ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਖ਼ੁਸ਼ੀ ਦੇ ਅਰਥ

Posted On May - 23 - 2015

ਜਸਵੀਰ ਬਖਤੂ

ਖ਼ੁਸ਼ੀ ਦੀ ਤਲਾਸ਼ ਸਭ ਨੂੰ ਹੈ। ਸੱਚੀ ਖ਼ੁਸ਼ੀ ਦਿਲ ਦਾ ਵਿਹੜਾ ਮਹਿਕਾਂ ਨਾਲ ਭਰ ਦਿੰਦੀ ਹੈ। ਅਜੋਕਾ ਮਨੁੱਖ ਖ਼ੁਸ਼ੀ ਚੀਜ਼ਾਂ ‘ਚੋਂ ਲੱਭ ਰਿਹਾ ਹੈ। ਖ਼ੁਸ਼ੀ ਛਿਨ ਭੰਗਰ ਹੈ। ਕੁਦਰਤੀ ਖੁੱਲ੍ਹਾਪਣ ਹਰੇਕ ਨੂੰ ਖ਼ੁਸ਼ੀ ਦਿੰਦਾ ਹੈ। ਅਜੋਕੇ ਮਨੁੱਖ ਲਈ ਖ਼ੁਸ਼ੀ ਦੇ ਮਾਅਨੇ ਬਦਲ ਗਏ ਹਨ। ਖਿਡਾਰੀ ਨੂੰ ਅਸਲੀ ਖ਼ੁਸ਼ੀ ਜਿੱਤ ‘ਚੋਂ ਨਹੀਂ, ਬਲਕਿ ਖੇਡ ‘ਚੋਂ ਮਿਲਣੀ ਚਾਹੀਦੀ ਹੈ ਜਦੋਂਕਿ ਹੁਣ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਜਦੋਂ ਤੋਂ ਖ਼ੁਸ਼ੀ ਤਕਨੀਕ ਨਾਲ ਜੁੜ ਗਈ ਹੈ ਉਦੋਂ ਤੋਂ ਖ਼ੁਸ਼ੀ ਮਨੁੱਖ ਨੂੰ ਪਹਿਲਾਂ ਵਾਂਗ ਅਨੰਦ ਨਾਲ ਲਬਰੇਜ਼ ਨਹੀਂ ਕਰਦੀ। ਖ਼ੁਸ਼ੀ ਤੋਂ ਭਾਵ ਹੈ ਉਹ ਅਹਿਸਾਸ ਜਿਸ ਵਿੱਚ ਦੁਖਾਂਤ ਰਹਿਤ ਪਲ ਸ਼ਾਮਿਲ ਹੁੰਦੇ ਹਨ। ਖ਼ੁਸ਼ੀ ਤੇ ਖ਼ੁਸ਼ਹਾਲੀ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੇ ਹਨ। ਖ਼ੁਸ਼ੀ ਤੇ ਸਾਦਗੀ ਦਾ ਖ਼ਾਸ ਰਿਸ਼ਤਾ ਹੈ। ਸਾਦਗੀ ਪਸੰਦ ਲੋਕ ਜ਼ਿਆਦਾ ਖ਼ੁਸ਼ ਰਹਿੰਦੇ ਹਨ। ਜਿਸ ਨੂੰ ਖ਼ੁਸ਼ੀ ਦੇ ਅਰਥ ਸਮਝ ਆ ਜਾਂਦੇ ਹਨ, ਉਹ ਜੀਵਨ ਦੇ ਹਰ ਪਲ ‘ਚੋਂ ਖ਼ੁਸ਼ੀ ਦੇਖਣ ਦੇ ਯੋਗ ਬਣ ਜਾਂਦਾ ਹੈ। ਮਨੁੱਖ ਦੀਆਂ ਇੱਛਾਵਾਂ ਜਿੰਨੀਆਂ ਵਧ ਰਹੀਆਂ ਹਨ, ਖ਼ੁਸ਼ੀ ਓਨੀ ਹੀ ਘਟ ਰਹੀ ਹੈ। ਜੀਵਨ ਵਿੱਚ ਖ਼ੁਸ਼ੀ ਲੱਭਣ ਦੀ ਜਾਚ ਸਿੱਖ ਲਈ ਜਾਵੇ ਤਾਂ ਹਰ ਰਾਹ ਖ਼ੁਸ਼ਨੁਮਾ ਹੋ ਜਾਂਦਾ ਹੈ। ਬੱਚਿਆਂ ਦੀ ਮੁਸਕਾਨ ਸਭ ਨੂੰ ਖ਼ੁਸ਼ੀ ਦਿੰਦੀ ਹੈ। ਜਦੋਂ ਮਨੁੱਖ ਲਾਲਚਵੱਸ ਕੁਝ ਹਾਸਲ ਕਰਨ ਨੂੰ ਖ਼ੁਸ਼ੀ ਨਾਲ ਜੋੜਦਾ ਹੈ ਤਾਂ ਉਹ ਖ਼ੁਸ਼ੀ ਪ੍ਰਤੀ ਸਕਾਰਾਤਮਕ ਪਹੁੰਚ ਤੋਂ ਦੂਰ ਹੋ ਜਾਂਦਾ ਹੈ। ਪੈਸੇ ਤੇ ਵਸਤਾਂ ਦੀ ਅਮੁੱਕ ਦੌੜ ਕਿਸੇ ਨੂੰ ਵੀ ਖ਼ੁਸ਼ੀ ਨਹੀਂ ਦਿੰਦੀ। ਜੋ ਖ਼ੁਸ਼ੀ ਮਜ਼ਦੂਰ ਨੂੰ ਉਚਿਤ ਅਤੇ ਸਹੀ ਸਮੇਂ ‘ਤੇ ਮਜ਼ਦੂਰੀ ਮਿਲਣ ਨਾਲ ਮਿਲਦੀ ਹੈ, ਉਹ ਕਰੋੜ ਰੁਪਏ ਦੀ ਨਿਕਲੀ ਲਾਟਰੀ ਵਿੱਚੋਂ ਵੀ ਨਹੀਂ ਮਿਲਦੀ। ਹੱਥੀਂ ਉਗਾਏ ਰੁੱਖ ਦੀ ਛਾਂ ਅਤੇ ਆਪਣੇ ਹੱਥੀਂ ਤਿਆਰ ਕੀਤੇ ਭੋਜਨ ਨੂੰ ਖਾਣ ਦੇ ਪਲ ਖ਼ੁਸ਼ੀ ਦੀ ਸਿਖਰ ਹੁੰਦੇ ਹਨ। ਸ਼ੌਕ ਤੇ ਨੌਕਰੀ ਵਿੱਚ ਇਹੀ ਫ਼ਰਕ ਹੈ ਕਿ ਸ਼ੌਕ ‘ਚੋਂ ਸਾਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ ਤੇ ਨੌਕਰੀ ਗਲ ਪਿਆ ਢੋਲ ਹੁੰਦਾ ਹੈ। ਸ਼ੌਕ ਤੇ ਨੌਕਰੀ ਜੇ ਇੱਕ ਹੋ ਜਾਣ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ। ਮਨੁੱਖ ਦੀਆਂ ਇੱਛਾਵਾਂ ਬੇਅੰਤ ਹਨ। ਮਨੁੱਖ ਇਨ੍ਹਾਂ ਇੱਛਾਵਾਂ ਦੀ ਪੂਰਤੀ ਹੋਣ ‘ਤੇ ਖ਼ੁਸ਼ੀ ਮਹਿਸੂਸ ਕਰਦਾ ਹੈ, ਪਰ ਮਨੁੱਖੀ ਇੱਛਾਵਾਂ ਦਾ ਮੱਕੜਜਾਲ ਏਨਾ ਜ਼ਿਆਦਾ ਗੁੰਝਲਦਾਰ ਹੈ ਕਿ ਮਨੁੱਖ ਪੂਰੀ ਹੋਈ ਇੱਛਾ ਨੂੰ ਜਲਦੀ ਅੱਖੋਂ ਪਰੋਖੇ ਕਰ ਨਵੀਂ ਇੱਛਾ ਲਈ ਗੋਂਦਾਂ ਗੁੰਦਣ ਲੱਗ ਜਾਂਦਾ ਹੈ, ਜਿਸ ਨਾਲ ਮਿਲ ਗਏ ਦੀ ਖ਼ੁਸ਼ੀ ਨਾ ਮਿਲੇ ਦੇ ਦੁੱਖ ਵਿੱਚ ਬਦਲ ਜਾਂਦੀ ਹੈ। ਸੱਚੀ ਖ਼ੁਸ਼ੀ ਮਨੁੱਖ ਲਈ ਤਸੱਲੀ ਤੇ ਮਾਨਸਿਕ ਖੇੜਾ ਉਪਜਦੀ ਹੈ। ਖ਼ੁਸ਼ੀ ਵਿੱਚ ਫੁੱਲ ਜ਼ਿਆਦਾ ਗੂੜ੍ਹੇ ਤੇ ਮੌਸਮ ਬਸੰਤ ਪ੍ਰਤੀਤ ਹੁੰਦਾ ਹੈ, ਪਰ ਦੁੱਖ ਦੀ ਘੜੀ ਵਿੱਚ ਫੁੱਲ ਵੀ ਕੰਡਿਆਂ ਵਰਗੀ ਚੋਭ ਦਿੰਦੇ ਹਨ। ਜਿਸ ਨੂੰ ਜ਼ਿੰਦਗੀ ਦੀਆਂ ਉਲਝਣਾਂ ਵਿੱਚੋਂ ਵੀ ਖ਼ੁਸ਼ੀ ਲੱਭਣ ਦੀ ਜਾਚ ਆ ਜਾਂਦੀ ਹੈ, ਉਸ ਦਾ ਜੀਵਨ ਅਸਲੀ ਉਤਸਵ ਹੋ ਨਿੱਬੜਦਾ ਹੈ। ਸੱਚੇ ਮਨ ਨਾਲ ਪ੍ਰਾਪਤ ਕੀਤੀ ਸਫ਼ਲਤਾ ਛਲ ਕਪਟ ਨਾਲੋਂ ਹਜ਼ਾਰਾਂ ਗੁਣਾਂ ਜ਼ਿਆਦਾ ਖ਼ੁਸ਼ੀ ਬਖ਼ਸ਼ਦੀ ਹੈ।
ਕਲਾਕਾਰ ਨੂੰ ਸੱਚੀ ਖ਼ੁਸ਼ੀ ਉਸ ਸਮੇਂ ਮਿਲਦੀ ਹੈ ਜਦੋਂ ਉਸ ਦੀ ਕਲਾ ਦੀ ਕਦਰ ਕਰਨ ਵਾਲੇ ਮਿਲ ਜਾਂਦੇ ਹਨ। ਕੋਈ ਜ਼ਰੂਰੀ ਨਹੀਂ ਕਿ ਹੰਝੂ ਦੁੱਖ ਵੇਲੇ ਹੀ ਆਉਂਦੇ ਹਨ ਬਲਕਿ ਸੱਚੀ ਖ਼ੁਸ਼ੀ ਵੇਲੇ ਵੀ ਅੱਖਾਂ ‘ਚੋਂ ਝਰਨੇ ਵਹਿ ਤੁਰਦੇ ਹਨ। ਜੋ ਕਰਜ਼ਈ ਹੈ ਉਸ ਲਈ ਪੈਸੇ ਦੀ ਪ੍ਰਾਪਤੀ ਹੀ ਖ਼ੁਸ਼ੀ ਹੈ। ਜੋ ਇਕੱਲੇਪਣ ਤੋਂ ਫ਼ਿਕਰਮੰਦ ਹੈ ਤਾਂ ਇੱਕ ਵਧੀਆ ਦੋਸਤ ਉਸ ਨੂੰ ਖ਼ੁਸ਼ੀ ਪ੍ਰਦਾਨ ਕਰਨ ਲਈ ਲਾਜ਼ਮੀ ਹੈ। ਜ਼ਿੰਦਗੀ ਪ੍ਰਤੀ ਹਾਂ-ਪੱਖੀ ਨਜ਼ਰੀਆ ਸਾਨੂੰ ਖ਼ੁਸ਼ੀ ਦੇ ਜ਼ਿਆਦਾ ਨੇੜੇ ਰੱਖਦਾ ਹੈ। ਜੋ ਸ਼ਖ਼ਸ ਵਧੀਆ ਦੋਸਤਾਂ ਨਾਲ ਘਿਰਿਆ ਰਹਿੰਦਾ ਹੈ, ਉਸ ਨੂੰ ਖ਼ੁਸ਼ੀ ਦੇ ਬਹਾਨੇ ਜ਼ਿਆਦਾ ਮਿਲਦੇ ਹਨ। ਪਰਦੇਸੀ ਨੂੰ ਆਪਣਾ ਵਤਨ ਖ਼ੁਸ਼ੀ ਦਿੰਦਾ ਹੈ ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਬੰਦੇ ਨੂੰ ਵਿਦੇਸ਼ ਜਾਣ ਦਾ ਮੌਕਾ ਖ਼ੁਸ਼ੀ ਦਿੰਦਾ ਹੈ। ਜਿਸ ਨੇ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚੋਂ ਖ਼ੁਸ਼ੀ ਲੱਭ ਰੱਖੀ ਹੈ ਉਸ ਵਰਗਾ ਸ਼ਹਿਨਸ਼ਾਹ ਕੋਈ ਨਹੀਂ ਤੇ ਜੋ ਸਾਰੇ ਦਿਨ ਵਿੱਚ ਦੋ ਘੜੀਆਂ ਮੱਥੇ ਦੀਆਂ ਤਿਉੜੀਆਂ ਹਟਾ ਹੱਸਦਾ ਨਹੀਂ, ਉਸ ਵਰਗਾ ਗ਼ਰੀਬ ਕੋਈ ਨਹੀਂ। ਤੰਦਰੁਸਤੀ ਤੇ ਖ਼ੁਸ਼ੀ ਦਾ ਬਹੁਤ ਨੇੜੇ ਦਾ ਸਬੰਧ ਹੈ। ਖ਼ੁਸ਼ੀ ਦੇ ਪਲਾਂ ਨੂੰ ਮਾਣ ਸਕਣ ਲਈ ਤੰਦਰੁਸਤੀ ਦਾ ਹੋਣਾ ਅਤਿ ਲਾਜ਼ਮੀ ਹੈ। ਬਿਨਾਂ ਸ਼ੱਕ ਖ਼ੁਸ਼ੀ ਤੇ ਦੁੱਖ ਜੀਵਨ ਵਿੱਚ ਨਾਲ-ਨਾਲ ਚੱਲਦੇ ਹਨ। ਖ਼ੁਸ਼ੀ ਦੀ ਚਾਹਤ ਸਭ ਨੂੰ ਨੂੰ ਹੈ ਅਤੇ ਦੁੱਖ ਤੋਂ ਸਾਰੇ ਪਾਸਾ ਵੱਟਦੇ ਹਨ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਤਰੰਗੀ ਪੀਂਘ ਦਾ ਦ੍ਰਿਸ਼ ਮਾਣਨ ਲਈ ਵਰਖਾ ਦੀਆਂ ਬੂੰਦਾਂ ਲਾਜ਼ਮੀ ਹਨ। ਕੁਦਰਤ ਵਿੱਚ ਥਾਂ-ਥਾਂ ਖ਼ੁਸ਼ੀ ਦੇਣ ਵਾਲੇ ਦ੍ਰਿਸ਼ ਹਨ। ਖ਼ੁਸ਼ੀ ਖਰੀਦੀ ਜਾ ਸਕਣ ਵਾਲੀ ਸ਼ੈਅ ਨਹੀਂ ਹੈ।
ਜਿਸ ਨੂੰ ਦੂਜਿਆਂ ਦੇ ਕੰਮ ਆਉਣ ‘ਚ ਖ਼ੁਸ਼ੀ ਮਹਿਸੂਸ ਹੁੰਦੀ ਹੈ, ਉਹ ਮਹਾਨ ਬਣ ਜਾਂਦਾ ਹੈ। ਬਾਲਾਂ ਨੂੰ ਖਿਡੌਣਿਆਂ ‘ਚੋਂ, ਜਵਾਨਾਂ ਨੂੰ ਹਾਣ ਪ੍ਰਵਾਨ ਨਾਲ ਵਿਚਰਦਿਆਂ ਤੇ ਬੁਢਾਪੇ ਨੂੰ ਸਾਊ ਧੀਆਂ ਪੁੱਤਾਂ ਨੂੰ ਦੇਖ ਖ਼ੁਸ਼ੀ ਮਹਿਸੂਸ ਹੁੰਦੀ ਹੈ। ਖ਼ੁਸ਼ੀ ਇੱਕ ਅਜਿਹੀ ਮਾਨਸਿਕ ਹਾਲਤ ਹੈ ਜਿਸ ਦਾ ਪ੍ਰਗਟਾਵਾ ਮਨੁੱਖ ਹੱਸ, ਗਾ ਤੇ ਨੱਚ ਕੇ ਕਰਦਾ ਹੈ। ਮਨੁੱਖ ਉਸ ਸਮੇਂ ਸੱਚੀ ਖ਼ੁਸ਼ੀ ਮਹਿਸੂਸ ਕਰਦਾ ਹੈ ਜਦੋਂ ਦ੍ਰਿੜ੍ਹ ਇਰਾਦੇ ਤੇ ਬੁਲੰਦ ਹੌਸਲੇ ਨਾਲ ਕੀਤੀ ਮਿਹਨਤ ਦਾ ਫਲ ਮਿਲ ਜਾਂਦਾ ਹੈ। ਮੰਜ਼ਿਲ ਦੀ ਪਹਿਲੀ ਝਲਕ ਸਾਨੂੰ ਖ਼ੁਸ਼ੀ ਨਾਲ ਭਰ ਦਿੰਦੀ ਹੈ। ਦੂਜਿਆਂ ਨੂੰ ਖ਼ੁਸ਼ ਦੇਖ ਕੇ ਜਿਸ ਨੂੰ ਖ਼ੁਸ਼ੀ ਮਿਲਦੀ ਹੈ, ਉਹ ਖ਼ੁਸ਼ੀ ਦਾ ਅਰਥ ਜਾਣਦਾ ਹੈ।
ਲੱਗਦਾ ਹੈ ਸਵਰਗ ਦੀ ਕਾਮਨਾ ਵੀ ਮਨੁੱਖ ਦੀ ਖ਼ੁਸ਼ੀ ਦੀ ਅਗਾਊਂ ਲਾਲਸਾ ਨਾਲ ਹੀ ਜੁੜੀ ਹੋਈ ਕਲਪਨਾ ਹੈ। ਨਵਉਦਾਰਵਾਦੀ ਵਿਸ਼ਵੀਕਰਨ ਦੇ ਦੌਰ ਵਿੱਚ ਬਜ਼ਾਰ ਦੀ ਕੋਸ਼ਿਸ਼ ਸਦਾ ਇਹੀ ਰਹਿੰਦੀ ਹੈ ਕਿ ਅਜੋਕਾ ਮਨੁੱਖ ਮਹਿੰਗੀ ਤੋਂ ਮਹਿੰਗੀ ਸ਼ੈਅ ਖ਼ਰੀਦ ਕੇ ਵੀ ਖ਼ੁਸ਼ੀ ਉਸ ਵਸਤੂ ‘ਚੋਂ ਲੱਭੇ ਜੋ ਉਸ ਨੇ ਅਜੇ ਨਹੀਂ ਖ਼ਰੀਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨੀਕ ਦਾ ਜੋ ਵਿਕਾਸ ਸਾਨੂੰ ਨਜ਼ਰ ਆ ਰਿਹਾ ਹੈ, ਇਸ ਨੇ ਮਨੁੱਖੀ ਜੀਵਨ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਇਹ ਵਿਕਾਸ ਸਿਰਫ਼ ਇੱਕ ਛਲਾਵਾ ਹੈ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਇਸ ਤਕਨੀਕੀ ਉੱਨਤੀ ਨੇ ਨਹੀਂ ਸੁਧਾਰਿਆ। ਮੱਧਵਰਗੀ ਮਨੁੱਖ ਆਪਣੀਆਂ ਖ਼ੁਸ਼ੀ ਦੀਆਂ ਘੜੀਆਂ ਵਧਾਉਣ ਦੇ ਲਾਲਚ ਵਿੱਚ ਇਸ ਤਕਨੀਕੀ ਛਲਾਵੇ ਦਾ ਸ਼ਿਕਾਰ ਹੋਇਆ ਖ਼ੁਦ ਨੂੰ ਲੁੱਟਿਆ ਮਹਿਸੂਸ ਕਰ ਰਿਹਾ ਹੈ। ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਮਨੁੱਖ ਦੀ ਖ਼ੁਸ਼ੀ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਮਨੁੱਖ ਦੀ ਇਸ ਲਾਲਸਾ ਦਾ ਫਾਇਦਾ ਨਵਉਦਾਰਵਾਦੀ ਪੂੰਜੀਵਾਦ ਬਾਖ਼ੂਬੀ ਉਠਾ ਰਿਹਾ ਹੈ। ਮਨੁੱਖ ਦੇ ਜੀਵਨ ਵਿੱਚੋਂ ਖ਼ੁਸ਼ੀ ਦੇ ਮਨਫ਼ੀ ਹੋਣ ਦਾ ਵੱਡਾ ਕਾਰਨ ਮਨੁੱਖੀ ਸੋਚ ਦਾ ਬਜ਼ਾਰੀਕਰਨ ਨਾਲ ਪੀਡੀਆਂ ਸਾਂਝਾਂ ਪਾ ਲੈਣਾ ਹੈ। ਖ਼ੁਸ਼ੀ ਜਿਸ ਨੂੰ ਅਜੋਕਾ ਮਨੁੱਖ ਵਸਤਾਂ ‘ਚੋਂ ਲੱਭ ਰਿਹਾ ਹੈ ਅਸਲ ਵਿੱਚ ਇਹ ਖ਼ੁਸ਼ੀ ਨਹੀਂ ਸਿਰਫ਼ ਲਾਲਚ ਦੀ ਅਮੁੱਕ ਦੌੜ ਹੈ। ਮੁੰਡਾ ਜੰਮਣ ਦੀ ਖ਼ੁਸ਼ੀ ਜਦੋਂ ਬੇਰੁਜ਼ਗਾਰ ਪੁੱਤ ਦੇ ਨਸ਼ੱਈ ਹੋਣ ਵਿੱਚ ਬਦਲ ਜਾਂਦੀ ਹੈ ਤਾਂ ਬਾਪ ਨੂੰ ਧੀ ਦੀ ਘਾਟ ਮਹਿਸੂਸ ਹੁੰਦੀ ਹੈ। ਅਸਲ ਵਿੱਚ ਅਜੋਕਾ ਮਨੁੱਖ ਲਾਲਚ ਦੀ ਚੱਕੀ ਪੀਸਣ ਵਿੱਚ ਇਸ ਕਦਰ ਮਸ਼ਰੂਫ ਹੈ ਕਿ ਉਸ ਕੋਲ ਖ਼ੁਸ਼ੀ ਲਈ ਫੁਰਸਤ ਹੀ ਨਹੀਂ ਰਹੀ। ਹੁਣ ਮਨੁੱਖ ਕੋਲ ਕੁਦਰਤੀ ਨਜ਼ਾਰਿਆਂ ‘ਚੋਂ ਖ਼ੁਸ਼ੀ ਲੱਭਣ ਵਾਲੀ ਜੁਗਤ ਨਹੀਂ ਰਹੀ। ਪੰਛੀ ਅੱਜ ਵੀ ਚਹਿਕਦੇ ਹਨ, ਸਾਵਣ ਅੱਜ ਵੀ ਵਰਸਦੇ ਹਨ, ਪਰ ਮਸ਼ੀਨ ਬਣਿਆ ਮਨੁੱਖ ਖ਼ੁਸ਼ੀ ਵੀ ਮਸ਼ੀਨਾਂ ‘ਚੋਂ ਲੱਭ ਰਿਹਾ ਹੈ।

ਸੰਪਰਕ: 98766-90208


Comments Off on ਖ਼ੁਸ਼ੀ ਦੇ ਅਰਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.