ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਪੰਜਾਬੀ ਕਵੀਸ਼ਰੀ ਦਾ ਪ੍ਰਚੰਡ ਦਸਤਖ਼ਤ ਬਾਪੂ ਕਰਨੈਲ ਸਿੰਘ ਪਾਰਸ

Posted On January - 3 - 2015

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਉਦੈ ਹੋ ਕੇ ਇੱਕੀਵੀਂ ਸਦੀ ਵਿੱਚ ਸਰੀਰਕ ਤੌਰ ‘ਤੇ ਅਸਤ ਹੋਇਆ ਬਾਪੂ ਪਾਰਸ, ਪੰਜਾਬੀ ਕਵੀਸ਼ਰੀ ਦੇ ਸਿਖਰਲੇ ਗੁਰਜ਼ਧਾਰੀਆਂ ‘ਚ ਸ਼ੁਮਾਰ ਹੈ। ਉਹ ਬਾਰਾਂ ਕੁ ਸਾਲ ਦੀ ਉਮਰ ਵਿੱਚ ਯਤੀਮ ਹੋ ਗਏ ਸਨ। 14 ਸਾਲ ਦੀ ਉਮਰ ਤੀਕ ਅੱਖਰ-ਪਛਾਣ ਤੋਂ ਕੋਰਾ ਹੋਣ ਦੇ ਬਾਵਜੂਦ ਆਪਣੀ ਬੇਚੈਨ ਜਗਿਆਸਾ ਦੇ ਸਹਾਰੇ ਪਹਿਲਾਂ ਉਨ੍ਹਾਂ ਨੇ ਪਿੰਡ ਦੇ ਡੇਰੇ ‘ਚੋਂ ਪੈਂਤੀ-ਅੱਖਰੀ ‘ਚ ਹਰਫ਼ਾਂ ਨੂੰ ਜਗਾਉਣ ਦੀ ਜਾਚ ਸਿੱਖੀ ਅਤੇ ਬਾਅਦ ਵਿੱਚ ਉਹ, ਉਸ ਵੇਲੇ ਦੇ ਨਾਮਵਰ ਕਵੀਸ਼ਰ ਮੋਹਨ ਸਿੰਘ ਰੋਡੇ ਦੀ ਛਤਰ-ਛਾਇਆ ਹੇਠ ਚਲੇ ਗਏ। ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ ਨੂੰ ਛੰਦਾਂ ਵਿੱਚ ਬੀੜਿਆ, ਧਾਰਮਿਕ ਪ੍ਰਸੰਗਾਂ ਨੂੰ ਕਾਫ਼ੀਏ-ਰਦੀਫ਼ਾਂ ‘ਚ ਲਪੇਟਿਆ ਅਤੇ ਦੇਸ਼-ਭਗਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ ‘ਚ ਕਲਮਬੱਧ ਕੀਤਾ। ਬਾਪੂ ਪਾਰਸ ਦੇ ਕਵੀਸ਼ਰੀ ਖੇਤਰ ਵਿੱਚ ਪ੍ਰਵੇਸ਼ ਕਰਨ ਸਮੇਂ ਬਹੁਤੀ ਕਵੀਸ਼ਰੀ ਸਾਧਾਰਨ ਤੁਕਬੰਦੀ ਵਾਲੀ ਸੀ ਪਰ ਬਾਪੂ ਨੇ ਉਪਮਾਵਾਂ ਅਲੰਕਾਰਾਂ ਦੀ ਵਰਤੋਂ ਨਾਲ ਕਵੀਸ਼ਰੀ ਨੂੰ ਸਾਹਿਤਕ ਰਸ ਵਾਲੀ ਬਣਾ ਦਿੱਤਾ।
ਬਾਪੂ ਪਾਰਸ ਦੀ ਛਪੀ-ਅਣਛਪੀ ਰਚਨਾ ਚਿੱਠਾ-ਛਾਪਕਾਂ ਦੀਆਂ ਦੁਕਾਨਾਂ ਤੋਂ ਹੁੰਦੀ ਹੋਈ ਬਾਪੂ ਦੇ ਸ਼ਾਗਿਰਦਾਂ ਰਾਹੀਂ ਅੱਗੇ ਤੋਂ ਅੱਗੇ ਪਹੁੰਚਦੀ ਗਈ। ਕਾਪੀ-ਦਰ-ਕਾਪੀ ਅਤੇ ਵਾਰ-ਵਾਰ ਛਪਣ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ ਵਾਰਿਸ ਦੀ ਹੀਰ ਵਾਂਗ ਬਾਪੂ ਦੀ ਰਚਨਾ ਵੀ ਕਈ ਕਿਸਮ ਦੀ ਰਲਾਵਟ ਦੀ ਸ਼ਿਕਾਰ ਹੁੰਦੀ ਗਈ। ਕੈਨੇਡਾ ਵੱਸਦੇ ਆਪਣੇ ਪੁੱਤਾਂ ਇਕਬਾਲ ਤੇ ਰਛਪਾਲ ਦੀ ਪ੍ਰੇਰਨਾ ਸਦਕਾ ਜਨਵਰੀ 2004 ਤੋਂ 2006 ਦੇ ਮੁਢਲੇ ਮਹੀਨਿਆਂ ਦੌਰਾਨ ਬਾਪੂ ਪਾਰਸ ਨੇ ਆਪਣੀ ਸਾਰੀ ਰਚਨਾ ਨੂੰ ਮੁੜ ਸੋਧਿਆ। ਬਾਪੂ ਦੀ ਇਹ ਸਮੁੱਚੀ ਰਚਨਾ ਕਾਫ਼ੀ ਸਮਾਂ ਉਸ ਦੀ ਵੱਡੀ ਧੀ ਚਰਨਜੀਤ ਕੌਰ ਧਾਲੀਵਾਲ ਕੋਲ ਕੈਨੇਡਾ ਸਾਂਭੀ ਰਹੀ ਜਿਸ ਦਾ ਬੀਤੇ ਢਾਈ-ਤਿੰਨ ਸਾਲਾਂ ਦੌਰਾਨ ਬਾਪੂ ਦੇ ਪੁੱਤਾਂ ਨੇ ਕੰਪਿਊਟਰੀਕਰਨ ਕਰਕੇ ਆਪਣੇ ਕੋਲ ਸੰਭਾਲ ਲਿਆ।
ਹੁਣ ਬਾਪੂ ਪਾਰਸ ਦੀ ਸਮੁੱਚੀ ਕਵੀਸ਼ਰੀ ਨੂੰ ਤਿੰਨ ਜਿਲਦਾਂ ਵਿੱਚ  ਪ੍ਰਕਾਸ਼ਿਤ ਕੀਤਾ ਜਾਵੇਗਾ। ਪਹਿਲੇ ਹਿੱਸੇ ਵਿੱਚ ਬਾਪੂ ਵੱਲੋਂ ਕਵੀਸ਼ਰੀ ਵਿੱਚ ਬੰਨ੍ਹੇ ਕੌਲਾਂ, ਪੂਰਨ, ਦਹੂਦ, ਤਾਰਾ ਰਾਣੀ, ਹੀਰ ਦੀਆਂ ਕਲੀਆਂ, ਮਿਰਜ਼ਾ ਆਦਿ ਕਿੱਸਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਾਪੂ ਪਾਰਸ ਦੇ ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤਾਂ ਦੀਆਂ ਜੀਵਨੀਆਂ ਨੂੰ ਕ੍ਰਮਵਾਰ‘ਭਾਗ ਦੂਜਾ ਤੇ‘ਤੀਜਾ’ਵਜੋਂ ਛਾਪਿਆ ਜਾਵੇਗਾ।
ਬਾਪੂ ਪਾਰਸ ਨੂੰ ਪੜ੍ਹਨ ਅਤੇ ਸਮਝਣ ਵੇਲੇ ਏਸ ਤੱਥ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਬਾਪੂ ਨੇ ਆਪਣੀ ਕਵੀਸ਼ਰੀ ਉਸ ਦੇ ਕਵੀਸ਼ਰੀ ਜੱਥੇ ਰਾਹੀਂ ਪੇਂਡੂ ਸਰੋਤਿਆਂ ਦੇ ਭਰਵੇਂ ਇਕੱਠਾਂ ਦੇ ਰੂਬਰੂ ਗਾਉਣੀ ਹੁੰਦੀ ਸੀ; ਇਸ ਲਈ ਕਿੱਸਿਆਂ ਦੇ ਰਵਇਤੀ,  ਕਰਾਮਾਤੀ ਰੂਪ ਨੂੰ ਕਾਇਮ ਰੱਖਣਾ ਬਾਪੂ ਦੀ ਮਜਬੂਰੀ ਸੀ। ਇਸ ਰਵਾਇਤੀ ਰੂਪ ਵਿੱਚ ਕਾਫ਼ੀ ਕੁਝ ਅਜਿਹਾ ਵੀ ਹੈ ਜਿਹੜਾ ਬਾਪੂ ਦੇ‘ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਦੂਰੀ ਵਿਖਾਈ ਦਿੰਦਾ ਹੈ। ਉਂਜ ਹਕੀਕਤ ਇਹ ਹੈ ਕਿ 1940ਵਿਆਂ ਦੇ ਮੱਧ ਵਿੱਚ ਹੀ ਜਦੋਂ‘ਤਰਕਸ਼ੀਲ ਲਫ਼ਜ਼ ਹਾਲੇ ਹੋਂਦ ਵਿੱਚ ਵੀ ਨਹੀਂ ਸੀ ਆਇਆ, ਬਾਪੂ ਪਾਰਸ‘ਤਰਕਸ਼ੀਲ ਵਿਚਾਰਾਂ ਦਾ ਠੋਸ ਰੂਪ ਵਿੱਚ ਧਾਰਨੀ ਹੋ ਗਿਆ ਸੀ। ਉਸ ਦੀ‘ਤਰਕਸ਼ੀਲਤਾ ਦਾ ਪ੍ਰਚੰਡ ਰੂਪ ਉਨ੍ਹਾਂ ਵੱਲੋਂ ਸਾਲ 1945-46 ਵਿੱਚ ਰਚੇ ਕਿੱਸਾ ਬਾਗ਼ੀ ਸੁਭਾਸ਼ ਵਿੱਚ ਝਲਕਦਾ ਹੈ।
ਜ਼ਿੰਦਗੀ ਦੇ ਆਖ਼ਰੀ ਦੋ ਦਹਾਕਿਆਂ  ਦੌਰਾਨ ਬਾਪੂ ਪਾਰਸ ਤਰਕਸ਼ੀਲ ਲਹਿਰ ਦੇ ਸਰਗਰਮ ਆਗੂ ਕ੍ਰਿਸ਼ਨ ਬਰਗਾੜੀ ਦਾ ਤਕੜਾ ਪ੍ਰਸ਼ੰਸਕ ਤੇ ਸਨੇਹੀ ਬਣ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਭਾਸ਼ਣਾਂ ਤੇ ਗੋਸ਼ਟੀਆਂ ਰਾਹੀਂ ਤਰਕਸ਼ੀਲਤਾ ਦਾ ਖੁੱਲ੍ਹਾ ਪ੍ਰਚਾਰ ਕਰਦਾ ਰਿਹਾ। ਇਹ ਉਸ ਦੀ ਭਰਵੀਂ ਤਰਕਸ਼ੀਲ ਸੋਚ ਦਾ ਸਬੂਤ ਹੀ ਸੀ ਕਿ ਉਸ ਨੇ ਆਪਣੇ ਪਰਿਵਾਰ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਉਸੇ ਅਦਾਰੇ ਦੇ ਸਪੁਰਦ ਕੀਤਾ ਜਾਵੇ ਜਿਸ ਨੂੰ ਕ੍ਰਿਸ਼ਨ ਬਰਗਾੜੀ ਦੀ ਦੇਹ ਸੌਂਪੀ ਗਈ ਸੀ।

– ਪ੍ਰੋ. ਕਰਮਜੀਤ ਕੌਰ ਸੇਖੋਂ


Comments Off on ਪੰਜਾਬੀ ਕਵੀਸ਼ਰੀ ਦਾ ਪ੍ਰਚੰਡ ਦਸਤਖ਼ਤ ਬਾਪੂ ਕਰਨੈਲ ਸਿੰਘ ਪਾਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.