ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਦੇ 24 ਨਵੇਂ ਮਰੀਜ਼ਾਂ ਦੀ ਪੁਸ਼ਟੀ

Posted On September - 17 - 2015

ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਪਟਿਆਲਾ ਵਿੱਚ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ|

ਰਵੇਲ ਸਿੰਘ ਭਿੰਡਰ
ਪਟਿਆਲਾ, 17 ਸਤੰਬਰ
ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲੈਣ ਲਈ ਅੱਜ ਸਕੱਤਰ ਸਿਹਤ ਹੁਸਨ ਲਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਦਕਿ ਜ਼ਿਲ੍ਹੇ ਵਿੱਚ ਅੱਜ ਬਿਮਾਰੀ ਦੇ 24 ਨਵੇਂ ਮਰੀਜ਼ ਸਾਹਮਣੇ ਆਏ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਡੇਂਗੂ ਪੀੜਤਾਂ ਦੇ ਟੈਸਟ ਅਤੇ ਇਲਾਜ ਦੀ ਮੁਫ਼ਤ ਸਹੂਲਤ ਦੇਣ ਦੇ ਨਾਲ-ਨਾਲ ਡੇਂਗੂ ਪੀੜਤਾਂ ਦੇ ਇਲਾਜ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਡੇਂਗੂ ਦੇ ਟੈਸਟ ਲਈ ਲੋੜੀਂਦੀਆਂ ਕਿੱਟਾਂ ਉਪਲਬਧ ਹਨ| ਉਨ੍ਹਾਂ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦੇ ਫੌਰੀ ਇਲਾਜ ਲਈ ਵਿਆਪਕ ਪ੍ਰਬੰਧ ਹਨ|
ੳੁਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਸ ਬਿਮਾਰੀ ਦੀ ਰੋਕਥਾਮ ਲਈ ਗੰਭੀਰ ਹਨ, ਜਿਸ ਦੇ ਚਲਦਿਆਂ ਸਰਕਾਰ ਵੱਲੋਂ ਵਿਆਪਕ ਪ੍ਰਬੰਧਾਂ ਕੀਤੇ ਗਏ ਹਨ| ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜ਼ਿਲ੍ਹੇ ਵਿੱਚ ਡੇਂਗੂ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿੱਚ ਤੁਰੰਤ ਸਬੰਧਤ ਨਗਰ ਕੌਂਸਲ ਜਾਂ ਨਗਰ ਨਿਗਮ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਮੀਟਿੰਗ ਦੌਰਾਨ ਸਮੂਹ ਐਸਡੀਐਮਜ਼ ਅਤੇ ਸਿਹਤ ਅਧਿਕਾਰੀਆਂ ਤੋਂ ਸਬ-ਡਿਵੀਜ਼ਨ ਪੱਧਰ ’ਤੇ ਕੀਤੇ ਪ੍ਰਬੰਧਾਂ ਦੀ ਵੀ ਜਾਣਕਾਰੀ ਲੲੀ।
ਇਸ ਮੌਕੇ ਸਟੇਟ ਪ੍ਰੋਗਰਾਮ ਮੈਨੇਜਰ ਡਾ. ਗਗਨਦੀਪ ਸਿੰਘ ਗਰੋਵਰ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪਲਦਾ ਹੈ। ਸਾਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਧੇਰੇ ਚੌਕਸੀ ਨਾਲ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫੌਗਿੰਗ ਦੌਰਾਨ ਲੋਕ ਘਰਾਂ ਦੀਆਂ ਖਿੜਕੀਆਂ ਤੇ ਹੋਰ ਰਸਤੇ ਖੁੱਲ੍ਹੇ ਰੱਖਣ ਤਾਂ ਕਿ ਦਵਾਈ ਦਾ ਵਿਆਪਕ ਅਸਰ ਹੋ ਸਕੇ|
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਡੇਂਗੂ ਪੀੜਤਾਂ ਬਾਰੇ ਅੰਕੜੇ ਰੋਜ਼ਾਨਾ ਸਿਹਤ ਵਿਭਾਗ ਨੂੰ ਦੇਣੇ ਯਕੀਨੀ ਬਣਾਉਣ ਅਤੇ ਮਰੀਜ਼ਾਂ ਦਾ ਵਿੱਤੀ ਸ਼ੋਸ਼ਣ ਕਰਨ ਤੋਂ ਗੁਰੇਜ਼ ਕੀਤਾ ਜਾਵੇ| ਕਮਿਸ਼ਨਰ ਨਗਰ ਨਿਗਮ ਇੰਦੂ ਮਲਹੋਤਰਾ ਨੇ ਦੱਸਿਆ ਕਿ ਜਿਹੜੇ ਵਾਰਡਾਂ ਵਿੱਚ ਪਿਛਲੇ ਸਾਲਾਂ ਦੌਰਾਨ ਵੀ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ, ਉਨ੍ਹਾਂ ਵਿੱਚ ਇਸ ਵਾਰ ਵੀ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਵਾਰਡ ਪੱਧਰ ’ਤੇ ਲੋਕਾਂ ਨੂੰ ਪਹਿਲਾਂ ਜਾਗਰੂਕ ਕਰ ਕੇ ਫੌਗਿੰਗ ਕਰਵਾਈ ਜਾ ਰਹੀ ਹੈ|
ਇਸ ਤੋਂ ਬਾਅਦ ਸ੍ਰੀ ਹੁਸਨ ਲਾਲ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਡੇਂਗੂ ਦੇ ਇਲਾਜ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ| ਮੀਟਿੰਗ ਵਿੱਚ ਏਡੀਸੀ ਜਨਰਲ ਮੋਹਿੰਦਰਪਾਲ, ਸਿਵਲ ਸਰਜਨ ਡਾ. ਰਾਜੀਵ ਭੱਲਾ, ਵੱਖ-ਵੱਖ ਐਸਡੀਐਮਜ਼ ਤੇ ਹੋਰ ਅਧਿਕਾਰੀ   ਹਾਜ਼ਰ ਸਨ|

ਜ਼ਿਲ੍ਹੇ ਵਿੱਚ ਰੁਕ ਨਹੀਂ ਰਿਹਾ ਡੇਂਗੂ ਦਾ ਪ੍ਰਕੋਪ
ਇੱਕਤਰ ਜਾਣਕਾਰੀ ਮੁਤਾਬਿਕ ਅੱਜ ਹੀ ਜ਼ਿਲ੍ਹੇ ਵਿੱਚ ਡੇਂਗੂ ਦੇ 24 ਨਵੇਂ ਮਰੀਜ਼ ਪਾਜ਼ਿਟਿਵ ਪਾਏ ਗਏ ਹਨ| ਇਸ ਨਾਲ ਜ਼ਿਲ੍ਹੇ ’ਚ ਡੇਂਗੂ ਪੀੜਤਾਂ ਦੀ ਗਿਣਤੀ 143 ਤੱਕ ਪੁੱਜ ਗਈ ਹੈ| ਇਸ ਬਿਮਾਰੀ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਸਾਢੇ ਚਾਰ ਸੌ ਨੂੰ ਢੁੱਕਣ ਲੱਗੀ ਹੈ| ਪੰਜ ਮਰੀਜ਼ ਰਜਿੰਦਰਾ ਹਸਪਤਾਲ ’ਚ ਦਾਖਲ ਹਨ, ਜਿਨ੍ਹਾਂ ’ਚੋਂ ਇੱਕ ਮਰੀਜ਼ ਅੱਜ ਦਾਖਲ ਹੋਇਆ ਹੈ|


Comments Off on ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਦੇ 24 ਨਵੇਂ ਮਰੀਜ਼ਾਂ ਦੀ ਪੁਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.