ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    ਐੱਨਆਈਐੱਸ ਪਟਿਆਲਾ ਕੋਚਿੰਗ ਕੋਰਸ: ਉੱਘੇ ਖਿਡਾਰੀਆਂ ਲਈ 46 ਸੀਟਾਂ !    

ਰਿਆਸਤੀ ਸ਼ਹਿਰ ਸੰਗਰੂਰ ਦੀਆਂ ਲੋਪ ਹੋ ਰਹੀਆਂ ਸ਼ਾਹੀ ਇਮਾਰਤਾਂ

Posted On January - 19 - 2016

ਵਿਸਰੀ ਵਿਰਾਸਤ

ਗੁਰਤੇਜ ਸਿੰਘ ਪਿਆਸਾ

ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਦੀ ਤਰਜ਼ ’ਤੇ ਉਸਰਿਆ ਰਿਆਸਤ ਜੀਂਦ ਦੀ ਰਾਜਧਾਨੀ ਰਿਹਾ ਇਤਿਹਾਸਕ ਸ਼ਹਿਰ ਸੰਗਰੂਰ ਅੱਜ ਆਪਣੀ ਪੁਰਾਣੀ ਰਿਆਸਤੀ ਸ਼ਾਨ ਗੁਆ ਚੁੱਕਾ ਹੈ। ਇਸ ਦੇ ਚਾਰੇ ਇਤਿਹਾਸਕ ਦਰਵਾਜ਼ੇ ਢਾਹ ਕੇ ਇਸ ਦੀ ਪਛਾਣ ਮਿਟਾ ਦਿੱਤੀ ਗਈ ਹੈ ਤੇ ਡੱਬੀ ਵਾਂਗ ਬੰਦ ਚਾਰਦੀਵਾਰੀ ਵਾਲਾ ਸ਼ਹਿਰ ਚੌੜ-ਚੁਪੱਟ ਹੋ ਗਿਆ ਹੈ।
ਸ਼ਹਿਰ ਦੇ ਬਜ਼ੁਰਗਾਂ ਅਨੁਸਾਰ ਇਤਿਹਾਸਕ ਵਿਰਸੇ ਵਾਲੇ ਇਨ੍ਹਾਂ ਦਰਵਾਜ਼ਿਆਂ ਨੂੰ ਢਹਿ-ਢੇਰੀ ਕਰ ਕੇ ਸੰਗਰੂਰ ਦਾ ਘਾਣ ਕਰ ਦਿੱਤਾ ਗਿਆ ਹੈ ਪਰ ਕਿਸੇ ਦਾਨਸ਼ਮੰਦ ਨੇ ਚੀਸ ਵੀ ਨਾ ਵੱਟੀ ਤੇ ਨਾ ਹੀ ਹਾਅ ਦਾ ਨਾਅਰਾ ਮਾਰਿਆ। ਇਸ ਤੋਂ ਇਲਾਵਾ ਸ਼ਹਿਰ ਦੇ ਆਲੇ-ਦੁਆਲੇ ਖ਼ੁਸ਼ਬੋ ਛੱਡਦੇ ਅਨਾਰ, ਨਾਸਪਾਤੀ, ਜਾਮਨਾਂ, ਅੰਬ ਆਦਿ ਦੇ ਬੂਟੇ ਵੀ ਤਹਿਸ-ਨਹਿਸ ਕਰ ਦਿੱਤੇ ਗਏ, ਸ਼ਹਿਰ ਦੇ ਬਾਗ਼ ਉਜਾੜ ਦਿੱਤੇ ਗਏ, ਕਿਲ੍ਹੇ ਢਾਹ ਦਿੱਤੇ ਤੇ ਦਰਵਾਜ਼ੇ, ਬਾਜ਼ਾਰ, ਡਿਉਢੀਆਂ, ਫੁਹਾਰੇ, ਫਰਾਸਖਾਨੇ, ਮੋਦੀਖਾਨਾ, ਤੋਸ਼ਾਖਾਨਾ, ਜਲੌਅਖਾਨਾ, ਬੱਗੀਖਾਨਾ, ਹਾਥੀਖਾਨਾ, ਜਿੰਮਖਾਨਾ, ਕੁੱਤਾਖਾਨਾ ਸਭ ਮਲੀਆਮੇਟ ਕਰ ਦਿੱਤੇ ਗਏ ਹਨ। ਧੂਰੀ ਦਰਵਾਜ਼ੇ ਦੇ ਬਾਹਰ ਬਣੀ ਈਦਗਾਹ ਵੀ ਜ਼ਮਾਨੇ ਦੀ ਭੇਟ ਚੜ੍ਹ ਗਈ ਹੈ। ਇਹ ਈਦਗਾਹ ਰਾਜਾ ਰਘਬੀਰ ਸਿੰਘ ਨੇ ਮੁਸਲਮਾਨਾਂ ਲਈ ਬਣਵਾਈ ਸੀ।
ਉਹ ਸਥਾਨ ਜਿੱਥੇ ਕਦੇ ਰਿਆਸਤ ਜੀਂਦ ਦਾ ਝੰਡਾ ਲਹਿਰਾਉਂਦਾ ਸੀ, ਉਸ ਦੀਆਂ ਬੁਰਜੀਆਂ ਖੰਡਰ ਬਣ ਗਈਆਂ ਹਨ। ਮਹਾਰਾਜਾ ਜੀਂਦ ਵੱਲੋਂ ਵਸਾਏ ਸ਼ਹਿਰ ਦੇ ਚਾਰੇ ਦਰਵਾਜ਼ਿਆਂ ’ਤੇ ਬਣੇ ਗੁਰਦੁਆਰੇ ਤੇ ਮੰਦਰ ਵੀ ਪ੍ਰਸ਼ਾਸਨ ਦੀ ਮਿਹਰ ਦੀ ਉਡੀਕ ਵਿੱਚ ਹਨ। ਇਨ੍ਹਾਂ ਨੇੜੇ ਬਣਵਾਏ ਤਲਾਬ ਰਿਆਸਤੀ ਸ਼ਹਿਰ ਦੀਆਂ ਖ਼ਾਸ ਨਿਸ਼ਾਨੀਆਂ ਹਨ। ਸ਼ਹਿਰ ਦੇ ਬਾਹਰ ਵਾਰ ਬਣੇ ਚਾਰਾਂ ਤਲਾਬਾਂ ਵਿੱਚੋਂ ਤਿੰਨ ਪੂਰ ਦਿੱਤੇ ਗਏ ਹਨ ਪਰ ਬਚਿਆ ਸੁਨਾਮੀ ਗੇਟ ਤਲਾਬ ਬਦਹਾਲੀ ਦੀ ਦਾਸਤਾਨ ਬਿਆਨ ਕਰ ਰਿਹਾ ਹੈ। ਬਾਗ਼ਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸੰਗਰੂਰ ਦੇ ਸੀਰੀ ਬਾਗ਼, ਮਹਿਤਾਬ ਬਾਗ਼, ਕਿਸ਼ਨ ਬਾਗ਼, ਆਫ਼ਤਾਬ ਬਾਗ਼, ਗੁਲਬਹਾਰ ਚਮਨ, ਦਿਲਸ਼ਾਦ ਚਮਨ, ਰੋਸ਼ਨ ਚਮਨ ਤੇ ਲਾਲ ਬਾਗ਼ ਸਮੇਂ ਦੀਆਂ ਸਰਕਾਰਾਂ ਦੇ ਪ੍ਰਸ਼ਾਸਕਾਂ ਵੱਲੋਂ ਉਜਾੜ ਦਿੱਤੇ ਗਏ। ਸ਼ਹਿਰ ਦੇ ਇੱਕੋ ਇੱਕ ਬਚੇ ਬਨਾਸਰ ਬਾਗ਼ ਦੀ ਪੁਰਾਣੀ ਚਮਕ ਵੀ ਫਿੱਕੀ ਪੈ ਚੁੱਕੀ ਹੈ। ਇਹ ਸਾਰੇ ਬਾਗ਼ ਉਜਾੜ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਕਚਹਿਰੀ,  ਬੱਸ ਅੱਡਾ, ਰਿਹਾਇਸ਼ੀ ਕਲੋਨੀਆਂ, ਸਕੂਲ, ਸਟੇਡੀਅਮ ਤੇ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਬਣਾ ਦਿੱਤੇ ਗਏ ਹਨ। ਸ਼ਹਿਰ ਦਾ ਇੱਕ ਹਿੱਸਾ ਭਾਵੇਂ ਇਤਿਹਾਸਕ ਯਾਦਗਾਰਾਂ ਢਾਹ ਕੇ ਆਧੁਨਿਕਤਾ ਦੀਆਂ ਪੈੜਾਂ ’ਤੇ ਫ਼ਖਰ ਮਹਿਸੂਸ ਕਰਦਾ ਹੈ ਪਰ ਬਜ਼ੁਰਗ ਸ਼ਹਿਰ ਦੇ ਵਿਕਾਸ ਦੇ ਨਾਂ ’ਤੇ ਪੁਰਾਤਨ ਇਮਾਰਤਾਂ ਦੀ ਹੋ ਰਹੀ ਬਰਬਾਦੀ ’ਤੇ ਹੰਝੂ ਵਹਾ ਰਹੇ ਹਨ।
ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਰਾਜਾ ਰਘਬੀਰ ਸਿੰਘ ਨੇ ਜੈਪੁਰ ਦੇ ਨਕਸ਼ੇ ’ਤੇ ਇਸ ਨੂੰ ਉਸਾਰਿਆ ਸੀ। ਸ਼ਹਿਰ ਦੇ ਬਾਜ਼ਾਰ ਚੌਸਰ ਦੀ ਤਰਜ਼ ’ਤੇ ਬਣਾਏ ਗਏ ਤੇ ਵਿਚਕਾਰ ਸ਼ਾਨਦਾਰ ਫੁਹਾਰਾ ਲਾਇਆ ਗਿਆ। ਭਰਤ ਦੇ ਬਣੇ ਘੋੜਿਆਂ ਦੀਆਂ ਗਰਦਨਾਂ ਇਸ ਤਰ੍ਹਾਂ ਜੁੜੀਆਂ ਸਨ ਕਿ ਹਰ ਘੋੜੇ ਦਾ ਮੂੰਹ ਬਾਜ਼ਾਰ ਵੱਲ ਸੀ। ਸੜਕਾਂ ਦੇ ਸਿਰਿਆਂ ’ਤੇ ਲੋਹੇ ਤੇ ਲੱਕੜ ਦੇ ਦਰਵਾਜ਼ੇ ਸੰਗੀਨਾਂ ਲਾ ਕੇ ਇੰਨੇ ਮਜ਼ਬੂਤ ਬਣਾਏ ਗਏ ਕਿ ਹਾਥੀ ਦੇ ਟੱਕਰਾਂ ਮਾਰਨ ’ਤੇ ਵੀ ਨਾ ਟੁੱਟਣ ਤੇ ਇਨ੍ਹਾਂ ਦਰਵਾਜ਼ਿਆਂ ਦੇ ਨਾਂ ਉਨ੍ਹਾਂ ਸੜਕਾਂ ਨੂੰ ਜਾਂਦੇ ਕਸਬਿਆਂ ਦੇ ਨਾਵਾਂ ’ਤੇ ਰੱਖੇ ਗਏ ਸਨ। ਸ਼ਹਿਰ ਦੇ ਚਾਰੇ ਪਾਸੇ ਇੱਕ ਫਸੀਲ ਸੀ, ਜਿਸ ਦੀ ਹਿਫ਼ਾਜ਼ਤ ਆਲੇ ਦੁਆਲੇ ਬਣੀ ਨਹਿਰ ਕਰਦੀ ਸੀ। ਉਸ ਵੇਲੇ ਸੰਗਰੂਰ ਸ਼ਹਿਰ ਹੀ ਦੇਸ਼ ਦਾ ਪਹਿਲਾ ਸ਼ਹਿਰ ਸੀ, ਜਿੱਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਹੁੰਦੀ ਸੀ ਤੇ ਇਹ ਸਿਸਟਮ 1902 ਤੋਂ ਸੰਗਰੂਰ ਵਿੱਚ ਚਾਲੂ ਹੋਇਆ। ਇਸ ਨੂੰ ਬੰਬਾ-ਘਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ ਇਤਿਹਾਸਕ ਵਿਰਸੇ ਦਾ ਚਿੰਨ੍ਹ ਹੈ।
ਰਾਜੇ ਦੀ ਸ਼ਾਹੀ ਫੌਂਡਰੀ 1876 ਵਿੱਚ ਕਾਇਮ ਕੀਤੀ ਗਈ ਸੀ, ਜਿਸ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ, ਖ਼ਰਾਦਾਂ, ਚੱਕੀਆਂ, ਇੰਜਣ, ਪਾਣੀ ਕੱਢਣ ਦੇ ਪੰਪ, ਲੱਕੜ ਦੇ ਆਰੇ, ਵਾਟਰ ਵਰਕਸ ਤੇ ਖੂਹ ਕਾਇਮ ਸਨ। ਛੋਟਾ-ਮੋਟਾ ਅਸਲਾ ਵੀ ਇਸ ਸ਼ਾਹੀ ਫੌਂਡਰੀ ਵਿੱਚ ਬਣਾਇਆ ਜਾਂਦਾ ਸੀ। ਰਾਜਾ ਰਘਬੀਰ ਸਿੰਘ ਨੇ ਜਦੋਂ ਇੱਥੇ ਤੋਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਅੰਗਰੇਜ਼ਾਂ ਨੇ ਵਰਕਸ਼ਾਪ ਬੰਦ ਕਰਵਾ ਦਿੱਤੀ। ਸ਼ਹਿਰ ਦਾ ਬਨਾਰਸ ਬਾਗ਼ ਕਲਾ ਦਾ ਵਧੀਆ ਨਮੂਨਾ ਹੈ, ਜਿਹੜਾ ਮੁਗ਼ਲ ਇਮਾਰਤੀ ਕਲਾ ਤੇ ਰਾਜਪੂਤਾਨਾ ਕਲਾ ਦਾ ਸੁਮੇਲ ਹੈ। ਬਾਗ਼ ਦੇ ਵਿਚਕਾਰ ਬਣੀ ਸੰਗਮਰਮਰ ਦੀ ਬਾਰਾਂਦਰੀ ਆਪਣੀ ਵੱਖਰੀ ਪਛਾਣ ਰੱਖਦੀ ਹੈ।
ਸੰਗਰੂਰ ਦੇ ਨਾਭਾ ਗੇਟ ਸਥਿਤ ਰਿਆਸਤ ਜੀਂਦ ਦੀਆਂ 16 ‘ਸ਼ਾਹੀ ਸਮਾਧਾਂ’ ਖੰਡਰ ਬਣਦੀਆਂ ਜਾ ਰਹੀਆਂ ਹਨ। ਤਕਰੀਬਨ ਡੇਢ ਸਦੀ ਪੁਰਾਣੀਆਂ ਇਹ ਸਮਾਧਾਂ ਜੀਂਦ ਰਿਆਸਤ ਦੇ ਹਾਕਮਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਯਾਦ ਵਿੱਚ ਉਸਾਰੀਆਂ ਗਈਆਂ ਸਨ। ਇਸ ਸਥਾਨ ’ਤੇ ਸ਼ਾਹੀ ਘਰਾਣਿਆਂ ਦੇ ਮ੍ਰਿਤਕ ਮੈਂਬਰਾਂ ਨੂੰ ਦਫ਼ਨਾਇਆ ਗਿਆ ਸੀ। ਇਹ ਸਮਾਧਾਂ ਜੀਂਦ ਰਿਆਸਤ ਦੇ ਰਾਜਾ ਰਘਬੀਰ ਸਿੰਘ ਨੇ ਗੰਗਾ ਸਾਗਰ ਤਲਾਬ ਨੇੜੇ ਬਣਵਾਈਆਂ ਸਨ। ਇਸ ਰਿਆਸਤੀ ਸ਼ਹਿਰ ਦੀਆਂ ਉੱਜੜੀਆਂ ਅਤੇ ਢਹਿ-ਢੇਰੀ ਹੋ ਰਹੀਆਂ ਇਮਾਰਤਾਂ ਵਿੱਚੋਂ ਬਚਦੀਆਂ ਕੁਝ ਰਿਆਸਤੀ ਇਮਾਰਤਾਂ ਦੀ ਮੁਰੰਮਤ ਲਈ ਸਰਕਾਰ ਵੱਲੋਂ ਥੋੜ੍ਹੇ ਜਿਹੇ ਪੈਸਿਆਂ ਨਾਲ ਉਨ੍ਹਾਂ ਦੀ ਦਿੱਖ ਬਰਕਰਾਰ ਰੱਖਣ ਦਾ ਉਪਰਾਲਾ ਸੂਬੇ ਦੇ ਪੁਰਾਤਨ ਵਿਭਾਗ ਵੱਲੋਂ ਲਿਪਾ-ਪੋਚੀ ਕਰ ਕੇ ਕੀਤਾ ਜਾ ਰਿਹਾ ਹੈ। ਜੇ ਮਹਾਰਾਜਾ ਦੇ ਸਮੇਂ ਉਸਾਰੀਆਂ ਸ਼ਾਹੀ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਘੰਟਾ ਘਰ ਅਤੇ ਮੌਜੂਦਾ ਅਜਾਇਬ ਘਰ ਨੂੰ ਛੱਡ ਕੇ ਬਾਕੀ ਸਾਰੀਆਂ ਇਮਾਰਤਾਂ ਤਹਿਸ-ਨਹਿਸ ਹੋ ਗਈਆਂ ਹਨ।


Comments Off on ਰਿਆਸਤੀ ਸ਼ਹਿਰ ਸੰਗਰੂਰ ਦੀਆਂ ਲੋਪ ਹੋ ਰਹੀਆਂ ਸ਼ਾਹੀ ਇਮਾਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.