ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਮਈ ਦਿਵਸ ਦਾ ਇਤਿਹਾਸਕ ਪਿਛੋਕੜ ਤੇ ਮਹੱਤਵ

Posted On April - 30 - 2015

ਦੁਨੀਆਂ ਭਰਦੇ ਮਿਹਨਤਕਸ਼ ਲੋਕਾਂ ਲਈ ਮਈ ਦਿਵਸ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਨੂੰ ਮਜ਼ਦੂਰਾਂ ਲਈ ਅੱਠ ਘੰਟੇ ਦੀ ਦਿਹਾੜੀ ਵਾਸਤੇ ਕੀਤੇ ਗਏ ਸੰਘਰਸ਼ ਦਾ ਮੁੱਢ ਮੰਨਿਆ ਜਾਂਦਾ ਹੈ। ਉਸ ਸਮੇਂ ਮਜ਼ਦੂਰਾਂ ਤੋਂ ਬਾਰ੍ਹਾਂ-ਬਾਰ੍ਹਾਂ ਚੌਦਾਂ-ਚੌਦਾਂ ਘੰਟੇ ਕੰਮ ਲਿਆ ਜਾਂਦਾ ਸੀ। ਦਿਨ ਦੇ 24 ਘੰਟਿਆਂ ਵਿੱਚੋਂ 8 ਘੰਟੇ ਸੌਣ, ਆਰਾਮ ਕਰਨ ਅਤੇ 8 ਘੰਟੇ ਪਰਿਵਾਰਕ, ਸਮਾਜਕ ਕੰਮਾਂ ਲਈ ਜ਼ਰੂਰੀ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਕੁਦਰਤੀ ਨਿਆਂ-ਨਿਯਮਾਂ ਦੇ ਉਲਟ 12-14 ਘੰਟੇ ਤਕ ਕੰਮ ਲਿਆ ਜਾਂਦਾ ਸੀ। ਆਪਣੇ ਹੱਕਾਂ ਦੀ ਮੰਗ ਕਰਨ ਵਾਲਿਆਂ ਨੂੰ ਮਾਲਕਾਂ ਵੱਲੋਂ ਕੰਮ ਤੋਂ ਜੁਆਬ ਦੇ ਕੇ ਬੇਰੁਜ਼ਗਾਰੀ ਦੇ ਦੈਂਤ ਵੱਲ ਧੱਕ ਦਿੱਤਾ ਜਾਂਦਾ ਸੀ।
ਅੱਠ ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਪਹਿਲੀ ਮਈ 1886 ਨੂੰ ਅਮਰੀਕਾ ਵਿਚਲੇ ਵੱਡ ਵੱਡੇ ਸਨਅਤੀ ਸ਼ਹਿਰਾਂ ਵਿੱਚ ਮਜ਼ਦੂਰ ਜਥੇਬੰਦੀਆਂ ਨੇ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਸਮੁੱਚੇ ਦੇਸ਼ ਵਿੱਚ ਹੜਤਾਲ ਨੂੰ ਭਰਪੂਰ ਹੁੰਗਾਰਾ ਮਿਲਿਆ। ਸਨਅਤੀ ਸ਼ਹਿਰ ਸ਼ਿਕਾਗੋ ਵਿੱਚ ਇਸ ਦਾ ਸਿਖ਼ਰ ਸੀ ਜਿੱਥੇ ਹਜ਼ਾਰਾਂ ਮਜ਼ਦੂਰਾਂ ਨੇ ਹੜਤਾਲ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਹੜਤਾਲ ਦੀ ਬੇਮਿਸਾਲ ਸਫ਼ਲਤਾ ਤੋਂ ਬੌਖਲਾ ਕੇ ਅਮਰੀਕੀ ਸਰਕਾਰ ਨੇ ਪੂੰਜੀਪਤੀਆਂ ਦੀ ਸ਼ਹਿ ’ਤੇ ਮਜ਼ਦੂਰ ਸੰਗਠਨਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਅਤੇ ਹੜਤਾਲੀ ਮਜ਼ਦੂਰਾਂ ਦੀ ਇੱਕ ਪੁਰਅਮਨ ਮੀਟਿੰਗ ਉੱਤੇ ਪੁਲੀਸ ਰਾਹੀਂ ਵਹਿਸ਼ੀ ਜਬਰ ਢਾਹਿਆ ਗਿਆ। ਪੁਲੀਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ ਮਜ਼ਦੂਰਾਂ ਨੇ ਚਾਰ ਮਈ ਨੂੰ ਸਨਅਤੀ ਸ਼ਹਿਰ ਸ਼ਿਕਾਗੋ ਦੀ ਘਾਹ ਮੰਡੀ (ਹੇਅ ਮਾਰਕੀਟ) ਵਿਖੇ ਰੋਸ ਮੁਜ਼ਾਹਰਾ ਕੀਤਾ। ਇਸ ਸ਼ਾਂਤਮਈ ਮੁਜ਼ਾਹਰੇ ਵਿੱਚ ਖੱਲ੍ਹਲ ਪਾਉਣ ਅਤੇ ਮਜ਼ਦੂਰਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਸਰਕਾਰ ਨੇ ਭੜਕਾਹਟ ਪੈਦਾ ਕਰਨ ਵਾਲਾ ਪਰਖਿਆ ਫਾਰਮੂਲਾ ਵਰਤਿਆ। ਸਿਵਲ ਕਪੜਿਆਂ ਵਿੱਚ ਕਿਸੇ ਪੁਲੀਸ ਵਾਲੇ ਕੋਲੋਂ ਮੁਜ਼ਾਹਰੇ ਉੱਪਰ ਬੰਬ ਸੁਟਵਾਇਆ ਗਿਆ। ਬੰਬ ਨਾਲ ਇੱਕ ਸਾਰਜੈਂਟ ਦੀ ਮੌਕੇ ਉੱਤੇ ਮੌਤ ਹੋ ਗਈ। ਉਸ ਦੀ ਮੌਤ ਦਾ ਬਹਾਨਾ ਬਣਾ ਕੇ ਪਹਿਲਾਂ ਹੀ ਤਿਆਰ ਬੈਠੀ ਪੁਲੀਸ ਜਲੂਸ ਉੱਪਰ ਟੁੱਟ ਕੇ ਪੈ ਗਈ ਅਤੇ ਮੁਜ਼ਾਹਰਾਕਾਰੀਆਂ ਉੱਪਰ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਨਾਲ ਚਾਰ ਮਜ਼ਦੂਰ ਮਾਰੇ ਗਏ।
ਇਸ ਘਟਨਾ ਉਪਰੰਤ ਸਮੁੱਚੇ ਦੇਸ਼ ਵਿੱਚ ਮਜ਼ਦੂਰਾਂ ਖ਼ਾਸ ਕਰਕੇ ਮਜ਼ਦੂਰ ਆਗੂਆਂ ਵਿਰੁੱਧ ਕਾਰਵਾਈ ਕਰਦਿਆਂ ਸੈਂਕੜੇ ਮਜ਼ਦੂਰਾਂ/ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਿਕਾਗੋ ਸ਼ਹਿਰ ਵਿੱਚ ਹੋਏ ਮੁਜ਼ਾਹਰੇ ਦੀ ਅਗਵਾਈ ਕਰਨ ਦੇ ਦੋਸ਼ ਹੇਠ ਅੱਠ ਆਗੂਆਂ ਉੱਪਰ ਮੁਕਦਮਾ ਚਲਾਇਆ ਗਿਆ। ਉਪਰੋਕਤ ਆਗੂਆਂ ਵਿੱਚੋਂ ਕਿਸੇ ਦਾ ਵੀ ਬੰਬ ਧਮਾਕੇ ਦਾ ਦੋਸ਼ੀ ਹੋਣਾ ਸਾਬਤ ਨਹੀਂ ਹੋਇਆ ਪਰ ਫਿਰ ਵੀ ਸੱਤ ਆਗੂਆਂ ਜਿਨ੍ਹਾਂ ਵਿੱਚੋਂ ਅਲਬਰਟ ਪਾਰਸਨਜ਼, ਆਗਸਟ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈ ਕਿੰਗ, ਅਡੌਲਫ ਫਿਸ਼ਰ ਤੇ ਜਾਰਜ ਐਨਗਿਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਅੱਠਵੇਂ ਆਗੂ ਆਸਕਾਰ ਨੀਵ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਮਜ਼ਦੂਰ ਲਹਿਰ ਅਤੇ ਮਜ਼ਦੂਰ ਸੰਗਠਨ ਨੂੰ ਬਦਨਾਮ ਕਰਨ ਅਤੇ ਆਮ ਲੋਕਾਂ ਵਿੱਚ ਮਜ਼ਦੂਰ ਵਿਰੋਧੀ ਹਵਾ ਬਣਾਉਣ ਲਈ ਮਿੱਲ ਮਾਲਕਾਂ ਅਤੇ ਸਰਕਾਰ ਵੱਲੋਂ ਪਾਣੀ ਵਾਂਗ ਪੈਸਾ ਵਹਾ ਕੇ ਮਨੋਵਿਗਿਆਨਕ ਜੰਗ ਰਾਹੀਂ ਮੀਡੀਆ ਟਰਾਇਲ ਕੀਤਾ ਗਿਆ। ਉਪਰੋਕਤ ਨਾਜਾਇਜ਼ ਸਜ਼ਾਵਾਂ ਨੂੰ ਮਨਸੂਖ ਕਰਵਾਉਣ ਲਈ ਯੂਰਪ ਤੇ ਅਮਰੀਕਾ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਵੱਡੇ ਵੱਡੇ ਰੋਸ ਮੁਜ਼ਾਹਰੇ ਵੀ ਕੀਤੇ ਪਰ ਸਰਕਾਰ ਨੇ ਬਚਾਓ ਪੱਖ ਦੀ ਕੋਈ ਵੀ ਦਲੀਲ-ਅਪੀਲ ਨਾ ਸੁਣੀ। ਉਪਰੋਕਤ ਅੱਠ ਸਜ਼ਾਯਾਫਤਾ ਆਗੂਆਂ ਵਿੱਚੋਂ ਸਿਰਫ਼ ਦੋ ਹੀ ਚਾਰ ਮਈ ਦੇ ਮੁਜ਼ਾਹਰੇ ਵਿੱਚ ਸ਼ਾਮਲ ਸਨ। ਲੋਕਾਂ ਦੇ ਭਾਰੀ ਦਬਾਅ ਕਾਰਨ ਦੋ ਆਗੂਆਂ ਫੀਲਡਜ਼ ਤੇ ਸ਼ਾਅਬ ਦੀ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ। ਲੂਈ ਕਿੰਗ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਬਾਕੀ ਚਾਰ ਅਲਬਰਟ ਪਾਰਸਨਜ਼, ਸਪਾਈਜ਼, ਜਾਰਜ ਐਨਗਿਲ ਤੇ ਅਡੌਲਫ ਫਿਸ਼ਰ ਨੂੰ 11 ਨਵੰਬਰ, 1887 ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਇਨ੍ਹਾਂ ਚੌਹਾ ਬਹਾਦਰ ਸਾਥੀਆਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਆਗਸਟ ਸਪਾਈਜ਼ ਦੇ ਸ਼ਬਦ ਸਨ ‘ਤੁਸੀਂ ਸਾਨੂੰ ਮਾਰ ਕੇ ਸਾਡੇ ਕੋਲੋਂ ਸ਼ਬਦ ਤਾਂ ਖੋਹ ਸਕਦੇ ਹੋ, ਪਰ ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਵੀ ਵੱਧ ਬੋਲੇਗੀ।’ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਾਕੀ ਬਚੇ ਤਿੰਨ ਆਗੂਆਂ ਨੂੰ 1893 ’ਚ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਇਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਸੀ ਹੋ ਸਕੇ।
ਦੁਨੀਆਂ ਭਰ ਦੀ ਮਜ਼ਦੂਰ ਲਹਿਰ ਵੱਲੋਂ ਸ਼ਿਕਾਗੋ ਦੇ ਉਪਰੋਕਤ ਸ਼ਹੀਦਾਂ ਨੂੰ ਸ਼ਿਕਾਗੋ ਦੇ ਸ਼ਹੀਦ ਕਹਿ ਕੇ ਸਤਿਕਾਰਿਆ ਜਾਂਦਾ ਹੈ। ਪੈਰਿਸ ਵਿਖੇ 1889 ਵਿੱਚ ਹੋਏ ਅੰਤਰਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੇ ਮਹਾਂ ਸੰਮੇਲਨ ਵਿੱਚ ਪਹਿਲੀ ਮਈ ਦੇ ਦਿਹਾੜੇ ਨੂੰ ਅਗਲੇ ਸਾਲ ਭਾਵ 1890 ਤੋਂ ਅੰਤਰਰਾਸ਼ਟਰੀ ਮਜ਼ਦੂਰ ਇੱਕਮੁੱਠਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦਿਨ ਸਮੁੱਚੇ ਸੰਸਾਰ ਅੰਦਰ ਮਜ਼ਦੂਰਾਂ ਮੁਲਾਜਮਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਜਥੇਬੰਦੀਆਂ ਉਚੇਚੇ ਸਮਾਗਮ ਇੰਤਜ਼ਾਮ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਇਸ ਤੋਂ ਇਲਾਵਾ ਉਹ ਇਸ ਦਿਨ ਨੂੰ ਆਪਣੀਆਂ ਪ੍ਰਾਪਤੀਆਂ ਤੇ ਸੰਘਰਸ਼ਾਂ ਦਾ ਲੇਖਾ-ਜੋਖਾ ਕਰਨ ਅਤੇ ਅਗਲੇਰੇ ਕਾਰਜ ਦੀ ਰੂਪ ਰੇਖਾ ਘੜਨ ਆਦਿ ਲਈ ਵੀ ਵਰਤਦੀਆਂ ਹਨ।
ਇੱਥੇ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ 1886 ਤੋਂ ਲੈ ਕੇ ਪਿਛਲੀ ਸਦੀ ਦੇ ਨੌਵੇਂ ਦਹਾਕੇ ਤਕ ਮਜ਼ਦੂਰ ਜਮਾਤ ਨੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ, ਅੱਠ ਘੰਟੇ ਦੀ ਕੰਮ ਦਿਹਾੜੀ ਤੋਂ ਲੈ ਕੇ ਮਿਹਨਤਕਸ਼ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਬਿਹਤਰ ਬਣਾਉਣ, ਮਜ਼ਦੂਰ ਦੀ ਉਜਰਤ, ਸਮਾਜਿਕ ਸੁਰੱਖਿਆ, ਪੈਨਸ਼ਨ ਅਤੇ ਕੰਮ ਹਾਲਾਤਾਂ ਸਬੰਧੀ ਮਜ਼ਦੂਰ-ਪੱਖੀ ਕਾਨੂੰਨ ਬਣਾਉਣ ਲਈ ਸਮੇਂ ਦੀਆਂ ਸਰਕਾਰਾਂ ਨੂੰ ਮਜਬੂਰ ਕੀਤਾ। ਸਮਾਜਵਾਦੀ ਦੇਸ਼ ਰੂਸ ਵਿੱਚ ਸਮਾਜਵਾਦ ਨੂੰ ਲੱਗੀ ਢਾਹ ਅਤੇ ਸੰਸਾਰ ਪੱਧਰ ’ਤੇ ਮਜ਼ਦੂਰ ਪੱਖੀ ਬੱਝਵੇਂ ਕੇਂਦਰ ਦੀ ਅਣਹੋਂਦ ਕਾਰਨ ਸਾਮਰਾਜੀ ਤੇ ਸਰਮਾਏਦਾਰ ਦੇਸ਼ਾਂ ਨੇ ਨਵ-ਉਦਾਰਵਾਦ ਦੇ ਨਾਂ ’ਤੇ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ ਹੈ। ਇਸ ਨਾਲ ਕਥਿਤ ਵਿਕਾਸ ਤਾਂ ਹੋਇਆ ਹੈ ਪਰ ਇਹ ਰੁਜ਼ਗਾਰ ਤੋਂ ਸੱਖਣਾ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ।
ਮਜ਼ਦੂਰਾਂ ਤੋਂ ਪੂਰਾ ਅਤੇ ਪੱਕਾ ਰੁਜ਼ਗਾਰ ਖੁੱਸ ਗਿਆ ਹੈ। ਉੱਚ ਸਿੱਖਿਆ ਪ੍ਰਾਪਤ ਪੇਸ਼ੇਵਰਾਂ ਤੇ ਤਕਨੀਕੀ ਮੁਲਾਜ਼ਮਾਂ ਨੂੰ ਵੀ ਬਹੁਤੀ ਵਾਰ ਇੱਕ ਜਾਂ ਦੋ ਸਾਲ ਲਈ ਉੱਕਾਪੁੱਕਾ ਤਨਖ਼ਾਹ ਜਾਂ ਪੈਕੇਜ਼ ਦੇ ਕੇ ਠੇਕਾ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀਆਂ ਕਾਲਜਾਂ ਵਿੱਚ ਉੱਚ-ਸਿੱਖਿਆ ਪ੍ਰਾਪਤ ਪ੍ਰੋਫੈਸਰਾਂ ਨੂੰ ਪੱਕੇ ਰੱਖਣ ਦੀ ਥਾਂ ਹਰ ਸਾਲ ਸੈਸ਼ਨ ਖ਼ਤਮ ਹੋਣ ’ਤੇ ਅੱਠ ਮਹੀਨਿਆਂ ਬਾਅਦ ਘਰ ਤੋਰ ਦਿੱਤਾ ਜਾਂਦਾ ਹੈ। ਆਪ ਸਹੇੜੇ ਆਰਥਿਕ ਮੰਦਵਾੜੇ ਉੱਪਰ ਕਾਬੂ ਪਾਉਣ ਲਈ, ਸਰਫੇ ਦੇ ਨਾਂ ਹੇਠ ਕਿਰਤੀਆਂ ਦੀਆਂ ਤਨਖ਼ਾਹਾਂ ਜਾਮ ਕੀਤੀਆਂ ਜਾ ਰਹੀਆਂ ਹਨ। ਵੱਖ ਵੱਖ ਭੱਤੇ ਬੰਦ ਕੀਤੇ ਜਾ ਰਹੇ ਹਨ ਅਤੇ ਪੈਨਸ਼ਨਰੀ ਲਾਭਾਂ ਉੱਪਰ ਕੈਂਚੀ ਚਲਾਈ ਜਾ ਰਹੀ ਹੈ।
ਉਪਰੋਕਤ ਦੇ ਸੰਦਰਭ ਵਿੱਚ ਮਜ਼ਦੂਰ, ਮੁਲਾਜ਼ਮ ਤੇ ਹੋਰ ਕਿਰਤੀ ਜਥੇਬੰਦੀਆਂ ਵਾਸਤੇ ਇਸ ਵਾਰ ਦਾ ਮਈ ਦਿਹਾੜਾ ਹੋਰ ਵੀ ਚੁਣੌਤੀ ਭਰਿਆ ਹੈ ਕਿਉਂਕਿ ਹਰ ਕਿਸਮ ਦੇ ਕਾਮੇ ਵਰਗਾਂ ਦੇ ਹੱਕਾਂ ਉੱਤੇ ਛਾਪੇ ਵਜਦੇ ਆ ਰਹੇ ਹਨ। ਪੱਕੇ ਰੁਜ਼ਗਾਰ ਦੀ ਥਾਂ ਮੁੜ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਦਿਨ ਸਮੁੱਚੇ ਸੰਸਾਰ ਅੰਦਰ ਮਜ਼ਦੂਰ ਸੰਗਠਨਾਂ ਵੱਲੋਂ ਲਾਜ਼ਮੀ ਗੰਭੀਰ ਵਿਚਾਰਾਂ ਹੋਣਗੀਆਂ ਅਤੇ ਕੌਮਾਂਤਰੀ ਮਜ਼ਦੂਰ ਲਹਿਰ ਨੂੰ ਇੱਕਜੁੱਟ ਕਰਨ ਦੀ ਇਤਿਹਾਸਕ ਲੋੜ ਉੱਪਰ ਇੱਕ ਵਾਰ ਫਿਰ ਸ਼ਿੱਦਤ ਨਾਲ ਜ਼ੋਰ ਦਿੱਤਾ ਜਾਵੇਗਾ। ਰੁਜ਼ਗਾਰ ਵਿਹੂਣੇ ਵਿਕਾਸ ਦਾ ਪਰਦਾਫਾਸ਼ ਕਰਨ ਲਈ ਵਿਉਂਤਬੰਦੀ ਕੀਤੀ ਜਾਵੇਗੀ।
* ਮੋਬਾਈਲ: 98142-81938


Comments Off on ਮਈ ਦਿਵਸ ਦਾ ਇਤਿਹਾਸਕ ਪਿਛੋਕੜ ਤੇ ਮਹੱਤਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.