ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਗੀਤਕ ਮਿਠਾਸ ਦਾ ਖ਼ਜ਼ਾਨਾ ਸੀ ਸਰਦਾਰ ਮਲਿਕ

Posted On March - 15 - 2015

ਸੁਰੀਲੇ ਹੀਰੇ

ਇਰਫਾਨ ਕਾਦਿਰ

ਸਰਦਾਰ ਮਲਿਕ ਹਿੰਦੋਸਤਾਨੀ ਫਿਲਮ ਸੰਗੀਤ ਦੇ ਉਨ੍ਹਾਂ ਚਿਰਾਗ਼ਾਂ ਵਿੱਚੋਂ ਇੱਕ ਸੀ ਜੋ ਬਹੁਤ ਘੱਟ ਸਮੇਂ ਲਈ ਰੌਸ਼ਨ ਹੋਏ, ਪਰ ਜਿਨ੍ਹਾਂ ਦੀ ਰੌਸ਼ਨੀ ਉਨ੍ਹਾਂ ਦੇ ਦੀਵਾਨਿਆਂ ਨੂੰ ਹੁਣ ਵੀ ਯਾਦ ਹੈ। ਉਸ ਨੂੰ ਕਦੇ ਵੀ ਮਸ਼ਹੂਰ ਫਿਲਮ ਸੰਗੀਤਕਾਰਾਂ ਦੀ ਕਤਾਰ ਵਿੱਚ ਸ਼ੁਮਾਰ ਨਹੀਂ ਕੀਤਾ ਗਿਆ। ਦਰਅਸਲ, ਭਾਰਤੀ ਫਿਲਮ ਸੰਗੀਤ ਦੇ ਸੁਨਹਿਰੀ ਯੁੱਗ ਦੇ ਪੰਜ ਸਿਖਰਲੇ ਸੰਗੀਤਕਾਰਾਂ ਬਾਰੇ ਪੁੱਛਿਆ ਜਾਵੇ ਤਾਂ ਨੌਸ਼ਾਦ, ਸ਼ੰਕਰ ਜੈਕਿਸ਼ਨ, ਸੀ. ਰਾਮਚੰਦਰ, ਓ.ਪੀ. ਨਈਅਰ ਅਤੇ ਸਚਿਨ ਦੇਵ ਬਰਮਨ ਦੇ ਨਾਮ ਗਿਣਾਏ ਜਾਣਗੇ। ਜੇਕਰ ਉਸੇ ਯੁੱਗ ਦੇ ਇੱਕ ਦਰਜਨ ਅਹਿਮ ਸੰਗੀਤਕਾਰਾਂ ਬਾਰੇ ਪੁੱਛਿਆ ਜਾਵੇ ਤਾਂ ਹੇਮੰਤ ਕੁਮਾਰ, ਮਦਨ ਮੋਹਨ, ਰੌਸ਼ਨ, ਚਿੱਤਰਗੁਪਤ, ਖੱਯਾਮ, ਰਵੀ ਆਦਿ ਦੇ ਨਾਮ ਸ਼ੁਮਾਰ ਹੋ ਜਾਣਗੇ, ਸਰਦਾਰ ਮਲਿਕ ਦਾ ਨਹੀਂ। ਅਜਿਹੀ ਗੁੰਮਨਾਮੀ ਦੇ ਬਾਵਜੂਦ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਹ ਬੇਹੱਦ ਪ੍ਰਤਿਭਾਸ਼ਾਲੀ ਸੰਗੀਤਕਾਰ ਸੀ, ਪਰ ਉਸ ਦੇ ਸੰਗੀਤ ਵਾਲੀਆਂ ਫ਼ਿਲਮਾਂ ਹਿੱਟ ਨਾ ਹੋਣ ਕਾਰਨ ਉਹ ਗੁੰਮਨਾਮੀ ਦੀ ਗ਼ਰਦ ਵਿੱਚ ਗੁਆਚ ਗਿਆ।
ਸਰਦਾਰ ਮਲਿਕ ਪੰਜਾਬੀ ਸੀ। ਉਸ ਦਾ ਜਨਮ ਕਪੂਰਥਲਾ ਵਿੱਚ 1925 ’ਚ ਹੋਇਆ। ਮੁੱਢਲੀ ਤਾਲੀਮ ਉਸ ਨੇ ਕਪੂਰਥਲਾ ਵਿੱਚ ਹਾਸਲ ਕੀਤੀ, ਪਰ ਸੰਗੀਤ ਦਾ ਸ਼ੌਕ ਉਸ ਨੂੰ ਪਹਿਲਾਂ ਲਾਹੌਰ ਤੇ ਫਿਰ ਮਈਹਰ (ਮੱਧ ਪ੍ਰਦੇਸ਼) ਲੈ ਗਿਆ। ਉੱਥੇ ਉਸ ਨੇ ਮਈਹਰ ਘਰਾਣੇ ਦੇ ਉਸਤਾਦ ਅਲਾਊਦੀਨ ਖ਼ਾਨ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਉਸਤਾਦ ਅਲਾਉਦੀਨ ਖ਼ਾਨ, ਪੰਡਿਤ ਰਵੀਸ਼ੰਕਰ ਤੇ ਆਪਣੇ ਬੇਟੇ ਅਲੀ ਅਕਬਰ ਖ਼ਾਨ ਦੇ ਵੀ ਗੁਰੂ ਸਨ। ਪੰਡਿਤ ਰਵੀਸ਼ੰਕਰ ਦੀ ਸੰਗਤ ਸਦਕਾ ਸਰਦਾਰ ਮਲਿਕ ਦੀ ਵਾਕਫ਼ੀਅਤ ਉੱਘੇ ਨਰਿੱਤ ਨਿਰਦੇਸ਼ਕ ਉਦੈ ਸ਼ੰਕਰ ਨਾਲ ਹੋ ਗਈ, ਜੋ ਕਿ ਰਵੀਸ਼ੰਕਰ ਦਾ ਵੱਡਾ ਭਰਾ ਸੀ। ਇਸੇ ਵਾਕਫ਼ੀਅਤ ਦੀ ਬਦੌਲਤ ਸਰਦਾਰ ਮਲਿਕ ਨਰਿੱਤ ਸਿੱਖਣ ਲਈ ਉਦੈ ਸ਼ੰਕਰ ਦੇ ਅਲਮੋੜਾ ਸਥਿਤ ਡਾਂਸ ਕੇਂਦਰ ਵਿੱਚ ਪਹੁੰਚ ਗਿਆ। ਉਹ ਜਿੱਥੇ ਚੰਗਾ ਗਾਇਕ ਸੀ, ਉੱਥੇ ਵਧੀਆ ਧੁਨਾਂ ਵੀ ਬਣਾ ਲੈਂਦਾ ਸੀ। ਉਦੈ ਸ਼ੰਕਰ ਨੇ ਉਸ ਨੂੰ ਬੰਬਈ (ਹੁਣ ਮੁੰਬਈ) ਜਾ ਕੇ ਗਾਇਕ ਤੇ ਸੰਗੀਤਕਾਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਲਈ ਪ੍ਰੇਰਿਆ। ਉਸ ਵੇਲੇ ਪਿੱਠਵਰਤੀ ਗਾਇਕਾਂ ਵਜੋਂ ਮੁਕੇਸ਼, ਤਲਤ ਮਹਿਮੂਦ ਤੇ ਮੁਹੰਮਦ ਰਫ਼ੀ ਦੀ ਗੁੱਡੀ ਚੜ੍ਹ ਰਹੀ ਸੀ। ਸਰਦਾਰ ਮਲਿਕ ਨੂੰ ਮਹਿਸੂਸ ਹੋਇਆ ਕਿ ਇਨ੍ਹਾਂ ਨਾਲ ਟੱਕਰ ਲੈਣ ਦੀ ਥਾਂ ਬਿਹਤਰ ਇਹੀ ਹੈ ਕਿ ਖ਼ੁਦ ਨੂੰ ਸੰਗੀਤ ਨਿਰਦੇਸ਼ਨ ਤੱਕ ਹੀ ਮਹਿਦੂਦ ਰੱਖਿਆ ਜਾਵੇ। ਸੰਗੀਤਕਾਰ ਵਜੋਂ ਉਸ ਦੀਆਂ ਪਹਿਲੀਆਂ ਤਿੰਨ ਫਿਲਮਾਂ ‘ਰੇਣੂਕਾ’ (1947), ‘ਰਾਜ਼’ (1949) ਅਤੇ ‘ਸਟੇਜ’ (1951) ਬਹੁਤਾ ਪ੍ਰਭਾਵ ਨਾ ਛੱਡ ਸਕੀਆਂ, ਪਰ 1953 ਵਿੱਚ ਰਿਲੀਜ਼ ਹੋਈ ‘ਲੈਲਾ ਮਜਨੂੰ’ ਨੂੰ ਕਾਮਯਾਬੀ ਮਿਲੀ। ਇਸ ਫਿਲਮ ਦਾ ਸੰਗੀਤ ਉਸ ਨੇ ਗ਼ੁਲਾਮ ਮੁਹੰਮਦ (ਜੋ ਕਿ ਨੌਸ਼ਾਦ ਦਾ ਚੀਫ਼ ਅਸਿਸਟੈਂਟ ਸੀ) ਨਾਲ ਮਿਲ ਕੇ ਦਿੱਤਾ। 1954 ਵਿੱਚ ਰਿਲੀਜ਼ ਹੋਈ ਫਿਲਮ ‘ਠੋਕਰ’ ਦਾ ਗੀਤ ‘ਐ ਗ਼ਮੇ ਦਿਲ ਕਿਆ ਕਰੂੰ’ ਸੁਪਰਹਿੱਟ ਹੋਇਆ। ਇਹ ਇੱਕੋ-ਇੱਕ ਹਿੰਦੋਸਤਾਨੀ ਫਿਲਮ ਸੀ ਜਿਸ ਦੇ ਗੀਤ ਉੱਘੇ ਉਰਦੂ ਸ਼ਾਇਰ ਮਜਾਜ਼ ਲਖ਼ਨਵੀ ਨੇ ਲਿਖੇ। ‘‘ਐ ਗ਼ਮੇ…’ ਦੇ ਦੋ ਰਿਕਾਰਡ ਸਨ- ਇੱਕ ਤਲਤ ਦੀ ਆਵਾਜ਼ ਵਿੱਚ ਅਤੇ ਦੂਜਾ ਲਤਾ ਦੀ। ਤਲਤ ਵਾਲਾ ਗੀਤ ਵੱਧ ਮਕਬੂਲ ਹੋਇਆ ਅਤੇ ਹੁਣ ਵੀ ਹਿੰਦੀ ਫ਼ਿਲਮ ਜਗਤ ਦੇ ਬਿਹਤਰੀਨ ਗੀਤਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। 1955 ਵਿੱਚ ਫਿਲਮ ‘ਆਬ-ਏ-ਹਯਾਤ’ ਤਾਂ ਬਹੁਤੀ ਨਾ ਚੱਲੀ, ਪਰ ਇਸ ਦਾ ਹੇਮੰਤ ਕੁਮਾਰ ਵੱਲੋਂ ਗਾਇਆ ਗੀਤ ‘ਮੈਂ ਗਰੀਬੋਂ ਕਾ ਦਿਲ ਹੂੰ ਵਤਨ ਦੀ ਜ਼ੁਬਾਂ…’ ਹੁਣ ਵੀ ਵਿਵਿਧ ਭਾਰਤੀ ਅਤੇ ਹੋਰ ਐਫਐਮ ਚੈਨਲਾਂ ’ਤੇ ਸੁਣਿਆ ਜਾ ਸਕਦਾ ਹੈ। ਇਸ ਦੀ ਹੁਣ ਵੀ ਏਨੀ ਮਕਬੂਲੀਅਤ ਹੈ ਜਿਸ ਨੂੰ ‘ਭੂਲੇ ਬਿਸਰੇ ਗੀਤਾਂ’ ਵਿੱਚ ਕਦੇ ਵੀ ਸ਼ੁਮਾਰ ਨਹੀਂ ਕੀਤਾ ਜਾ ਸਕਦਾ।
ਸਰਦਾਰ ਮਲਿਕ ਦੇ ਸੰਗੀਤਕ ਜੀਵਨ ਦਾ ਸ਼ਾਹਕਾਰ ਫਿਲਮ ‘ਸਾਰੰਗਾ’ (1960) ਸੀ। ਇਸ ਦੇ ਮੁਕੇਸ਼ ਵੱਲੋਂ ਗਾਏ ਸੋਲੋ ‘ਸਾਰੰਗਾ ਤੇਰੀ ਯਾਦ ਮੇਂ…’ ਅਤੇ ‘ਹਾਂ ਦੀਵਾਨਾ ਹੂੰ ਮੈਂ…’ ਨੂੰ ਨੌਸ਼ਾਦ ਅਲੀ ਤੇ ਰਾਜ ਕਪੂਰ ਨੇ ਬਿਹਤਰੀਨ ਗੀਤ ਤਸਲੀਮ ਕੀਤਾ ਸੀ। ਇਸੇ ਫਿਲਮ ਵਿੱਚ ਮੁਹੰਮਦ ਰਫ਼ੀ ਤੇ ਲਤਾ ਮੰਗੇਸ਼ਕਰ ਦਾ ਦੋਗਾਣਾ ‘ਪੀਆ ਕੈਸੇ ਮਿਲੂੰ ਤੁਮਸੇ…’ ਵੀ ਰੋਮਾਂਸ ਦੀ ਇੰਤਹਾ ਨੂੰ ਗਾਇਕੀ ਤੇ ਧੁਨ ਦੀ ਮਿਠਾਸ ਰਾਹੀਂ ਚਿੱਤਰਦਾ ਹੈ।
ਸਰਦਾਰ ਮਲਿਕ ਦੀਆਂ ਕੁਝ ਹੋਰ ਫਿਲਮਾਂ ਸਨ; ‘ਚੋਰ ਬਾਜ਼ਾਰ’ (1954) ‘ਮੇਰਾ ਘਰ ਮੇਰੇ ਬੱਚੇ’ (1960), ‘ਮਦਨ ਮੰਜਰੀ’ (1961), ਬਚਪਨ (1963) ‘ਨਾਗ ਜਿਓਤੀ’ (1963), ‘ਜੰਤਰ ਮੰਤਰ’ (1964) ਤੇ ‘ਰੂਪ ਸੁੰਦਰੀ’ (1964)। ਮਲਿਕ ਦਾ ਇਹ ਦੁਖਾਂਤ ਰਿਹਾ ਕਿ ਉਸ ਨੂੰ ਉਸ ਜ਼ਮਾਨੇ ‘ਏ’ ਗਰੇਡ ਫਿਲਮ ਕੋਈ ਨਹੀਂ ਮਿਲੀ। ‘ਏ’ ਗਰੇਡ ਫਿਲਮ ਭਾਵ ਨਾਮਵਰ ਸਿਤਾਰਿਆਂ ਵਾਲੀ ਫਿਲਮ। ਲਿਹਾਜ਼ਾ, ਉਸ ਦੇ ਸੰਗੀਤ ਦੀ ਉਹ ਕਦਰ ਨਹੀਂ ਪਈ ਜਿੰਨੀ ਪੈਣੀ ਚਾਹੀਦੀ ਸੀ। ਜਿਸ ਸੰਗੀਤਕਾਰ ਨੇ ‘ਬਹਾਰੋਂ ਸੇ ਪੂਛੋ, ਨਜ਼ਾਰੋਂ ਸੇ ਪੂਛੋ, ਮੇਰੇ ਪਿਆਰ ਕੋ ਤੁਮ ਭੁਲਾ ਨਾ ਸਕੋਗੇ…’ (ਮੁਕੇਸ਼-ਸੁਮਨ ਕਲਿਆਣਪੁਰ), ‘ਚੰਦਾ ਕੇ ਦੇਸ ਮੇਂ ਰਹਿਤੀ ਏਕ ਗੁੜੀਆ…’ (ਮੁਕੇਸ਼) ਜਾਂ ‘ਸੁਨ ਚਾਂਦ ਮੇਰੀ ਯਿਹ ਦਾਸਤਾਂ…’ (ਮੁਕੇਸ਼) ਵਰਗੇ ਖ਼ੂਬਸੂਰਤ ਗੀਤ ਸੁਰਬੱਧ ਕੀਤੇ ਹੋਣ, ਉਸ ਨੂੰ ਫਿਲਮ ਜਗਤ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣਾ ਨਾਗਵਾਰ ਹੋ ਗਿਆ ਅਤੇ ਉਸ ਨੇ ਫਿਲਮ ਸੰਗੀਤ ਤੋਂ ਕਿਨਾਰਾ ਕਰ ਲਿਆ।
ਸਰਦਾਰ ਮਲਿਕ ਭਾਵੇਂ ਹੁਣ ਇਸ ਜਹਾਨ ਵਿੱਚ ਨਹੀਂ, ਫਿਰ ਵੀ ਉਸ ਦੇ ‘ਐ ਦਿਲੇ ਨਾਸ਼ਾਦ ਤੇਰਾ ਸ਼ੁਕਰੀਆ’ (ਤਲਤ ਮਹਿਮੂਦ, ਠੋਕਰ), ‘ਹਮਸੇ ਹੂਈ ਯਿਹ ਨਾਦਾਨੀ ਕਿ ਹਮ ਇਸ ਮਹਿਫਿਲ ਮੇਂ ਆ ਬੈਠੇ’, ‘ਮੋਰੇ ਰੂਠੇ ਬਾਲਮ ਘਰ ਆ…’ (ਊਸ਼ਾ ਮੰਗੇਸ਼ਕਰ, ਰਾਨੀ ਪਦਮਿਨੀ) ਵਰਗੇ ਗੀਤ ਅੱਜ ਵੀ ਉਸ ਦੇ ਸੰਗੀਤ ਦੇ ਮਿਆਰਾਂ ਦੀ ਸ਼ਾਹਦੀ ਭਰਦੇ ਹਨ। ਸਰਦਾਰ ਮਲਿਕ ਦੇ ਤਿੰਨ ਬੇਟਿਆਂ ਵਿੱਚੋਂ ਅਨੂ ਮਲਿਕ ਨੇ 1990ਵਿਆਂ ਵਿੱਚ ਸਫ਼ਲ ਸੰਗੀਤਕਾਰ ਵਜੋਂ ਆਪਣਾ ਨਿਵੇਕਲਾ ਮੁਕਾਮ ਬਣਾਇਆ ਸੀ। ਇਸੇ ਤਰ੍ਹਾਂ ਅਬੂ ਮਲਿਕ ਤੇ ਡੱਬੂ ਮਲਿਕ ਵੀ ਸੰਗੀਤ ਸਿਰਜਣ ਦੇ ਖੇਤਰ ਵਿੱਚ ਸਰਗਰਮ ਹਨ, ਪਰ ਅਨੂ ਜਿੰਨੇ ਨਹੀਂ। ਹਾਲੀਆ ਫਿਲਮ ‘ਦਮ ਲਗਾ ਕੇ ਹਈਸ਼ਾ’ ਦੀ ਮਕਬੂਲੀਅਤ ਨੇ ਅਨੂ ਦੀ ਗੁੱਡੀ ਫਿਰ ਚੜ੍ਹਾ ਦਿੱਤੀ ਹੈ, ਪਰ ਨਾਲ ਹੀ ਸੰਗੀਤ ਦੇ ਸ਼ੈਦਾਈ ਸਵਾਲ ਕਰਦੇ ਹਨ ਕਿ ਕੀ ਉਹ ਸਰਦਾਰ ਮਲਿਕ ਦੀ ‘ਸਾਰੰਗਾ’ ਦੇ ਮੁਕਾਬਲੇ ਦਾ ਸੰਗੀਤ ਕਦੇ ਦੇ ਸਕੇਗਾ।


Comments Off on ਸੰਗੀਤਕ ਮਿਠਾਸ ਦਾ ਖ਼ਜ਼ਾਨਾ ਸੀ ਸਰਦਾਰ ਮਲਿਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.