ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ

Posted On September - 29 - 2015

ਦਿਲਜੀਤ ਸਿੰਘ ‘ਬੇਦੀ’

ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ, ਜਥੇਦਾਰ ਤੇਜਾ ਸਿੰਘ ਭੁੱਚਰ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥੱਕ ਮਿਹਨਤ ਕੀਤੀ। ੳੁਨ੍ਹਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਛਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ ਤੇ ਬਾਕੀ ਗੁਰਦੁਆਰਿਆਂ ਨੂੰ ਸਰਕਾਰੀ ਪਿੱਠੂਆਂ ਅਤੇ ਪੁਜਾਰੀਆਂ ਤੋਂ ਅਾਜ਼ਾਦ ਕਰਵਾਉਣ ਲਈ ਪੰਥ ਨੂੰ ਇੱਕ ਸੂਤਰ ਵਿੱਚ ਬੰਨ੍ਹ ਕੇ ਸੰਘਰਸ਼ ਕੀਤਾ। ਇਸ ਦੌਰਾਨ ਅਨੇਕਾਂ ਸਿੰਘਾਂ ਨੂੰ ਆਪਣੀਆਂ  ਜਾਨਾਂ ਤੋਂ ਹੱਥ ਧੋਣੇ ਪਏ, ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ ਅਤੇ ਜਰਮਾਨੇ ਆਦਿ ਭੁਗਤਣੇ ਪਏ।
ਜਥੇਦਾਰ ਤੇਜਾ ਸਿੰਘ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿੱਚ ਹੋਇਆ। ੳੁਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਤਰਨਤਾਰਨ ਸੀ। ੳੁਨ੍ਹਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਜੀ ਸਨ। ਜਥੇਦਾਰ ਤੇਜਾ ਸਿੰਘ ਨੇ ਜਵਾਨ ਹੁੰਦਿਆਂ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜਨਤਕ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਜਿਸ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ, ਸ਼ੁਰੂ ਕੀਤੀ। ਇਹ ਲਹਿਰ ਗੁਰਮਤਿ ਸਿਧਾਂਤਾਂ, ਮਾਨਤਾਵਾਂ, ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਸਮਰਪਿਤ ਸੀ। ‘ਮਾਨਵ ਕੀ ਜਾਤ ਸਬੈ ਏਕ ਪਹਿਚਾਨਬੋ’ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਮਨੁੱਖ ਵਿੱਚ ਜਾਤ-ਬਰਾਦਰੀ, ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਇਸ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਨੇ ਆਪਣੇ ਹਮਵਿਚਾਰ ਸਾਥੀਆਂ ਨੂੰ ਜਥੇਬੰਦ ਕਰ ਕੇ ਗੜਗੱਜ ਖ਼ਾਲਸਾ ਦੀਵਾਨ ਨੂੰ ਸੰਗਠਿਤ ਕੀਤਾ। ਪੰਜਾਬੀ ਰਵੀਦਾਸੀਏ, ਲੁਹਾਰ, ਚਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ’ਤੇ ਚੜ੍ਹਾ ਕੇ ਪਾਣੀ ਭਰਨ ਦੇ ਹੱਕ ਦਿਵਾਏ।
ਇਨ੍ਹਾਂ ਯਤਨਾਂ ਕਾਰਨ ਜਦੋਂ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਪਰਿਸਰ ਉੱਤੇ ਸੰਗਤੀ ਕਬਜ਼ਾ ਹੋਇਆ ਤਾਂ ਪੰਥ ਪ੍ਰਸਤੀ, ਸੇਵਾ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਦੇ ਯਤਨ ਨੂੰ ਠੱਲ੍ਹਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ੳੁਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਪੰਥਕ ਸਰੂਪ ਦਿੱਤਾ ਅਤੇ ਬਿਪਰਵਾਦੀ ਰਹੁ-ਰੀਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਵੰਬਰ, 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸੰਬਰ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਬਣੇ।
ਜਥੇਦਾਰ ਭੁੱਚਰ ਨੇ ਆਪਣੇ ਜਥੇ ਦੀ ਅਗਵਾਈ ਕਰਦਿਆਂ ਅਣਗਿਣਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਇਸੇ ਕਾਰਨ ਅੰਗਰੇਜ਼ ਪੁਲੀਸ ਨੇ ੳੁਨ੍ਹਾਂ ਨੂੰ ਸਾਥੀਆਂ ਸਮੇਤ ਕਈ ਵਾਰ ਗ੍ਰਿਫ਼ਤਾਰ ਕੀਤਾ ਅਤੇ ਜੇਲ੍ਹਾਂ ਵਿੱਚ ਤਸੀਹੇ ਦਿੱਤੇ। ਆਪਣੇ ਜੀਵਨ ਦੇ ਲਗਪਗ 15 ਸਾਲ ਉਨ੍ਹਾਂ ਨੇ ਜੇਲ੍ਹ ਵਿੱਚ ਹੀ ਬਿਤਾਏ। ਮੁਕੱਦਮੇ ਲੜਦਿਆਂ ਉਨ੍ਹਾਂ ਦੀ ਸਾਰੀ ਉਮਰ ਹੀ ਕੋਰਟ ਕਚਹਿਰੀਆਂ ਵਿੱਚ ਬੀਤ ਗਈ। ਜਾਇਦਾਦ ਦਾ ਵੱਡਾ ਹਿੱਸਾ ਸਰਕਾਰੀ ਕੁਰਕੀਆਂ, ਜ਼ਮਾਨਤਾਂ ਅਤੇ ਜਰਮਾਨਿਆਂ ਦੀ ਭੇਟਾ ਚਡ਼੍ਹ ਗਿਆ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਥੇਦਾਰ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫ਼ੈਸਲਾ ਲਿਆ ਤੇ ਸਾਰੀ ਜ਼ਿੰਦਗੀ ਕਾਲੇ ਵਸਤਰ ਹੀ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫ਼ਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿੱਚ ਕੁਰਸੀਆਂ ’ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਜਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਮਾਰੀਆਂ ਤੇ ਅੰਗਰੇਜ਼ ਅਫ਼ਸਰਾਂ ਨੂੰ ਦਰੀਆਂ ’ਤੇ ਬੈਠਣ ਲਈ ਕਹਿ ਦਿੱਤਾ। ਇਸ ਪਿੱਛੋਂ ਅੰਗਰੇਜ਼ ਸਰਕਾਰ ਨੇ ੳੁਨ੍ਹਾਂ ’ਤੇ ਤਸ਼ੱਦਦ ਕੀਤਾ ਤੇ ਕਈ ਕੇਸ ਬਣਾ ਕੇ ਜੇਲ੍ਹ ਵਿੱਚ ਡੱਕ ਦਿੱਤਾ। ਚਾਬੀਆਂ ਦਾ ਮੋਰਚਾ ਤੇ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਵੀ ੳੁਹ ਜੇਲ੍ਹ ਵਿੱਚ ਹੀ ਸਨ। ਅਪਰੈਲ 1921 ਵਿੱਚ ੳੁਨ੍ਹਾਂ ਨੇ ਗੜਗੱਜ ਅਕਾਲੀ ਦੀਵਾਨ ਕਾਇਮ ਕੀਤਾ। ਫਰਵਰੀ 1922 ਵਿੱਚ ‘ਗੜਗੱਜ ਅਕਾਲੀ ਅਖ਼ਬਾਰ’ ਜਾਰੀ ਕੀਤਾ, ਜਿਸ ਵਿੱਚ ਪੰਥਕ ਸਰਗਰਮੀਆਂ  ਤੇ ਸਰਕਾਰੀ ਮਾਰੂ ਨੀਤੀਆਂ ਦਾ ਖ਼ੁਲਾਸਾ ਹੁੰਦਾ ਸੀ। 13 ਅਪਰੈਲ 1923 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਹਿੰਦੂ-ਮੁਸਲਿਮ ਫ਼ਸਾਦ ਸ਼ੁਰੂ ਹੋ ਗਏ। ਬਦਅਮਨੀ ਕਾਰਨ ਕਾਫ਼ੀ ਨੁਕਸਾਨ ਹੋਇਆ। ਜਥੇਦਾਰ ਭੁੱਚਰ ਨੇ 200 ਸਿੰਘਾਂ ਸਮੇਤ ਭਾਈਚਾਰਕ ਸਾਂਝ ਲਈ ਸ਼ਾਂਤਮਈ ਜਲੂਸ ਕੱਢਿਆ। ਗਲੀ ਮੁਹੱਲਿਆਂ ਵਿੱਚ ਘਰੋ-ਘਰ ਪਹੁੰਚ ਕੀਤੀ, ਜਿਸ ਨਾਲ ਮਾਹੌਲ ਸ਼ਾਂਤ ਹੋਇਆ।
ਫਿਰ ਜਥੇਦਾਰ ਭੁੱਚਰ ਨੇ ਦੂਜਾ ਅਖ਼ਬਾਰ ‘ਬੱਬਰ ਸ਼ੇਰ’ ਚਲਾਇਆ। ਇਸ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਅਾਵਾਜ਼ ਉਠਾਈ ਗੲੀ ਸੀ। ਇਸ ਦੇ ਸਾਰੇ ਸੰਪਾਦਕਾਂ ਨੂੰ ਗ੍ਰਿਫ਼ਤਾਰ ਕਰ   ਕੇ ਸਰਕਾਰ ਨੇ ਸਜ਼ਾਵਾਂ ਸੁਣਾ ਦਿੱਤੀਆਂ ਤੇ ਪ੍ਰੈਸ ਤੇ ਰਿਕਾਰਡ ਜ਼ਬਤ ਕਰ ਲਿਆ।
ਜਥੇਦਾਰ ਤੇਜਾ ਸਿੰਘ 2 ਅਕਤੂਬਰ 1939 ਨੂੰ ਦੁਪਹਿਰ ਵੇਲੇ ਆਪਣੇ ਪਿੰਡ ਤੋਂ ਗੱਗੋਬੂਹੇ ਵੱਲ ਆ ਰਹੇ ਸਨ ਕਿ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ੳੁਨ੍ਹਾਂ ਦੇ ਵਿਰੋਧੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਤੇ ੳੁਨ੍ਹਾਂ ਦੀ ਲੱਤ ’ਤੇ ਸੱਟ ਵੱਜ ਗਈ। ਅੰਗਰੇਜ਼ ਸਰਕਾਰ ਤੇ ਵਿਰੋਧੀਆਂ ਨੇ ਇਸ ਹਮਲੇ ਨੂੰ ਨਿੱਜੀ ਦੁਸ਼ਮਣੀ ਕਹਿ ਕੇ ਛੁਟਿਆਉਣ ਦਾ ਕੋਝਾ ਯਤਨ ਕੀਤਾ ਪਰ ਦਰਜ ਹੋਈ ਰਿਪੋਰਟ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੰਥ ਦੋਖੀਆਂ ਵੱਲੋਂ ਕੀਤਾ ਗਿਆ ਹਮਲਾ ਸੀ, ਜੋ ਜਥੇਦਾਰ ਭੁੱਚਰ ਦੀ ਪੰਥ ਪ੍ਰਸਤੀ ਤੋਂ ਦੁਖੀ ਸਨ। 3 ਅਕਤੂਬਰ 1939 ਨੂੰ ਸਵੇਰੇ ਤੜਕਸਾਰ ਜਥੇਦਾਰ ਤੇਜਾ ਸਿੰਘ ਭੁੱਚਰ ਦਾ ਦੇਹਾਂਤ ਹੋ ਗਿਆ। ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦੀ ਬਰਸੀ 3 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿੱਕੇ ਭੁੱਚਰ, (ਜ਼ਿਲ੍ਹਾ ਤਰਨ ਤਾਰਨ) ਵਿੱਚ ਮਨਾਈ ਜਾ ਰਹੀ ਹੈ।

ਮੋਬਾੲੀਲ: 98148-98570


Comments Off on ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.