ਜਿਨਸੀ ਸ਼ੋਸ਼ਣ !    ਬਰਤਾਨਵੀ ਚੋਣਾਂ: ਬਦਲਵੀਂ ਸਿਆਸਤ ਦਾ ਮੈਨੀਫੈਸਟੋ !    ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ... !    ਉੱਚਿਤ ਰੁਜ਼ਗਾਰ ਹੋਵੇ, ਆਪਣਾ ਪੰਜਾਬ ਹੋਵੇ !    ਅਸਾਂ ਫੜ ਕੇ ਮਾਰੇ, ਉਹਨਾਂ ਦੋਸ਼ੀ ਸਾਬਤ ਕਰ ਛੱਡ ਦਿੱਤੇ !    ਬਲਾਤਕਾਰ ਮੁਲਜ਼ਮਾਂ ਦੇ ਪਰਿਵਾਰਾਂ ਨੂੰ ਮਿਲੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ !    ਹਿਮਾਚਲ ’ਚ ਹਾਕੀ ਦੇ ਵਿਕਾਸ ਲਈ ਦੋ ਰੋਜ਼ਾ ਸਮਾਗਮ !    ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ !    ਰੰਗਮੰਚ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ‘ਸਾਰਥਕ ਰੰਗਮੰਚ ਪਟਿਆਲਾ’ !    ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੰਦਾ ਹੈ ਸੈਮੁਅਲ !    

ਚੰਡੀਗੜ੍ਹ ਡਾਇਰੀ

Posted On December - 15 - 2014

ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ

ਨੇਕ ਚੰਦ ਨੂੰ ਜਨਮ ਦਿਨ ਦਾ ਤੋਹਫਾ

ਚੰਡੀਗੜ੍ਹ ਦੇ ਵਿਸ਼ਵ ਪ੍ਰਸਿੱਧ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਕਿਸੇ ਪਛਾਣ ਦੇ ਮੁਥਾਜ ਨਹੀਂ,15 ਦਸੰਬਰ, 1924 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਪਿੰਡ ਬੇਰੀਆਂ ਕਲਾਂ (ਹੁਣ ਪਾਕਿਸਤਾਨ ਵਿੱਚ) ਵਿੱਚ ਪਿਤਾ ਵਕੀਲਾ ਰਾਮ ਦੇ ਘਰ ਮਾਤਾ ਸ੍ਰੀਮਤੀ ਜਾਨਕੀ ਦੀ ਕੁੱਖੋਂ ਜਨਮੇ, ਨੇਕ ਚੰਦ ਸੈਣੀ ਅੱਜ (15 ਦਸੰਬਰ ਨੂੰ) 90 ਸਾਲਾਂ ਦੇ ਹੋ ਗਏ ਹਨ। ਇਸ ਦਿਹਾੜੇ ਨੂੰ ਮਨਾਉਣ ਲਈ ਰੌਕ ਗਾਰਡਨ, ਚੰਡੀਗੜ੍ਹ ਵਿੱਚ 90 ਕਿਲੋ ਭਾਰਾ ਤੇ 7 ਮੰਜ਼ਿਲਾ ਵਿਸ਼ੇਸ਼ ਕੇਕ ਤਿਆਰ ਕਰਵਾਇਆ ਗਿਆ ਹੈ। ਥੀਮ ਕੇਕ ਬਣਾਉਣ ਦੇ ਮਾਹਿਰ ਪੰਚਕੂਲਾ ਦੇ ਸੈਕਟਰ-7 ਸਥਿਤ ਬੇਕਰਜ਼ ਸਿੰਘ ਸੰਜ਼ ਨੇ ਇਹ ਕੇਕ ਤਿਆਰ ਕੀਤਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਕੇਕ ਉਸੇ ਜਨੂਨ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਨੇਕ ਚੰਦ ਨੇ ਰੌਕ ਗਾਰਡਨ ਨੂੰ ਸਿਰਜਿਆ।
ਨੇਕ ਚੰਦ ਦੀ ਧੀ, ਜੋ ਇੰਗਲੈਂਡ ਵਿੱਚ ਰਹਿੰਦੀ ਹੈ, ਆਪਣੇ ਪਰਿਵਾਰ ਸਮੇਤ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਲਈ ਚੰਡੀਗੜ੍ਹ ਆਈ ਹੈ। ਨੇਕ ਚੰਦ ਦੇ ਰਿਸ਼ਤੇਦਾਰ ਰੌਕ ਗਾਰਡਨ ਵਿੱਚ ਕੁਝ ਥਾਵਾਂ ਉਤੇ ਪਈ ਗੰਦਗੀ ਦੇਖ ਕੇ ਡਾਢੇ ਪ੍ਰੇਸ਼ਾਨ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਜਨੂੰਨ ਨਾਲ ਨੇਕ ਚੰਦ ਨੇ ਇਸ ਨੂੰ ਤਿਆਰ ਕਰਵਾਇਆ ਸੀ, ਉਸ ਦੇ ਬਰਾਬਰ ਤਾਂ ਕੀ ਅੱਧਾ ਧਿਆਨ ਵੀ ਪ੍ਰਸ਼ਾਸਨ ਵੱਲੋਂ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਝੂਟਣ ਲਈ, ਜੋ ਸੰਗਲਾਂ ਵਾਲੀਆਂ ਪੀਂਘਾਂ ਪਾਈਆਂ ਗਈਆਂ ਹਨ, ਉਨ੍ਹਾਂ ਵਿਚੋਂ ਕਈਆਂ ਦੇ ਸੰਗਲ ਟੁੱਟਣ ਤੇ ਉਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ। ਇਹ ਦੇਖ ਕੇ ਬੱਚੇ ਉਦਾਸ ਹੁੰਦੇ ਹਨ। ਭਾਵੇਂ ਰੋਜ਼ਾਨਾ ਲਗਪਗ 6,000 ਸੈਲਾਨੀ ਰੌਕ ਗਾਰਡਨ ਨੂੰ ਦੇਖਣ ਆਉਂਦੇ ਹਨ ਪ੍ਰੰਤੂ ਸਹੂਲਤਾਂ ਦੇਣ ਵਿੱਚ ਪ੍ਰਸ਼ਾਸਨ ਫਾਡੀ ਹੀ ਚਲਿਆ ਆ ਰਿਹਾ ਹੈ। ਜੇਕਰ ਪ੍ਰਸ਼ਾਸਨ ਨੇਕ ਚੰਦ ਦੀ ਸਿਰਜਣਾ ਦੀ ਮਿਆਰੀ ਸੰਭਾਲ ਦਾ ਵਾਅਦਾ ਕਰ ਲਏ ਤਾਂ ਇਹ ਇਸ ਹੁਨਰਮੰਦ ਉਸਤਾਦ ਲਈ ਜਨਮ ਦਿਨ ‘ਤੇ ਸਭ ਤੋਂ ਵੱਡਾ ਤੋਹਫਾ ਹੋਵੇਗਾ।

ਸੈਕਟਰ 56 ਵਿੱਚ ਬਣਿਆ ਜਾਮਨ ਵਾਲਾ ਚੌਕ। -ਫੋਟੋ: ਰਾਣਾ

ਚੌਕਾਂ ਦੇ ਨਾਮ ‘ਤੇ ਪਛਾਣ

ਚੰਡੀਗੜ੍ਹ ਸ਼ਹਿਰ ਨੇ ਪੂਰੇ ਏਸ਼ੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਨਜ਼ਦੀਕ ਵਸੇ ਇਸ ਖੂਬਸੂਰਤ ਸ਼ਹਿਰ ਦੀਆਂ ਖੁੱਲ੍ਹੀਆਂ ਸੜਕਾਂ,ਇੱਕੋ ਜਿਹੇ ਮਕਾਨ ਤੇ ਚੌਕ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ। ਉਂਜ, ਸ਼ਹਿਰ ਦੀ ਬੁਨਿਆਦ ਜਿਹੜੇ ਪਿੰਡਾਂ ‘ਤੇ ਰੱਖੀ ਗਈ ਅੱਜ ਉਨ੍ਹਾਂ ਦੇ ਨਾਵਾਂ ਨੂੰ ਕੋਈ ਜਾਣਦਾ ਤੱਕ ਨਹੀਂ। ਬਹੁਤ ਘੱਟ ਲੋਕ ਅਜਿਹੇ ਹੋਣਗੇ, ਜਿਨ੍ਹਾਂ ਨੂੰ ਇਸ ਸ਼ਹਿਰ ਨੂੰ ਵਸਾਉਣ ਵੇਲੇ ਉਜਾੜੇ ਗਏ ਪਿੰਡਾਂ ਦੇ ਨਾਵਾਂ ਦਾ ਪਤਾ ਹੋਵੇ। ਇਸ ਸ਼ਹਿਰ ਨੂੰ ਵਸਾਉਣ ਲਈ ਜਿਨ੍ਹਾਂ ਪਿੰਡਾਂ ਦਾ ਉਜਾੜਾ ਹੋਇਆ ਸੀ ਉਨ੍ਹਾਂ ਦੇ ਵਸਨੀਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਦੂਰ ਕਿਤੇ ਜਾ ਕੇ ਮੁੜ ਤੋਂ ਸਫ਼ਲ ਹੋਣ ਲਈ ਕਾਫ਼ੀ ਮਿਹਨਤ ਮੁਸ਼ੱਕਤ ਕਰਨੀ ਪਈ। ਕਈ ਬਜ਼ੁਰਗ ਆਪਣੀ ਜ਼ਮੀਨ ਵਿੱਚ ਵਸੇ ਸ਼ਹਿਰ ਨੂੰ ਦੇਖ ਕੇ ਆਪਣੇ ਪਿੰਡ ਨੂੰ ਅਕਸਰ ਯਾਦ ਕਰ ਲੈਂਦੇ ਹਨ। ਕਈਆਂ ਨੇ ਇੱਥੋਂ ਉਜੜ ਕੇ ਆਪਣੇ ਘਰਾਂ ਦੇ ਬਾਹਰ ਪੁਰਾਣੇ ਪਿੰਡਾਂ ਦੇ ਨਾਵਾਂ ਨੂੰ ਲਿਖ ਕੇ ਆਪਣੀ ਪਛਾਣ ਬਣਾਈ ਹੋਈ ਹੈ। ਉਂਜ, ਸ਼ਹਿਰ ਵਿੱਚ ਕਈ ਥਾਂ ਚੌਰਾਹਿਆਂ ‘ਤੇ ਹਾਦਸਿਆਂ ਦੇ ਡਰੋਂ ਚੌਕ ਬਣਾਏ ਗਏ ਹਨ, ਜਿਹੜੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਵੀ ਕਰਦੇ ਹਨ। ਪਿੰਡਾਂ ਦੇ ਨੇੜੇ ਬਣੇ ਇੱਕ-ਦੋ ਚੌਕਾਂ ਕਾਰਨ ਲੋਕਾਂ ਨੂੰ ਉਨ੍ਹਾਂ ਪਿੰਡਾਂ ਦੇ ਨਾਮ ਤੋਤੇ ਵਾਂਗ ਰਟੇ ਹੋਏ ਹਨ ਜਿਵੇਂ ਬਜਵਾੜਾ ਅਤੇ ਅਟਾਵਾ ਚੌਕ। ਸੈਕਟਰ 56 ਵਿੱਚ ਹਾਦਸੇ ਦੇ ਡਰੋਂ ਲੋਕਾਂ ਨੇ ਮਿਲ ਕੇ ਇੱਕ ਛੋਟਾ ਜਿਹਾ ਗੋਲ ਚੱਕਰ ਬਣਾ ਦਿੱਤਾ ਹੈ। ਇਸ ਚੌਕ ਦੇ ਨੇੜੇ ਪਹਿਲਾਂ ਜਾਮਨ ਦਾ ਦਰਖਤ ਹੋਣ ਕਾਰਨ ਲੋਕਾਂ ਨੇ ਇਸ ਦਾ ਨਾਮ ਜਾਮਨ ਵਾਲਾ ਚੌਕ ਹੀ ਰੱਖ ਦਿੱਤਾ ਹੈ। ਇਸ ਛੋਟੇ ਜਿਹੇ ਚੌਕ ਕਾਰਨ ਹਾਦਸਿਆਂ ਨੂੰ ਵੀ ਠੱਲ੍ਹ ਪਈ ਹੈ ਅਤੇ ‘ਜਾਮਨ ਵਾਲਾ ਚੌਕ’ ਨਾਮ ਵੀ ਸੁਣਨ ਨੂੰ ਚੰਗਾ ਲੱਗਦਾ ਹੈ। ਬੇਨਾਮੇ ਚੌਂਕਾਂ ਨੂੰ ਨਾਮ ਦੇਣ ਨਾਲ ਉਨ੍ਹਾਂ ਦੀ ਨਿਵੇਕਲੀ ਪਛਾਣ ਬਣ ਜਾਂਦੀ ਹੈ। ਕੀ ਪ੍ਰਸ਼ਾਸਨ ਇਸ ਦਿਸ਼ਾ ਵੱਲ ਕੋਈ ਕਾਰਵਾਈ ਕਰੇਗਾ?

ਪਾਰਕ ਨੂੰ ਲੱਗਿਆ ਗ੍ਰਹਿਣ

ਪੰਚਕੂਲਾ ਦੇ ਸੈਕਟਰ-20 ਦੇ ਮਾਡਲ-ਪਾਰਕ ਵਿੱਚ ਲੋਕ ਬੜੀ ਦੂਰੋਂ-ਦੂਰੋਂ ਸੈਰ ਲਈ ਆਉਂਦੇ ਹਨ। ਉਂਜ, ਇਹ ਬਹੁਤਾ ਵੱਡਾ ਪਾਰਕ ਨਹੀਂ ਹੈ। ਸੈਕਟਰ ਵਿੱਚ ਸੰਘਣੀ ਆਬਾਦੀ ਹੋਣ ਕਾਰਨ ਪਾਰਕ ਵਿੱਚ ਹਮੇਸ਼ਾ ਚਹਿਲ-ਪਹਿਲ ਰਹਿੰਦੀ ਹੈ। ਇੱਥੇ ਯੋਗਾ, ਕਸਰਤ ਅਤੇ ਹੱਸਣ ਦੀਆਂ ਮਸ਼ਕਾਂ ਚੱਲਦੀਆਂ ਰਹਿੰਦੀਆਂ ਹਨ। ਪਾਰਕ ਵਿੱਚ ਇਕੋ-ਇਕ ਛਤਰੀ ਬਣੀ ਹੋਈ ਹੈ। ਉਸ ਦੇ ਹੇਠਾਂ ਬੈਠ ਕੇ ਸੀਨੀਅਰ ਸਿਟੀਜ਼ਨ ਗੱਪ-ਸ਼ੱਪ ਮਾਰ ਕੇ ਆਪਣਾ ਦਿਲ-ਪਰਚਾਵਾ ਵੀ ਕਰਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਇਸ ਪਾਰਕ ਵਿੱਚ ਸੈਰ ਕਰਨਾ ਮੁਸ਼ਕਲ ਹੋ ਗਿਆ ਹੈ। ਇਥੇ ਪਹਿਲਾਂ ਟਾਈਲਾਂ ਲੱਗੀਆਂ, ਫਿਰ ਟਿਊਬਵੈੱਲ ਉਸਰਨਾ ਸ਼ੁਰੂ ਹੋਇਆ। ਇਸ ਕੰਮ ਦੀ ਸੁਸਤਾ ਰਫ਼ਤਾਰ ਨੇ ਕਾਫੀ ਸਮਾਂ ਲੈ ਲਿਆ। ਫਿਰ ਪਾਰਕ ਦੇ ਇਕ ਕੋਨੇ ਵਿੱਚ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਬੋਰਿੰਗ ਹੋਈ, ਜੋ ਇਹ ਪਾਣੀ, ਵਾਟਰ ਹਾਰਵੈਸਟਿੰਗ ਦੇ ਕੰਮ ਆ ਸਕੇ। ਇੱਥੇ ਹੁਣ ਮਿੱਟੀ ਦੇ 12 ਫੁੱਟ ਉੱਚੇ ਢੇਰ ਕਾਫੀ ਸਮੇਂ ਤੋਂ ਲੱਗੇ ਹੋਏ ਹਨ। ਕੁੱਲ ਮਿਲਾ ਕੇ ਪਾਰਕ ਦਾ ਹਸ਼ਰ ਇਹ ਹੈ ਕਿ ਹੁਣ ਸੈਰ ਕਰਨ ਲਈ ਪੂਰਾ ਚੱਕਰ ਨਹੀਂ ਲਾਇਆ ਜਾ ਸਕਦਾ। ਇਸ ਸਬੰਧੀ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਬੇਨਤੀਆਂ ਤੇ ਸ਼ਿਕਾਇਤਾਂ ਵੀ ਬਹੁਤੀਆਂ ਅਸਰਅੰਦਾਜ਼ ਨਹੀਂ ਹੋਈਆਂ।

ਯੋਗਦਾਨ: ਕੁਲਦੀਪ ਸਿੰਘ ਧਨੌਲਾ,  ਸੁਪਿੰਦਰ ਸਿੰਘ ਰਾਣਾ ਤੇ ਸੁਨੀਲ ਮਿਨੋਚਾ


Comments Off on ਚੰਡੀਗੜ੍ਹ ਡਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.