ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਉੱਲੂ ਰਾਤ ਵੇਲੇ ਕਿਵੇਂ ਦੇਖਦੇ ਹਨ?

Posted On March - 21 - 2015

ਪਿਆਰੇ ਬੱਚਿਓ! ਸਾਡੀ ਧਰਤੀ ਰੰਗ ਬਰੰਗੇ ਪੰਛੀਆਂ ਦਾ ਰੈਣ ਬਸੇਰਾ ਹੈ। ਇਨ੍ਹਾਂ ਖ਼ੂਬਸੂਰਤ ਪੰਛੀਆਂ ਨੂੰ ਦੇਖ ਕੇ ਸਾਡਾ ਮਨ ਝੂਮ ਉੱਠਦਾ ਹੈ। ਸਵੇਰ ਵੇਲੇ ਚਿੜੀਆਂ ਦੀ ਚੀਂ-ਚੀਂ ਸਾਡੇ ਕੰਨਾਂ ਵਿੱਚ ਰਸ ਘੋਲਦੀ ਹੈ, ਪਰ ਕੁਝ ਅਜਿਹੇ ਪੰਛੀ ਹਨ ਜੋ ਦਿਨ ਵੇਲੇ ਸਾਨੂੰ ਉੱਡਦੇ ਦਿਖਾਈ ਨਹੀਂ ਦਿੰਦੇ, ਜਿਵੇਂ ਕਿ ਉੱਲੂ, ਬਿਲਬਤੌਰੀ, ਚਮਗਿੱਦੜ ਅਤੇ ਚਮਚੜਿੱਕ ਆਦਿ। ਅਜਿਹੇ ਪੰਛੀਆਂ ਨੂੰ ਅਸੀਂ ਰਾਤਲ ਪੰਛੀ ਕਹਿੰਦੇ ਹਾਂ। ਅੱਜ ਅਸੀਂ ਰਾਤਲ ਪੰਛੀ ਉੱਲੂ ਬਾਰੇ ਜਾਣਾਂਗੇ ਕਿ ਉਹ ਰਾਤ ਵੇਲੇ ਕਿਵੇਂ ਦੇਖਦੇ ਹਨ?
ਉੱਲੂ ਬਹੁਤ ਹੀ ਦਿਲਚਸਪ ਪੰਛੀ ਹੈ। ਇਸ ਦੀਆਂ ਅੱਖਾਂ ਵੀ ਸਾਡੀਆਂ ਅੱਖਾਂ ਵਾਂਗ ਹੀ ਕੰਮ ਕਰਦੀਆਂ ਹਨ। ਮਨੁੱਖ ਅਤੇ ਉੱਲੂ ਦੀਆਂ ਅੱਖਾਂ ਵਿੱਚ ਦੋ ਤਰ੍ਹਾਂ ਦੇ ਰਿਸੈਪਟਰ ਹੁੰਦੇ ਹਨ: ਕੋਨਜ ਅਤੇ ਰੌਡਜ। ਰੌਡਜ ਦੀ ਸਹਾਇਤਾ ਨਾਲ ਅਸੀਂ ਸਿਰਫ਼ ਕਾਲਾ ਅਤੇ ਸਫ਼ੈਦ ਹੀ ਦੇਖ ਸਕਦੇ ਹਾਂ, ਪਰ ਇਹ ਘੱਟ ਰੌਸ਼ਨੀ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਕੋਨਜ਼ ਦੀ ਸਹਾਇਤਾ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖ ਸਕਦੇ ਹਾਂ, ਪਰ ਇਹ ਤਾਂ ਹੀ ਕੰਮ ਕਰਦੇ ਹਨ ਜੇ ਕਾਫ਼ੀ ਮਾਤਰਾ ਵਿੱਚ ਰੌਸ਼ਨੀ ਹੋਵੇ। ਉੱਲੂ ਦੀਆਂ ਅੱਖਾਂ ਵਿੱਚ ਕੋਨਜ਼ ਨਾਲੋਂ ਰੌਡਜ ਦੀ ਗਿਣਤੀ ਵਧੇਰੇ ਹੁੰਦੀ ਹੈ ਜਿਸ ਕਾਰਨ ਉਹ ਰਾਤ ਵੇਲੇ ਵਧੇਰੇ ਦੇਖ ਸਕਦੇ ਹਨ। ਇੱਕ ਅਨੁਮਾਨ ਅਨੁਸਾਰ ਰਾਤ ਵੇਲੇ ਉੱਲੂ ਮਨੁੱਖ ਨਾਲੋਂ 35 ਤੋਂ 100 ਗੁਣਾ ਜ਼ਿਆਦਾ ਸਪਸ਼ਟ ਦੇਖ ਸਕਦੇ ਹਨ। ਆਪਣੇ ਸਰੀਰ ਦੇ ਆਕਾਰ ਦੇ ਅਨੁਸਾਰ ਉੱਲੂ ਦੀਆਂ ਅੱਖਾਂ ਕਾਫ਼ੀ ਵੱਡੀਆਂ ਹੁੰਦੀਆਂ ਹਨ। ਅੱਖਾਂ ਦਾ ਆਕਾਰ ਜਿੰਨਾਂ ਵੱਡਾ ਹੋਵੇਗਾ, ਉਨੀ ਹੀ ਰੌਸ਼ਨੀ ਜ਼ਿਆਦਾ ਅੱਖ ਦੇ ਅੰਦਰ ਜਾ ਸਕੇਗੀ  ਜੋ ਕਿ ਹਨੇਰੇ ਵਿੱਚ ਉੱਲੂ ਨੂੰ ਦੇਖਣ ਵਿੱਚ ਸਹਾਇਤਾ ਕਰਦੀ ਹੈ। ਉੱਲੂ ਦੀਆਂ ਅੱਖਾਂ ਦੀਆਂ ਪੁਤਲੀਆਂ ਹਨੇਰੇ ਵਿੱਚ ਵਧੇਰੇ ਫੈਲ ਜਾਂਦੀਆਂ ਹਨ ਅਤੇ ਉਸ ਨੂੰ ਹਨੇਰੇ ਵਿੱਚ ਦੇਖਣ ਵਿੱਚ ਸਹਾਇਤਾ ਕਰਦੀਆਂ ਹਨ। ਉੱਲੂ ਚੂਹੇ ਅਤੇ ਹੋਰ ਕੁਤਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਇਹ ਰਾਤ ਵੇਲੇ ਵਧੇਰੇ ਕਿਰਿਆਸ਼ੀਲ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਸ਼ਿਕਾਰ ਕਰਨ ਲਈ ਰਾਤ ਵੇਲੇ ਦੇਖਣ ਦੀ ਮਜਬੂਰੀ ਵੀ ਉੱਲੂ ਨੂੰ ਅਜਿਹਾ ਅਨੁਕੂਲਣ ਦਿੰਦੀ ਹੈ ਕਿ ਉਹ ਰਾਤ ਦੇ ਹਨੇਰੇ ਵਿੱਚ ਦੇਖ ਸਕੇ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਉੱਲੂ ਦਿਨ ਵੇਲੇ ਨਹੀਂ ਦੇਖ ਸਕਦੇ ਅਤੇ ਉਹ ਦਿਨ ਵੇਲੇ ਸੁਸਤ ਹੁੰਦੇ ਹਨ, ਪਰ ਅਜਿਹਾ ਨਹੀਂ ਹੈ। ਜਿਸ ਤਰ੍ਹਾਂ ਸਾਡੀਆਂ ਪੁਤਲੀਆਂ ਤੇਜ਼ ਰੌਸ਼ਨੀ ਵੇਲੇ ਸੁੰਗੜ ਜਾਂਦੀਆਂ ਹਨ, ਉੱਲੂ ਦੀਆਂ ਪੁਤਲੀਆਂ ਉਸ ਤਰ੍ਹਾਂ ਸੁੰਗੜ ਨਹੀਂ ਸਕਦੀਆਂ। ਇਸ ਲਈ ਦਿਨ ਵੇਲੇ ਉੱਲੂ ਆਪਣੀਆਂ ਅੱਧੀਆਂ ਅੱਖਾਂ ਢੱਕ ਲੈਂਦਾ ਹੈ ਤਾਂ ਕਿ ਤੇਜ਼ ਰੌਸ਼ਨੀ ਉਸ ਦੀਆਂ ਪੁਤਲੀਆਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸ ਤੋਂ ਸਾਨੂੰ ਇੰਜ ਲੱਗਦਾ ਹੈ ਕਿ ਉੱਲੂ ਦਿਨ ਵੇਲੇ ਸੌ ਰਿਹਾ ਹੈ। ਉੱਲੂ ਇੱਕ ਬਹੁਤ ਹੀ ਦਿਲਸਚਪ ਪੰਛੀ ਹੈ। ਮਾਦਾ ਉੱਲੂ ਨਰ ਉੱਲੂ ਨਾਲੋਂ ਆਕਾਰ ਵਿੱਚ ਵੱਡੀ ਅਤੇ ਵਜ਼ਨ ਵਿੱਚ ਭਾਰੀ ਹੁੰਦੀ ਹੈ। ਉੱਲੂ ਆਪਣੀ ਗਰਦਨ ਨੂੰ 270 ਡਿਗਰੀ ਤਕ ਘੁੰਮਾ ਸਕਦੇ ਹਨ। ਉੱਲੂ ਦੇ ਖੰਭ ਮਖਮਲੀ, ਸੰਘਣੇ ਅਤੇ ਨਰਮ ਹੁੰਦੇ ਹਨ, ਜਿਸ ਕਾਰਨ ਜਦੋਂ ਉਹ ਉੱਡਦੇ ਹਨ ਤਾਂ ਬਹੁਤ ਹੀ ਘੱਟ ਆਵਾਜ਼ ਕਰਦੇ ਹਨ। ਉੱਲੂ ਦੇ ਖੰਭ ਉਸ ਦੇ ਭਾਰ ਦੇ ਮੁਕਾਬਲੇ ਵਧੇਰੇ ਵੱਡੇ ਹੁੰਦੇ ਹਨ ਜਿਸ ਕਾਰਨ ਉੱਡਣ ਵੇਲੇ ਉਹ ਘੱਟ ਫੜਫੜਾਉਂਦੇ ਹਨ ਤੇ ਆਵਾਜ਼ ਵੀ ਘੱਟ ਕਰਦੇ ਹਨ ਜੋ ਕਿ ਰਾਤ ਦੀ ਖ਼ਾਮੋਸ਼ੀ ਵਿੱਚ ਉਸ ਨੂੰ ਸ਼ਿਕਾਰ ਕਰਨ ਵਿੱਚ ਮਦਦ ਕਰਦੇ ਹਨ।

– ਰਾਜਿੰਦਰ ਸਿੰਘ ਖਹਿਰਾ


Comments Off on ਉੱਲੂ ਰਾਤ ਵੇਲੇ ਕਿਵੇਂ ਦੇਖਦੇ ਹਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.