ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਗ਼ਦਰ ਲਹਿਰ ਦਾ ਮਹਾਨ ਆਗੂ ਰਤਨ ਸਿੰਘ ਰਾਏਪੁਰ ਡੱਬਾ

Posted On December - 6 - 2014

ਡਾ. ਭੀਮ ਇੰਦਰ ਸਿੰਘ

ਪੰਜਾਬ ਦੀ ਕਮਿਊਨਿਸਟ ਲਹਿਰ ਦੇ ਮੋਢੀ ਅਤੇ ਗ਼ਦਰ ਲਹਿਰ ਦੇ ਮਹਾਨ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ (1879 ਤੋਂ 1943 ਈ.) ਦੀ ਜਦੋਜਹਿਦ ਦਾ ਦਾਇਰਾ ਕੌਮਾਂਤਰੀ ਦਿਸਹੱਦਿਆਂ ਤਕ ਫੈਲਿਆ ਹੋਇਆ ਸੀ। ਭਾਈ ਰਤਨ ਸਿੰਘ ਦੀਆਂ ਲਿਖਤਾਂ ਸਮੁੱਚੀ ਲੋਕਾਈ ਖ਼ਾਸ ਤੌਰ ‘ਤੇ ਕਿਰਤੀ ਤੇ ਮਜ਼ਦੂਰ-ਕਿਸਾਨ ਸਰੋਕਾਰਾਂ ਨੂੰ ਆਪਣੇ ਅੰਦਰ ਸਮੋਈ ਬੈਠੀਆਂ ਹਨ। ਇਨ੍ਹਾਂ ਲਿਖਤਾ ਦੀ ਸਿਆਸੀ ਤੇ ਵਿਚਾਰਧਾਰਕ ਦੇਣ ਅੱਜ ਵੀ ਵਡਮੁੱਲੀ ਤੇ ਅਦੁੱਤੀ ਹੈ। ਭਾਈ ਰਤਨ ਸਿੰਘ ਜੀ ਨੇ ਕੈਨੇਡਾ ਵਿੱਚ ਰਹਿੰਦਿਆਂ ਹਿੰਦੁਸਤਾਨੀਆਂ ਦੇ ਹੱਕਾਂ ਲਈ ਲੜਾਈ ਲੜੀ ਅਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਮੁੱਢਲੇ ਦੌਰ ਵਿੱਚ ਹੀ ਗ਼ਦਰ ਪਾਰਟੀ ‘ਚ ਸ਼ਾਮਲ ਹੋਏ ਰਤਨ ਸਿੰਘ 1919 ਤੋਂ ਲੈ ਕੇ 1922  ਤਕ ਪਾਰਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਯਤਨਾਂ ਸਦਕਾ ਹੀ ਕੈਨੇਡਾ, ਅਮਰੀਕਾ, ਅਰਜਨਟੀਨਾ, ਪਨਾਮਾ, ਨਿਊਜ਼ੀਲੈਂਡ, ਫਿਜੀ, ਚੀਨ, ਕੀਨੀਆ, ਹਿੰਦੁਸਤਾਨ, ਅਫ਼ਗਾਨਿਸਤਾਨ ਆਦਿ ਦੇ ਇਨਕਲਾਬੀ ਰੂਸ ਵਿੱਚ ਜਾ ਕੇ ਮਾਰਕਸਵਾਦ ਦੀ ਸਿੱਖਿਆ ਗ੍ਰਹਿਣ ਕਰਦੇ ਰਹੇ।
ਉਨ੍ਹਾਂ ਦੇ ਜੀਵਨ ਬਿਰਤਾਂਤ ਅਤੇ ਵਿਚਾਰਧਾਰਾਈ ਸਰੂਪ ਬਾਰੇ ਸੋਹਣ ਸਿੰਘ ਪੂਨੀ ਨੇ ਪ੍ਰਮਾਣਿਕ ਸ੍ਰੋਤਾਂ ਦੇ ਆਧਾਰ ‘ਤੇ ਮਹੱਤਵਪੂਰਨ ਕਿਤਾਬ ਲਿਖੀ ਹੈ। ਭਾਈ ਰਤਨ ਸਿੰਘ ਦੀਆਂ ਇਸ ਪੁਸਤਕ ਵਿੱਚ ਸ਼ਾਮਲ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਜੁਝਾਰੂ, ਦੇਸ਼ਭਗਤ ਤੇ ਦੂਰ-ਅੰਦੇਸ਼ ਬੁੱਧੀਜੀਵੀ ਸਨ ਜਿਨ੍ਹਾਂ ਨੇ ਆਪਣੀ ਇਨਕਲਾਬੀ ਚੇਤਨਾ ਰਾਹੀਂ ਪੰਜਾਬ ਦੇ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਆਦਿ ਲੁੱਟੇ ਜਾ ਰਹੇ ਵਰਗਾਂ ਨੂੰ ਚੇਤੰਨ ਕੀਤਾ। ਉਹ ਹਿੰਦੋਸਤਾਨ ਐਸੋਸੀਏਸ਼ਨ ਅਤੇ ਯੂਨਾਈਟਡ ਇੰਡੀਆ ਲੀਗ ਦੇ ਸਰਗਰਮ ਮੈਂਬਰ ਸਨ। ਪੁਸਤਕ ਰਾਹੀਂ ਭਾਈ ਰਤਨ ਸਿੰਘ ਦੇ ਸੰਘਰਸ਼ਮਈ ਜੀਵਨ, ਸਵੱਛ ਕਿਰਦਾਰ, ਉਦਗਾਰ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਵੱਖ-ਵੱਖ ਹਵਾਲਿਆਂ ਅਤੇ ਲਿਖਤਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਭਾਈ ਰਤਨ ਸਿੰਘ ਦੀਆਂ ਸਿਆਸੀ ਸਰਗਰਮੀਆਂ ਬਾਰੇ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਬਰਾਜ਼ੀਲ ਤੇ ਭਾਰਤ ਆਦਿ ਦੇ ਮਿਸਲਖ਼ਾਨਿਆਂ ਵਿੱਚ ਪਈਆਂ ਫਾਈਲਾਂ ਤੋਂ ਕਾਫ਼ੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੇ ਇਨਕਲਾਬੀ ਜੀਵਨ ਵਿੱਚ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ, ਗੁਲਾਮ ਮਹੁੰਮਦ ਸਿੰਘ ਆਦਿ ਫ਼ਰਜ਼ੀ ਨਾਵਾਂ ਹੇਠ ਕੰਮ ਕੀਤਾ। ਉਹ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ ਅਤੇ ਗੁਜ਼ਾਰੇ ਜੋਗੀ ਰੂਸੀ, ਫਰਾਂਸੀਸੀ (ਫਰੈਂਚ) ਤੇ ਜਰਮਨ ਆਦਿ ਵੀ ਬੋਲ ਤੇ ਸਮਝ ਸਕਦੇ ਸਨ।
ਭਾਈ ਰਤਨ ਸਿੰਘ ਸੰਨ1904 ਵਿੱਚ ਫ਼ੌਜ ਦੀ ਨੌਕਰੀ ਛੱਡ ਕੇ ਫਿਜੀ ਚਲੇ ਗਏ। ਫਿਜੀ ਤੋਂ ਨਿਊਜ਼ੀਲੈਂਡ ਹੁੰਦੇ ਹੋਏ ਉਹ 1907 ਵਿੱਚ ਕੈਨੇਡਾ ਪਹੁੰਚੇ। ਇੱਥੇ ਆ ਕੇ ਉਨ੍ਹਾਂ ਨੂੰ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਨਸਲਵਾਦ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਕੈਨੇਡਾ ਸਰਕਾਰ ਵੱਲੋਂ ਵਿਤਕਰਾ ਵੀ ਸਹਿਣਾ ਪਿਆ। ਕੈਨੇਡਾ ਦਾ ਮੀਡੀਆ ਵੀ ਗੋਰਿਆਂ ਨੂੰ ਹਿੰਦੁਸਤਾਨੀਆਂ ਪ੍ਰਤੀ ਭੜਕਾ ਰਿਹਾ ਸੀ। ਕੈਨੇਡੀਅਨ ਸਿਆਸਤਦਾਨ ਗੋਰੇ ਲੋਕਾਂ ਦੀਆਂ ਵੋਟਾਂ ਲੈਣ ਲਈ ਹਿੰਦੁਸਤਾਨੀਆਂ ਵਿਰੁੱਧ ਕੂੜ ਪ੍ਰਚਾਰ ਕਰਦੇ ਸਨ। ਭਾਈ ਰਤਨ ਸਿੰਘ ਨੂੰ ਇਹ ਮਾਹੌਲ ਪਸੰਦ ਨਹੀਂ ਸੀ। ਵੈਨਕੂਵਰ ਵਿੱਚ ਰਹਿੰਦਿਆਂ ਉਨ੍ਹਾਂ ਦੀ ਨੇੜਤਾ ਬੰਗਾਲੀ ਇਨਕਲਾਬੀ ਬਾਬੂ ਤਾਰਕਨਾਥ ਦਾਸ ਨਾਲ ਹੋਈ। ਕੈਨੇਡਾ ਦੇ ਆਜ਼ਾਦ ਮਾਹੌਲ ਅਤੇ ਤਾਰਕਨਾਥ ਦਾਸ ਵਰਗੇ ਇਨਕਲਾਬੀਆਂ ਦੀ ਨੇੜਤਾ ਕਾਰਨ ਉਹ ਸਿਆਸੀ ਤੌਰ ‘ਤੇ ਜਾਗਰੂਕ ਹੋਏ। ਵੈਨਕੂਵਰ ਦੇ ਹਿੰਦੁਸਤਾਨੀ ਪਰਵਾਸੀਆਂ ਵੱਲੋਂ ਆਪਣੇ ਹੱਕਾਂ ਲਈ ਲੜੇ ਜਾਂਦੇ ਘੋਲਾਂ ਵਿੱਚ ਆਪ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਉਨ੍ਹਾਂ ਨੂੰ ਸੰਨ 1913 ਦੇ ਕਾਲ ਵੇਲੇ ਵੈਨਕੂਵਰ ਦੀ ‘ਖ਼ਾਲਸਾ ਜੀਵਨ ਸੁਸਾਇਟੀ’ ਅਤੇ ‘ਯੂਨਾਈਟਡ ਇੰਡੀਆ ਲੀਗ’ ਨਾਲ ਪੀੜਤਾਂ ਲਈ ਬਣਾਈ ਸਹਾਇਤਾ ਕਮੇਟੀ ਦਾ ਸਕੱਤਰ  ਬਣਾਇਆ ਗਿਆ।
ਜਦੋਂ 1 ਨੰਵਬਰ 1913 ਨੂੰ ਗ਼ਦਰ ਅਖ਼ਬਾਰ ਕੱਢਿਆ ਗਿਆ ਤਾਂ ਭਾਈ ਰਤਨ ਸਿੰਘ ਵੀ ਗ਼ਦਰ ਪਾਰਟੀ ਦੇ ਮੈਂਬਰ ਸਨ। ਪੁਸਤਕ ਲੇਖਕ ਸਵਾਲ ਖੜ੍ਹਾ ਕਰਦਾ ਹੈ ਕਿ ਭਾਈ ਰਤਨ ਸਿੰਘ 1913 ਵਿੱਚ ਗ਼ਦਰ ਕਰਨ ਲਈ ਹਿੰਦੋਸਤਾਨ ਨਹੀਂ ਗਏ ਅਤੇ 1914-15 ਦੀਆਂ ਗ਼ਦਰੀ ਸਰਗਰਮੀਆਂ ਵਿੱਚ ਭਾਈ ਰਤਨ ਸਿੰਘ ਦਾ ਨਾਂ ਕਿਧਰੇ ਨਹੀਂ ਆਉਂਦਾ। ਇਸ ਦੇ ਜਵਾਬ ਵਜੋਂ ਪੂਨੀ ਲਿਖਦੇ ਹਨ: ਹੋ ਸਕਦਾ ਹੈ ਕਿ ਬਾਬੂ ਤਾਰਕਨਾਥ ਦਾਸ ਤੇ ਸ਼ੇਰ ਸਿੰਘ ਵੇਂਈ ਪੋਈਂ ਵਰਗੇ ਗ਼ਦਰੀਆਂ ਵਾਂਗ ਭਾਈ ਰਤਨ ਸਿੰਘ ਵੀ ਗ਼ਦਰ ਪਾਰਟੀ ਵੱਲੋਂ ਬਿਨਾਂ ਤਿਆਰੀ ਤੇ ਕਾਹਲ ਵਿੱਚ ਲਏ ਫ਼ੈਸਲੇ ਨੂੰ ਠੀਕ ਸਮਝਦੇ ਹੋਣ। ਇਸ ਤੋਂ ਇਲਾਵਾ ਉਹ ਬੜੇ ਨਿਮਰ ਸਨ ਤੇ ਪਾਰਟੀ ਵਿੱਚ ਪਿੱਛੇ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਸਨ। ਇਸ ਲਈ ਉਨ੍ਹਾਂ ਦਾ ਨਾਂ ਖ਼ਤਰਨਾਕ ਗ਼ਦਰੀਆਂ ਦੀ ਸੂਚੀ ਵਿੱਚ ਨਾ ਆਇਆ। ਇਸ ਦੇ ਬਾਵਜੂਦ ਉਹ ਗ਼ਦਰ ਪਾਰਟੀ ਲਈ ਤਨ, ਮਨ ਤੇ ਧਨ ਨਾਲ ਕੰਮ ਕਰਦੇ ਰਹੇ। ਫਰਵਰੀ 1917 ਵਿੱਚ ਗ਼ਦਰ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਤਾਂ ਉਹ ਸੰਤੋਖ ਸਿੰਘ-ਭਗਵਾਨ ਸਿੰਘ ਗਰੁੱਪ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਗ਼ਦਰ ਆਸ਼ਰਮ ਅਤੇ ਗ਼ਦਰ ਅਖ਼ਬਾਰ ਲੈਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੇ ਯਤਨਾਂ ਸਦਕਾ ਹੀ ਅਮਰੀਕੀ ਸਰਕਾਰ ਗ਼ਦਰੀ ਸੂਰਬੀਰਾਂ ਨੂੰ ਦੇਸ਼ ਨਿਕਾਲਾ ਨਾ ਦੇ ਸਕੀ। ਸਾਂਫਰਾਂਸਿਸਕੋ ਸਾਜ਼ਿਸ਼ ਕੇਸ ਦੌਰਾਨ ਭਾਈ ਰਤਨ ਸਿੰਘ ਨੂੰ ਅਮਰੀਕਨ ਸੋਸ਼ਲਿਸਟਾਂ ਤੇ ਕਮਿਊਨਿਸਟਾਂ ਨੂੰ ਮਿਲਣ ਦੇ ਮੌਕੇ ਮਿਲੇ ਜਿਸ ਕਰਕੇ ਉਹ ਸਮਾਜਵਾਦੀ ਵਿਚਾਰਧਾਰਾ ਵੱਲ ਖਿੱਚੇ ਗਏ। ਉਹ 1917 ਦੇ ਅਕਤੂਸਰ ਇਨਕਲਾਬ ਤੋਂ ਵੀ ਬੇਹੱਦ ਪ੍ਰਭਾਵਿਤ ਹੋਏ।
ਗ਼ਦਰ ਪਾਰਟੀ ਵਿੱਚ ਪਈ ਫੁੱਟ ਨੂੰ ਦੂਰ ਕਰਨ ਲਈ ਵੀ ਉਨ੍ਹਾਂ ਨੇ ਸੁਚੇਤ ਯਤਨ ਕੀਤੇ। ਗ਼ਦਰ ਪਾਰਟੀ ਲਈ ਫ਼ੰਡ ਇੱਕਠਾ ਕਰਨਾ ਅਤੇ ਸਾਂਫ਼ਰਾਂਸਿਸਕੋ ਤੋਂ  ਅੰਗਰੇਜ਼ੀ ਵਿੱਚ ‘ਇੰਡੀਪੈਂਡੈਂਟ ਹਿੰਦੁਸਤਾਨ’ ਨਾਂ ਦਾ ਅਖ਼ਬਾਰ ਕੱਢਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਦੇ ਗੋਰਿਆਂ ਨੂੰ ਅੰਗਰੇਜ਼ ਸਾਮਰਾਜ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਅਜਿਹਾ ਕਰ ਕੇ ਉਹ ਅਮਰੀਕਨਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੇ ਸਨ।
ਰਤਨ ਸਿੰਘ ਜੀ ਨੇ ਵੱਖ-ਵੱਖ ਲੇਖ ਵਿਸ਼ੇਸ਼ ਸਿਆਸੀ ਮਾਹੌਲ ਵਿੱਚ ਸਿਆਸੀ ਇਨਕਲਾਬ ਦੇ ਪਰਿਪੇਖ ਤੋਂ ਲਿਖੇ। ਉਨ੍ਹਾਂ ਦਾ ਵਿਚਾਰ ਸੀ ਕਿ ਹਥਿਆਰਬੰਦ ਇਨਕਾਲਬ ਸ਼ੁਰੂ ਕਰਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਮਾਰਕਸਵਾਦੀ-ਲੈਨਿਨਵਾਦੀ ਵਿਚਾਰਾਂ ਵਾਲੀ ਪਾਰਟੀ ਜਥੇਬੰਦ ਕਰਨੀ ਹੋਵੇਗੀ ਅਤੇ ਕਿਰਤੀਆਂ, ਕਿਸਾਨ-ਮਜ਼ਦੂਰਾਂ ਨੂੰ ਸਿਆਸੀ ਤੌਰ ‘ਤੇ ਚੇਤੰਨ ਅਤੇ ਜਥੇਬੰਦ ਕਰਨਾ ਹੋਵੇਗਾ। ਇਸ ਮਕਸਦ ਲਈ ਫਰਵਰੀ 1926 ਵਿੱਚ ਭਾਈ ਸੰਤੋਖ ਸਿੰਘ ਦੁਆਰਾ ਅੰਮ੍ਰਿਤਸਰ ਤੋਂ ਪੰਜਾਬੀ ਮਾਸਕ ਪੱਤ੍ਰਿਕਾ ‘ਕਿਰਤੀ’ ਸ਼ੁਰੂ ਕੀਤਾ ਗਿਆ। ਇਸ ਪੱਤ੍ਰਿਕਾ ਨਾਲ ਉਹ ਬਹੁਤ ਨੇੜਿਉਂ ਜੁੜੇ ਤੇ ਲਗਾਤਾਰ ਇਸ ਵਿੱਚ ਲੇਖ ਲਿਖਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਜ਼ਿੰਮੇਵਾਰੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਹਿੰਦੁਸਤਾਨੀਆਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਨੂੰ ਮਾਰਕਸੀ ਵਿਚਾਰਾਂ ਲਈ ਰੂਸ ਭੇਜਣਾ ਸੀ ਤਾਂ ਕਿ ਪਾਰਟੀ ਨੂੰ ਕਮਿਊਨਿਸਟ ਲੀਹਾਂ ‘ਤੇ ਤੋਰਿਆ ਜਾ ਸਕੇ। ਆਪਣੀਆਂ ਇਨਕਲਾਬੀ ਗਤੀਵਿਧੀਆਂ ਕਾਰਨ ਉਹ ਕਈ ਵਾਰ ਗ੍ਰਿਫ਼ਤਾਰ ਵੀ ਹੋਏ।
ਉਹ ਭਾਰਤ ਵਿੱਚ ਸੋਵੀਅਤ ਯੂਨੀਅਨ ਦੇ ਨਮੂਨੇ ਦਾ ਸਿਆਸੀ ਢਾਂਚਾ ਕਾਇਮ ਕਰਨਾ ਚਾਹੁੰਦੇ ਸਨ। ਗ਼ਦਰ ਪਾਰਟੀ ਨੂੰ ਉਨ੍ਹਾਂ ਨੇ ਮੁੜ ਸਰਗਰਮ ਕੀਤਾ ਅਤੇ ਹਜ਼ਾਰਾਂ ਡਾਲਰ ਫ਼ੰਡ ਇਕੱਠਾ ਕੀਤਾ। ਇਸ ਫ਼ੰਡ ਵਿੱਚੋਂ ਬਹੁਤ ਸਾਰਾ ਪੈਸਾ ਦੇਸ਼ ਭਗਤ ਪਰਿਵਾਰ ਸਹਾਇਤਾ ਕਮੇਟੀ ਅਤੇ ਕਿਰਤੀ ਅਖ਼ਬਾਰ ਨੂੰ ਭੇਜ ਦਿੱਤਾ ਗਿਆ। 24 ਜਲਾਈ 1929 ਨੂੰ ਉਹ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਖੇ ‘ਲੀਗ ਅਗੇਂਸਟ ਇੰਪੀਰੀਅਲਿਜ਼ਮ’ ਦੇ ਦੂਜੇ ਸੈੈਸ਼ਨ ਵਿੱਚ ਗ਼ਦਰ ਪਾਰਟੀ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ। ਸੰਨ 1931 ਵਿੱਚ ਉਹ ਲੀਗ ਦੀ ਅਗਜ਼ੈਕਟਿਵ ਕਮੇਟੀ ਵਿੱਚ ਜਵਾਹਰਲਾਲ ਨਹਿਰੂ ਦੀ ਥਾਂ ਮੈਂਬਰ ਬਣੇ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਮੈਕਸਿਕੋ, ਕਿਊਬਾ, ਹਾਂਡਰਸ, ਨਿਕਰਾਗੂਆ, ਪਨਾਮਾ, ਬਰਾਜ਼ੀਲ, ਆਰਜਨਟੀਨਾ ਆਦਿ ਵਿਚਲੀਆਂ ਬਰਾਂਚਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਤੇ ਇਸ ਲਈ ਫ਼ੰਡ ਇਕੱਠਾ ਕੀਤਾ। ਉਨ੍ਹਾਂ ਦੀ ਸਲਾਹ ਨਾਲ ਹੀ ਦਸੌਂਧਾ ਸਿੰਘ ਨੇ ਚੀਨ ਦੇ ਸ਼ਹਿਰ ਹੰਕਓ ਤੋਂ ‘ਹਿੰਦੋਸਤਾਨ ਗ਼ਦਰ ਢੰਡੋਰਾ’ ਨਾਂ ਦਾ ਪੰਦਰਾ ਰੋਜ਼ਾ ਪੰਜਾਬੀ ਅਖ਼ਬਾਰ ਕੱਢਿਆ। ਇਨ੍ਹਾਂ ਸਰਗਰਮੀਆਂ ਕਰਕੇ ਸਰਕਾਰੀ ਰਿਪੋਰਟਾਂ ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਰਾਜ ਲਈ ਸਭ ਤੋਂ ਖ਼ਤਰਨਾਕ  ਵਿਅਕਤੀ ਐਲਾਨਿਆ ਗਿਆ।
ਇਹ ਕੋਈ ਅਤਿਕਥਨੀ ਨਹੀਂ ਕਿ ਉਹ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਮੋਢੀ ਸਨ। ਉਹ ਪੰਜਾਬ ਵਿੱਚ ਕਮਿਊਨਿਸਟਾਂ ਦੇ ਵੱਖ-ਵੱਖ ਧੜਿਆਂ ਦੇ ਕੰਮਾਂ ‘ਤੇ ਨਜ਼ਰ ਰੱਖਦੇ ਅਤੇ ਉਨ੍ਹਾਂ ਦੀ ਵੱਖ-ਵੱਖ ਪਹੁੰਚ ਬਾਰੇ ਆਲੋਚਨਾਤਕ ਟਿੱਪਣੀਆਂ ਵੀ ਲਿਖ ਕੇ ਭੇਜਦੇ ਸਨ। ਪੰਜਾਬ ਦੇ ਕਮਿਊਨਿਸਟਾਂ ਦਾ ਕਿਰਤੀ ਗਰੁੱਪ ਅਹਿਮ ਮੁੱਦਿਆਂ ‘ਤੇ ਉਨ੍ਹਾਂ ਦੀ ਸਲਾਹ ਲੈਂਦਾ ਸੀ।
ਸੰਨ 1938 ਵਿੱਚ ਇੰਡੀਅਨ ਵਰਕਰ ਐਸੋਸੀਏਸ਼ਨ ਉਨ੍ਹਾਂ ਦੀ ਪ੍ਰੇਰਨਾ ਤੇ ਸਲਾਹ ਨਾਲ ਸਥਾਪਿਤ ਹੋਈ। ਉਨ੍ਹਾਂ ਨੇ ਸਾਰੀ ਜ਼ਿੰਦਗੀ ਇਨਕਲਾਬੀ ਲਹਿਰ ਤੇ ਵਿਚਾਰਾਂ ਦੇ ਲੇਖੇ ਲਾ ਦਿੱਤੀ। ਆਪਣੇ ਇਸ ਮਿਸ਼ਨ ਖ਼ਾਤਰ ਉਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਉਹ ਲੋਕਾਂ ਨੂੰ ਜਥੇਬੰਦ ਤੇ ਚੇਤੰਨ ਕਰਨ ਸਮੇਂ ਅਕਸਰ ਗੁਣਗੁਣਾਇਆ ਕਰਦੇ ਸਨ:
ਉੱਠ ਵਰਿਆਮਿਆ ਉਏ ਸੁੱਤਿਆ ਸੰਭਾਲ ਪੱਗ,
ਆਂਢੀਆਂ ਗੁਆਂਢੀਆਂ ਨੂੰ ਨਾਲ ਹੀ ਉਠਾਲ ਲੈ।
ਦੇਸ਼ ਭਗਤੀ ਦੇ ਗੀਤ ਗਾਉਂਦੇ ਭਾਈ ਰਤਨ ਸਿੰਘ ਅਗਸਤ 1943 ਵਿੱਚ ਸਖ਼ਤ ਬੀਮਾਰ ਹੋ ਗਏ। ਸਤੰਬਰ 1943 ਵਿੱਚ ਇਹ ਮਹਾਨ ਯੋਧਾ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ।


Comments Off on ਗ਼ਦਰ ਲਹਿਰ ਦਾ ਮਹਾਨ ਆਗੂ ਰਤਨ ਸਿੰਘ ਰਾਏਪੁਰ ਡੱਬਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.