ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਲਾਇਲਪੁਰ ਦਾ ਜੰਮਿਆ ਗੀਤਕਾਰ ਇਕੱਲਤਾ ਦਾ ਸ਼ਿਕਾਰ

Posted On November - 10 - 2014

* ‘ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀਂ ਆਂ’ ਗੀਤ ਨਾਲ ਚੜ੍ਹੀ ਸੀ ਗੁੱਡੀ * ਹੁਣ ਤੱਕ 1000 ਤੋਂ ਵੱਧ ਗੀਤ ਲਿਖੇ

ਬਜ਼ੁਰਗ ਗਾਇਕ ਅਤੇ ਗੀਤਕਾਰ ਚਤਰ ਸਿੰਘ ਪਰਵਾਨਾ।

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 10 ਨਵੰਬਰ
ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿੱਚ ਜਨਮਿਆ ਗੀਤਕਾਰ ਤੇ ਗਾਇਕ ਚਤਰ ਸਿੰਘ ਪਰਵਾਨਾ ਅੱਜ-ਕੱਲ੍ਹ ਇਕੱਲਤਾ ਦਾ ਜੀਵਨ ਜਿਊਣ ਲਈ ਮਜਬੂਰ ਹੈ। ‘ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀ ਆਂ’ ਗੀਤ ਨਾਲ ਚੜ੍ਹੀ ਸੀ ਉਸ ਦੀ ਗੁੱਡੀ। ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਗੀਤ ਲਿਖਣ ਵਾਲੇ ਇਸ ਗੀਤਕਾਰ ਨੇ ਸਾਹਿਤਕ ਸੰਸਥਾਵਾਂ ਅਤੇ ਸੂਬਾ ਸਰਕਾਰ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਸ੍ਰੀ ਪਰਵਾਨਾ ਨੇ ਦੱਸਿਆ ਕਿ ਉਸ ਦਾ ਜਨਮ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿੱਚ ਹੋਇਆ ਸੀ। ਆਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਅਤੇ ਇੱਥੇ ਵੱਖ-ਵੱਖ ਥਾਵਾਂ ‘ਤੇ ਆ ਕੇ ਰਿਹਾ। ਇਸ ਦੌਰਾਨ ਉਨ੍ਹਾਂ ਨੇ ਛਪਾਈ ਵਾਲੇ ਕਾਰਖਾਨੇ ਵਿੱਚ ਅਤੇ ਉਸ ਤੋਂ ਬਾਅਦ ਆਪਣਾ ਡੇਅਰੀ ਦਾ ਕੰਮ ਵੀ ਸ਼ੁਰੂ ਕੀਤਾ ਸੀ। ਗੀਤ ਗਾਉਣ ਅਤੇ ਲਿਖਣ ਦਾ ਕੰਮ ਵੀ ਨਾਲੋ-ਨਾਲ ਹੀ ਚੱਲਦਾ ਰਿਹਾ। ਪਰਵਾਨਾ ਅਨੁਸਾਰ ਉਹ ਜਸਵੰਤ ਭੰਵਰਾ ਨੂੰ ਆਪਣਾ ਉਸਤਾਦ ਮੰਨਦਾ ਹੈ ਅਤੇ ਉਨ੍ਹਾਂ ਦੇ ਪਦ-ਚਿੰਨ੍ਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਉਸ ਨੇ ਹੁਣ ਤੱਕ ਅਨੇਕਾਂ ਹੀ ਪੁਰਾਣੀਆਂ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ ਹਨ। ਤਵੇ ਵਾਲੇ ਰਿਕਾਰਡਾਂ ਸਮੇਂ ਉਸ ਦੀ ਅਤੇ ਗਾਇਕਾ ਮੰਜੂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਦੋਗਾਣਾ ‘ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀ ਆਂ’ ਐਨਾ ਮਸ਼ਹੂਰ ਹੋਇਆ ਕਿ ਉਨ੍ਹਾਂ ਦੀ ਜੋੜੀ ਦੀ ਚੰਗੀ ਪਛਾਣ ਬਣ ਗਈ। ਇਸੇ ਤਰ੍ਹਾਂ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਸੁਰਿੰਦਰ ਕੌਰ ਦਿੱਲੀ ਵਾਲੀ, ਜਗਮੋਹਨ ਕੌਰ/ਕੇ. ਦੀਪ, ਕਰਮਜੀਤ ਧੂਰੀ, ਕੁਲਦੀਪ ਪਾਰਸ, ਗੁਰਦਿਆਲ ਨਿੰਮਾ, ਸਵਰਨ ਲਤਾ, ਪ੍ਰੀਤਮ ਬਾਲਾ, ਬਲਕਾਰ ਸਿੱਧੂ ਤੇ  ਜਗਜੀਤ ਜ਼ੀਰਵੀ ਆਦਿ ਗਾਇਕਾਂ ਨੇ ਆਪੋ-ਆਪਣੀ ਸੁਰੀਲੀ ਅਵਾਜ਼ ਪ੍ਰਦਾਨ ਕੀਤੀ ਹੈ।
ਸ੍ਰੀ ਪਰਵਾਨਾ ਅਨੁਸਾਰ ਉਨ੍ਹਾਂ ਦੀ ਆਵਾਜ਼ ਵਿੱਚ 35 ਤਵੇ ਜਦਕਿ ਉਨ੍ਹਾਂ ਦੇ ਲਿਖੇ ਗੀਤਾਂ ਦੇ ਹੋਰਨਾਂ ਗਾਇਕਾਂ ਦੀਆਂ ਆਵਾਜ਼ਾਂ ਵਾਲੇ 300 ਤੋਂ 400 ਦੇ ਕਰੀਬ ਤਵੇ ਬਾਜ਼ਾਰ ਵਿੱਚ ਆਏ ਸਨ। ਉਹ ਹੁਣ ਤੱਕ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਛੋਟੇ-ਮੋਟੇ ਰੋਲ ਕਰ ਚੁੱਕਾ ਹੈ। ਛੇ ਪੁਸਤਕਾਂ ਵੀ ਛਪ ਕੇ ਬਾਜ਼ਾਰ ਵਿੱਚ ਆ ਚੁੱਕੀਆਂ ਹਨ। ਇਸ ਬਜ਼ੁਰਗ ਗਾਇਕ ਅਤੇ ਗੀਤਕਾਰ ਨੇ ਸਾਹਿਤਕ ਸਭਾਵਾਂ ਅਤੇ ਸੂਬਾ ਸਰਕਾਰ ਨਾਲ ਗਿਲਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਕਿਸੇ ਵੀ ਨੁਮਾਇੰਦੇ ਨੇ ਅੱਜ ਤੱਕ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਹ ਇਕੱਲਤਾ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਪਤਨੀ ਕੁਝ ਸਾਲ ਪਹਿਲਾਂ ਮਰ ਗਈ ਸੀ ਅਤੇ ਹੁਣ ਬੱਚਿਆਂ ਨੇ ਵੀ ਉਸ ਨੂੰ ਇਕੱਲਾ ਛੱਡ ਦਿੱਤਾ ਹੈ। ਸ੍ਰੀ ਪਰਵਾਨਾ ਨੇ ਭਰੇ ਮਨ ਨਾਲ ਕਿਹਾ ਕਿ ਕਿਸੇ ਦੇ ਮਰਨ ਤੋਂ ਬਾਅਦ ਮੇਲੇ ਕਰਵਾਉਣੇ ਅਤੇ ਵੱਡੇ-ਵੱਡੇ ਐਵਾਰਡ ਵੰਡਣ ਦਾ ਉਸ ਵਿਅਕਤੀ ਨੂੰ ਕੀ ਲਾਭ ਜਿਸ ਨੂੰ ਆਖਰੀ ਪਲਾਂ ‘ਚ ਪਾਣੀ ਦਾ ਘੁੱਟ ਵੀ ਨਸੀਬ ਨਾ ਹੋਇਆ ਹੋਵੇ।


Comments Off on ਲਾਇਲਪੁਰ ਦਾ ਜੰਮਿਆ ਗੀਤਕਾਰ ਇਕੱਲਤਾ ਦਾ ਸ਼ਿਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.