ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਯੂਰੀ ਗਗਾਰਿਨ ਨੂੰ ਯਾਦ ਕਰਦਿਆਂ

Posted On April - 9 - 2015

ਪੁਲਾੜ ਗਾਥਾ

ਸਤਵੰਤ ਕੌਰ ਕਲੋਟੀ

ਇਸ ਅਤਿ ਵਿਸ਼ਾਲ ਅਤੇ ਅੰਤਹੀਣ ਬ੍ਰਹਿਮੰਡ ਦਾ ਤਾਣਾ-ਬਾਣਾ ਬੜਾ ਗੁੰਝਲਦਾਰ ਹੈ। ਧਰਤੀ ’ਤੇ ਰਹਿੰਦਿਆਂ ਬ੍ਰਹਿਮੰਡ, ਬ੍ਰਹਿਮੰਡੀ ਵਸਤੂਆਂ ਅਤੇ ਪੁਲਾੜੀ ਵਰਤਾਰਿਆਂ ਦੇ ਗੁੱਝੇ ਭੇਤਾਂ ਨੂੰ ਜਾਣਨਾ ਅਤਿ ਪੇਚੀਦਾ ਕੰਮ ਹੈ। ਪੁਲਾੜ ਵਿਗਿਆਨੀਆਂ ਦੀਆਂ ਸਾਲਾਂ-ਬੱਧੀ ਅਣਥੱਕ ਕੋਸ਼ਿਸ਼ਾਂ ਸਦਕਾ ਕਈ ਵਰਤਾਰੇ ਮਨੁੱਖੀ ਸੂਝ ਦੀ ਪਕੜ ਵਿੱਚ ਆਏ ਹਨ, ਪਰ ਬਹੁਤ ਸਾਰੇ ਗੁੱਝੇ ਭੇਤ ਖੁੱਲ੍ਹਣੇ ਅਜੇ ਬਾਕੀ ਹਨ। ਮਨੁੱਖ ਲਗਾਤਾਰ ਪੁਲਾੜ ਦੀਆਂ ਗੁੱਥੀਆਂ ਸੁਲਝਾਉਣ ਵਿੱਚ ਲੱਗਾ ਹੋਇਆ ਹੈ। ਉਹ ਸੂਰਜ, ਸੂਰਜੀ ਮੰਡਲ ਵਿੱਚ ਮੌਜੂਦ ਗ੍ਰਹਿਆਂ ਅਤੇ ਹੋਰ ਖਗੋਲੀ ਵਸਤੂਆਂ ਤਕ ਪਹੁੰਚ ਕਰਨ ਲਈ ਹਮੇਸ਼ਾਂ ਤੋਂ ਤੱਤਪਰ ਰਿਹਾ ਹੈ ਤੇ ਇਹ ਨਵਾਂ ਜਾਣਨ ਦੀ ਖਿੱਚ ਸ਼ਾਇਦ ਕਦੇ ਪੂਰੀ ਨਹੀਂ ਹੋਵੇਗੀ ਇਸੇ ਲਈ ਅੱਜ ਇਹ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਈ ਜਾਪਦੀ ਹੈ।
ਸਭ ਤੋਂ ਪਹਿਲਾਂ 4 ਅਕਤੂਬਰ 1957 ਨੂੰ ਸੋਵੀਅਤ ਯੂਨੀਅਨ ਨੇ ਆਪਣਾ ਪਹਿਲਾ ਬਨਾਉਟੀ ਉਪਗ੍ਰਹਿ ਸਪੂਤਨਿਕ 1 ਪੁਲਾੜ ਵਿੱਚ ਭੇਜਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਇਸ ਦਾ ਆਕਾਰ 58 ਸੈਂਟੀਮੀਟਰ ਅਤੇ ਭਾਰ 84 ਕਿਲੋਗ੍ਰਾਮ ਸੀ। ਇਹ ਧਰਤੀ ਦੇ ਦੁਆਲੇ 3 ਮਹੀਨੇ ਪਰਿਕਰਮਾ ਕਰਦਾ ਰਿਹਾ। ਇਸ ਤੋਂ ਮਹਿਜ਼ 1 ਮਹੀਨਾ ਬਾਅਦ ਹੀ 3 ਨਵੰਬਰ 1957 ਨੂੰ ਸੋਵੀਅਤ ਯੂਨੀਅਨ ਦੁਆਰਾ ਦੂਜਾ ਬਨਾਉਟੀ ਉਪਗ੍ਰਹਿ ਸਪੂਤਨਿਕ 2 ਪੁਲਾੜ ਵਿੱਚ ਭੇਜਿਆ ਗਿਆ ਜਿਸ ਦਾ ਭਾਰ ਲਗਪਗ 508 ਕਿਲੋਗ੍ਰਾਮ ਸੀ ਅਤੇ ਇਹ ਲਗਪਗ 200 ਦਿਨ ਧਰਤੀ ਦੇ ਦੁਆਲੇ ਪਰਿਕਰਮਾ ਕਰਦਾ ਰਿਹਾ। ਪਰ ਇਸ ਮਿਸ਼ਨ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਲਾਇਕਾ ਨਾਂ ਦੀ ਕੁੱਤੀ ਵੀ ਪੁਲਾੜ ਵਿੱਚ ਭੇਜੀ ਗਈ, ਜਿਸ ਦੀ ਉਪਗ੍ਰਹਿ ਲਾਂਚ ਹੋਣ ਤੋਂ ਕੁਝ ਘੰਟੇ ਬਾਅਦ ਹੀ ਮੌਤ ਹੋ ਗਈ।
1961 ਵਿੱਚ ਸੋਵੀਅਤ ਯੂਨੀਅਨ ਨੇ ਪੁਲਾੜ ਵਿੱਚ ਪਹਿਲਾ ਮਨੁੱਖ ਭੇਜਣ ਅਤੇ ਉਸ ਨੂੰ ਵਾਪਸ ਸਹੀ-ਸਲਾਮਤ ਧਰਤੀ ਉੱਤੇ ਉਤਾਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਰੂਸ ਦਾ ਜੰਮਪਲ ਪਾਇਲਟ ਯੂਰੀ ਗਗਾਰਿਨ 12 ਅਪਰੈਲ 1961 ਨੂੰ ਵੋਸਟੋਕ 1 ਨਾਂ ਦੇ ਸਪੇਸਕਰਾਫਟ ਵਿੱਚ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਬਣਿਆ। ਇਸ ਨੇ ਧਰਤੀ ਦੇ ਆਲੇ-ਦੁਆਲੇ ਪਰਿਕਰਮਾ ਕਰਦਿਆਂ 108 ਘੰਟੇ ਪੁਲਾੜ ਵਿੱਚ ਬਤੀਤ ਕੀਤੇ। ਇਹ ਘਟਨਾ ਪੁਲਾੜੀ ਵਿਗਿਆਨ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਹੋ ਨਿੱਬੜੀ। ਇਸ ਇਤਿਹਾਸਕ ਘਟਨਾ ਨੇ ਸਮੁੱਚੀ ਮਨੁੱਖਤਾ ਦੇ ਹਿੱਤ ਵਿੱਚ ਪੁਲਾੜੀ ਖੋਜ ਲਈ ਰਾਹ ਖੋਲ੍ਹ ਦਿੱਤੇ।
7 ਅਪ੍ਰੈਲ 2011 ਨੂੰ ਯੂਨਾਇਟਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਦੁਆਰਾ ਇਸ ਦਿਨ ਦੀ 50ਵੀਂ ਵਰ੍ਹੇਗੰਡ ਭਾਵ 12 ਅਪ੍ਰੈਲ 2011 ਤੋਂ ਇਸ ਦਿਨ ਨੂੰ ਹਰ ਸਾਲ ਵਿਸ਼ਵ ਪੱਧਰ ਉੱਤੇ ‘ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਨ ਦਿਵਸ’ (ਇੰਟਰਨੈਸ਼ਨਲ ਡੇਅ ਆਫ਼ ਹਿਊਮਨ ਸਪੇਸ ਫਲਾਈਟ) ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉੱਤੇ ਯੂਨਾਇਟਡ ਨੇਸ਼ਨਜ਼ ਦੇ ਸੈਕਰੇਟਰੀ-ਜਨਰਲ ਬੈਨ ਕੀ-ਮੂਨ ਵੱਲੋਂ ਆਪਣੇ ਸੁਨੇਹੇ ਵਿੱਚ ਕਿਹਾ ਗਿਆ,‘‘ਮੈਨੂੰ ਭਰੋਸਾ ਹੈ ਕਿ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਨ ਦਿਵਸ ਸਾਨੂੰ ਮਨੁੱਖਤਾ ਦੀ ਸਾਂਝੀਵਾਲਤਾ ਅਤੇ ਸਾਂਝੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਸਾਡੀ ਇਕੱਠਿਆਂ ਕੰਮ ਕਰਨ ਦੀ ਲੋੜ ਦਾ ਚੇਤਾ ਕਰਵਾਏਗਾ। ਮੈਨੂੰ ਉਮੀਦ ਹੈ ਕਿ ਇਹ ਖ਼ਾਸ ਕਰਕੇ ਨੌਜਵਾਨਾਂ ਨੂੰ ਆਪਣੇ ਸੁਫਨੇ ਸਾਕਾਰ ਕਰਨ ਅਤੇ ਸੰਸਾਰ ਨੂੰ ਗਿਆਨ ਅਤੇ ਸੋਝੀ ਦੇ ਨਵੇਂ ਦਿਸਹੱਦਿਆਂ ਵੱਲ ਤੋਰਨ ਲਈ ਵੀ ਪ੍ਰੇਰਨਾ ਦੇਵੇਗਾ।
ਵਰਣਨਯੋਗ ਹੈ ਕਿ 27 ਸਾਲਾ ਯੂਰੀ ਗਗਾਰਿਨ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ 203 ਮੀਲ (327 ਕਿਲੋਮੀਟਰ) ਦੀ ਉਚਾਈ ਤਕ ਪਹੁੰਚਿਆ ਅਤੇ ਧਰਤੀ ਦੇ ਆਲੇ-ਦੁਆਲੇ ਇੱਕ ਪਰਿਕਰਮਾ ਪੂਰੀ ਕੀਤੀ। ਸਪੇਸਕਰਾਫਟ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਸੀ ਕਿ ਧਰਤੀ ਦੇ ਦੁਆਲੇ ਪਰਿਕਰਮਾ ਪੂਰੀ ਕਰਕੇ ਧਰਤੀ ਤੋਂ 7 ਕਿਲੋਮੀਟਰ ਦੀ ਉਚਾਈ ਉੱਤੇ ਆ ਕੇ ਪੁਲਾੜ ਯਾਤਰੀ ਇਸ ਵਿੱਚੋਂ ਬਾਹਰ ਨਿਕਲ ਆਵੇਗਾ। ਜਿਵੇਂ ਕਿ ਪਹਿਲਾਂ ਹੀ ਤੈਅ ਸੀ, 7 ਕਿਲੋਮੀਟਰ ਦੀ ਉਚਾਈ ਉੱਤੇ ਯੂਰੀ ਗਾਗਰਿਨ ਸਪੇਸਕਰਾਫਟ ਵਿੱਚੋਂ ਬਾਹਰ ਨਿਕਲ ਕੇ ਪੈਰਾਸ਼ੂਟ ਦੀ ਮਦਦ ਨਾਲ ਵੌਲਗਾ ਨਦੀ ਦੇ ਕਿਨਾਰੇ ਧਰਤੀ ’ਤੇ ਉੱਤਰ ਗਿਆ। ਇੰਟਰਨੈਸ਼ਨਲ ਏਅਰੋਨੌਟੀਕਲ ਫੈਡਰੇਸ਼ਨ ਵੱਲੋਂ ਪੁਲਾੜੀ ਉਡਾਨ ਨੂੰ ਇਸ ਤਰ੍ਹਾਂ ਪ੍ਰੀਭਾਸ਼ਿਤ ਕੀਤਾ ਗਿਆ ਹੈ, ਉਹ ਉਡਾਨ ਜੋ 100 ਕਿਲੋਮੀਟਰ ਤੋਂ ਜ਼ਿਆਦਾ ਉਚਾਈ ਤਕ ਹੋਵੇ। ਇਹ ਪ੍ਰੀਭਾਸ਼ਾ ਹਰ ਦੇਸ਼ ਵੱਲੋਂ ਸਵੀਕਾਰੀ ਜਾਂਦੀ ਹੈ। ਵੇਲੈਨਟਾਈਨਾ ਤੇਰੇਸ਼ਕੋਵਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਮਹਿਲਾ ਸੀ ਜੋ 1963 ਵਿੱਚ ਵੋਸਟੋਕ 6 ਨਾਂ ਦੇ ਸਪੇਸਕਰਾਫਟ ਵਿੱਚ ਧਰਤੀ ਦੇ ਪਰਿਕਰਮਾ-ਪੰਧ ਵਿੱਚ ਲਗਪਗ 3 ਦਿਨ ਰਹੀ ਅਤੇ ਧਰਤੀ ਦੁਆਲੇ 48 ਚੱਕਰ ਲਗਾਏ। ਹੁਣ ਤਕ ਲਗਪਗ 40 ਦੇਸ਼ਾਂ ਤੋਂ 550 ਦੇ ਕਰੀਬ ਪੁਲਾੜ ਯਾਤਰੀ ਪੁਲਾੜੀ ਉਡਾਨਾਂ ਦਾ ਤਜ਼ਰਬਾ ਹਾਸਲ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਧਰਤੀ ਦੇ ਪਰਿਕਰਮਾ-ਪੰਧ ਵਿੱਚ ਗਏ ਹਨ। ਚੰਨ ਤਕ ਪਹੁੰਚਣ ਵਾਲਿਆਂ ਦੀ ਗਿਣਤੀ 12 ਹੈ।
27 ਮਾਰਚ 1968 ਨੂੰ ਵਿਸ਼ਵ ਦੇ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਇੱਕ ਜਹਾਜ਼ ਦੁਰਘਟਨਾ ਵਿੱਚ ਮੌਤ ਹੋ ਗਈ। ਉਸ ਸਮੇਂ ਉਸ ਦੀ ਉਮਰ ਕੇਵਲ 34 ਸਾਲ ਸੀ। ਰੂਸ ਦੇ ਸ਼ਹਿਰ ਸਾਰਾਤੋਵ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਯੂਰੀ ਗਾਗਰਿਨ ਦਾ ਇੱਕ ਬੁੱਤ ਸਥਾਪਿਤ ਕੀਤਾ ਗਿਆ ਹੈ।

ਮੋਬਾਈਲ: 95011-98881


Comments Off on ਯੂਰੀ ਗਗਾਰਿਨ ਨੂੰ ਯਾਦ ਕਰਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.