਈਆਂ ਜਾਣ। ਸੋ, ਮੈਨੂੰ ਯਾਦ ਹੈ ਕਿ ਮੈਂ ਉਦੋਂ ਕਾਲਜ ਦੇ ਅੱਠ-ਦਸ ਲਡ਼ਕੇ ਲਡ਼ਕੀਆਂ ਨੂੰ ਇਸ ਭਾਂਤ ਦੀ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਤਿਆਰ ਕੀਤਾ ਸੀ। ਕਾਲਜ ਵਿੱਚ ਸਤੰਬਰ ਜਾਂ ਅਕਤੂਬਰ 1964 ਵਿੱਚ ਇਹ ਫੰਕਸ਼ਨ ਹੋਇਆ ਸੀ, ਜਿਸ ਦੀ ਬਹੁਤ ਪ੍ਰਸੰਸਾ ਹੋਈ। ਇਹ ਚੰਗਾ ਮੌਕਾ ਸੀ ਸ਼ੈਕਸਪੀਅਰ ਦੇ ਡਰਾਮਿਆਂ ਨਾਲ ਸੰਪਰਕ ਪੈਦਾ ਕਰਨਾ ਦਾ, ਨਹੀਂ  ਤਾਂ ਧੂਆਂਧਾਰ ਭਾਸ਼ਣਾਂ ਨੇ ਵਿਦਿਆਰਥੀਆਂ ਦੇ ਸਿਰਾਂ ਤੋਂ ਉਪਰ ਲੰਘ ਜਾਣਾ ਸੀ। ਉਂਜ ਵੀ ਦੇਖਣ ਵਿੱਚ ਆਇਆ ਹੈ ਕਿ ਕਿਸੇ ਕਵੀ ਜਾਂ ਲੇਖਕ ਦੀ ਰਚਨਾ ਦੇ ਆਧਾਰ ’ਤੇ ਗੱਲ ਕਰਨ ਦੀ ਬਜਾਏ ਵਧੇਰੇ ਸਿੱਖਿਆ ਸ਼ਾਸਤਰੀ ਭਾਵਮਈ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਅਜੇ ਚੌਥੀ ਦਿਹਾਂਤ ਸ਼ਤਾਬਦੀ ਮਨਾਉਣ  ਬਾਰੇ ਕੋਈ ਰੂਪਰੇਖਾ ਤਾਂ ਨਹੀਂ ਸਿਰਜੀ ਗਈ, ਪਰ ਕਾਵਿ-ਨਾਟਕਾਂ ਦੇ ਇਸ ਮਹਾਨ ਰਚਨਾਹਾਰ ਨੂੰ ਯਾਦ ਕਰਨ ਲਈ ਕਿਸੇ ਵਧੀਆ ਵਸੀਲੇ ਨੂੰ ਅਪਣਾਉਣ ਦੀ ਆਸ ਹੈ।
ਵਿਲੀਅਮ ਸ਼ੈਕਸਪੀਅਰ ਬੇਸ਼ੱਕ ਬਵੰਜਾ ਸਾਲ ਦੀ ਉਮਰ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਪਰ ਉਹ ਲਗਾਤਾਰ ਵੀਹ ਸਾਲ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਰਿਹਾ। ਉਮਰ ਤੋਂ ਜ਼ਿਆਦਾ ਸਾਹਿਤਕਾਰ ਦੀ ਕਾਰਜਸ਼ੀਲਤਾ ਦੀ ਮੁੱਦਤ ਮਹੱਤਵਪੂਰਨ ਹੈ। ਲੇਕਿਨ ਹਮੇਸ਼ਾ ਲੰਮੇ ਸਮੇਂ ਦੀ ਕਾਰਜਸ਼ੀਲਤਾ ਦਾ ਮਤਲਬ ਵਧੀਆ ਸਾਹਿਤ ਰਚਨਾ ਨਹੀਂ ਹੋ ਸਕਦਾ। ਵਿਲੀਅਮ ਵਰਡਜ਼ਵਰਥ ਨੇ ਅੱਸੀ ਸਾਲ ਦੀ “ਉਮਰ ਭੋਗੀ ਪਰ ਉਹ ਆਪਣੀ ਉਮਰ ਦੇ ਪਹਿਲੇ ਤੀਹਾਂ ਸਾਲਾਂ ਵਿੱਚ ਜਿਹਡ਼ੀਆਂ ਉੱਚ-ਕੋਟੀ ਦੀਆਂ ਕਾਵਿ ਰਚਨਾਵਾਂ 29 ਸਿਰਜਣਾ ਕਰ ਗਿਆ, ਉਨ੍ਹਾਂ ਵਰਗੀਆਂ ਉਹ ਬਾਕੀ ਦੀ ਪੰਜਾਹਾਂ ਸਾਲਾਂ ਵਿੱਚ ਨਾ ਕਰ ਸਕਿਆ। ਉਧਰ ਜੌਹਨ ਕੀਟਸ ਪੱਚੀ ਸਾਲ ਦੀ ਉਮਰ ਵਿੱਚ ਇਸ ਜਹਾਨ ਤੋਂ ਤੂਰ ਗਿਆ ਅਤੇ ਅਠਾਰਾਂ ਸਾਲ ਤੋਂ ਬਾਈ-ਤੇਈ ਸਾਲ ਦੀ ਉਮਰ ਤੱਕ ਹੀ ਉਹ ਰਚਨਾਤਮਕ ਅਮਲ ਵਿੱਚ ਰੁੱਝਾ ਰਿਹਾ। ਉਸ ਦੀਆਂ ਕਾਵਿ-ਰਚਨਾਵਾਂ ਬਾਰੇ ਸਮਾਲੋਚਕਾਂ ਦਾ ਨਿਰਣਾ ਹੈ ਕਿ ਕਿਤੇ ਕਿਤੇ ਉਹ ਵਿਲੀਅਮ ਸ਼ੈਕਸਪੀਅਰ ਦੀਆਂ ਕਾਵਿ-ਰਚਨਾਵਾਂ ਦੇ ਪੱਧਰ ਦੀਆਂ ਹਨ। ਏਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਰਚਨਾ ਕਾਲ ਦੀ ਮੁੱਦਤ ਦਾ ਮਹੱਤਵ ਜ਼ਰੂਰ ਹੈ, ਲੇਕਿਨ ਥੋਡ਼੍ਹੇ ਸਮੇਂ ਵਿੱਚ ਵੀ ਵਧੀਆ ਸਾਹਿਤ ਵਜੂਦ ਵਿੱੱਚ ਆ ਸਕਦੀ ਹੈ।
ਵਿਲੀਅਮ ਵਰਡਜ਼ਵਰਥ ਵੱਲ ਦੁਬਾਰਾ ਆਉਂਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਸ਼ੁਰੂ ਦੀਆਂ ਰਚਨਾਵਾਂ ਦੀ ਕਚਿਆਈ ਅਤੇ ਬਾਅਦ ਦੀਆਂ ਰਚਨਾਵਾਂ ਦੀ ਪਕਿਆਈ ਵਾਲੀ ਗੱਲ ਨਿਰਮੂਲ ਹੈ। ਜੇਨ ਆਸਟਿਨ ਦਾ ਦੂਜਾ ਨਾਵਲ ‘ਪਰਾਇਡ ਐਂਡ ਪਰੈਜੂਡਿਸ’ ਬਹੁਤ ਹੀ ਸਨਮਾਨਿਤ ਰਚਨਾ ਹੈ। ਇਸ ਨੂੰ ਸਾਮਰਸੈਟ ਮਾਮ੍ਹ ਨੇ ਅੰਗਰੇਜ਼ੀ ਦੇ ਬਿਹਤਰੀਨ ਦਸ ਨਾਵਲਾਂ ਵਿੱਚ ਸ਼ਾਮਲ ਕੀਤਾ ਹੈ। ਜੇਨ ਆਸਟਿਨ ਨੇ ਬਾਅਦ ਵਿੱਚ ਤਿੰਨ ਹੋਰ ਨਾਵਲ ਪ੍ਰਕਾਸ਼ਿਤ ਕਰਵਾਏ ਪਰ ਉਹ ਗੱਲ ਨਾ ਬਣ ਸਕੀ। ਏਸੇ ਤਰ੍ਹਾਂ ਐਮਿਲੀ ਬਰੋਂਟੇ ਨੇ ਇਕੋ ਨਾਵਲ ‘ਵੁਦਰਿੰਗ ਹਾਈਟਸ’ ਲਿਖਿਆ, ਜਿਹਡ਼ਾ ਦਸਾਂ ਨਾਵਲਾਂ ਦੀ ਲਿਸਟ ਵਿੱਚ ਸ਼ਾਮਲ ਹੈ। ਪਤਾ ਨਹੀਂ ਲਗਦਾ ਕਿ ਕਿਹਡ਼ੀ ਰਚਨਾ ਸ਼ਾਹਕਾਰ ਸਿੱਧ ਹੋ ਜਾਣੀ ਹੈ। ਨਾਵਲਕਾਰ ਨਾਨਕ ਸਿੰਘ ਨੇ ਅਣਗਿਣਤ ਨਾਵਲਾਂ ਦੀ ਰਚਨਾ ਕੀਤੀ, ਪਰ ਉਸ ਦੇ ਨਾਵਲ ‘ਪਵਿੱਤਰ ਪਾਪੀ’ ਨੂੰ ਪੰਜਾਬੀ ਪਾਠਕਾਂ ਨੇ ਜਿਹਡ਼ਾ ਹੁੰਗਾਰਾ ਦਿੱਤਾ ਹੈ, ਉਹ ਬੇਮਿਸਾਲ ਹੈ। ਗੁਰਦਿਆਲ ਸਿੰਘ ਦੇ ਨੌਂ-ਦਸ ਨਾਵਲਾਂ ਵਿੱਚੋਂ ਉਸ ਦਾ ਪਹਿਲਾ ਨਾਵਲ ‘ਮਡ਼੍ਹੀ ਦਾ ਦੀਵਾ’ ਇਕ ਵਿਲੱਖਣ ਰਚਨਾ ਹੈ। ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸੀ’ ਲਾਜਵਾਬ ਰਚਨਾ ਹੈ। ਆਪਣੀ ਗੱਲ ਕਰਾਂ ਤਾਂ ਮੇਰਾ ਨਾਵਲ ‘ਇਕ ਹੋਰ ਨਵਾਂ ਸਾਲ’ ਅਛੋਪਲੇ ਹੀ ਨਾਮਣਾ ਖੱਟ ਗਿਆ, ਭਾਵੇਂ ਕਿ ਇਹ ਨਾਵਲ ਬਹੁਤੀ ਵਿਉਂਤਵੰਦੀ ਦੀ ਉਪਜ ਨਹੀਂ ਹੈ।
ਵਿਲੀਅਮ ਸ਼ੈਕਸਪੀਅਰ ਦੇ ਜਨਮ ਅਤੇ ਮੌਤ ਦੀ ਚੌਥੀ ਸ਼ਤਾਬਦੀ ਬਾਰੇ ਗੱਲ ਸ਼ੁਰੂ ਹੋਈ ਸੀ। ਉਸ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਕਿਸੇ ਡਰਾਮੇ, ਚਾਹੇ ਉਹ ਦੁਖਾਂਤ ਹੋਵੇ, ਸੁਖਾਂਤ ਹੋਵੇ ਜਾਂ ਇਤਿਹਾਸਕ ਹੋਵੇ, ਵਿੱਚ ਨਜ਼ਰ ਨਹੀਂ ਆਉਂਦਾ। ਬਡ਼ੀ ਕੋਸ਼ਿਸ਼ ਹੋਈ ਹੈ ਕਿ ਉਸ ਨੂੰ ਉਸ ਦੀਆਂ ‘ਸੋਨਿਟਸ’ (ਸਰੋਦੀ ਕਵਿਤਾਵਾਂ) ਵਿੱਚ ਤਲਾਸ਼ ਕੀਤਾ ਜਾਏ, ਪਰ ਪੂਰੀ ਸਫਲਤਾ ਨਹੀਂ ਮਿਲੀ। ਨਿਰਸੰਦੇਹ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਉਂਜ ਭਾਵੇਂ ਉਹ ਕਿਸੇ ਰਚਨਾ ਵਿੱਚ ਮੌਜੂਦ ਹੀ ਹੋਵੇ। ਕਿਹਾ ਜਾਂਦਾ ਹੈ ਕਿ ਰੱਬ ਹਰ ਥਾਂ ’ਤੇ ਮੌਜੂਦ ਹੈ ਪਰ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸਾਡੇ ਸਾਹਿਤਕਾਰ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹ ਆਪਣੀ ਰਚਨਾ ਵਿੱਚ ਆਪਣੀ ਹੋਂਦ ਜਤਾ ਰਹੇ ਹਨ। ਕਈ ਵਾਰ ਤਾਂ ਉਹ ਆਪਣੇ ਪਾਤਰਾਂ ਅਤੇ ਪਾਠਕਾਂ ਵਿੱਚ ਆਣ-ਖਲੌਦੇ ਹਨ ਅਤੇ ਟਿੱਪਣੀਕਾਰ ਬਣ ਜਾਂਦੇ ਹਨ। ਕਦੀ ਵੀ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਗਟ ਕਰਨ ਲੱਗਿਆਂ, ਆਪਣੀ ਜਾਤ (ਨਿੱਜ) ਦਾ ਲੁਕਾ ਨਹੀਂ ਕਰਦੇ। ਇਸੇ ਲਈ ਕਿਹਾ ਗਿਆ ਹੈ ਕਿ ਰਚਨਾਕਾਰ ਲਈ ਇਹ ਉੱਚਿਤ ਹੈ ਕਿ ਉਹ ਆਪਣੀ ਜ਼ਾਤ ਦੇ ਹਲਕੇ ਵਿੱਚੋਂ ਬਾਹਰ ਨਿਕਲ ਨੇ ਕਾਇਨਾਤ (ਜਗਤ) ਨਾਲ ਸੰਪਰਕ ਪੈਦਾ ਕਰੇ। ਹਓਮੈ ਵਿੱਚੋਂ ਬਾਹਰ ਨਿਕਲ ਕੇ ਉਹ ਕਹੇਗਾ:
ਜਹਾਂ ਮੇਂ ਆ ਕਰ ਇੱਧਰ-ਉਧਰ ਦੇਖਾ
ਤੂੰ ਹੀ ਆਇਆ ਨਜ਼ਰ ਜਿਧਰ ਦੇਖਾ।

•ਸੰਪਰਕ: 98725-55091


Comments Off on ਵਿਲੀਅਮ ਸ਼ੈਕਸਪੀਅਰ ਦੇ ਜਨਮ ਅਤੇ ਮੌਤ ਦੀ ਚੌਥੀ ਸ਼ਤਾਬਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.