10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    

‘ਬਾਪੂ ਵੇ ਅੱਡ ਹੁੰਨੀ ਆਂ’ ਵਾਲੀ ਜਗਮੋਹਣ ਕੌਰ

Posted On March - 14 - 2015

ਜਗਮੋਹਨ ਕੌਰ ਅਤੇ ਕੇ ਦੀਪ ਦੀ ਪੁਰਾਣੀ ਤਸਵੀਰ

‘ਬਾਪੂ ਵੇ ਅੱਡ ਹੁੰਨੀ ਆਂ’ ਅਤੇ ‘ਘੜਾ ਵੱਜਦਾ ਘੜੋਲੀ ਵੱਜਦੀ’ ਵਰਗੇ ਸਦਾਬਹਾਰ ਗੀਤਾਂ ਦੀ ਗਾਇਕਾ ਜਗਮੋਹਣ ਕੌਰ ਕਿਸੇ ਰਸਮੀ ਜਾਣ ਪਛਾਣ ਦੀ ਮੁਥਾਜ਼ ਨਹੀਂ। ਪੁਰਾਣੀਆਂ ਗਾਇਕਾਵਾਂ ਵਿੱਚੋਂ ਨਰਿੰਦਰ ਬੀਬਾ ਤੋਂ ਬਾਅਦ ਜੇ ਕਿਸੇ ਹੋਰ ਗਾਇਕਾ ਦੇ ਨਾਂ ਨਾਲ ਉਸ ਦਾ ਗਰੁੱਪ ਜਾਣਿਆ ਜਾਂਦਾ ਸੀ ਤਾਂ ਉਹ ਸੀ – ਜਗਮੋਹਣ ਕੌਰ।
ਜਗਮੋਹਣ ਕੌਰ ਦਾ ਜਨਮ 15 ਅਕਤੂਬਰ 1948 ਨੂੰ ਪਿਤਾ ਸ੍ਰੀ ਗੁਰਬਚਨ ਸਿੰਘ ਕੰਗ ਅਤੇ ਮਾਤਾ ਸ੍ਰੀਮਤੀ ਪ੍ਰਕਾਸ਼ ਕੌਰ ਦੇ ਘਰ ਪਠਾਨਕੋਟ ਵਿਖੇ ਹੋਇਆ। ਉਂਜ ਉਸ ਦਾ ਜੱਦੀ ਪਿੰਡ ਬੂਰਮਾਜਰਾ ਜ਼ਿਲ੍ਹਾ ਰੋਪੜ ਵਿੱਚ ਹੈ, ਜਿੱਥੇ ਉਸ ਦਾ ਬਚਪਨ ਬੀਤਿਆ ਅਤੇ ਉਸ ਨੇ ਮੁਢਲੀ ਸਿੱਖਿਆ ਹਾਸਲ ਕੀਤੀ। ਉਸ ਦੇ ਪਿਤਾ ਕਵਿਤਾ ਲਿਖਦੇ ਸਨ। ਇਸ ਤਰ੍ਹਾਂ ਘਰ ਦੇ ਸਾਹਿਤਕ ਮਾਹੌਲ ਦਾ ਉਸ ‘ਤੇ ਪ੍ਰਭਾਵ ਪਿਆ ਅਤੇ ਉਹ ਕਵਿਤਾ ਅਤੇ ਗੀਤ ਗਾਉਣ ਲੱਗ ਪਈ। ਖ਼ਾਲਸਾ ਹਾਈ ਸਕੂਲ, ਕੁਰਾਲੀ ਵਿਖੇ ਛੇਵੀਂ ਜਮਾਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਸਕੂਲ ਦੀਆਂ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦਸਵੀਂ ਤਕ ਪਹੁੰਚਦੇ ਪਹੁੰਚਦੇ ਉਹ ਕਾਫ਼ੀ ਚੰਗਾ ਗਾਉਣ ਲੱਗ ਪਈ। ਦਸਵੀਂ ਤੋਂ ਬਾਅਦ ਉਹ ਆਰੀਆ ਟਰੇਨਿੰਗ ਸਕੂਲ, ਖਰੜ ਤੋਂ ਜੇ.ਬੀ.ਟੀ. ਕਰਕੇ ਸਕੂਲ ਅਧਿਆਪਕ ਬਣੀ ਅਤੇ ਕੁਝ ਸਮਾਂ ਨੌਕਰੀ ਵੀ ਕੀਤੀ। ਇਸੇ ਸਮੇਂ ਦੌਰਾਨ ਉਸ ਦਾ ਝੁਕਾਅ ਗਾਇਕੀ ਵੱਲ ਵਧਦਾ ਗਿਆ। ਉਸ ਨੇ ਕੰਵਰ ਮਹਿੰਦਰ ਸਿੰਘ ਬੇਦੀ ਤੋਂ ਬਾਕਾਇਦਾ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ।
ਕਲਕੱਤੇ ਵਿਖੇ ਇੱਕ ਪ੍ਰੋਗਰਾਮ ਵਿੱਚ ਪੰਜਾਬ ਦੇ ਗਾਇਕਾਂ ਨਾਲ ਜਗਮੋਹਣ ਕੌਰ ਵੀ ਪਹੁੰਚੀ। ਇੱਥੇ ਸਟੇਜ ਪ੍ਰੋਗਰਾਮ ਦੌਰਾਨ ਉਸ ਦਾ ਮੇਲ ਗਾਇਕ ਕੇ.ਦੀਪ ਨਾਲ ਹੋਇਆ ਅਤੇ ਦੋਵਾਂ ਨੇ ਮਿਲ ਕੇ ਆਪਣਾ ਵੱਖਰਾ ਗਰੁੱਪ ਬਣਾਉਣ ਦਾ ਮਨ ਬਣਾ ਲਿਆ। ਇਸ ਤਰ੍ਹਾਂ ਇਕੱਠੇ ਪ੍ਰੋਗਰਾਮ ਕਰਦੇ ਕਰਦੇ ਉਨ੍ਹਾਂ ਦੀ ਨੇੜਤਾ ਵਧਦੀ ਗਈ ਅਤੇ ਗਾਇਕੀ ਦੇ ਸਫ਼ਰ ਦੇ ਨਾਲ ਜ਼ਿੰਦਗੀ ਦਾ ਸਫ਼ਰ ਵੀ ਇਕੱਠਾ ਤੈਅ ਕਰਨ ਲਈ ਉਹ ਇੱਕ ਦੂਜੇ ਦੇ ਹੋ ਗਏ। ਇਸ ਅੰਤਰਜਾਤੀ ਵਿਆਹ ‘ਤੇ ਜਗਮੋਹਣ ਦੇ ਮਾਪੇ ਔਖੇ ਤਾਂ ਹੋਏ ਪਰ ਹੌਲੀ ਹੌਲੀ ਸਭ ਠੀਕ ਹੋ ਗਿਆ। ਜਗਮੋਹਣ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋ ਗਈ। ਇਹ 1972 ਦੀ ਗੱਲ ਹੈ। ਇਸੇ ਸਾਲ ਹੀ ਉਸ ਨੇ ਰੇਡੀਓ ਤੋਂ ਗਾਉਣਾ ਸ਼ੁਰੂ ਕੀਤਾ। ਜਲੰਧਰ ਟੀ.ਵੀ. ਦੇ ਉਦਘਾਟਨੀ ਸਮਾਰੋਹ ਉੱਤੇ ਉਸ ਨੇ ਗਾਇਆ ਸੀ ‘ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ’।
ਜਗਮੋਹਣ ਦੀ ਗਾਇਕੀ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ-ਸੋਲੋ, ਦੋਗਾਣੇ ਅਤੇ ਕਮੇਡੀ। ਸੋਲੋ ਗਾਇਕੀ ਵਿੱਚ ਉਸ ਦਾ ਕੋਈ ਜਵਾਬ ਨਹੀਂ। ਉਸ ਨੇ ਉਹ ਯਾਦਗਾਰੀ ਗੀਤ ਗਾਏ ਹਨ ਜੋ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਹਮੇਸ਼ਾਂ ਯਾਦ ਰੱਖੇ ਜਾਣਗੇ। ਕੁਝ ਨਵੇਂ ਤਜਰਬੇ ਵੀ ਹੋਏ ਮਿਲਦੇ ਹਨ। ‘ਵਿਹੜੇ ਵਿੱਚ ਬੂਟਾ ਬਾਥੂ ਦਾ’ ਗੀਤ ਵਿੱਚ ਵੀਹ ਸਤਰਾਂ ਦੀ ਬਹਿਰ ਵਾਲੀ ਬੋਲੀ ਨੂੰ ਨਿਵੇਕਲੇ ਅੰਦਾਜ਼ ਵਿੱਚ ਨਿਭਾਉਣਾ ਜਗਮੋਹਣ ਦੀ ਪ੍ਰਾਪਤੀ ਹੈ। ਉਸ ਦਾ ਗਾਇਆ ‘ਮਿਰਜ਼ਾ’ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ‘ਹਾਜੀ ਲੋਕ ਮੱਕੇ ਨੂੰ ਜਾਂਦੇ’ ਵਰਗੇ ਸੂਫ਼ੀ ਕਲਾਮ ਨਾਲ ਵੀ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ। ਲੋਕ ਗੀਤ ‘ਲੁੰਗੀ’ ਨੂੰ ਜਗਮੋਹਣ ਨੇ ਜਿਸ ਢੰਗ ਨਾਲ ਗਾਇਆ ਹੈ, ਉਸ ਤਰ੍ਹਾਂ ਹੋਰ ਕੋਈ ਨਹੀਂ ਗਾ ਸਕਿਆ। ਸ਼ਿਵ ਕੁਮਾਰ ਦੇ ਸਾਹਿਤਕ ਗੀਤਾਂ ਨੂੰ ਵੀ ਜਗਮੋਹਣ ਕੌਰ ਨੇ ਆਵਾਜ਼ ਦਿੱਤੀ ਹੈ ਜੋ ਉਸ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹੈ।
ਦੋਗਾਣਾ ਗਾਇਕੀ ਵਿੱਚ ਕੁਝ ਇੱਕ ਗੀਤਾਂ ਨੂੰ ਛੱਡ ਕੇ ਬਾਕੀ ਗੀਤਾਂ ਦੀ ਚੋਣ ਚੰਗੀ ਨਹੀਂ। ਉਸ ਨੇ ਜ਼ਿਆਦਾ ਦੋਗਾਣੇ ਕੇ.ਦੀਪ ਨਾਲ ਹੀ ਗਾਏ ਹਨ। ਇਸ ਲਈ ਦੋਗਾਣਾ ਗਾਇਕੀ ਵਿੱਚ ਉਸ ਦੀ ਕੋਈ ਖ਼ਾਸ ਜ਼ਿਕਰਯੋਗ ਪ੍ਰਾਪਤੀ ਨਹੀਂ ਕਹੀ ਜਾ ਸਕਦੀ।
ਜਿੱਥੋਂ ਤਕ ਕਮੇਡੀ ਗਾਇਕੀ ਦਾ ਸਬੰਧ ਹੈ ਇਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਪਹਿਲੀ ਵਾਰੀ ਰਿਕਾਰਡਾਂ ਵਿੱਚ ਕਮੇਡੀ ਨੂੰ ਇਸੇ ਜੋੜੀ ਨੇ ਲਿਆਂਦਾ। ‘ਮਾਈ ਮੋਹਣੋ’ ਅਤੇ ‘ਪੋਸਤੀ’ ਦੇ ਪਾਤਰ ਪੰਜਾਬੀ ਕਮੇਡੀ ਗਾਇਕੀ ਦੇ ਨਾਂ ਭੁੱਲਣਯੋਗ ਪਾਤਰ ਹਨ, ਪਰ ਇਨ੍ਹਾਂ ਰਚਨਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਹਲਕੇ ਪੱਧਰ ਦੀ ਹੋਣ ਕਾਰਨ ਚਿਰ ਸਥਾਈ ਨਹੀਂ ਹੋ ਸਕੀ। ਇਨ੍ਹਾਂ ਦੀਆਂ ਆਵਾਜ਼ਾਂ ਵਿੱਚ ‘ਪੋਸਤੀ ਲੰਡਨ ‘ਚ’, ‘ਪੋਸਤੀ ਕੈਨੇਡਾ ਵਿੱਚ’, ‘ਪੋਸਤੀ ਇੰਗਲੈਂਡ ਵਿੱਚ’ ਅਤੇ ‘ਨਵੇਂ ਪੁਆੜੇ ਪੈ ਗਏ’ ਰਿਕਾਰਡ ਹੋਈਆਂ।
ਗਾਇਕੀ ਦੇ ਸਿਰ ‘ਤੇ ਜਗਮੋਹਣ ਕੌਰ ਨੇ ਕੇ.ਦੀਪ ਨਾਲ ਵਿਦੇਸ਼ਾਂ ਵਿੱਚ ਵੀ ਟੂਰ ਲਾਏ। ਪਹਿਲੀ ਵਾਰ 1974 ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਨਾਰਵੇ, ਡੈਨਮਾਰਕ ਆਦਿ ਦੇਸ਼ਾਂ ਦੀ ਫੇਰੀ ਪਾਈ। ਇਸੇ ਫੇਰੀ ਦੌਰਾਨ ਬੀ.ਬੀ.ਸੀ. ਲੰਡਨ ਵੱਲੋਂ ਇੱਕ ਘੰਟੇ ਦੀ ਰਿਕਾਰਡਿੰਗ ਕੀਤੀ ਗਈ ਜੋ ਕਿਸੇ ਪੰਜਾਬੀ ਗਾਇਕਾ ਦੀ ਪਹਿਲੀ ਵੀਡੀਓ ਰਿਕਾਰਡਿੰਗ ਸੀ। ਵਿਦੇਸ਼ੀ ਦੌਰਿਆਂ ਵਿੱਚ ਇਸ ਜੋੜੀ ਦਾ ਨੰਬਰ ਸਭ ਤੋਂ ਉੱਪਰ ਰਿਹਾ। 1988 ਵਿੱਚ ਤਾਂ ਟੋਰਾਂਟੋ ਵਿਖੇ ਪ੍ਰਮੋਟਰ ਦਾ ਹੀ ਕੰਮ ਕਰ ਲਿਆ। ਬਹੁਤ ਸਾਰੇ ਕਲਾਕਾਰਾਂ ਨੂੰ ਏਧਰੋਂ ਬੁਲਾਇਆ ਜਾਂਦਾ ਰਿਹਾ। ਇਸ ਤਰ੍ਹਾਂ ਕਈ ਸਾਲ ਇਸ ਜੋੜੀ ਨੇ ਵਿਦੇਸ਼ਾਂ ਵਿੱਚ ਹੀ ਬਿਤਾਏ ਅਤੇ ਉੱਧਰ ਹੀ ਰਹਿਣ ਦਾ ਮਨ ਬਣਾ ਲਿਆ। 1993 ਵਿੱਚ ਜਗਮੋਹਣ ਨੂੰ ਆਪਣੇ ਵਤਨਾਂ ਦੀ ਮਿੱਟੀ ਨੇ ਖਿੱਚ ਪਾਈ ਤਾਂ ਉਹ ਕੇ.ਦੀਪ ਨੂੰ ਉੱਧਰ ਹੀ ਛੱਡ ਏਧਰ ਆ ਗਈ। ਇਹ ਉਹ ਸਮਾਂ ਜੀ ਜਦੋਂ ਪੰਜਾਬ ਵਿਚਲੇ ਕਾਲੇ ਦਿਨ ਗੁਜ਼ਰ ਚੁੱਕੇ ਸਨ। ਏਧਰ ਪੰਜਾਬੀ ਸਰੋਤਿਆਂ ਨੇ ਉਸ ਦੀ ਗਾਇਕੀ ਨੂੰ ਏਨਾ ਪਿਆਰ ਦਿੱਤਾ ਕਿ ਉਸ ਨੇ ਵਾਪਸ ਜਾਣ ਦਾ ਨਾਂ ਹੀ ਨਹੀਂ ਲਿਆ। ਕੁਝ ਸਾਲ ਬਾਅਦ ਕੇ.ਦੀਪ ਨੂੰ ਵੀ ਏਧਰ ਹੀ ਆਉਣਾ ਪਿਆ।
ਗਾਇਕੀ ਦੇ ਨਾਲ ਨਾਲ ਜਗਮੋਹਣ ਨੇ ਫ਼ਿਲਮਾਂ ਵਿੱਚ ਅਦਾਕਾਰੀ ਦਾ ਝੱਸ ਵੀ ਪੂਰਾ ਕੀਤਾ। ਪੰਜਾਬੀ ਫ਼ਿਲਮ ‘ਦਾਜ’ ਵਿੱਚ ਉਸ ਨੇ ਚੰਗਾ ਰੋਲ ਕੀਤਾ। ‘ਸੁਖੀ ਪਰਵਾਰ’ ਅਤੇ ‘ਦੋ ਜੱਟੀਆਂ’ ਫ਼ਿਲਮਾਂ ਵਿੱਚ ਉਸ ਨੇ ਪਿੱਠਵਰਤੀ ਗਾਇਕਾ ਵਜੋਂ ਆਵਾਜ਼ ਦਿੱਤੀ।
ਨਵੰਬਰ 1997 ਵਿੱਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਤਕਰੀਬਨ ਪੱਚੀ ਕੁ ਦਿਨ ਮੌਤ ਅਤੇ ਜ਼ਿੰਦਗੀ ਨਾਲ ਸੰਘਰਸ਼ ਕਰਦੀ ਉਹ 6 ਦਸੰਬਰ ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰ ਗਈ ਅਤੇ ਪਿੱਛੇ ਛੱਡ ਗਈ ਆਪਣੀ ਆਵਾਜ਼ ਜੋ ਹਮੇਸ਼ਾਂ ਅਮਰ ਰਹੇਗੀ।

– ਹਰਦਿਆਲ ਥੂਹੀ


Comments Off on ‘ਬਾਪੂ ਵੇ ਅੱਡ ਹੁੰਨੀ ਆਂ’ ਵਾਲੀ ਜਗਮੋਹਣ ਕੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.